You’re viewing a text-only version of this website that uses less data. View the main version of the website including all images and videos.
ਪੀਐੱਮਡੀਡੀ ਪੀੜਤ ਇੱਕ ਮਹਿਲਾ ਦਾ ਦਰਦ, 'ਜੀਵਨ ਇਸ ਤਰ੍ਹਾਂ ਹੈ ਜਿਵੇਂ ਹਰ ਮਹੀਨੇ ਮੌਤ ਦਾ ਸਾਇਆ ਤੁਹਾਡੇ ਦਰਵਾਜ਼ੇ 'ਤੇ ਆ ਖੜ੍ਹੇ'
- ਲੇਖਕ, ਰੂਥ ਕਲੇਗ
- ਰੋਲ, ਹੈਲਥ ਅਤੇ ਵੈਲਬੀਇੰਗ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਚੇਤਾਵਨੀ: ਇਸ ਲੇਖ ਵਿੱਚ ਖੁਦਕੁਸ਼ੀ ਨਾਲ ਜੁੜੀਆਂ ਗੱਲਾਂ 'ਤੇ ਚਰਚਾ ਕੀਤੀ ਗਈ ਹੈ।
ਜਿਸ ਸਵੇਰ ਉਨ੍ਹਾਂ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਸ ਦੇ ਅਗਲੇ ਹੀ ਦਿਨ ਅਨਿਕਾ ਵਾਹੀਦ ਨੂੰ ਪੀਰੀਅਡਸ ਆ ਗਏ। ਉਨ੍ਹਾਂ ਦੀ ਨਿਰਾਸ਼ਾ ਗਾਇਬ ਹੋ ਗਈ ਅਤੇ ਜਿਸ ਭਾਵਨਾ ਨੂੰ ਉਹ "ਦੁਨੀਆ ਦਾ ਸਾਰਾ ਬੋਝ" ਕਹਿੰਦੇ ਹਨ, ਉਹ ਬੋਝ ਵੀ ਉਨ੍ਹਾਂ ਦੇ ਮੋਢਿਆਂ ਤੋਂ ਉਤਰ ਗਿਆ।
"ਕੀ ਮੈਂ ਸੱਚਮੁੱਚ ਅਜਿਹਾ ਕੀਤਾ?" ਉਨ੍ਹਾਂ ਨੇ ਆਪਣੀ ਭੈਣ ਤੋਂ ਪੁੱਛਿਆ। ਉਨ੍ਹਾਂ ਦੀ ਭੈਣ ਨੇ ਉਨ੍ਹਾਂ ਨੂੰ ਆਪਣੀਆਂ ਬਾਂਹਾਂ ਵਿੱਚ ਕੱਸ ਕੇ ਫੜਿਆ ਹੋਇਆ ਸੀ ਕਿਉਂਕਿ ਅਨਿਕਾ ਨੇ ਨੀਂਦ ਦੀ ਦਵਾਈ ਜ਼ਿਆਦਾ ਮਾਤਰਾ ਵਿੱਚ ਖਾ ਲਈ ਸੀ ਅਤੇ ਲਗਾਤਾਰ ਸੌਂ ਰਹੀ ਸੀ।
"ਹਾਂ, ਤੂੰ ਕੀਤਾ ਸੀ।"
ਅਨਿਕਾ ਨੂੰ ਹਰ ਮਹੀਨੇ ਦੋ ਹਫਤਿਆਂ ਤੱਕ ਖੁਦਕੁਸ਼ੀ ਦੇ ਵਿਚਾਰ ਆਉਂਦੇ ਰਹਿੰਦੇ ਸਨ, ਅਤੇ ਫਿਰ ਜਿਵੇਂ ਕੋਈ ਸਵਿੱਚ ਆਨ ਹੁੰਦਾ ਹੈ, ਉਨ੍ਹਾਂ ਦੇ ਪੀਰੀਅਡਸ ਸ਼ੁਰੂ ਹੁੰਦੇ ਹੀ ਉਹ ਸਾਰਾ ਹਨ੍ਹੇਰਾ ਦੂਰ ਹੋ ਜਾਂਦਾ ਸੀ ਅਤੇ ਉਹ ਜਿਵੇਂ "ਫਿਰ ਤੋਂ ਚੀਜ਼ਾਂ ਨੂੰ ਸਾਫ਼ ਦੇਖ ਸਕਦੇ ਸੀ ਅਤੇ ਠੀਕ ਤਰ੍ਹਾਂ ਕੰਮ ਕਰ ਸਕਦੇ ਸੀ।"
ਉਹ ਪੁੱਛਦੇ ਹਨ, "ਮੇਰੇ ਹਾਰਮੋਨ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੇ ਹਨ?"
ਪੀਐੱਮਡੀਡੀ ਕੀ ਹੈ?
42 ਸਾਲ ਦੇ ਅਨਿਕਾ ਨੂੰ ਅੱਠ ਸਾਲ ਤੋਂ ਵੀ ਵੱਧ ਸਮੇਂ ਤੋਂ ਪ੍ਰੀਮੇਨਸਟਰੁਅਲ ਡਿਸਫੋਰਿਕ ਡਿਸਆਰਡਰ (ਪੀਐਮਡੀਡੀ) ਹੈ।
ਪੀਐੱਮਡੀਡੀ ਇੱਕ ਮਾਨਸਿਕ ਸਿਹਤ ਸਬੰਧੀ ਬਿਮਾਰੀ ਹੈ, ਜਿਸ ਕਾਰਨ ਗੰਭੀਰ ਮਾਨਸਿਕ ਅਤੇ ਕਈ ਵਾਰ ਸਰੀਰਕ ਲੱਛਣ ਵੀ ਨਜ਼ਰ ਆਉਂਦੇ ਹਨ।
ਇਹ ਕਿਸੇ ਵੀ ਮਹਿਲਾ ਨੂੰ ਉਸ ਦੀ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਹੋ ਸਕਦਾ ਹੈ, ਪਰ ਅਕਸਰ ਇਹ ਹਾਰਮੋਨ ਵਿੱਚ ਹੋਣ ਵਾਲੀਆਂ ਵੱਡੀਆਂ ਤਬਦੀਲੀਆਂ ਸਮੇਂ ਹੁੰਦਾ ਹੈ - ਜਿਵੇਂ ਕਿ ਜਵਾਨੀ ਦੀ ਸ਼ੁਰੂਆਤ (ਪਿਊਬਰਟੀ), ਬੱਚਾ ਹੋਣ ਤੋਂ ਬਾਅਦ, ਜਾਂ ਮੀਨੋਪੌਜ਼ (ਪੀਰੀਅਡਜ਼ ਬੰਦ ਹੋਣ) ਦੌਰਾਨ।
ਪ੍ਰੀਮੇਨਸਟਰੁਅਲ ਸਿੰਡਰੋਮ (ਪੀਐਮਐਸ) ਦੀ ਹੀ ਤਰ੍ਹਾਂ ਇਹ ਵੀ ਪੀਰੀਅਡਸ ਸ਼ੁਰੂ ਹੋਣ ਤੋਂ ਇੱਕ ਜਾਂ ਦੋ ਹਫ਼ਤੇ ਪਹਿਲਾਂ ਹੁੰਦਾ ਹੈ, ਜਿਸਨੂੰ ਲੂਟੀਅਲ ਫੇਜ਼ ਕਹਿੰਦੇ ਹਨ। ਪਰ ਇਹ ਪੀਐੱਮਐੱਸ ਨਾਲੋਂ ਕਾਫ਼ੀ ਜ਼ਿਆਦਾ ਗੰਭੀਰ ਹੁੰਦਾ ਹੈ।
ਪੀਐੱਮਐੱਸ ਹੋਣ 'ਤੇ ਜਿੱਥੇ ਤੁਹਾਨੂੰ ਥਕਾਵਟ, ਚਿੜਚਿੜਾਪਣ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਉੱਥੇ ਹੀ ਪੀਐੱਮਡੀਡੀ ਕਾਰਨ ਤੁਹਾਨੂੰ ਗੰਭੀਰ ਐਂਗਜ਼ਾਇਟੀ (ਘਬਰਾਹਟ), ਡਿਪ੍ਰੈਸ਼ਨ ਅਤੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਹੋ ਸਕਦਾ ਹੈ।
ਮਹਿਲਾਵਾਂ ਨੂੰ ਥਕਾਵਟ, ਸਿਰਦਰਦ ਅਤੇ ਜੋੜਾਂ ਵਿੱਚ ਦਰਦ ਵਰਗੇ ਸਰੀਰਕ ਲੱਛਣ ਵੀ ਮਹਿਸੂਸ ਹੋ ਸਕਦੇ ਹਨ, ਪਰ ਪੀਐੱਮਡੀਡੀ ਦੀ ਪੁਸ਼ਟੀ ਕਰਨ ਲਈ ਤੁਹਾਡੇ ਵਿੱਚ ਮੂਡ (ਮਨੋਦਸ਼ਾ) ਨਾਲ ਜੁੜਿਆ ਕੋਈ ਲੱਛਣ ਹੋਣਾ ਵੀ ਲਾਜ਼ਮੀ ਹੈ।
'ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ'
ਇੰਟਰਨੈਸ਼ਨਲ ਐਸੋਸੀਏਸ਼ਨ ਫ਼ੋਰ ਪ੍ਰੀਮੇਨਸਟਰੁਅਲ ਡਿਸਆਰਡਰਜ਼ (ਆਈਏਪੀਐਮਡੀ) ਇੱਕ ਵਿਸ਼ਵ ਪੱਧਰੀ ਰਿਸਰਚ ਸੰਸਥਾ ਹੈ ਅਤੇ ਇਸਦਾ ਅੰਦਾਜ਼ਾ ਹੈ ਕਿ ਯੂਕੇ ਵਿੱਚ ਦਸ ਲੱਖ ਤੋਂ ਵੀ ਵੱਧ ਮਹਿਲਾਵਾਂ ਪੀਐਮਡੀਡੀ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ, ਪਰ ਉਨ੍ਹਾਂ ਵਿੱਚੋਂ ਬਹੁਤ ਘੱਟ ਮਹਿਲਾਵਾਂ ਵਿੱਚ ਹੀ ਇਸ ਬਿਮਾਰੀ ਦੀ ਸਹੀ ਪਛਾਣ ਹੋਈ ਹੈ।
ਖੁਦਕੁਸ਼ੀ ਇੱਕ ਬਹੁਤ ਹੀ ਪੇਚੀਦਾ ਮਸਲਾ ਹੈ, ਪਰ ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਮਹਿਲਾਵਾਂ ਨੂੰ ਪੀਐੱਮਡੀਡੀ ਹੁੰਦਾ ਹੈ, ਉਨ੍ਹਾਂ ਵਿੱਚ ਆਮ ਲੋਕਾਂ ਦੇ ਮੁਕਾਬਲੇ ਖੁਦਕੁਸ਼ੀ ਦੇ ਵਿਚਾਰ ਆਉਣ ਅਤੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਨ ਦੀ ਸੰਭਾਵਨਾ ਕਾਫ਼ੀ ਵੱਧ ਹੁੰਦੀ ਹੈ।
ਅਨਿਕਾ ਕਹਿੰਦੇ ਹਨ, "ਪੀਐਮਐਸ ਹੋਣਾ ਬਹੁਤ ਦਿੱਕਤ ਦੇ ਸਕਦਾ ਹੈ।'' ਉਨ੍ਹਾਂ ਨੂੰ ਦਿਲ ਦੀ ਧੜਕਨ ਤੇਜ਼ ਹੋਣਾ, ਕਮਰ ਵਿੱਚ ਤੇਜ਼ ਦਰਦ ਅਤੇ ਪੇਟ ਫੂਲਣ ਵਰਗੇ ਸਰੀਰਕ ਲੱਛਣ ਵੀ ਮਹਿਸੂਸ ਹੁੰਦੇ ਹਨ। "ਪਰ ਇਹ? ਇਹ ਤਾਂ ਕੁਝ ਹੋਰ ਹੀ ਹੈ।''
"ਇਹ ਅਜਿਹਾ ਹੈ ਜਿਵੇਂ ਹਰ ਮਹੀਨੇ 'ਮੌਤ ਦਾ ਫ਼ਰਿਸ਼ਤਾ' ਸਾਡੇ ਕੋਲ ਆ ਰਿਹਾ ਹੋਵੇ। ਤੁਸੀਂ ਇਸਨੂੰ ਮਹਿਸੂਸ ਕਰ ਸਕਦੇ ਹੋ, ਅਤੇ ਤੁਸੀਂ ਇਸ ਬਾਰੇ ਕੁਝ ਵੀ ਨਹੀਂ ਕਰ ਸਕਦੇ।"
ਮੰਨਿਆ ਜਾਂਦਾ ਹੈ ਕਿ ਪੀਐਮਡੀਡੀ ਤੋਂ ਪ੍ਰਭਾਵਿਤ ਮਹਿਲਾਵਾਂ ਨੂੰ ਪੀਰੀਅਡਸ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਵਿੱਚ ਜੋ ਕੁਦਰਤੀ ਹਾਰਮੋਨਲ ਉਤਾਰ-ਚੜ੍ਹਾਅ ਹੁੰਦੇ ਹਨ, ਉਨ੍ਹਾਂ ਬਾਰੇ ਬਹੁਤ ਗੰਭੀਰ ਅਤੇ ਨਕਾਰਾਤਮਕ ਪ੍ਰਤੀਕਿਰਿਆ ਪੈਦਾ ਹੁੰਦੀ ਹੈ। ਇਹ ਪ੍ਰਤੀਕਿਰਿਆ ਮੁੱਖ ਤੌਰ 'ਤੇ ਪ੍ਰੋਜੈਸਟੇਰੋਨ ਦੇ ਪੱਧਰ ਵਿੱਚ ਬਦਲਾਅ ਕਾਰਨ ਹੁੰਦੀ ਹੈ, ਜੋ ਆਪਣੇ ਚਰਮ 'ਤੇ ਪਹੁੰਚ ਜਾਂਦਾ ਹੈ ਅਤੇ ਐਸਟਰੋਜਨ ਕਾਰਨ ਹੁੰਦੀ ਹੈ, ਜਿਸ ਵਿੱਚ ਉਤਾਰ-ਚੜ੍ਹਾਅ ਆਉਂਦਾ ਹੈ। ਇਸ ਨਾਲ ਨਿਰਾਸ਼ਾ, ਖਾਲੀਪਣ ਅਤੇ ਬੇਕਾਬੂ ਹੋਣ ਦੀਆਂ ਤੀਬਰ ਭਾਵਨਾਵਾਂ ਪੈਦਾ ਹੁੰਦੀਆਂ ਹਨ।
ਅਤੇ ਹਾਲਾਂਕਿ ਇਸ ਬਾਰੇ ਅਜੇ ਵੀ ਵਿਗਿਆਨਕ ਸਮਝ ਬਹੁਤ ਘੱਟ ਹੈ ਕਿ ਕੁਝ ਲੋਕਾਂ ਵਿੱਚ ਪੀਐੱਮਡੀਡੀ ਕਿਉਂ ਸ਼ੁਰੂ ਹੁੰਦਾ ਹੈ, ਸਕਾਟਲੈਂਡ ਦੇ ਖੋਜਕਾਰਾਂ ਨੇ ਖੁਦਕੁਸ਼ੀ ਰੋਕਣ ਲਈ ਇੱਕ ਸ਼ਾਨਦਾਰ ਟੂਲ ਤਿਆਰ ਕੀਤਾ ਹੈ। ਇਸ ਦਾ ਮਕਸਦ ਡਾਕਟਰਾਂ ਨੂੰ ਉਨ੍ਹਾਂ ਔਰਤਾਂ ਦੇ ਲੱਛਣ ਪਛਾਣਨ ਵਿੱਚ ਮਦਦ ਕਰਨਾ ਹੈ ਜੋ ਪੀਐੱਮਡੀਡੀ ਤੋਂ ਪੀੜਤ ਹਨ।
'ਸਾਨੂੰ ਮਹਿਲਾਵਾਂ ਦੀਆਂ ਕਹਾਣੀਆਂ ਸੁਣਨੀਆਂ ਪੈਣਗੀਆਂ'
ਯੂਨੀਵਰਸਿਟੀ ਆਫ਼ ਦਿ ਵੈਸਟ ਆਫ਼ ਸਕਾਟਲੈਂਡ ਦੇ ਡਾਕਟਰ ਲਿਨਸੇ ਮੈਥਿਊਜ਼, ਜਿਨ੍ਹਾਂ ਨੇ ਇਸ ਖੋਜ ਦੀ ਅਗਵਾਈ ਕੀਤੀ ਹੈ, ਕਹਿੰਦੇ ਹਨ ਕਿ "ਇੰਨੇ ਲੰਬੇ ਸਮੇਂ ਤੋਂ ਮਹਿਲਾਵਾਂ ਇਸ ਬਿਮਾਰੀ ਨਾਲ ਜੀਅ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਦਾ ਕਾਰਨ ਕੀ ਹੋ ਸਕਦਾ ਹੈ।''
ਉਹ ਕਹਿੰਦੇ ਹਨ, ''ਕਿਸੇ ਮਹਿਲਾ ਦੀ ਸਿਹਤ ਵਿੱਚ ਮਾਸਿਕ ਧਰਮ ਚੱਕਰ ਦੀ ਇੰਨੀ ਵੱਡੀ ਭੂਮਿਕਾ ਹੋਣ ਦੇ ਬਾਵਜੂਦ ਵੀ ਡਾਕਟਰਾਂ ਦੇ ਕੰਸਲਟੇਸ਼ਨ ਰੂਮਜ਼ (ਜਿੱਥੇ ਡਾਕਟਰਾਂ ਨਾਲ ਪਰਾਮਰਸ਼ ਕੀਤਾ ਜਾਂਦਾ ਹੈ) ਵਿੱਚ ਅਕਸਰ ਇਸ ਬਾਰੇ ਗੱਲ ਨਹੀਂ ਹੁੰਦੀ।"
ਮੈਥਿਊਜ਼ ਕਹਿੰਦੇ ਹਨ ਕਿ ਮਹਿਲਾਵਾਂ ਤੋਂ ਉਨ੍ਹਾਂ ਦੇ ਮਾਸਿਕ ਧਰਮ ਚੱਕਰ ਬਾਰੇ ਸਵਾਲ ਪੁੱਛਣ ਨਾਲ ਡਾਕਟਰਾਂ ਅਤੇ ਮਰੀਜ਼ਾਂ ਨੂੰ ਪੈਟਰਨ ਸਮਝਣ ਵਿੱਚ ਮਦਦ ਮਿਲਣੀ ਚਾਹੀਦੀ ਹੈ, ਅਤੇ ਇਹ ਸਮਝਣ ਵਿੱਚ ਵੀ ਕਿ ਕੀ ਉਨ੍ਹਾਂ ਦੀ ਮਾਨਸਿਕ ਸਿਹਤ ਉਨ੍ਹਾਂ ਦੇ ਮਾਸਿਕ ਚੱਕਰ ਨਾਲ ਜੁੜੀ ਹੋਈ ਹੈ।
ਇਹ ਮਾਡਲ ਹੁਣ ਡਾਕਟਰਾਂ ਦੇ ਇਸਤੇਮਾਲ ਲਈ ਉਪਲੱਬਧ ਹੈ, ਅਤੇ ਇਹ ਇਸ ਬਾਰੇ ਜ਼ਰੂਰੀ ਜਾਣਕਾਰੀ ਦਿੰਦਾ ਹੈ ਕਿ ਪੀਐੱਮਡੀਡੀ ਤੋਂ ਪੀੜਤ ਮਹਿਲਾਵਾਂ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਬਾਕੀ ਆਬਾਦੀ ਤੋਂ ਵੱਖਰੇ ਤਰੀਕੇ ਨਾਲ ਕਿਵੇਂ ਪ੍ਰਤੀਕਿਰਿਆ ਕਰ ਸਕਦੀਆਂ ਹਨ।
ਮੈਥਿਊਜ਼ ਦੱਸਦੇ ਹਨ ਕਿ ਅਗਲਾ ਪੜਾਅ ਇਹ ਮਾਪਣਾ ਹੈ ਕਿ ਇਹ ਮਹਿਲਾਵਾਂ ਦੀ ਮਦਦ ਕਰਨ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ, ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸਨੂੰ ਪੂਰੇ ਐਨਐਚਐਸ ਵਿੱਚ ਲਾਗੂ ਕੀਤਾ ਜਾ ਸਕੇਗਾ।
ਬੋਲਟਨ ਵਿੱਚ ਸਥਿਤ ਇੱਕ ਜਨਰਲ ਪ੍ਰੈਕਟੀਸ਼ਨਰ ਅਤੇ ਮਹਿਲਾਵਾਂ ਦੀ ਸਿਹਤ ਦੇ ਮਾਹਿਰ ਡਾਕਟਰ ਹੇਲਨ ਵੌਲ ਕਹਿੰਦੇ ਹਨ ਕਿ ਡਾਕਟਰਾਂ ਨੂੰ "ਅਜੇ ਵੀ ਚੀਜ਼ਾਂ ਨੂੰ ਕਿਸੇ ਮਹਿਲਾ ਦੇ ਪੀਰੀਅਡਸ ਨਾਲ ਜੋੜਣ ਵਿੱਚ ਮੁਸ਼ਕਲ ਹੁੰਦੀ ਹੈ।"
"ਸਾਨੂੰ ਮਹਿਲਾਵਾਂ ਦੀਆਂ ਕਹਾਣੀਆਂ ਸੁਣਨੀਆਂ ਪੈਣਗੀਆਂ ਅਤੇ ਇਹ ਸਮਝਣਾ ਪਵੇਗਾ ਕਿ ਉਨ੍ਹਾਂ ਦੇ ਹਾਰਮੋਨ ਦੇ ਮਾਮਲੇ ਵਿੱਚ ਕੀ ਹੋ ਰਿਹਾ ਹੈ।"
ਪਰ ਉਹ ਕਹਿੰਦੇ ਹਨ ਕਿ ਹੈਲਥਕੇਅਰ ਸਿਸਟਮ ਅਜਿਹਾ ਕਰਨਾ ਮੁਸ਼ਕਲ ਬਣਾ ਸਕਦਾ ਹੈ। ਉਨ੍ਹਾਂ ਮੁਤਾਬਕ, "ਸਾਨੂੰ ਇੱਕ ਮਰੀਜ਼ ਨਾਲ ਵੱਧ ਤੋਂ ਵੱਧ 10 ਮਿੰਟ ਜਾਂ 15 ਮਿੰਟ ਮਿਲਦੇ ਹਨ।"
ਪੀਐੱਮਡੀਡੀ ਤੋਂ ਪੀੜਤ ਕਈ ਮਹਿਲਾਵਾਂ ਉਸ ਵੇਲੇ ਮਦਦ ਲਈ ਆਉਂਦੀਆਂ ਹਨ, ਜਦੋਂ ਉਹ ਕਿਸੇ ਸੰਕਟ ਵਿੱਚ ਹੁੰਦੀਆਂ ਹਨ ਅਤੇ ਉਨ੍ਹਾਂ ਕੋਲ ਜਾਣ ਲਈ ਕੋਈ ਹੋਰ ਥਾਂ ਨਹੀਂ ਹੁੰਦੀ। ਇੰਨੇ ਘੱਟ ਸਮੇਂ ਵਿੱਚ ਉਨ੍ਹਾਂ ਦੀ ਪੂਰੀ ਜਾਣਕਾਰੀ ਹਾਸਲ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੁੰਝਲਤਾ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ।
ਪੀਰੀਅਡਸ ਤੋਂ ਠੀਕ ਪਹਿਲਾਂ ਜ਼ਿੰਦਗੀ ਬਹੁਤ ਉਦਾਸ ਤੇ ਹਨ੍ਹੇਰੀ ਲੱਗਦੀ ਹੈ
ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਸੋਸ਼ਲ ਮੀਡੀਆ 'ਤੇ ਪੀਐਮਡੀਡੀ ਬਾਰੇ ਆਪਣੇ ਤਜਰਬੇ ਸਾਂਝੇ ਕਰ ਰਹੀਆਂ ਹਨ। ਟਿੱਕਟੌਕ 'ਤੇ #PMDD ਪੋਸਟਾਂ ਨੂੰ 230 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਅਜਿਹੀਆਂ ਹੀ ਮਹਿਲਾਵਾਂ ਵਿੱਚੋਂ ਇੱਕ ਹਨ ਕੇਟੀ ਕੂਕ, ਜਿਨ੍ਹਾਂ ਨੂੰ 2025 ਵਿੱਚ 21 ਸਾਲ ਦੀ ਉਮਰ ਵਿੱਚ ਪੀਐਮਡੀਡੀ ਹੋਣ ਦਾ ਪਤਾ ਲੱਗਿਆ। ਇਸ ਤੋਂ ਪਹਿਲਾਂ ਉਹ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਇੱਕ ਦਹਾਕੇ ਤੱਕ ਸੰਘਰਸ਼ ਕਰਦੇ ਰਹੇ ਸਨ।
ਉਨ੍ਹਾਂ ਦਾ ਮੰਨਣਾ ਹੈ ਕਿ ਪੀਐਮਡੀਡੀ ਉਸ ਵੇਲੇ ਸ਼ੁਰੂ ਹੋਇਆ ਜਦੋਂ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਪੀਰੀਅਡਸ ਹੋਏ। ਉਹ ਕਹਿੰਦੇ ਹਨ ਕਿ ਉਸੇ ਵੇਲੇ "ਮੇਰੇ ਮਨ ਵਿੱਚ ਲੜਾਈ ਸ਼ੁਰੂ ਹੋ ਗਈ ਸੀ।"
ਜਦੋਂ ਕੇਟੀ ਆਪਣੇ ਲੂਟੀਅਲ ਫੇਜ਼ ਵਿੱਚ ਹੁੰਦੇ ਹਨ, ਯਾਨੀ ਪੀਰੀਅਡਸ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਤਾਂ ਉਹ ਕਹਿੰਦੇ ਹਨ ਕਿ ਜ਼ਿੰਦਗੀ ਬਹੁਤ ਉਦਾਸ ਅਤੇ ਹਨ੍ਹੇਰੀ ਲੱਗਦੀ ਹੈ। ਉਨ੍ਹਾਂ ਦੇ ਸਰੀਰ ਵਿੱਚ ਦਰਦ ਹੁੰਦਾ ਹੈ, ਉਨ੍ਹਾਂ ਨੂੰ ਰੌਸ਼ਨੀ ਅਤੇ ਆਵਾਜ਼ ਤੋਂ ਪਰੇਸ਼ਾਨੀ ਹੁੰਦੀ ਹੈ ਅਤੇ ਹਰ ਚੀਜ਼ ਬਹੁਤ ਜ਼ਿਆਦਾ ਭਾਰੀ ਲੱਗਣ ਲੱਗਦੀ ਹੈ।
ਪਰ ਕੇਟੀ ਦੇ ਡਾਕਟਰ ਉਨ੍ਹਾਂ ਨੂੰ ਦੱਸਦੇ ਰਹੇ ਕਿ ਉਨ੍ਹਾਂ ਦੇ ਮੂਡ ਵਿੱਚ ਹੋਣ ਵਾਲੇ ਇਹ ਤੇਜ਼ ਬਦਲਾਅ ਵੱਡੇ ਹੋਣ ਦੀ ਪ੍ਰਕਿਰਿਆ ਦਾ ਹੀ ਇੱਕ ਹਿੱਸਾ ਹਨ।
ਕੇਟੀ ਨੇ ਪੂਰੇ ਮਹੀਨੇ ਆਪਣੇ ਬਦਲਦੇ ਮੂਡ ਅਤੇ ਹੋਰ ਲੱਛਣਾਂ ਨੂੰ ਲਿਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਕੁਝ ਪੈਟਰਨ ਨਜ਼ਰ ਆਉਣ ਲੱਗੇ।
ਫਿਰ ਯੂਨੀਵਰਸਿਟੀ ਦੇ ਆਪਣੇ ਪਹਿਲੇ ਸਾਲ ਵਿੱਚ, ਇੱਕ ਡਾਕਟਰ ਨੇ ਕੇਟੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਪੀਐਮਡੀਡੀ ਬਾਰੇ ਸੁਣਿਆ ਹੈ, ਅਤੇ "ਫਿਰ ਜਾਕੇ ਉਨ੍ਹਾਂ ਨੂੰ ਸਭ ਕੁਝ ਸਮਝ ਆਉਣ ਲੱਗਾ।"
ਬਿਮਾਰੀ ਦਾ ਪਤਾ ਲਗਾਉਣ ਲਈ ਸੰਘਰਸ਼
ਬਿਮਾਰੀ ਦਾ ਪਤਾ ਲੱਗਣ ਨਾਲ ਇਲਾਜ ਦੇ ਕਈ ਰਸਤੇ ਖੁੱਲ੍ਹ ਜਾਂਦੇ ਹਨ, ਪਰ ਅਨਿਕਾ ਕਹਿੰਦੇ ਹਨ ਕਿ ਕਿਸੇ ਵੱਲੋਂ ਸਿਰਫ਼ ਤੁਹਾਨੂੰ "ਸਮਝਿਆ ਜਾਣਾ" ਵੀ ਆਪਣੇ ਆਪ ਵਿੱਚ ਇੱਕ "ਤਸੱਲੀ ਦੇਣ ਵਾਲਾ ਤਜਰਬਾ" ਹੈ।
ਕੀ ਮੈਥਿਊਜ਼ ਵੱਲੋਂ ਡਾਕਟਰਾਂ ਨੂੰ ਪੀਐਮਡੀਡੀ ਦੇ ਲੱਛਣਾਂ ਨੂੰ ਜਲਦੀ ਪਛਾਨਣ ਵਿੱਚ ਮਦਦ ਕਰਨ ਲਈ ਕੀਤਾ ਗਿਆ ਕੰਮ ਉਨ੍ਹਾਂ ਦੀ ਮਦਦ ਕਰ ਸਕਦਾ ਸੀ - ਜਾਂ ਸ਼ਾਇਦ ਉਨ੍ਹਾਂ ਨੂੰ ਜ਼ਿੰਦਗੀ ਦੇ ਇੰਨੇ ਮੁਸ਼ਕਲ ਮੋੜ 'ਤੇ ਪਹੁੰਚਣ ਤੋਂ ਵੀ ਬਚਾ ਸਕਦਾ ਸੀ?
ਇਸ ਬਾਰੇ ਅਨਿਕਾ ਕਹਿੰਦੇ ਹਨ, "ਬਿਲਕੁਲ। ਡਾਕਟਰਾਂ ਨੇ ਮੈਨੂੰ ਗੁੰਮਰਾਹ ਨਾ ਕੀਤਾ ਹੁੰਦਾ।"
ਉਨ੍ਹਾਂ ਕਿਹਾ, "ਜੇ ਡਾਕਟਰ ਸਮਝਦੇ ਹਨ, ਤਾਂ ਮਰੀਜ਼ ਵੀ ਸਮਝਦੇ ਹਨ। ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਇਨ੍ਹਾਂ ਖੁਦਕੁਸ਼ੀਆਂ ਵਾਲੇ ਵਿਚਾਰਾਂ ਬਾਰੇ ਦੱਸ ਸਕਦੀ ਸੀ ਅਤੇ ਸ਼ਾਇਦ ਮੈਂ ਆਪਣੇ ਆਪ ਨੂੰ ਆਪਣੇ ਆਪ ਤੋਂ ਬਚਾ ਸਕਦੀ ਸੀ।"
ਕਿਹੜੇ ਇਲਾਜ ਮੌਜੂਦ
ਪੀਐਮਡੀਡੀ ਲਈ ਕਈ ਇਲਾਜ ਮੌਜੂਦ ਹਨ ਜਿਨ੍ਹਾਂ ਨੂੰ ਮਰੀਜ਼ ਦੇ ਹਿਸਾਬ ਨਾਲ ਬਦਲਿਆ ਜਾ ਸਕਦਾ ਹੈ, ਪਰ ਕਈ ਲੋਕਾਂ ਲਈ - ਜਿਨ੍ਹਾਂ ਵਿੱਚ ਅਨਿਕਾ ਵੀ ਸ਼ਾਮਲ ਹਨ - ਸਹੀ ਇਲਾਜ ਲੱਭਣਾ ਪਹਿਲਾਂ 'ਅਜ਼ਮਾ ਕੇ ਦੇਖਣ' (trial and error) ਵਰਗਾ ਹੋ ਸਕਦਾ ਹੈ।
ਐਂਟੀ-ਡਿਪ੍ਰੈਸੈਂਟ ਦਵਾਈਆਂ ਤੋਂ ਇਲਾਵਾ, ਮਹਿਲਾਵਾਂ ਨੂੰ ਗਰਭਨਿਰੋਧਕ ਗੋਲੀਆਂ ਅਤੇ ਮੇਰਿਨਾ ਕੋਇਲ (Mirena coi)l ਵਰਗੇ ਹੋਰ ਗਰਭਨਿਰੋਧਕ ਵੀ ਦਿੱਤੇ ਜਾ ਸਕਦੇ ਹਨ, ਜੋ ਹਾਰਮੋਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਕੁਝ ਹੋਰ ਮੁਸ਼ਕਿਲ ਬਦਲ ਵੀ ਮੌਜੂਦ ਹਨ, ਜਿਵੇਂ ਕਿ 'ਕੈਮੀਕਲ ਮੀਨੋਪੌਜ਼' (chemical menopause) ਅਤੇ ਕੁਝ ਮਾਮਲਿਆਂ ਵਿੱਚ ਤਾਂ ਹਾਰਮੋਨ ਦੇ ਕੁਦਰਤੀ ਚੱਕਰ ਨੂੰ ਰੋਕਣ ਲਈ ਓਵਰੀਜ਼ ਨੂੰ ਆਪ੍ਰੇਸ਼ਨ ਕਰਕੇ ਕੱਢ ਦੇਣਾ ਵੀ ਸ਼ਾਮਲ ਹੈ।
ਅਨਿਕਾ ਆਪਣੇ ਪੀਐਮਡੀਡੀ ਦੇ ਇਲਾਜ ਲਈ, ਆਪਣੇ ਮਾਸਿਕ ਚੱਕਰ ਨੂੰ ਰੋਕਣ ਵਾਲੇ ਹਾਰਮੋਨ-ਬਲਾਕਿੰਗ ਇੰਜੈਕਸ਼ਨ ਲੈ ਰਹੇ ਹਨ। ਪਰ ਜਿਵੇਂ ਹੀ ਦਵਾਈ ਦਾ ਅਸਰ ਖਤਮ ਹੁੰਦਾ ਹੈ, ਉਹ ਦੱਸਦੇ ਹਨ ਕਿ ਕੁਝ ਹੀ ਮਿੰਟਾਂ 'ਚ ਉਨ੍ਹਾਂ ਨੂੰ ਆਪਣੇ ਅੰਦਰ ਗੁੱਸਾ, ਬਹੁਤ ਜ਼ਿਆਦਾ ਨਾਰਾਜ਼ਗੀ ਜਾਂ ਨਿਰਾਸ਼ਾ ਮਹਿਸੂਸ ਹੋਣ ਲੱਗਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਮਾਸਿਕ ਚੱਕਰ ਦੇ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਹਨ।
ਪੀਐਮਡੀਡੀ ਦੇ ਅਸਰ ਕਾਰਨ ਹੀ ਅਨਿਕਾ ਲਈ ਪ੍ਰੈਗਨੈਂਸੀ ਅਤੇ ਮਾਂ ਬਣਨ ਬਾਰੇ ਸੋਚਣਾ ਵੀ ਨਾਮੁਮਕਿਨ ਹੋ ਗਿਆ ਹੈ। ਅਤੇ 'ਕੈਮੀਕਲ ਮੀਨੋਪੌਜ਼' ਵਿੱਚ ਹੋਣ ਕਾਰਨ ਉਨ੍ਹਾਂ ਦੇ ਪ੍ਰੈਗਨੈਂਟ ਹੋਣ ਦੀ ਕੋਈ ਵੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਗਈ ਹੈ।
ਕਈ ਵਾਰ ਉਹ ਇੱਕ ਅਜਿਹੀ ਦੂਜੀ ਜ਼ਿੰਦਗੀ ਬਾਰੇ ਸੋਚਦੇ ਹਨ, ਜਿਸ ਵਿੱਚ ਉਹ ਇੱਕ ਮਾਂ ਬਣ ਸਕਦੇ ਸੀ। ਉਹ ਕਹਿੰਦੇ ਹਨ ਕਿ "ਪੀਐਮਡੀਡੀ ਨੇ ਮੇਰੇ ਕੋਲੋਂ ਇਹ ਸਭ ਖੋਹ ਲਿਆ।''
'ਮਹਿਲਾਵਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਜਾਵੇ'
31 ਸਾਲ ਦੇ ਲਿਲੀ ਰੋਜ਼ ਵਿੰਟਰ, ਆਨਲਾਈਨ ਮੌਜੂਦ ਪੀਐਮਡੀਡੀ ਨਾਲ ਜੁੜੇ ਲੋਕਾਂ ਦੇ ਵੱਧਦੇ ਸਮੂਹ ਦਾ ਹਿੱਸਾ ਹਨ ਅਤੇ ਹੁਣ 'ਕੈਮੀਕਲ ਮੀਨੋਪੌਜ਼' ਕਰਵਾਉਣ ਬਾਰੇ ਸੋਚ ਰਹੇ ਹਨ।
ਲਿਲੀ ਨੂੰ ਪੀਐਮਡੀਡੀ ਦੀ ਬਿਮਾਰੀ ਦਾ ਪਤਾ ਲੱਗਣ ਵਿੱਚ ਕਈ ਸਾਲ ਲੱਗ ਗਏ ਅਤੇ ਉਨ੍ਹਾਂ ਨੇ ਇਸ ਲਈ ਕਈ ਤਰ੍ਹਾਂ ਦੇ ਇਲਾਜ ਵੀ ਅਜ਼ਮਾਏ ਹਨ, ਪਰ ਹੁਣ ਤੱਕ ਕਿਸੇ ਵੀ ਇਲਾਜ ਦਾ ਉਨ੍ਹਾਂ ਲੱਛਣਾਂ 'ਤੇ ਕੋਈ ਖਾਸ ਅਸਰ ਨਹੀਂ ਪਿਆ ਹੈ, ਜਿਨ੍ਹਾਂ ਨਾਲ ਉਹ ਹਰ ਮਹੀਨੇ ਪਰੇਸ਼ਾਨ ਰਹਿੰਦੇ ਹਨ।
ਉਹ ਕਹਿੰਦੇ ਹਨ, "ਮੈਂ ਹੁਣ ਇਸ ਸਥਿਤੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣਾ ਸਿੱਖ ਰਹੀ ਹਾਂ। ਪੌਜ਼ੀਟਿਵ ਬਣੇ ਰਹਿਣ ਦੀ ਕੋਸ਼ਿਸ਼ ਕਰਨ ਅਤੇ ਇਹ ਕਹਿਣ ਦੀ ਬਜਾਏ ਕਿ ਮੈਨੂੰ 'ਠੀਕ' ਮਹਿਸੂਸ ਹੋਣਾ ਚਾਹੀਦਾ ਹੈ, ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਕਿ ਜੇ ਅੱਜ ਮੈਨੂੰ ਜ਼ਿੰਦਾ ਹੋਣ 'ਤੇ ਕੋਈ ਖੁਸ਼ੀ ਜਾਂ ਧੰਨਵਾਦੀ ਮਹਿਸੂਸ ਨਹੀਂ ਹੋ ਰਿਹਾ, ਤਾਂ ਵੀ ਠੀਕ ਹੈ, ਕੋਈ ਗੱਲ ਨਹੀਂ, ਇਹ ਦੌਰ ਵੀ ਲੰਘ ਜਾਵੇਗਾ। ਮੈਨੂੰ ਸਿਰਫ਼ ਸਬਰ ਰੱਖਣਾ ਪਵੇਗਾ।"
ਸਰਕਾਰ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਪੀਐਮਡੀਡੀ ਤੋਂ ਪੀੜਤ ਮਹਿਲਾਵਾਂ ਨੂੰ "ਬਹੁਤ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ।"
ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇ ਇੱਕ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ, "ਅਕਸਰ ਉਨ੍ਹਾਂ ਦੇ ਲੱਛਣਾਂ ਨੂੰ ਜਾਂ ਤਾਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਜਾਂ ਫਿਰ ਉਨ੍ਹਾਂ ਨੂੰ ਇੱਕ 'ਆਮ ਗੱਲ' ਮੰਨ ਕੇ ਟਾਲ ਦਿੱਤਾ ਜਾਂਦਾ ਹੈ; ਹੁਣ ਇਸ ਸੋਚ ਨੂੰ ਬਦਲਣਾ ਹੀ ਹੋਵੇਗਾ।"
ਉਨ੍ਹਾਂ ਅੱਗੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਨਾਲ ਜੁੜੀ ਨਵੀਂ ਰਣਨੀਤੀ (Women's Health Strategy) ਇਹ ਯਕੀਨੀ ਬਣਾਏਗੀ ਕਿ "ਮਹਿਲਾਵਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਉਨ੍ਹਾਂ ਦੀ ਪਹਿਲੀ ਹੀ ਅਪਾਇੰਟਮੈਂਟ ਤੋਂ ਉਨ੍ਹਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ" ਅਤੇ ਉਨ੍ਹਾਂ ਨੂੰ "ਪਹਿਲੀ ਹੀ ਵਾਰ ਵਿੱਚ" ਸਹੀ ਡਾਕਟਰ ਜਾਂ ਸਿਹਤ ਮਾਹਿਰ ਕੋਲ ਭੇਜਿਆ ਜਾਵੇ।
ਮਹੱਤਵਪੂਰਨ ਸੂਚਨਾ
ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980