ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈਕੇ ਮਾਨ ਸਰਕਾਰ ਨਿਸ਼ਾਨੇ 'ਤੇ, ਸੂਬੇ 'ਚ ਕਈ ਥਾਵਾਂ 'ਤੇ ਹੋਏ ਵਿਰੋਧ ਪ੍ਰਦਰਸ਼ਨ

ਕਿਸਾਨ
ਤਸਵੀਰ ਕੈਪਸ਼ਨ, ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਕੁਲਵੀਰ ਨਮੋਲ, ਮਨੋਜ ਸ਼ਰਮਾ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਵਿਵਾਦ ਲਗਾਤਾਰ ਗਹਿਰਾ ਰਿਹਾ ਹੈ। ਇੱਕ ਪਾਸੇ ਕਿਸਾਨ ਝੋਨੇ ਦੀ ਫ਼ਸਲ ਲਈ ਲੋੜੀਂਦੀ ਸਿੰਚਾਈ ਨਾ ਹੋਣ ਕਾਰਨ ਨੁਕਸਾਨ ਦਾ ਖ਼ਦਸ਼ਾ ਜਤਾ ਰਹੇ ਹਨ, ਦੂਜੇ ਪਾਸੇ ਉਦਯੋਗਪਤੀ ਉਤਪਾਦਨ ਪ੍ਰਭਾਵਿਤ ਹੋਣ ਦੀ ਗੱਲ ਕਹਿ ਰਹੇ ਹਨ।

ਘਰੇਲੂ ਖ਼ਪਤਕਾਰ ਵੀ ਬਿਜਲੀ ਕੱਟਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨ ਦੀ ਸ਼ਿਕਾਇਤ ਕਰ ਰਹੇ ਹਨ।

ਬਿਜਲੀ ਮੰਤਰੀ ਤਰੁਣਪ੍ਰੀਤ ਸੌਂਦ ਮੁਤਾਬਕ ਪੰਜਾਬ ਵਿੱਚ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਸੁਲਝਾ ਲਿਆ ਗਿਆ ਹੈ।

ਇਸੇ ਦਰਮਿਆਨ ਪੰਜਾਬ ਸਰਕਾਰ ਨੇ ਬਿਜਲੀ ਵਿਭਾਗ ਦੇ ਪ੍ਰਬੰਧਨ ਵਿੱਚ ਤਬਦੀਲੀ ਕਰਦਿਆਂ ਪ੍ਰਬੰਧਕੀ ਸਕੱਤਰ ਬਸੰਤ ਗਰਗ ਤੋਂ ਪੰਜਾਬ ਰਾਜ ਪਾਵਰ ਨਿਗਮ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦਾ ਚਾਰਜ ਵਾਪਸ ਲੈ ਕੇ ਇਹ ਜ਼ਿੰਮੇਵਾਰੀ ਆਈਏਐੱਸ ਅਧਿਕਾਰੀ ਗੁਰਕਿਰਤ ਕਿਰਪਾਲ ਸਿੰਘ ਨੂੰ ਸੌਂਪ ਦਿੱਤੀ ਹੈ।

ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਕਈ ਥਾਵਾਂ ਉੱਤੇ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਧਰਨੇ ਵੀ ਲਾਏ ਗਏ ਹਨ।

ਸੋਮਵਾਰ ਨੂੰ ਬਿਜਲੀ ਕੱਟਾਂ ਦਾ ਵਿਰੋਧ ਕਰਨ ਵਾਸਤੇ ਪੰਜਾਬ ਕਾਂਗਰਸ ਨੇ ਪਟਿਆਲਾ ਵਿੱਚ ਧਰਨਾ ਲਗਾਇਆ ਸੀ, ਜਦਕਿ ਕਿਸਾਨਾਂ ਵੱਲੋਂ ਸੰਗਰੂਰ, ਬਠਿੰਡਾ ਅਤੇ ਹੋਰ ਥਾਵਾਂ ਉੱਤੇ ਧਰਨੇ ਲਾਏ ਗਏ ਸਨ। ਇਸੇ ਦੌਰਾਨ ਉਦਯੋਗਪਤੀ ਵੀ ਬਿਜਲੀ ਕੱਟਾਂ ਵਿਰੁੱਧ ਆਵਾਜ਼ ਚੁੱਕ ਰਹੇ ਸਨ।

ਬਿਜਲੀ ਮੰਤਰੀ ਤਰੁਨਪ੍ਰੀਤ ਸੌਂਦ ਮੁਤਾਬਕ ਪੰਜਾਬ ਵਿੱਚ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਸੁਲਝਾ ਲਿਆ ਗਿਆ ਹੈ। ਬਿਜਲੀ ਵਿਭਾਗ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ, ਜਿਨ੍ਹਾਂ ਦਾ ਹੱਲ ਕਰ ਲਿਆ ਗਿਆ ਹੈ।

ਕਿਸਾਨਾਂ ਨੂੰ ਝੋਨਾ ਸੁੱਕਣ ਦੀ ਚਿੰਤਾ

ਕਿਸਾਨ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਦੂਜੇ ਪਾਸੇ, ਉਦਯੋਗਪਤੀਆਂ ਮੁਤਾਬਕ ਬਿਜਲੀ ਕੱਟਾਂ ਕਾਰਨ ਫੈਕਟਰੀਆਂ ਦਾ ਕੰਮ ਅਤੇ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ

ਕਿਸਾਨਾਂ ਮੁਤਾਬਕ ਮੌਜੂਦਾ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਵੱਧ ਲੋੜ ਹੈ। ਅਜਿਹੇ ਵਿੱਚ ਬਿਜਲੀ ਕੱਟਾਂ ਕਰਕੇ ਖੇਤਾਂ ਦੀ ਸਿੰਚਾਈ ਨਹੀਂ ਹੋ ਰਹੀ।

ਇਸ ਕਾਰਨ ਝੋਨੇ ਦੀ ਫ਼ਸਲ ਸੁੱਕਣ ਦਾ ਖ਼ਦਸ਼ਾ ਬਣ ਗਿਆ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਇਸ ਦਾ ਅਸਰ ਝੋਨੇ ਦੇ ਝਾੜ ਉੱਤੇ ਪੈ ਸਕਦਾ ਹੈ।

ਪੰਜਾਬ ਰਾਜ ਪਾਵਰ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਮੁਤਾਬਕ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਵਾਸਤੇ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਮਿਲਦੀ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਅੱਠ ਘੰਟੇ ਨਿਰਵਿਘਨ ਸਪਲਾਈ ਨਹੀਂ ਮਿਲ ਰਹੀ।

ਕਿਸਾਨ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਹਨ।

ਉਹ ਕਹਿੰਦੇ ਹਨ, "ਖੇਤਾਂ ਵਾਸਤੇ ਮਹਿਜ਼ 4 ਘੰਟੇ ਬਿਜਲੀ ਮਿਲ ਰਹੀ ਹੈ। ਝੋਨੇ ਦੀ ਫ਼ਸਲ ਵਾਸਤੇ ਇਹ ਸਮਾਂ ਬਹੁਤ ਅਹਿਮ ਹੈ। ਫ਼ਸਲ ਨਿੱਸਰ ਰਹੀ ਹੈ ਅਤੇ ਉਸ ਨੂੰ ਪਾਣੀ ਦੀ ਬਹੁਤ ਲੋੜ ਹੈ।"

"ਪਰ ਬਿਜਲੀ ਕੱਟਾਂ ਕਰਕੇ ਫ਼ਸਲ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਜੇ ਇਹ ਸਮੱਸਿਆ ਹੱਲ ਨਹੀਂ ਹੋਈ ਤਾਂ ਕਿਸਾਨਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।"

ਸੰਗਰੂਰ ਦੇ ਕਿਸਾਨ ਅਮਰਜੀਤ ਸਿੰਘ ਨੇ ਕਿਹਾ, "ਸਾਡੇ ਝੋਨੇ ਸੁੱਕੇ ਪਏ ਹਨ। ਝੋਨੇ ਨੂੰ ਹੁਣ ਪਾਣੀ ਦੀ ਲੋੜ ਹੈ। ਜੇ ਫ਼ਸਲ ਨੂੰ ਪਾਣੀ ਨਾ ਲੱਗਾ ਤਾਂ ਝਾੜ ਉੱਤੇ ਅਸਰ ਪੈ ਸਕਦਾ ਹੈ।"

ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ, "ਬਿਜਲੀ ਦੇ ਕੱਟਾਂ ਕਰਕੇ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਇਸ ਵਾਰ ਹੋਇਆ ਹੈ, ਉਹ ਕਦੇ ਵੀ ਨਹੀਂ ਹੋਇਆ। ਬਿਜਲੀ ਸਪਲਾਈ ਦੇ ਕੁਚੱਜੇ ਪ੍ਰਬੰਧਾਂ ਕਰਕੇ ਔਸਤਨ 3-4 ਘੰਟੇ ਹੀ ਬਿਜਲੀ ਮਿਲ ਰਹੀ ਹੈ।"

ਉਨ੍ਹਾਂ ਮੰਗ ਕੀਤੀ ਕਿ ਖੇਤੀ ਸੈਕਟਰ ਵਾਸਤੇ ਘੱਟੋ-ਘੱਟ 12 ਘੰਟੇ ਬਿਜਲੀ ਦਿੱਤੀ ਜਾਵੇ।

ਘਰੇਲੂ ਸਪਲਾਈ ਉੱਤੇ ਕੀ ਅਸਰ ਪਿਆ

ਸੰਗਰੂਰ ਵਿੱਚ ਲੱਗੇ ਧਰਨੇ ਵਿੱਚ ਬਲਜੀਤ ਕੌਰ ਵੀ ਸ਼ਾਮਲ ਹੋਏ ਸਨ।

ਉਹ ਕਹਿੰਦੇ ਹਨ, "ਘਰਾਂ ਵਿੱਚ ਵੀ ਸਾਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟਾਂ ਕਰਕੇ ਰਾਤ ਨੂੰ ਬੱਚੇ ਸੌਂ ਨਹੀਂ ਪਾਉਂਦੇ। ਨੀਂਦ ਪੂਰੀ ਨਾ ਹੋਣ ਕਰਕੇ ਉਨ੍ਹਾਂ ਦੀ ਪੜ੍ਹਾਈ ਉੱਤੇ ਅਸਰ ਪੈ ਰਿਹਾ ਹੈ।"

ਉਦਯੋਗਿਕ ਖੇਤਰ ਦੀ ਕੀ ਸਥਿਤੀ ਹੈ

ਕਿਸਾਨ

ਤਸਵੀਰ ਸਰੋਤ, Pardeep Sharma/BBC

ਤਸਵੀਰ ਕੈਪਸ਼ਨ, ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ

ਲੁਧਿਆਣਾ ਦੇ ਉਦਯੋਗਪਤੀਆਂ ਮੁਤਾਬਕ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਲੰਬੇ-ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਅਸਰ ਉਨ੍ਹਾਂ ਦੇ ਉਤਪਾਦਨ ਉੱਤੇ ਪੈਂਦਾ ਹੈ।

ਪੰਕਜ ਸ਼ਰਮਾ ਦੀ ਲੁਧਿਆਣਾ ਵਿੱਚ ਆਟੋ ਪਾਰਟਸ ਬਣਾਉਣ ਦੀ ਫੈਕਟਰੀ ਹੈ। ਉਹ ਐਸੋਸੀਏਸ਼ਨ ਆਫ਼ ਟ੍ਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼ (ਏਟੀਆਈਯੂ) ਦੇ ਪ੍ਰਧਾਨ ਵੀ ਹਨ।

ਉਨ੍ਹਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਪਿਛਲੇ ਕਈ ਦਿਨਾਂ ਤੋਂ ਸਥਿਤੀ ਬਦਤਰ ਹੈ। ਸ਼ਾਮ ਨੂੰ ਬਿਜਲੀ ਕੱਟ ਲੱਗਦੇ ਹਨ ਅਤੇ ਸਵੇਰ ਤੱਕ ਜਾਰੀ ਰਹਿੰਦੇ ਹਨ। ਇਸ ਸਮੇਂ ਦੌਰਾਨ ਫੈਕਟਰੀਆਂ ਬੰਦ ਰਹਿੰਦੀਆਂ ਹਨ ਅਤੇ ਇਸ ਦਾ ਅਸਰ ਉਤਪਾਦਨ ਉੱਤੇ ਪੈ ਰਿਹਾ ਹੈ।"

ਉਪਕਾਰ ਸਿੰਘ ਅਹੂਜਾ, ਪ੍ਰਧਾਨ, ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼, ਨੇ ਕਿਹਾ, "ਕੁਝ ਦਿਨਾਂ ਤੋਂ ਸ਼ਾਮ ਵੇਲੇ ਅਤੇ ਰਾਤ ਨੂੰ ਕੱਟ ਲੱਗ ਰਹੇ ਹਨ। ਅਸੀਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਹੁਣ ਬਿਜਲੀ ਕੱਟ ਨਹੀਂ ਲੱਗਣਗੇ।"

ਬਿਜਲੀ ਮੰਤਰੀ ਨੇ ਕੀ ਦਾਅਵਾ ਕੀਤਾ

ਬਿਜਲੀ ਮੰਤਰੀ ਤਰੁਣਪ੍ਰੀਤ ਸੌਂਦ ਨੇ ਲੁਧਿਆਣਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ, "13 ਸਤੰਬਰ ਸਵੇਰੇ ਸੱਤ ਵਜੇ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਾ ਹੈ। ਅਸੀਂ ਖੇਤੀਬਾੜੀ, ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਵਰਗ ਨੂੰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾ ਰਹੇ ਹਾਂ।"

"ਤਲਵੰਡੀ ਸਾਬੋ ਅਤੇ ਰਾਜਪੁਰਾ ਦੇ ਥਰਮਲ ਪਲਾਂਟ ਵਿੱਚ ਤਕਨੀਕੀ ਨੁਕਸ ਪਿਆ ਸੀ। ਇਸ ਨੁਕਸ ਦੀ ਮੁਰੰਮਤ ਕਰ ਲਈ ਗਈ ਹੈ। ਇੱਕ ਨਿੱਜੀ ਕੰਪਨੀ ਤੋਂ ਅਸੀਂ ਬਿਜਲੀ ਖ਼ਰੀਦਦੇ ਸੀ। ਉਨ੍ਹਾਂ ਦਾ ਪਾਵਰ ਪਲਾਂਟ ਵੀ ਚੱਲ ਪਿਆ ਹੈ। ਸਾਨੂੰ ਉੱਥੋਂ ਵੀ 100 ਮੈਗਾਵਾਟ ਬਿਜਲੀ ਆਉਣੀ ਸ਼ੁਰੂ ਹੋ ਗਈ ਹੈ।"

ਕਿਸਾਨਾਂ ਵਾਸਤੇ ਕੀ ਐਲਾਨ ਹੋਇਆ

ਕਿਸਾਨ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਪੰਜਾਬ ਦੇ ਬਿਜਲੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੈ

ਬਿਜਲੀ ਮੰਤਰੀ ਨੇ ਕਿਹਾ ਕਿ ਬਿਜਲੀ ਕੱਟਾਂ ਕਰਕੇ ਕਿਸਾਨਾਂ ਨੂੰ ਪੇਸ਼ ਆਈ ਸਮੱਸਿਆ ਦੇ ਹੱਲ ਵਾਸਤੇ ਪੰਜਾਬ ਸਰਕਾਰ ਨੇ ਦੋ ਘੰਟੇ ਵੱਧ ਬਿਜਲੀ ਦੇਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ, "ਪਿਛਲੇ 2-3 ਦਿਨਾਂ ਤੋਂ ਖੇਤੀਬਾੜੀ ਖੇਤਰ ਵਿੱਚ ਬਿਜਲੀ ਦੇ ਕੱਟ ਲੱਗੇ ਸਨ। ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦੋ ਘੰਟੇ ਵੱਧ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮਿਲਦੀ ਸੀ, ਹੁਣ ਅਸੀਂ 10 ਘੰਟੇ ਬਿਜਲੀ ਦੇਵਾਂਗੇ।"

ਬਿਜਲੀ ਕੱਟਾਂ ਦੇ ਕੀ ਕਾਰਨ ਦੱਸੇ

ਮੰਤਰੀ ਨੇ ਕਿਹਾ ਕਿ ਦੋ ਨਿੱਜੀ ਥਰਮਲ ਪਲਾਂਟਾਂ ਵਿੱਚ ਤਕਨੀਕੀ ਨੁਕਸ ਕਰਕੇ ਬਿਜਲੀ ਦਾ ਉਤਪਾਦਨ ਘੱਟ ਗਿਆ ਸੀ। ਇਸ ਵਾਰ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ, "ਕੇਂਦਰ ਸਰਕਾਰ ਵੱਲੋਂ ਕੋਲੇ ਦੀ ਕਟੌਤੀ ਕੀਤੀ ਗਈ ਸੀ। 1000 ਮੈਗਾਵਾਟ ਕੇਂਦਰ ਸਰਕਾਰ ਨੇ ਸਾਡਾ ਸ਼ੇਅਰ ਨਹੀਂ ਦਿੱਤਾ। ਅਸੀਂ ਨਿੱਜੀ ਓਪਨ ਮਾਰਕੀਟ ਵਿੱਚੋਂ ਵੀ ਬਿਜਲੀ ਖ਼ਰੀਦਦੇ ਹਾਂ। ਇਸ ਵਾਰ ਨਿੱਜੀ ਮਾਰਕੀਟ ਵਿੱਚ ਵੀ ਬਿਜਲੀ ਮੌਜੂਦ ਨਹੀਂ ਸੀ। ਇਸ ਵਾਸਤੇ ਅਸੀਂ 2,000 ਕਰੋੜ ਰੁਪਏ ਰਾਖਵੇਂ ਰੱਖੇ ਹੋਏ ਸਨ।"

ਮੰਗ ਕਿੰਨੀ ਵਧੀ

ਬਿਜਲੀ ਮੰਤਰੀ ਤਰੁਨਪ੍ਰੀਤ ਸੌਂਦ ਨੇ ਕਿਹਾ, "ਸਤੰਬਰ ਮਹੀਨੇ ਦੌਰਾਨ ਆਮ ਤੌਰ ਉੱਤੇ ਬਿਜਲੀ ਦੀ ਮੰਗ 13,100 ਮੈਗਾਵਾਟ ਰਹਿੰਦੀ ਸੀ। ਇਸ ਵਾਰ ਇਹ ਮੰਗ 16,600 ਮੈਗਾਵਾਟ ਹੋ ਗਈ। ਸਤੰਬਰ ਮਹੀਨੇ ਵਿੱਚ ਇਹ ਆਮ ਨਾਲੋਂ 3500 ਮੈਗਾਵਾਟ ਵੱਧ ਹੈ। ਅਸੀਂ ਇਸ ਚੁਣੌਤੀਪੂਰਨ ਮੰਗ ਨਾਲ ਨਜਿੱਠਣ ਵਿੱਚ ਕਾਮਯਾਬ ਹੋ ਗਏ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)