ਮਹਰੰਗ ਬਲੋਚ ਕੌਣ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਇੱਕ ਫੌਜੀ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ

ਮਹਰੰਗ ਬਲੋਚ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸਾਲ 2024 ਵਿੱਚ ਇੱਕ ਰੈਲੀ ਦੇ ਦੌਰਾਨ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਿਸਦੇ ਇਲਜ਼ਾਮ ਵਿੱਚ ਮਹਰੰਗ ਬਲੋਚ ਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ
    • ਲੇਖਕ, ਮਹੰਮਦ ਕਾਜ਼ਿਮ
    • ਰੋਲ, ਬੀਬੀਸੀ ਪੱਤਰਕਾਰ
    • ...ਤੋਂ, ਕੁਏਟਾ, ਬਲੋਚਿਸਤਾਨ
    • ਲੇਖਕ, ਫੇਲਾਨ ਚੈਟਰਜੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਲੋਕਾਂ ਨੂੰ ਜ਼ਬਰੀ ਲਾਪਤਾ ਕੀਤੇ ਜਾਣ ਦੇ ਮਾਮਲਿਆਂ ਖ਼ਿਲਾਫ਼ ਲੰਬੇ ਸਮੇਂ ਤੋਂ ਮੁਹਿੰਮ ਚਲਾ ਰਹੀ ਮਨੁੱਖੀ ਹੱਕਾਂ ਦੀ ਕਾਰਕੁਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਬਲੋਚ ਯਾਕਜੇਤੀ ਕਮੇਟੀ (ਬੀਵਾਈਸੀ) ਦੀ ਆਗੂ ਡਾ. ਮਹਰੰਗ ਬਲੋਚ ਅਤੇ ਉਨ੍ਹਾਂ ਦੇ ਸਾਥੀ ਕਾਰਕੁਨ ਸਿਬਗ਼ਤੁੱਲਾਹ ਨੂੰ ਕਤਲ ਅਤੇ ਅੱਤਵਾਦ ਦੇ ਇਲਜ਼ਾਮਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਉਨ੍ਹਾਂ ਦੋਵਾਂ ਉੱਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਇੱਕ ਭੀੜ ਨੂੰ ਭੜਕਾਇਆ, ਜਿਸ ਨੇ ਨੀਮ ਫੌਜੀ ਫੋਰਸ ਦੇ ਜਵਾਨ ਸ਼ਬੀਰ ਅਹਿਮਦ 'ਤੇ ਜਾਨਲੇਵਾ ਹਮਲਾ ਕੀਤਾ, ਜਿਸ ਕਰਕੇ ਉਸ ਮੌਤ ਹੋ ਗਈ।

ਸੁਣਵਾਈ ਦੌਰਾਨ ਕਾਰਕੁਨਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਮੁਕੱਦਮੇ ਦਾ ਬਾਈਕਾਟ ਕੀਤਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਆਗੂ 12 ਜੂਨ ਤੋਂ ਜ਼ਿਲ੍ਹਾ ਜੇਲ੍ਹ ਵਿੱਚ ਧਰਨੇ 'ਤੇ ਬੈਠੇ ਹੋਏ ਹਨ।

ਇੱਕ ਸੁਰੱਖਿਆ ਅਧਿਕਾਰੀ ਨੇ ਡਾ. ਮਹਰੰਗ ਬਲੋਚ 'ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਬੰਦਰਗਾਹ ਸ਼ਹਿਰ ਗਵਾਦਰ ਵਿੱਚ ਸਾਲ 2024 ਦੌਰਾਨ ਹੋਏ ਮੁਜ਼ਾਹਰੇ ਵਿੱਚ 'ਬਹੁਤ ਭੜਕਾਊ ਭਾਸ਼ਣ' ਦਿੱਤਾ ਸੀ, ਜਿਸ ਤੋਂ ਬਾਅਦ 30 ਤੋਂ 40 ਲੋਕਾਂ ਨੇ ਸੁਰੱਖਿਆ ਬਲਾਂ ਦੇ ਇੱਕ ਵਾਹਨ 'ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ।

ਅਧਿਕਾਰੀ ਦਾ ਦਾਅਵਾ ਹੈ ਕਿ ਸੁਰੱਖਿਆ ਮੁਲਾਜ਼ਮ ਸ਼ਬੀਰ ਅਹਿਮਦ ਆਪਣੇ ਸਾਥੀਆਂ ਤੋਂ ਵੱਖ ਹੋ ਗਏ ਸਨ ਅਤੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।

ਕੁਏਟਾ ਦੀ ਇੱਕ 'ਐਂਟੀ-ਟੈਰਰਿਜ਼ਮ' ਅਦਾਲਤ ਨੇ ਕਿਹਾ ਕਿ ਡਾ. ਮਹਰੰਗ ਬਲੋਚ ਅਤੇ ਸਿਬਗ਼ਤੁੱਲਾਹ "ਬਲੋਚ ਯਾਕਜੇਤੀ ਕਮੇਟੀ ਦੀ ਗੈਰ-ਕਾਨੂੰਨੀ ਸਭਾ ਵਿੱਚ ਸਰਗਰਮ ਸਨ ਅਤੇ ਫੈਡਰਲ ਕਾਂਸਟੇਬੁਲਰੀ ਦੇ ਅਧਿਕਾਰੀ ਨੂੰ ਮਾਰੇ ਜਾਣ ਵਿੱਚ ਉਨ੍ਹਾਂ ਦਾ ਮਕਸਦ ਇੱਕੋ ਸੀ।"

ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸ਼ਬੀਰ ਅਹਿਮਦ ਦੇ ਵਾਰਸਾਂ ਨੂੰ 2 ਲੱਖ ਪਾਕਿਸਤਾਨੀ ਰੁਪਏ (719 ਡਾਲਰ) ਮੁਆਵਜ਼ੇ ਵਜੋਂ ਦੇਣ ਦਾ ਵੀ ਹੁਕਮ ਦਿੱਤਾ।

ਸਥਾਨਕ ਮੀਡੀਆ ਮੁਤਾਬਕ, ਡਾ. ਮਹਰੰਗ ਬਲੋਚ ਅਤੇ ਸਿਬਗ਼ਤੁੱਲਾਹ ਪਹਿਲਾਂ ਹੀ ਵੱਖ-ਵੱਖ ਮਾਮਲਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਡਾ. ਮਹਰੰਗ ਬਲੋਚ ਦੀ ਰਿਹਾਈ ਦੀ ਮੰਗ

ਮਹਰੰਗ ਬਲੋਚ

ਤਸਵੀਰ ਸਰੋਤ, BYC

ਤਸਵੀਰ ਕੈਪਸ਼ਨ, ਮਹਰੰਗ ਬਲੋਚ ਦੀ ਸੰਸਥਾ ਸੁਰੱਖਿਆ ਏਜੰਸੀਆਂ ਦੇ ਹੱਥੋਂ ਗਾਇਬ ਕੀਤੇ ਗਏ ਲੋਕਾਂ ਨੂੰ ਨਿਆਂ ਦਿਵਾਉਣ ਲਈ ਵੀ ਮੁਹਿੰਮ ਚਲਾਉਂਦੀ ਹੈ

ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਫ਼ੈਸਲੇ ਦੀ ਤੁਰੰਤ ਸਮੀਖਿਆ ਦੀ ਮੰਗ ਕੀਤੀ ਹੈ।

ਕਮਿਸ਼ਨ ਨੇ ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਦੇ ਫ਼ੈਸਲੇ ਦੀ ਤੁਰੰਤ ਸਮੀਖਿਆ ਅਤੇ ਬਲੋਚਿਸਤਾਨ ਵਿੱਚ ਸਿਆਸੀ ਸੰਵਾਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਕਮਿਸ਼ਨ ਨੇ ਕਿਹਾ ਕਿ ਸਰਕਾਰ ਨੇ 'ਬੁਨਿਆਦੀ ਅਧਿਕਾਰਾਂ ਦੀ ਪੈਰਵੀ ਨੂੰ ਉਸੇ ਨਜ਼ਰੀਏ ਨਾਲ ਦੇਖਣ ਦੀ ਆਪਣੀ ਨੀਤੀ ਜਾਰੀ ਰੱਖੀ ਹੈ, ਜਿਸ ਤਰ੍ਹਾਂ ਉਹ ਅੱਤਵਾਦ ਨੂੰ ਦੇਖਦੀ ਹੈ। ਇਸ ਦੇ ਨਤੀਜੇ ਵਜੋਂ ਪ੍ਰਸ਼ਾਸਨਿਕ ਅਤੇ ਨਿਆਂਇਕ ਫ਼ੈਸਲੇ ਇਕਪਾਸੜ ਅਤੇ ਪੱਖਪਾਤੀ ਰਹੇ ਹਨ।'

ਮਹਰੰਗ ਬਲੋਚ ਦੀ ਭੈਣ ਅਤੇ ਵਕੀਲ ਨਾਦੀਆ ਬਲੋਚ ਅਤੇ ਕਾਰਕੁਨਾਂ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਹੀ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੇ ਇਸ ਫ਼ੈਸਲੇ ਨੂੰ ਰੱਦ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਇੱਕ 'ਬੇਨਾਮ ਅਦਾਲਤ' ਨੇ ਸੁਣਾਇਆ ਅਤੇ ਬਚਾਅ ਪੱਖ ਦੇ ਵਕੀਲ ਵੀਡੀਓ ਲਿੰਕ ਰਾਹੀਂ ਗਵਾਹੀ ਦੇਣ ਵਾਲੇ ਚਸ਼ਮਦੀਦ ਗਵਾਹਾਂ ਨਾਲ ਢੰਗ ਨਾਲ ਸਵਾਲ-ਜਵਾਬ ਨਹੀਂ ਕਰ ਸਕੇ।

ਮਹਰੰਗ ਬਲੋਚ

ਤਸਵੀਰ ਸਰੋਤ, BBC/EPA

ਤਸਵੀਰ ਕੈਪਸ਼ਨ, ਮਹਰੰਗ ਬਲੋਚ

ਸਵੀਡਨ ਦੀ ਕਾਰਕੁਨ ਗ੍ਰੇਟਾ ਥਨਬਰਗ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ।

ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਇਸ ਮੁਕੱਦਮੇ ਨੂੰ 'ਨਿਆਂ ਦਾ ਮਜ਼ਾਕ' ਕਰਾਰ ਦਿੱਤਾ, ਜੋ 'ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ' ਚਲਾਇਆ ਗਿਆ।

ਉਨ੍ਹਾਂ ਨੇ ਪਾਕਿਸਤਾਨ 'ਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਅਪਰਾਧ ਵਾਂਗ ਪੇਸ਼ ਕਰਨ ਦਾ ਇਲਜ਼ਾਮ ਵੀ ਲਗਾਇਆ।

ਬਲੋਚਿਸਤਾਨ ਸਰਕਾਰ ਦੇ ਇੱਕ ਬੁਲਾਰੇ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਇਸਤਗਾਸਾ ਪੱਖ ਕੋਲ 'ਅਜਿਹੇ ਸਬੂਤ ਹਨ ਜਿਨ੍ਹਾਂ ਨੂੰ ਝੂਠਾ ਸਾਬਤ ਨਹੀਂ ਕੀਤਾ ਜਾ ਸਕਦਾ' ਹੈ ਅਤੇ ਇਹ ਮਾਮਲਾ ਸਿਆਸੀ ਕਾਰਨਾਂ ਕਰਕੇ ਪ੍ਰੇਰਿਤ ਨਹੀਂ ਹੈ।

ਇੰਟਰਨੈਸ਼ਨਲ ਹਿਊਮਨ ਰਾਈਟਸ ਫਾਊਂਡੇਸ਼ਨ (ਆਈਐਚਆਰਐਫ਼) ਨੇ ਡਾ. ਮਹਰੰਗ ਬਲੋਚ ਅਤੇ ਸਿਬਗ਼ਤੁੱਲਾਹ ਸ਼ਾਹ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦੀ ਸਖ਼ਤ ਨਿੰਦਾ ਕੀਤੀ ਹੈ।

ਹੇਗ ਸਥਿਤ ਇਸ ਫਾਊਂਡੇਸ਼ਨ ਨੇ ਬਿਆਨ ਜਾਰੀ ਕਰਕੇ ਕਿਹਾ, "ਇਹ ਫ਼ੈਸਲਾ ਨਿਆਂ ਦੀ ਖੁੱਲ੍ਹੀ ਉਲੰਘਣਾ ਹੈ ਅਤੇ ਪਾਕਿਸਤਾਨ ਵਿੱਚ ਕਾਨੂੰਨ ਦੇ ਰਾਜ ਲਈ ਇੱਕ ਗੰਭੀਰ ਝਟਕਾ ਹੈ।"

"ਬੀਵਾਈਸੀ ਦੀ ਆਗੂ ਡਾ. ਮਹਰੰਗ ਬਲੋਚ ਲੰਬੇ ਸਮੇਂ ਤੋਂ ਬਲੋਚ ਲੋਕਾਂ ਦੀ ਨਿਡਰ ਅਤੇ ਸ਼ਾਂਤਮਈ ਆਵਾਜ਼ ਰਹੀ ਹੈ। ਉਨ੍ਹਾਂ ਨੇ ਬਲੋਚਿਸਤਾਨ ਵਿੱਚ ਜ਼ਬਰੀ ਲਾਪਤਾ ਕੀਤੇ ਜਾਣ, ਗੈਰ-ਨਿਆਂਇਕ ਕਤਲਾਂ ਅਤੇ ਸਰਕਾਰੀ ਦਮਨ ਖ਼ਿਲਾਫ਼ ਦਲੇਰੀ ਨਾਲ ਮੁਹਿੰਮ ਚਲਾਈ ਹੈ।"

ਫਾਊਂਡੇਸ਼ਨ ਨੇ ਪਾਕਿਸਤਾਨ ਸਰਕਾਰ ਨੂੰ ਡਾ. ਮਹਰੰਗ ਬਲੋਚ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ।

ਡਾ. ਮਹਰੰਗ ਬਲੋਚ ਕੌਣ ਹਨ?

ਮਹਰੰਗ ਬਲੋਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਰੰਗ ਬਲੋਚ ਦੇ ਪਿਤਾ ਨੂੰ ਸਾਲ 2009 ਵਿੱਚ ਕਥਿਤ ਤੌਰ ਉੱਤੇ ਸੁਰੱਖਿਆ ਮੁਲਾਜ਼ਮਾਂ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਦੇਹ ਮਿਲੀ ਸੀ

ਬੀਬੀਸੀ ਉਰਦੂ ਮੁਤਾਬਕ, ਮਹਰੰਗ ਬਲੋਚ ਨੂੰ 2024 ਵਿੱਚ ਬੀਬੀਸੀ ਦੀ 100 ਵੁਮੈਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਸਾਲ 2009 ਵਿੱਚ ਕਥਿਤ ਤੌਰ 'ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਮਹਰੰਗ ਬਲੋਚ ਦੇ ਪਿਤਾ ਨੂੰ ਚੁੱਕ ਲਿਆ ਸੀ ਅਤੇ ਦੋ ਸਾਲ ਬਾਅਦ ਉਨ੍ਹਾਂ ਦੀ ਦੇਹ ਮਿਲੀ ਸੀ, ਜਿਸ 'ਤੇ ਤਸ਼ੱਦਦ ਦੇ ਨਿਸ਼ਾਨ ਸਨ।

ਇਸ ਤੋਂ ਬਾਅਦ ਮਹਰੰਗ ਬਲੋਚ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ। ਉਸ ਸਮੇਂ ਤੋਂ ਡਾ. ਮਹਰੰਗ ਬਲੋਚ ਆਪਣੇ ਮਨੁੱਖੀ ਅਧਿਕਾਰ ਸੰਗਠਨ ਬਲੋਚ ਯਾਕਜੇਤੀ ਕਮੇਟੀ ਦੇ ਬੈਨਰ ਹੇਠ ਇੱਕ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਕੰਮ ਕਰ ਰਹੇ ਹਨ।

ਸਾਲ 2023 ਦੇ ਅੰਤ ਵਿੱਚ ਉਨ੍ਹਾਂ ਨੇ ਸੈਂਕੜਿਆਂ ਔਰਤਾਂ ਨਾਲ 1,600 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਮਾਰਚ ਕੀਤਾ ਸੀ।

ਉਨ੍ਹਾਂ ਦੀ ਮੰਗ ਸੀ ਕਿ ਲਾਪਤਾ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਮਿਲੇ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦਾ ਸੰਗਠਨ ਬੀਵਾਈਸੀ ਬਲੋਚਿਸਤਾਨ ਵਿੱਚ ਲੋਕਾਂ ਜ਼ਬਰੀ ਲਾਪਤਾ ਕੀਤੇ ਜਾਣ ਅਤੇ ਗੈਰ-ਨਿਆਂਇਕ ਕਤਲਾਂ ਖ਼ਿਲਾਫ਼ ਮੁਹਿੰਮ ਚਲਾ ਰਿਹਾ ਹੈ।

ਪਾਕਿਸਤਾਨ ਸਰਕਾਰ ਨੇ ਬੀਵਾਈਸੀ 'ਤੇ ਬਲੋਚ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਇਲਜ਼ਾਮ ਲਗਾਏ ਹਨ, ਜਿਨ੍ਹਾਂ ਦਾ ਬੀਵਾਈਸੀ ਨੇ ਖੰਡਨ ਕੀਤਾ ਹੈ।

ਬਲੋਚਿਸਤਾਨ ਸੂਬੇ ਦੇ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਇਸਲਾਮਾਬਾਦ ਦੇ ਅਧਿਕਾਰੀਆਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)