ਸਚਿਨ ਪਾਇਲਟ ਦੀ ਪਲੇਠੀ ਫੇਰੀ: ਵੜਿੰਗ, ਚੰਨੀ ਤੇ ਬਾਜਵਾ ਇੱਕੋ ਮੰਚ 'ਤੇ, ਧੜੇਬੰਦੀ ਖ਼ਤਮ ਜਾਂ ਆਰਜ਼ੀ ਏਕਤਾ?

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਸੰਗਰੂਰ ਦੇ ਗੁਲਜ਼ਾਰ ਸਿੰਘ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਘੇਰਨ ਪਹੁੰਚੀ ਪੰਜਾਬ ਕਾਂਗਰਸ ਦੀ ਧੜੇਬੰਦੀ ਇਸ ਪ੍ਰਦਰਸ਼ਨ ਦੌਰਾਨ ਫ਼ਿਲਹਾਲ ਖ਼ਤਮ ਹੁੰਦੀ ਨਜ਼ਰ ਆਈ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇੱਕੋ ਮੰਚ 'ਤੇ ਇਕੱਠੇ ਦਿਖੇ।

ਪੰਜਾਬ ਦੇ ਆਪਣੇ ਪਹਿਲੇ ਦੌਰੇ ਦੌਰਾਨ ਪਾਇਲਟ ਦਾ ਵੱਖ-ਵੱਖ ਧੜਿਆਂ ਦੇ ਆਗੂਆਂ ਵੱਲੋਂ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਨਾਲ ਸਵਾਗਤ ਕੀਤਾ ਗਿਆ। ਪਾਇਲਟ ਨੇ ਮੰਚ 'ਤੇ ਚੰਨੀ ਅਤੇ ਵੜਿੰਗ ਦੇ ਹੱਥ ਮਿਲਾ ਕੇ ਜਨਤਕ ਤੌਰ 'ਤੇ ਏਕਤਾ ਦਾ ਮੁਜ਼ਾਹਰਾ ਵੀ ਕਰਵਾਇਆ।

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਸਨ, ਪਰ ਆਗੂਆਂ ਦੀ ਆਪਸੀ ਗੁੱਟਬਾਜ਼ੀ ਨੂੰ ਦੇਖਦੇ ਹੋਏ ਹਾਈਕਮਾਨ ਨੇ ਹਾਲ ਹੀ ਵਿੱਚ ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪੀ ਹੈ।

ਸਚਿਨ ਪਾਇਲਟ ਦੇ ਸੱਦੇ 'ਤੇ ਸੰਗਰੂਰ ਜ਼ਿਲ੍ਹੇ ਦੇ ਗੁਲਜ਼ਾਰ ਸਿੰਘ ਦੇ ਮੌਤ ਮਾਮਲੇ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

ਸਚਿਨ ਪਾਇਲਟ ਦੀ ਅਗਵਾਈ ਵਿੱਚ ਜਦੋਂ ਕਾਂਗਰਸੀਆਂ ਨੇ ਵਿੱਤ ਮੰਤਰੀ ਦੇ ਘਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।

ਪਾਇਲਟ ਆਪਣੀ ਪਹਿਲੀ ਫੇਰੀ ਦੌਰਾਨ ਹੀ ਕਾਂਗਰਸੀ ਆਗੂਆਂ ਨੂੰ ਇੱਕਜੁੱਟ ਹੋ ਕੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਰਨ ਦਾ ਸਪਸ਼ਟ ਤੌਰ 'ਤੇ ਸੁਨੇਹਾ ਦੇ ਕੇ ਗਏ ਹਨ।

ਯਾਦ ਰਹੇ, ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਣਜਾਰਾ ਵਿਖੇ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ ਗਈ ਸੀ।

ਗੁਲਜ਼ਾਰ ਸਿੰਘ ਨੇ ਆਪਣੀ ਮੌਤ ਲਈ ਵੀਡੀਓ ਸੁਨੇਹੇ ਰਾਹੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਿੰਡ ਦੇ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ ਵਿੱਚ 5 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮੋਹਿੰਦਰਾ, ਵਿਜੇ ਇੰਦਰ ਸਿੰਗਲਾ, ਸੁਖਪਾਲ ਸਿੰਘ ਖਹਿਰਾ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਕਈ ਸੀਨੀਅਰ ਆਗੂ ਇੱਕੋ ਮੰਚ 'ਤੇ ਇਕੱਠੇ ਦਿਖੇ।

ਸਚਿਨ ਪਾਇਲਟ ਦਾ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਕੀ ਹੈ ਸੁਨੇਹਾ

ਦਿੱਲੀ ਤੋਂ ਸੜਕ ਮਾਰਗ ਰਾਹੀਂ ਕਰੀਬ ਇੱਕ ਵਜੇ ਚੰਡੀਗੜ੍ਹ ਪਹੁੰਚੇ ਸਚਿਨ ਪਾਇਲਟ ਬਿਨਾਂ ਕਿਸੇ ਢੋਲ-ਧਮਾਕੇ ਜਾਂ ਸਵਾਗਤ ਦੇ ਸਿੱਧਾ ਸੈਕਟਰ 15 ਸਥਿਤ ਪੰਜਾਬ ਕਾਂਗਰਸ ਦਫ਼ਤਰ ਦੇ ਬਾਹਰ ਧਰਨੇ ਵਿੱਚ ਪਹੁੰਚੇ।

ਧਰਨੇ ਨੂੰ ਸੰਬੋਧਨ ਕਰਦਿਆਂ ਪਾਇਲਟ ਨੇ ਆਗੂਆਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ।

ਕਰੀਬ 10 ਮਿੰਟ ਦੇ ਭਾਸ਼ਣ ਦੌਰਾਨ ਪਾਇਲਟ ਨੇ ਕਿਹਾ, "ਮੇਰੇ ਕੋਲ ਰਾਜ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਅਤੇ ਸੂਬਾਈ ਰਾਜਨੀਤੀ ਤੋਂ ਲੈ ਕੇ ਕੇਂਦਰੀ ਰਾਜਨੀਤੀ ਦਾ ਪੂਰਾ ਤਜਰਬਾ ਹੈ। ਮੈਂ ਸੱਤਾ ਵਿੱਚ ਵੀ ਰਿਹਾ ਹਾਂ ਅਤੇ ਵਿਰੋਧ ਵਿੱਚ ਵੀ, ਇਸ ਲਈ ਮੈਂ ਹਰ ਹਾਲਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।"

ਇਸ ਦੇ ਨਾਲ ਹੀ ਪਾਇਲਟ ਨੇ ਸੰਕੇਤ ਦਿੱਤਾ ਕਿ ਸੂਬੇ ਦੀ ਰਾਜਨੀਤੀ ਵਿੱਚ ਹੁਣ ਯੂਥ (ਨੌਜਵਾਨਾਂ) ਨੂੰ ਵਧੇਰੇ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨ ਇਕਜੁੱਟ ਹੋ ਕੇ ਪੰਜਾਬ ਦੇ ਭਵਿੱਖ ਦੀ ਲੜਾਈ ਲੜਨਗੇ।

ਪਾਇਲਟ ਨੇ ਇਹ ਵੀ ਸਪਸ਼ਟ ਕੀਤਾ ਕਿ ਵਰਕਰ ਸਿੱਧਾ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਪਾਰਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਉਹ ਸਭ ਦੀ ਗੱਲ ਸੁਣਨਗੇ। ਆਪਣੇ ਦਸ ਮਿੰਟ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਗੁਲਜ਼ਾਰ ਸਿੰਘ ਮਾਮਲੇ ਅਤੇ ਸੂਬੇ ਵਿੱਚ ਨਸ਼ੇ ਦੇ ਮੁੱਦੇ 'ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ।

ਪਾਇਲਟ ਦੀ ਪਲੇਠੀ ਫੇਰੀ ਬਘੇਲ ਤੋਂ ਕਿਵੇਂ ਰਹੀ ਵੱਖਰੀ?

ਸਚਿਨ ਪਾਇਲਟ ਪੰਜਾਬ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਸਮਝ ਕੇ ਮੈਦਾਨ ਵਿੱਚ ਉੱਤਰੇ ਹਨ। ਸਚਿਨ ਪਾਇਲਟ ਧਰਨੇ ਵਾਲੀ ਥਾਂ 'ਤੇ ਪੰਜਾਬ ਕਾਂਗਰਸ ਦੇ ਕਿਸੇ ਆਗੂ ਦੀ ਥਾਂ ਆਪਣੀ ਨਿੱਜੀ ਗੱਡੀ ਰਾਹੀਂ ਪਹੁੰਚੇ ਅਤੇ ਧਰਨੇ ਤੋਂ ਬਾਅਦ ਵੀ ਉਸੇ ਵਿੱਚ ਸਵਾਰ ਨਜ਼ਰ ਆਏ।

ਮੰਚ 'ਤੇ ਉਨ੍ਹਾਂ ਨੇ ਭੂਪੇਸ਼ ਬਘੇਲ ਵਾਲੀ ਗ਼ਲਤੀ ਨਾ ਦੁਹਰਾਉਂਦੇ ਹੋਏ ਦੋਵਾਂ ਧੜਿਆਂ ਵਿੱਚ ਸੰਤੁਲਨ ਬਣਾਇਆ।

ਮੰਚ ਉੱਤੇ ਸਚਿਨ ਪਾਇਲਟ ਦੇ ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਬੈਠੇ ਸਨ। ਇਸ ਦੌਰਾਨ ਰਾਜਾ ਵੜਿੰਗ ਅਤੇ ਚੰਨੀ ਆਪਸ ਵਿੱਚ ਵੀ ਨੁਕਤੇ ਸਾਂਝੇ ਕਰਦੇ ਨਜ਼ਰ ਆਏ ਅਤੇ ਪਾਇਲਟ ਦੋਵਾਂ ਨਾਲ ਬਰਾਬਰ ਗੱਲਬਾਤ ਕਰਦੇ ਦਿਖੇ।

ਯਾਦ ਰਹੇ, ਜਦੋਂ ਇੰਚਾਰਜ ਵਜੋਂ ਬਘੇਲ ਪਹਿਲੀ ਵਾਰ ਪੰਜਾਬ ਆਏ ਸਨ ਤਾਂ ਰਾਜਾ ਅਮਰਿੰਦਰ ਵੜਿੰਗ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਮੁਹਾਲੀ ਦੇ ਹਵਾਈ ਅੱਡੇ 'ਤੇ ਕੀਤਾ ਸੀ।

ਪਾਇਲਟ ਅੱਗੇ ਪੰਜਾਬ ਕਾਂਗਰਸ ਦੇ ਆਗੂਆਂ ਦੇ ਬਦਲੇ ਸੁਰ

ਧਰਨੇ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਸੁਰ ਵੀ ਬਦਲੇ ਹੋਏ ਨਜ਼ਰ ਆਏ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਜਦੋਂ ਬਾਪ ਜਿਉਂਦਾ ਹੋਵੇ ਤਾਂ ਪੁੱਤਾਂ ਦੀ ਨਹੀਂ ਚੱਲਦੀ।"

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਾਰਟੀ ਇੱਕਜੁੱਟ ਹੋ ਕੇ ਚੋਣਾਂ ਲੜੇਗੀ ਅਤੇ ਬਹੁਮਤ ਹਾਸਲ ਕਰੇਗੀ, ਜਿਸ ਤੋਂ ਬਾਅਦ ਹਾਈਕਮਾਨ ਮੁੱਖ ਮੰਤਰੀ ਦਾ ਫੈਸਲਾ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਸਚਿਨ ਪਾਇਲਟ ਦੇ ਚਿਹਰਿਆਂ 'ਤੇ ਲੜੀਆਂ ਜਾਣਗੀਆਂ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਚਿਨ ਪਾਇਲਟ ਨੂੰ ਰਾਹੁਲ ਗਾਂਧੀ ਨੇ ਭੇਜਿਆ ਹੈ ਅਤੇ ਪੂਰੀ ਪੰਜਾਬ ਕਾਂਗਰਸ ਉਨ੍ਹਾਂ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਚੱਲੇਗੀ। ਇਸ ਦੌਰਾਨ ਉਨ੍ਹਾਂ ਨੇ ਮੰਚ ਤੋਂ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਤਾਰੀਫ਼ ਵੀ ਕੀਤੀ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਇਲਟ ਦੇ ਆਉਣ ਨਾਲ ਵਰਕਰਾਂ ਵਿੱਚ ਨਵੀਂ ਉਮੀਦ ਜਾਗੀ ਹੈ। ਹਾਲਾਂਕਿ, ਚੰਨੀ ਨੇ ਮੰਚ ਤੋਂ ਸੂਬੇ ਦੇ ਕਿਸੇ ਹੋਰ ਸਥਾਨਕ ਆਗੂ ਦਾ ਨਾਮ ਲੈਣ ਦੀ ਬਜਾਏ ਸਿਰਫ਼ ਸਚਿਨ ਪਾਇਲਟ ਨੂੰ ਹੀ ਮੁਖਾਤਿਬ ਹੁੰਦਿਆਂ ਆਪਣਾ ਭਾਸ਼ਣ ਦਿੱਤਾ।

ਕੀ ਪਾਇਲਟ ਦੇ ਆਉਣ ਨਾਲ ਕਾਂਗਰਸ ਦੀ ਆਪਸੀ ਲੜਾਈ ਹੁਣ ਖ਼ਤਮ ਹੋ ਗਈ?

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਖ਼ਾਲਿਦ ਮੁਹੰਮਦ ਮੁਤਾਬਕ, "ਸਚਿਨ ਪਾਇਲਟ ਨੇ ਪਹਿਲੇ ਦੌਰੇ ਵਿੱਚ ਉਹ ਕਰ ਦਿਖਾਇਆ, ਜੋ ਭੂਪੇਸ਼ ਬਘੇਲ ਨਹੀਂ ਕਰ ਸਕੇ ਸਨ, ਖ਼ਾਸ ਤੌਰ 'ਤੇ ਗੁੱਟਬਾਜ਼ੀ ਦੇ ਮਾਮਲੇ ਵਿੱਚ।"

"ਪਰ ਨਾਲ ਹੀ ਉਹ ਆਖਦੇ ਹਨ ਕਿ ਕਾਂਗਰਸ ਮੰਗਲਵਾਰ ਨੂੰ ਇੱਕ ਮੰਚ 'ਤੇ ਜ਼ਰੂਰ ਦਿਖੀ ਹੈ, ਪਰ ਆਗੂਆਂ ਦੇ ਦਿਲਾਂ ਦੀਆਂ ਦੂਰੀਆਂ ਖ਼ਤਮ ਹੋਈਆਂ ਹਨ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ ਅਤੇ ਇਹ ਗੱਲ ਮਹੱਤਵਪੂਰਨ ਵੀ ਹੈ।"

ਡਾ. ਖ਼ਾਲਿਦ ਆਖਦੇ ਹਨ, "ਕਾਂਗਰਸ ਨੇ ਰੋਸ ਧਰਨੇ ਦੇ ਜ਼ਰੀਏ ਇਕਜੁੱਟਤਾ ਦਾ ਪ੍ਰਗਟਾਵਾ ਉਸ ਸਮੇਂ ਕੀਤਾ ਹੈ, ਜਦੋਂ ਭਾਜਪਾ ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਰੈਲੀ ਕਰਨ ਜਾ ਰਹੀ ਹੈ।"

"ਸਚਿਨ ਪਾਇਲਟ ਦੇ ਆਉਣ ਨਾਲ ਫ਼ਿਲਹਾਲ ਇੱਕ ਸੁਨੇਹਾ ਤਾਂ ਇਹ ਗਿਆ ਹੈ ਕਿ ਪਾਰਟੀ ਇੱਕ ਖੇਮੇ ਵਿੱਚ ਨਹੀਂ, ਬਲਕਿ ਸਾਰਿਆਂ ਨੂੰ ਬਰਾਬਰ ਰੱਖਣ ਦੀ ਹਾਮੀ ਹੈ ਅਤੇ ਇਹ ਗੱਲ ਪਾਇਲਟ ਦੀ ਫੇਰੀ ਦੌਰਾਨ ਸਪਸ਼ਟ ਤੌਰ 'ਤੇ ਝਲਕੀ ਵੀ ਹੈ।"

ਪਰ ਨਾਲ ਹੀ ਉਨ੍ਹਾਂ ਆਖਿਆ, "ਕਾਂਗਰਸੀਆਂ ਨੇ ਪਿਛਲੇ ਸਮੇਂ ਦੌਰਾਨ ਆਪਸੀ ਗੁੱਟਬਾਜ਼ੀ ਨਾਲ ਜੋ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਕਰਨੀ ਉਸ ਲਈ ਕਾਫ਼ੀ ਔਖੀ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦਾ ਮੁੱਦਾ ਵੀ ਉਵੇਂ ਹੀ ਹੈ, ਜਿਵੇਂ ਪਹਿਲਾਂ ਸੀ।"

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਦੇ ਪ੍ਰੋਫੈਸਰ ਡਾ. ਸਤਨਾਮ ਸਿੰਘ ਦਿਓਲ ਆਖਦੇ ਹਨ, "ਅੱਜ ਜੋ ਏਕਤਾ ਦੇਖਣ ਨੂੰ ਮਿਲੀ ਹੈ, ਉਹ ਸਚਿਨ ਪਾਇਲਟ ਦੇ ਸਤਿਕਾਰ ਵਿੱਚ ਆਰਜ਼ੀ ਤੌਰ 'ਤੇ ਹੈ।"

ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਕਾਂਗਰਸੀ ਆਗੂਆਂ ਨੂੰ ਇਕਜੁੱਟ ਰੱਖਣਾ ਪਾਇਲਟ ਲਈ ਵੱਡੀ ਚੁਣੌਤੀ ਹੋਵੇਗਾ।

ਉਨ੍ਹਾਂ ਦੱਸਿਆ ਕਿ ਕਾਂਗਰਸ ਦੀ ਲੜਾਈ ਉਦੋਂ ਸਿਖਰਾਂ 'ਤੇ ਫਿਰ ਤੋਂ ਪਹੁੰਚੇਗੀ, ਜਦੋਂ ਪਾਰਟੀ ਟਿਕਟਾਂ ਦੀ ਵੰਡ ਕਰੇਗੀ, ਕਿਉਂਕਿ ਹਰ ਖੇਮਾ ਆਪੋ-ਆਪਣੇ ਆਗੂਆਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਕਰੇਗਾ ਅਤੇ ਉਸ ਸਮੇਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ, ਉਨ੍ਹਾਂ ਦੀ ਨਾਰਾਜ਼ਗੀ ਫਿਰ ਤੋਂ ਦੇਖਣ ਨੂੰ ਮਿਲ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)