ਏਸ਼ੀਅਨ ਖੇਡਾਂ 2026: ਹਰਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਨੇ ਸੋਨ ਤਗਮਾ ਜਿੱਤਿਆ, ਕਪਤਾਨ ਨੇ ਜਿੱਤ ਦੇ ਅਹਿਸਾਸ ਬਾਰੇ ਕੀ ਦੱਸਿਆ

    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਟੂਰਨਾਮੈਂਟ ਏਸ਼ੀਅਨ ਖੇਡਾਂ, ਸਥਾਨ, ਜਪਾਨ ਦਾ ਨਿਸ਼ਿਨ ਦਾ ਕੋਰੋਗੀ ਸਪੋਰਟਸ ਪਾਰਕ, ਜਿਵੇਂ ਹੀ ਮੈਚ ਦੇ 16ਵੀਂ ਓਵਰ ਦੀ ਚੌਥੀ ਗੇਂਦ ’ਤੇ ਭਾਰਤੀ ਸਪਿਨ ਗੇਂਦਬਾਜ਼ ਸ਼੍ਰੇਯੰਕਾ ਪਾਟਿਲ ਨੇ ਸ਼੍ਰੀਲੰਕਾ ਦੀ ਬੱਲੇਬਾਜ਼ ਕੌਸ਼ਨੀ ਨੂਥਯਾਂਗਨਾ ਨੂੰ ਆਊਟ ਕੀਤਾ, ਉਦੋਂ ਹੀ ਇਹ ਪਲ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਏ।

ਇਸ ਵਿਕਟ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਆਪਣੇ ਨਾਮ ਕਰ ਲਿਆ।

ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਜਪਾਨ ਦੇ ਨਾਗੋਆ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਭਾਰਤ ਨੂੰ ਇਸ ਵਾਰ ਦੀਆਂ ਏਸ਼ੀਆਈ ਖੇਡਾਂ ਦਾ ਪਹਿਲਾ ਗੋਲਡ ਮੈਡਲ ਦਵਾਇਆ ਹੈ।

ਏਸ਼ੀਅਨ ਖੇਡਾਂ ਦੇ ਪਹਿਲੇ ਦੋ ਦਿਨ ਤੱਕ ਭਾਰਤ ਦਾ ਕੋਈ ਵੀ ਖਿਡਾਰੀ ਗੋਲਡ ਨਹੀਂ ਜਿੱਤ ਸਕਿਆ ਸੀ, ਹਾਲਾਂਕਿ 4 ਸਿਲਵਰ ਤੇ 2 ਕਾਂਸੇ ਦੇ ਤਗਮੇ ਭਾਰਤੀ ਖਿਡਾਰੀਆਂ ਨੇ ਜਿੱਤੇ ਸਨ।

ਇਸ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਨੇ ਏਸ਼ੀਅਨ ਖੇਡਾਂ ਵਿੱਚ ਲਗਾਤਾਰ ਦੂਜਾ ਗੋਲਡ ਮੈਡਲ ਵੀ ਜਿੱਤਿਆ ਹੈ। ਇਸ ਤੋਂ ਪਹਿਲਾਂ 2023 ਵਿੱਚ ਚੀਨ ਦੇ ਹਾਂਗਝੁ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ।

ਭਾਰਤ ਦਾ ਫਾਈਨਲ ਵਿੱਚ ਪ੍ਰਦਰਸ਼ਨ

ਸੋਨ ਤਮਗੇ ਲਈ ਹੋਏ ਫਾਈਨਲ ਮੁਕਾਬਲੇ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤੀ ਮਹਿਲਾ ਓਪਨਿੰਗ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਉਪ-ਕਪਤਾਨ ਸਮ੍ਰਿਤੀ ਮੰਧਾਨਾ ਤੇ ਸ਼ਿਫਾਲੀ ਵਰਮਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸਮ੍ਰਿਤੀ ਨੇ ਸਿਰਫ਼ 45 ਗੇਂਦਾਂ 'ਤੇ ਲਾਜਵਾਬ 79 ਦੌੜਾਂ ਬਣਾਈਆਂ ਅਤੇ ਫਾਈਨਲ ਵਿੱਚ ਸ਼੍ਰੀਲੰਕਾ ਖ਼ਿਲਾਫ਼ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।

ਸਮ੍ਰਿਤੀ ਮੰਧਾਨਾ ਮਹਿਲਾ ਕ੍ਰਿਕਟ ਵਿੱਚ 11,000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਬੱਲੇਬਾਜ਼ ਵੀ ਬਣ ਗਏ।

ਸ਼ਿਫਾਲੀ ਵਰਮਾ ਨੇ 48, ਹਰਮਨਪ੍ਰੀਤ ਨੇ 19 ਤੇ ਰੀਚਾ ਘੋਸ਼ ਨੇ 22 ਗੇਂਦਾਂ ਵਿੱਚ 49 ਦੌੜਾਂ ਦੀ ਪਾਰੀ ਖੇਡੀ। ਇਸ ਪ੍ਰਦਰਸ਼ਨ ਸਦਕਾ ਟੀਮ ਇੰਡੀਆ ਨੇ ਸ਼੍ਰੀਲੰਕਾ ਦੇ ਸਾਹਮਣੇ 217 ਦੌੜਾਂ ਦਾ ਵੱਡਾ ਟੀਚਾ ਰੱਖਿਆ।

ਇਸ ਮਗਰੋਂ ਭਾਰਤੀ ਸਪਿਨਰਾਂ ਨੇ ਗੇਂਦਬਾਜ਼ੀ ਵਿੱਚ ਵੀ ਦਬਦਬਾ ਕਾਇਮ ਰੱਖਿਆ ਅਤੇ ਕਿਫਾਇਤੀ ਗੇਂਦਬਾਜ਼ੀ ਕਰਦਿਆਂ ਸ਼੍ਰੀਲੰਕਾ ਨੂੰ 69 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਭਾਰਤ ਨੇ 147 ਦੌੜਾਂ ਦੀ ਵੱਡੀ ਜਿੱਤ ਨਾਲ ਸੋਨ ਤਮਗਾ ਆਪਣੇ ਨਾਮ ਕਰ ਲਿਆ।

ਦਿਪਤੀ ਸ਼ਰਮਾ ਨੇ 3, ਸ਼ਿਫਾਲੀ ਵਰਮਾ, ਸ਼੍ਰੇਯੰਕਾ ਪਾਟਿਲ ਤੇ ਸ਼੍ਰੀ ਚਰਨੀ ਨੇ 2-2 ਵਿਕਟਾਂ ਹਾਸਿਲ ਕੀਤੀਆਂ।

ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਡੀ ਜਿੱਤ

ਸ਼੍ਰੀਲੰਕਾ ਖ਼ਿਲਾਫ਼ ਏਸ਼ੀਅਨ ਖੇਡਾਂ ਦੇ ਫਾਈਨਲ ਵਿੱਚ ਭਾਰਤ ਵੱਲੋਂ ਦਰਜ ਕੀਤੀ 147 ਦੌੜਾਂ ਦੀ ਜਿੱਤ ਸਭ ਤੋਂ ਵੱਡੀ ਹੈ। ਇਸ ਜਿੱਤ ਨੇ 2018 ਵਿੱਚ ਮਲੇਸ਼ੀਆ ਖ਼ਿਲਾਫ਼ ਦਰਜ ਕੀਤੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਟੀ-20 ਇੰਟਰਨੈਸ਼ਨਲ ਵਿੱਚ ਭਾਰਤੀ ਮਹਿਲਾ ਟੀਮ ਦੀਆਂ ਸਭ ਤੋਂ ਵੱਡੀਆਂ ਜਿੱਤਾਂ (ਦੌੜਾਂ ਦੇ ਅੰਤਰ ਨਾਲ) ਇਸ ਪ੍ਰਕਾਰ ਹਨ।

147 ਬਨਾਮ ਸ਼੍ਰੀਲੰਕਾ, ਨਿਸ਼ਿਨ, ਏਸ਼ੀਆਈ ਖੇਡਾਂ 2026

142 ਬਨਾਮ ਮਲੇਸ਼ੀਆ, ਕੁਆਲਾਲੰਪੁਰ, ਏਸ਼ੀਆ ਕੱਪ 2018

137 ਬਨਾਮ ਹਾਂਗਕੌਂਗ, ਦੁਬਈ, ਏਸ਼ੀਆ ਕੱਪ 2026

114 ਬਨਾਮ ਬੰਗਲਾਦੇਸ਼, ਨਿਸ਼ਿਨ, ਏਸ਼ੀਆਈ ਖੇਡਾਂ 2026

104 ਬਨਾਮ ਯੂਏਈ, ਸਿਲਹਟ, ਏਸ਼ੀਆ ਕੱਪ 2022

100 ਬਨਾਮ ਬਾਰਬਾਡੋਸ ਮਹਿਲਾ ਟੀਮ, ਰਾਸ਼ਟਰਮੰਡਲ ਖੇਡਾਂ 2022

ਗੋਲਡ ਜਿੱਤਣ ਮਗਰੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਕੀ ਕਿਹਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਮਗਰੋਂ ਕਿਹਾ ਕਿ ਇਹ ਬਹੁਤ ਸ਼ਾਨਦਾਰ ਅਹਿਸਾਸ ਹੈ।

“ਟੂਰਨਾਮੈਂਟ ਤੋਂ ਪਹਿਲਾਂ ਅਸੀਂ ਅਜੇਤੂ ਰਹਿਣ ਬਾਰੇ ਕਾਫ਼ੀ ਗੱਲ ਕੀਤੀ ਸੀ, ਪਰ ਇਸ ਤੋਂ ਵੀ ਵੱਧ ਅਹਿਮ ਗੱਲ ਇਹ ਸੀ ਕਿ ਅਸੀਂ ਆਪਣੇ ਲਈ ਤੈਅ ਕੀਤੇ ਉੱਚੇ ਮਿਆਰਾਂ ਮੁਤਾਬਕ ਖੇਡੀਏ। ਇਹ ਦੇਖ ਕੇ ਬਹੁਤ ਸੰਤੁਸ਼ਟੀ ਮਿਲਦੀ ਹੈ ਕਿ ਹਰ ਕੋਈ ਹਰ ਮੈਚ ਵਿੱਚ ਇੰਨੀ ਸਕਾਰਾਤਮਕ ਸੋਚ ਨਾਲ ਮੈਦਾਨ 'ਤੇ ਉਤਰਿਆ।”

“ਜਿਸ ਵੀ ਖਿਡਾਰਨ ਨੂੰ ਮੌਕਾ ਮਿਲਿਆ, ਉਸ ਨੇ ਅੱਗੇ ਵਧ ਕੇ ਜ਼ਿੰਮੇਵਾਰੀ ਨਿਭਾਈ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਵਜੋਂ ਅਤੇ ਪੂਰੀ ਟੀਮ ਵਜੋਂ ਅਸੀਂ ਬਿਲਕੁਲ ਇਹੀ ਚਾਹੁੰਦੇ ਸੀ।”

“ਅਜੇਤੂ ਰਹਿਣ ਦੇ ਨਾਲ-ਨਾਲ ਲਗਾਤਾਰ ਇਸ ਪੱਧਰ ਦਾ ਪ੍ਰਦਰਸ਼ਨ ਕਰਨਾ ਜੋ ਸਾਡੇ ਤੋਂ ਉਮੀਦ ਸੀ ਅਤੇ ਇਹ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਕਿ ਹਰ ਕਿਸੇ ਨੇ ਪੂਰੇ ਭਰੋਸੇ ਨਾਲ ਇਸ ਸੋਚ ਨੂੰ ਮੈਦਾਨ 'ਤੇ ਉਤਾਰਿਆ।”

ਏਸ਼ੀਅਨ ਖੇਡਾਂ 2026 ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ

ਭਾਰਤ ਨੇ ਏਸ਼ੀਆਈ ਖੇਡਾਂ 2026 ਦੀ ਮੁਹਿੰਮ ਦੀ ਸ਼ੁਰੂਆਤ ਕੁਆਰਟਰ ਫਾਈਨਲ ਵਿੱਚ ਜਪਾਨ ਖ਼ਿਲਾਫ਼ 8 ਵਿਕਟਾਂ ਦੀ ਸ਼ਾਨਦਾਰ ਜਿੱਤ ਨਾਲ ਕੀਤੀ ਸੀ।

ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਭਾਰਤ ਨੇ ਜਪਾਨ ਨੂੰ ਪਹਿਲੀ ਪਾਰੀ ਵਿੱਚ 57 ਦੌੜਾਂ 'ਤੇ ਰੋਕ ਦਿੱਤਾ ਅਤੇ ਪਾਵਰਪਲੇ ਦੇ ਅੰਦਰ ਹੀ ਟੀਚਾ ਹਾਸਲ ਕਰ ਲਿਆ।

ਸ਼੍ਰੀ ਚਰਨੀ ਨੇ 4 ਵਿਕਟਾਂ ਲਈਆਂ, ਜਦਕਿ ਸ਼ਫਾਲੀ ਵਰਮਾ ਨੇ ਸਿਰਫ਼ 15 ਗੇਂਦਾਂ 'ਤੇ ਨਾਬਾਦ 40 ਦੌੜਾਂ ਬਣਾਉਂਦਿਆਂ ਜਿੱਤ ਨੂੰ ਸ਼ਾਨਦਾਰ ਅੰਦਾਜ਼ ਵਿੱਚ ਪੂਰਾ ਕੀਤਾ।

ਬੰਗਲਾਦੇਸ਼ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਵਿੱਚ ਇੱਕ ਵਾਰ ਫਿਰ ਸ਼ਫਾਲੀ ਵਰਮਾ ਦੀ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਇਆ।

ਟੀਮ ਇੰਡੀਆ ਦੀ ਓਪਨਰ ਨੇ ਸਿਰਫ਼ 49 ਗੇਂਦਾਂ 'ਤੇ ਆਪਣਾ ਪਹਿਲਾ ਟੀ -20 ਅੰਤਰਰਾਸ਼ਟਰੀ ਸੈਂਕੜਾ ਲਗਾਇਆ ਅਤੇ ਪਹਿਲੀ ਪਾਰੀ ਵਿੱਚ ਭਾਰਤ ਦਾ ਸਕੋਰ 195/4 ਤੱਕ ਪਹੁੰਚਾਇਆ।

ਇਸ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ 81 ਦੌੜਾਂ 'ਤੇ ਆਲ ਆਊਟ ਕਰਕੇ ਫਾਈਨਲ ਵਿੱਚ ਆਸਾਨੀ ਨਾਲ ਜਗ੍ਹਾ ਬਣਾਈ।

ਸ਼੍ਰੀਲੰਕਾ ਨਾਲ ਖੇਡੇ ਗਏ ਟੂਰਨਾਮੈਂਟਾਂ ਦੇ ਫਾਈਨਲ ਮੁਕਾਬਲੇ

ਭਾਰਤੀ ਮਹਿਲਾ ਕ੍ਰਿਕਟ ਟੀਮ ਸ਼੍ਰੀਲੰਕਾ ਨਾਲ ਪਿਛਲੇ 4 ਸਾਲਾਂ ਵਿੱਚ ਕਈ ਵਾਰ ਫਾਈਨਲ ਵਿੱਚ ਆਹਮੋ ਸਾਹਮਣੇ ਹੋ ਚੁੱਕੀ ਹੈ। ਹਾਲਾਂਕਿ ਭਾਰਤ ਨੂੰ 2024 ਵਿੱਚ ਹਾਰ ਦਾ ਸਾਹਮਣੇ ਕਰਨਾ ਪਿਆ ਸੀ। ਪਰ ਬਾਕੀਆਂ ਵਿੱਚ ਭਾਰਤੀ ਟੀਮ ਨੇ ਬਾਜ਼ੀ ਮਾਰੀ। ਹੇਠਾਂ ਦਿੱਤੇ ਗਏ 2022 ਤੋਂ ਹੁਣ ਤੱਕ ਕੁਝ ਫਾਈਨਲ ਮੁਕਾਬਲਿਆਂ ਦੀ ਸੂਚੀ।

2022 ਏਸ਼ੀਆ ਕੱਪ ਵਿੱਚ 8 ਵਿਕਟਾਂ ਨਾਲ ਜਿੱਤ

2023 ਏਸ਼ੀਆਈ ਖੇਡਾਂ ਵਿੱਚ 19 ਦੌੜਾਂ ਨਾਲ ਜਿੱਤ

2024 ਏਸ਼ੀਆ ਕੱਪ ਵਿੱਚ 8 ਵਿਕਟਾਂ ਨਾਲ ਹਾਰ

2026 ਏਸ਼ੀਆ ਕੱਪ ਵਿੱਚ 72 ਦੌੜਾਂ ਨਾਲ ਜਿੱਤ

2026 ਏਸ਼ੀਆਈ ਖੇਡਾਂ ਵਿੱਚ 147 ਦੌੜਾਂ ਨਾਲ ਜਿੱਤ

ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤ ਦਾ ਪ੍ਰਦਰਸ਼ਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰਨ ਵਾਲੇ ਹਰਮਨਪ੍ਰੀਤ ਕੌਰ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ।

ਹਰਮਨਪ੍ਰੀਤ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਕਈ ਮੌਕਿਆਂ 'ਤੇ ਭਾਰਤ ਵਾਸੀਆਂ ਨੂੰ ਖੁਸ਼ੀ ਦਾ ਮੌਕਾ ਦਿੱਤਾ ਹੈ।

ਭਾਰਤੀ ਮਹਿਲਾ ਟੀਮ ਨੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਹੀ 2025 ਵਿੱਚ ਹੋਏ ਵਿਸ਼ਵ ਕੱਪ ਦੌਰਾਨ ਰੋਮਾਂਚਕ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਭਾਰਤ ਲਈ ਪਹਿਲਾ ICC ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ।

2023 ਤੇ 2026 ਵਿੱਚ ਏਸ਼ੀਆਈ ਖੇਡਾਂ ਲਗਾਤਾਰ ਸੋਨੇ ਦਾ ਤਗਮਾ ਵੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਭਾਰਤ ਨੇ ਜਿੱਤਿਆ।

ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਹੀ ਭਾਰਤੀ ਮਹਿਲਾ ਟੀਮ ਚਾਰ ਵਾਰ ਏਸ਼ੀਆ ਕੱਪ ਜਿੱਤਣ ਵਿੱਚ ਕਾਮਯਾਬ ਰਹੀ। 2012, 2016, 2022 ਤੇ 2026 ਵਿੱਚ ਟੀਮ ਚੈਂਪੀਅਨ ਬਣੀ।

2022 ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਟੀਮ ਦੀ ਹਰਮਨਪ੍ਰੀਤ ਕੌਰ ਨੇ ਅਗਵਾਈ ਕੀਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)