You’re viewing a text-only version of this website that uses less data. View the main version of the website including all images and videos.
ਮਹਿਲਾ 'ਤੇ 'ਬਾਂਡੇਜ ਸੈਕਸ' ਦੇ ਤਰੀਕੇ ਨਾਲ ਪ੍ਰੇਮੀ ਦਾ ਕਤਲ ਕਰਨ ਦੇ ਇਲਜ਼ਾਮ, ਪੁਲਿਸ ਨੇ ਕੀ ਦੱਸਿਆ?
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੈਂਗਲੁਰੂ ਤੋਂ ਬੀਬੀਸੀ ਹਿੰਦੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
(ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)
ਇੱਕ ਔਰਤ 'ਤੇ ਇਲਜ਼ਾਮ ਹੈ ਕਿ ਉਸਨੇ "ਚੰਗਾ ਸਮਾਂ ਬਿਤਾਉਣ" ਦਾ ਵਾਅਦਾ ਕਰਕੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ ਅਤੇ ਉਸ 'ਤੇ ਪੈਟ੍ਰੋਲ ਪਾ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਪ੍ਰੇਮੀ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ, ਪ੍ਰੇਮਾ ਅਤੇ ਕਿਰਣ ਇੱਕ ਮੋਬਾਈਲ ਸਰਵਿਸ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ। ਉਸੇ ਦੌਰਾਨ ਦੋਵਾਂ ਦੀ ਦੋਸਤੀ ਹੋਈ ਅਤੇ ਪਿਛਲੇ ਲਗਭਗ ਇੱਕ ਸਾਲ ਦੌਰਾਨ ਉਹ ਰਿਸ਼ਤੇ ਵਿੱਚ ਰਹੇ। ਪਰ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ।
ਬੈਂਗਲੁਰੂ (ਉੱਤਰ-ਪੱਛਮ) ਦੇ ਡਿਪਟੀ ਪੁਲਿਸ ਕਮਿਸ਼ਨਰ ਨਾਗੇਸ਼ ਡੀਐੱਲ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਪ੍ਰੇਮਾ ਨੂੰ ਲੱਗਦਾ ਸੀ ਕਿ ਕਿਰਣ ਉਸ ਤੋਂ ਬਚ ਰਿਹਾ ਹੈ। ਅਸਲੀ ਕਾਰਨ ਦਾ ਪਤਾ ਵਿਸਥਾਰ ਨਾਲ ਪੁੱਛਗਿੱਛ ਤੋਂ ਬਾਅਦ ਹੀ ਲੱਗੇਗਾ।"
ਪੁਲਿਸ ਮੁਤਾਬਕ, ਪ੍ਰੇਮਾ ਨੇ ਕਥਿਤ ਤੌਰ 'ਤੇ ਕਿਰਣ ਨੂੰ ਬਿਆਦਰਹੱਲੀ ਥਾਣਾ ਖੇਤਰ ਵਿੱਚ ਆਪਣੇ ਘਰ ਬੁਲਾਇਆ। ਉਸ ਸਮੇਂ ਪ੍ਰੇਮਾ ਦੀ ਮਾਂ ਅਤੇ ਉਸਦਾ ਭਰਾ ਕੰਮ 'ਤੇ ਜਾ ਚੁੱਕੇ ਸਨ।
ਪੁਲਿਸ ਨੇ ਕੀ ਦੱਸਿਆ
ਪੁਲਿਸ ਨੇ ਦੱਸਿਆ ਕਿ ਕਿਰਣ ਦੇ ਆਉਂਦੇ ਹੀ ਪ੍ਰੇਮਾ ਨੇ ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਅਤੇ ਕੱਪੜੇ ਉਤਾਰ ਦਿੱਤੇ। ਫਿਰ ਉਸ ਉੱਤੇ ਪੈਟ੍ਰੋਲ ਪਾ ਕੇ ਅੱਗ ਲਗਾ ਦਿੱਤੀ।
ਪੁਲਿਸ ਇਸਨੂੰ "ਪਹਿਲਾਂ ਤੋਂ ਸੋਚ-ਸਮਝ ਕੇ ਕੀਤਾ ਗਿਆ ਕਤਲ" ਮੰਨ ਰਹੀ ਹੈ। ਨਾਗੇਸ਼ ਡੀਐੱਲ ਨੇ ਸਪਸ਼ਟ ਕੀਤਾ, "ਇਸ ਘਟਨਾ ਦਾ ਕੋਈ ਵੀਡੀਓ ਨਹੀਂ ਹੈ।"
ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਔਰਤ ਨੇ ਇਸਨੂੰ ਆਪਣੇ ਮੋਬਾਈਲ ਵਿੱਚ ਰਿਕਾਰਡ ਕੀਤਾ ਸੀ।
ਇੱਕ ਛੋਟੀ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਮੌਜੂਦ ਘਰ ਵਿੱਚ ਅੱਗ ਲੱਗਣ 'ਤੇ ਗੁਆਂਢੀਆਂ ਨੇ ਬਾਲਟੀਆਂ ਨਾਲ ਪਾਣੀ ਪਾਇਆ। ਪਰ ਜਦੋਂ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ।
ਸ਼ੁਰੂ ਵਿੱਚ ਪੁਲਿਸ ਨੂੰ ਦੱਸਿਆ ਗਿਆ ਕਿ ਕਿਰਣ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪਰ ਬਾਅਦ ਵਿੱਚ ਮੁਲਜ਼ਮ ਨਾਲ ਪੁੱਛਗਿੱਛ ਦੌਰਾਨ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਕਤਲ ਦਾ ਮਾਮਲਾ ਸੀ।
ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਮਾਮਲਾ ਦਰਜ ਕਰਨ ਵਿੱਚ ਦੇਰੀ ਇਸ ਲਈ ਹੋਈ ਕਿਉਂਕਿ ਕਿਰਣ ਦੇ ਪਿਤਾ ਨਰਸਿੰਮਹਾਯਾ ਨੂੰ ਤੁਮਕੁਰੁ ਜ਼ਿਲ੍ਹੇ ਦੇ ਚਿੱਕਨਾਇਕਾਨਹੱਲੀ ਸਥਿਤ ਆਪਣੇ ਪਿੰਡ ਤੋਂ ਆਉਣਾ ਸੀ।
ਐੱਫਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੇਮਾ ਨੇ ਕਿਰਣ ਦੀ 'ਹੱਤਿਆ' ਕਰਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ।
ਜਿਸ ਹਸਪਤਾਲ ਵਿੱਚ ਪੋਸਟਮਾਰਟਮ ਹੋਇਆ, ਉੱਥੇ ਨਰਸਿੰਮਹਾਯਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ।
ਉਨ੍ਹਾਂ ਕਿਹਾ, "ਮੈਂ ਉਸਨੂੰ ਕਦੇ ਕੁੱਟਿਆ ਤੱਕ ਨਹੀਂ। ਅਸੀਂ ਉਸਨੂੰ ਬੈਂਗਲੁਰੂ ਭੇਜਿਆ ਸੀ, ਇਸ ਉਮੀਦ ਨਾਲ ਕਿ ਉੱਥੇ ਉਹ ਆਪਣਾ ਬਿਹਤਰ ਭਵਿੱਖ ਬਣਾਵੇਗਾ।"
ਉੱਥੇ ਹੀ ਪ੍ਰੇਮਾ ਦੇ ਭਰਾ ਗਿਰੀਸ਼ੰਕਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਮੈਨੂੰ ਵੱਡੀ ਭੈਣ ਕੋਲ ਜਾਣਾ ਸੀ, ਤਾਂ ਉੱਥੇ ਜਾਣ ਲਈ ਨਿਕਲ ਗਿਆ ਸੀ। ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤਾਂ ਮੈਂ ਭੱਜ ਕੇ ਦੇਖਣ ਆਇਆ ਕਿ ਮੇਰੀ ਭੈਣ ਸੁਰੱਖਿਅਤ ਹੈ ਜਾਂ ਨਹੀਂ। ਮੇਰੀ ਭੈਣ ਅਤੇ ਉਹ, ਕਰੀਬੀ ਦੋਸਤ ਸਨ।"
ਬੀਡੀਐੱਸਐੱਮ ਕੀ ਹੈ ਅਤੇ ਕਿਉਂ ਮੰਨਿਆ ਜਾਂਦਾ ਹੈ ਅਸੁਰੱਖਿਅਤ
ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਇਸ ਕਤਲ ਦੀ ਬੀਡੀਐੱਸਐੱਮ ਨਾਲ ਜੁੜੇ ਹੋਣ ਦੀ ਸੰਭਾਵਨਾ ਵੀ ਜਤਾਈ ਹੈ।
ਕਿਸੇ ਪੁਰਸ਼ ਜਾਂ ਔਰਤ ਨੂੰ ਬੰਨ੍ਹਣਾ ਜਿਨਸੀ ਵਿਹਾਰ ਦਾ ਹਿੱਸਾ ਮੰਨਿਆ ਜਾਂਦਾ ਹੈ, ਜਿਸਨੂੰ ਬੀਡੀਐੱਸਐੱਮ (ਬਾਂਡੇਜ, ਡਿਸਿਪਲਿਨ, ਡਾਮੀਨੈਂਸ, ਸਬਮਿਸ਼ਨ, ਸੈਡਿਜ਼ਮ ਅਤੇ ਮੈਸੋਕਿਜ਼ਮ) ਕਿਹਾ ਜਾਂਦਾ ਹੈ।
ਇਸ ਵਿੱਚ ਸਹਿਮਤੀ ਨਾਲ ਕਲਪਨਾਵਾਂ ਦੇ ਆਧਾਰ 'ਤੇ ਭੂਮਿਕਾਵਾਂ ਨਿਭਾਉਣ ਵਾਲੇ ਜਿਨਸੀ ਵਿਹਾਰ ਸ਼ਾਮਲ ਹੁੰਦੇ ਹਨ।
ਇਹ ਵਿਸ਼ਾ ਹੌਲੀਵੁੱਡ ਫਿਲਮ 'ਫਿਫਟੀ ਸ਼ੇਡਜ਼ ਆਫ ਗ੍ਰੇਅ' ਤੋਂ ਬਾਅਦ ਹੋਰ ਜ਼ਿਆਦਾ ਚਰਚਾ ਵਿੱਚ ਆਇਆ ਸੀ।
ਪਿਛਲੇ ਸਾਲ ਤਮਿਲਨਾਡੂ 'ਚ ਸਾਹਮਣੇ ਆਇਆ ਸੀ ਮਾਮਲਾ
ਪਿਛਲੇ ਸਾਲ ਤਮਿਲਨਾਡੂ ਦੇ ਹੋਸੂਰ ਵਿੱਚ ਇੱਕ ਅਜਿਹੇ ਮਾਮਲੇ ਵਿੱਚ ਇੱਕ ਜਿਮ ਟ੍ਰੇਨਰ ਨੇ ਪੁਲਿਸ ਨੂੰ ਦੱਸਿਆ ਸੀ ਕਿ "ਬਾਂਡੇਜ ਸੈਕਸ" ਦੌਰਾਨ ਉਨ੍ਹਾਂ ਦੀ ਪਤਨੀ ਦੇ ਨੱਕ ਤੋਂ ਖੂਨ ਵਗਣ ਲੱਗ ਪਿਆ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਹਸਪਤਾਲ ਲੈ ਗਿਆ।
ਪਰ ਪੁਲਿਸ ਜਾਂਚ ਬਾਅਦ ਕਿਹਾ ਗਿਆ ਕਿ ਉਸਨੇ ਪਤਨੀ ਦੇ ਹੱਥ-ਪੈਰ ਬੰਨ੍ਹ ਕੇ ਕੱਪੜੇ ਨਾਲ ਉਨ੍ਹਾਂ ਦਾ ਗਲਾ ਘੁੱਟ ਦਿੱਤਾ ਸੀ। ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਪਤਨੀ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਜਵਾਈ ਦਾਜ ਲਈ ਉਨ੍ਹਾਂ ਦੀ ਧੀ ਨੂੰ ਤੰਗ ਕਰਦਾ ਸੀ। ਇਸ ਕਰਕੇ ਦੋਵਾਂ ਵਿੱਚ ਝਗੜੇ ਹੁੰਦੇ ਸਨ।
ਕਈ ਮਾਮਲਿਆਂ ਵਿੱਚ ਮੁਲਜ਼ਮ ਹੱਤਿਆ ਦੇ ਮੁਲਜ਼ਮ ਇਹ ਦਾਅਵਾ ਕਰਦੇ ਹਨ ਕਿ ਮੌਤ ਬੀਡੀਐੱਸਐੱਮ ਦੌਰਾਨ ਹੋਈ।
ਅਜਿਹੇ ਮਾਮਲਿਆਂ ਨੂੰ "ਫਿਫਟੀ ਸ਼ੇਡਜ਼ ਡਿਫੈਂਸ" ਵੀ ਕਿਹਾ ਜਾਣ ਲੱਗਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ