ਫੋਰਡ ਮੋਟਰ ਨੇ 100 ਸਾਲ ਪਹਿਲਾਂ ਮਜ਼ਦੂਰਾਂ ਕੋਲੋਂ 5 ਦਿਨ ਕੰਮ ਕਰਵਾ ਕੇ ਤੇ 2 ਦਿਨ ਆਰਾਮ ਦੇ ਕੇ ਕਿਵੇਂ ਕਮਾਇਆ ਵੱਧ ਮੁਨਾਫ਼ਾ?

ਤਸਵੀਰ ਸਰੋਤ, Dominio público/Autor desconocido/Wikimedia Commons
- ਲੇਖਕ, ਐਡੀਸਨ ਵੀਗਾ
- ਰੋਲ, ਬਲੇਡ (ਸਲੋਵੇਨੀਆ) ਤੋਂ, ਬੀਬੀਸੀ ਨਿਊਜ਼ ਬ੍ਰਾਜ਼ੀਲ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
"ਦੇਸ਼ ਹੁਣ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਲਈ ਤਿਆਰ ਹੈ ਅਤੇ ਇਹ ਇਸ ਨੂੰ ਪੂਰੇ ਉਦਯੋਗ ਵਿੱਚ ਲਾਗੂ ਹੋਣਾ ਚਾਹੀਦਾ ਹੈ... ਹੁਣ ਸੋਚ ਬਦਲਣ ਦਾ ਸਮਾਂ ਆ ਗਿਆ ਹੈ ,ਉਹ ਸੋਚ ਜਿਹੜੀ ਕਹਿੰਦੀ ਹੈ ਕਿ ਮਜ਼ਦੂਰਾਂ ਦਾ ਖਾਲੀ 'ਬਰਾਬਦ ਸਮਾਂ' ਹੁੰਦਾ ਹੈ ਜਾਂ ਇਹ ਖਾਲੀ ਸਮਾਂ ਸਿਰਫ਼ ਕਿਸੇ ਖ਼ਾਸ ਵਰਗ ਦਾ ਅਧਿਕਾਰ ਹੈ।"
ਇਹ ਸ਼ਬਦ 100 ਸਾਲ ਪਹਿਲਾਂ, 1 ਮਈ 1926 ਨੂੰ ਦਿੱਤੇ ਗਏ ਇੱਕ ਭਾਸ਼ਣ ਦਾ ਹਿੱਸਾ ਸਨ। ਇਹ ਕਿਸੇ ਮਜ਼ਦੂਰ, ਟਰੇਡ ਯੂਨੀਅਨ ਆਗੂ, ਸਮਾਜਵਾਦੀ ਕਾਰਕੁਨ ਜਾਂ ਮਜ਼ਦੂਰ ਰਾਜਨੇਤਾ ਵੱਲੋਂ ਨਹੀਂ ਕਹੇ ਗਏ ਸਨ।
ਇਹ ਬਿਆਨ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ, ਮਕੈਨੀਕਲ ਇੰਜੀਨੀਅਰ ਅਤੇ ਕਾਰੋਬਾਰੀ ਹੈਨਰੀ ਫੋਰਡ (1863-1947) ਵੱਲੋਂ ਦਿੱਤਾ ਗਿਆ ਸੀ। ਉਹ ਫੋਰਡ ਮੋਟਰ ਕੰਪਨੀ ਦੇ ਸੰਸਥਾਪਕ ਸਨ ਅਤੇ ਉਦਯੋਗਿਕ ਉਤਪਾਦਨ ਦੇ ਉਸ ਢਾਂਚੇ ਦੇ ਮੋਢੀ ਮੰਨੇ ਜਾਂਦੇ ਹਨ ਜਿਸ ਨੂੰ ਅਸੈਂਬਲੀ ਲਾਈਨ ਕਿਹਾ ਜਾਂਦਾ ਹੈ।
ਉਸ ਤਾਰੀਖ ਤੋਂ ਬਾਅਦ, 5 ਦਿਨ ਕੰਮ ਅਤੇ 2 ਦਿਨ ਛੁੱਟੀ (5x2) ਵਾਲਾ ਕੰਮਕਾਜੀ ਸ਼ਡਿਊਲ ਉਨ੍ਹਾਂ ਦੇ ਵਿਸ਼ਾਲ ਫੈਕਟਰੀ ਕੰਪਲੈਕਸ ਵਿੱਚ ਮਿਆਰੀ ਪ੍ਰਥਾ ਬਣ ਗਿਆ, ਜਿਸ ਤਹਿਤ ਹਫ਼ਤੇ ਵਿੱਚ 40 ਘੰਟੇ ਕੰਮ ਕੀਤਾ ਜਾਂਦਾ ਸੀ।
ਕੰਮਕਾਜੀ ਹਫ਼ਤੇ ਦੇ ਅੰਤ ਵਿੱਚ ਛੁੱਟੀ ਦੇ ਸਮੇਂ ਨੂੰ ਵਧਾਉਣ ਦਾ ਇਹ ਵਿਚਾਰ, ਮਜ਼ਦੂਰ ਵਰਗ ਦੇ ਹਿੱਤ ਵਿੱਚ, ਉਸ ਵਿਵਸਥਾ ਤੋਂ ਅੱਗੇ ਨਿਕਲ ਗਿਆ ਜੋ 1919 ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਸਥਾ (ਆਈਐੱਲਓ) ਵੱਲੋਂ ਤੈਅ ਕੀਤੀ ਗਈ ਸੀ ਅਤੇ ਜੋ ਇਕ ਸੰਧੀ ਰਾਹੀਂ ਅੰਤਰਰਾਸ਼ਟਰੀ ਮਿਆਰ ਬਣ ਗਈ ਸੀ। ਉਸ ਸਮੇਂ ਆਮ ਤੌਰ 'ਤੇ ਕੰਮ ਦੀ ਵੱਧ ਤੋਂ ਵੱਧ ਹੱਦ ਹਫ਼ਤੇ ਵਿੱਚ 48 ਘੰਟੇ ਸੀ।
ਇਹ ਫ਼ੈਸਲਾ ਇੱਕਦਮ ਨਹੀਂ ਲਿਆ ਗਿਆ ਸੀ। ਫੋਰਡ ਪਹਿਲਾਂ ਹੀ ਆਪਣੇ ਕੁਝ ਵਿਭਾਗਾਂ ਵਿੱਚ ਇਸ ਨਵੇਂ ਤਰੀਕੇ ਦੀ ਜਾਂਚ ਕਰ ਰਿਹਾ ਸੀ।
ਮਾਰਚ 1922 ਵਿੱਚ ਦਿ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ, ਹੈਨਰੀ ਫੋਰਡ ਦੇ ਪੁੱਤਰ ਐਡਸਲ ਬ੍ਰਾਇੰਟ ਫੋਰਡ (1893-1943), ਜੋ 1919 ਤੋਂ ਕੰਪਨੀ ਚਲਾ ਰਹੇ ਸਨ, ਨੇ ਲਿਖਿਆ ਕਿ "ਹਰ ਵਿਅਕਤੀ ਨੂੰ ਆਰਾਮ ਕਰਨ ਅਤੇ ਮਨੋਰੰਜਨ ਲਈ ਹਫ਼ਤੇ ਵਿੱਚ ਇੱਕ ਦਿਨ ਤੋਂ ਵੱਧ ਸਮੇਂ ਦੀ ਲੋੜ ਹੁੰਦੀ ਹੈ।"
ਉਸ ਲੇਖ ਵਿੱਚ ਉਨ੍ਹਾਂ ਨੇ ਦਲੀਲ ਦਿੱਤੀ ਕਿ "ਫੋਰਡ ਨੇ ਹਮੇਸ਼ਾ ਆਪਣੇ ਮੁਲਾਜ਼ਮਾਂ ਲਈ ਇੱਕ ਆਦਰਸ਼ ਪਰਿਵਾਰਕ ਜੀਵਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ" ਅਤੇ ਕਿਹਾ ਕਿ ਉਹ ਮੰਨਦੇ ਹਨ ਕਿ "ਚੰਗਾ ਜੀਵਨ ਜਿਉਣ ਲਈ ਹਰ ਮਨੁੱਖ ਕੋਲ ਆਪਣੇ ਪਰਿਵਾਰ ਨਾਲ ਬਿਤਾਉਣ ਲਈ ਵਧੇਰੇ ਸਮਾਂ ਹੋਣਾ ਚਾਹੀਦਾ ਹੈ।"

ਤਸਵੀਰ ਸਰੋਤ, Ford Motor Company, Photographic Department , The Henry Ford Collections/Domínio público/Wikimedia Commons
ਆਰਥਿਕ ਫ਼ਾਇਦਾ
ਫੋਰਡ ਵੱਲੋਂ ਇਸ ਪ੍ਰਣਾਲੀ ਨੂੰ ਸਵੈਇੱਛਾ ਨਾਲ ਅਪਣਾਏ ਜਾਣ ਤੋਂ ਬਾਅਦ, ਇਹ ਪ੍ਰਣਾਲੀ ਹੋਰ ਥਾਵਾਂ ਤੱਕ ਫੈਲ ਗਈ।
ਅਮਰੀਕਾ ਵਿੱਚ 1938 ਵਿੱਚ ਕਾਨੂੰਨ ਰਾਹੀਂ ਹਫ਼ਤਾਵਾਰੀ ਕੰਮ ਦੇ ਘੰਟੇ ਘਟਾ ਕੇ 44 ਘੰਟੇ ਕਰ ਦਿੱਤੇ ਗਏ। 1940 ਵਿੱਚ ਇਹ ਹੱਦ ਹੋਰ ਘਟਾ ਕੇ 40 ਘੰਟੇ ਪ੍ਰਤੀ ਹਫ਼ਤਾ ਕਰ ਦਿੱਤੀ ਗਈ, ਜਿਸ ਦਾ ਪ੍ਰਸਤਾਵ ਫੋਰਡ ਨੇ 14 ਸਾਲ ਪਹਿਲਾਂ ਦਿੱਤਾ ਸੀ।
ਖ਼ਾਸ ਕਰਕੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਫੈਕਟਰੀਆਂ ਵਿੱਚ ਕੰਮ ਨੂੰ ਸੰਗਠਿਤ ਕਰਨ ਵਾਲੀ ਫੋਰਡਵਾਦੀ ਪ੍ਰਣਾਲੀ ਪੂਰੀ ਦੁਨੀਆ ਵਿੱਚ ਫੈਲ ਗਈ।
ਇਤਿਹਾਸਕਾਰ ਪਾਓਲੋ ਹੈਨਰੀਕੇ ਮਾਰਟੀਨੇਜ਼, ਜੋ ਸਾਓ ਪਾਓਲੋ ਸਟੇਟ ਯੂਨੀਵਰਸਿਟੀ (ਯੂਨੇਸਪ) ਵਿੱਚ ਪ੍ਰੋਫੈਸਰ ਹਨ, ਦੱਸਦੇ ਹਨ, "ਉਦਯੋਗੀਕਰਨ ਅਤੇ ਰਾਸ਼ਟਰੀ ਅਰਥਵਿਵਸਥਾ ਦੇ ਅਮਰੀਕੀ ਮਾਡਲ ਦੀ ਨਕਲ ਉਨ੍ਹਾਂ ਸਮਾਜਾਂ ਵਿੱਚ ਕੀਤੀ ਗਈ ਜੋ 1945 ਤੋਂ ਬਾਅਦ ਵਿਸ਼ਵ ਅਰਥਵਿਵਸਥਾ ਦੇ ਮੁੜ ਨਿਰਮਾਣ ਵਿੱਚ ਸ਼ਾਮਲ ਸਨ, ਜਿਵੇਂ ਕਿ ਜਾਪਾਨ ਅਤੇ ਚੀਨ।"
ਮਜ਼ਦੂਰ ਕਾਨੂੰਨ ਦੇ ਮਾਹਿਰ ਪੇਦਰੋ ਮਾਸੀਏਲ ਦੱਸਦੇ ਹਨ ਕਿ ਇਸ ਪ੍ਰਣਾਲੀ ਨੂੰ ਅਪਨਾਉਣ ਦਾ ਕਾਰਨ ਇਸ ਦੀ ਸਫ਼ਲਤਾ ਸੀ।
ਉਹ ਕਹਿੰਦੇ ਹਨ, "ਇਸ ਮਾਡਲ ਨੇ ਕੰਪਨੀਆਂ ਲਈ ਆਰਥਿਕ ਫ਼ਾਇਦੇ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਇਸ ਤਰ੍ਹਾਂ ਦੇ ਕੰਮਕਾਜੀ ਸ਼ਡਿਊਲ ਦਾ ਪ੍ਰਸਾਰ ਹੋਇਆ।"
ਮੁਕਾਬਲੇ ਵਾਲੀਆਂ ਕੰਪਨੀਆਂ ਨੂੰ ਯਕੀਨ ਹੋ ਗਿਆ ਕਿ ਘੱਟ ਘੰਟੇ ਕੰਮ ਕਰਨ ਦਾ "ਇਹ ਮਤਲਬ ਨਹੀਂ ਕਿ ਘੱਟ ਪੈਸਾ ਕਮਾਇਆ ਜਾਵੇ।"
ਇਤਿਹਾਸਕਾਰ ਦੇ ਅਨੁਸਾਰ, 1960 ਦੇ ਦਹਾਕੇ ਤੱਕ ਪ੍ਰਬੰਧਕਾਂ ਅਤੇ ਕਰਮਚਾਰੀਆਂ ਦੀ ਸਿਖਲਾਈ ਸਾਂਝੇ ਤੌਰ 'ਤੇ ਕੀਤੀ ਜਾਂਦੀ ਸੀ, ਜਿਸ ਵਿੱਚ ਮਾਲਕਾਂ ਅਤੇ ਕਰਮਚਾਰੀਆਂ ਦੋਵਾਂ ਨੂੰ ਉਤਪਾਦਨ ਅਤੇ ਮਜ਼ਦੂਰੀ ਉਤਪਾਦਕਤਾ ਰਾਹੀਂ ਕੰਪਨੀ ਦੀ ਸਫ਼ਲਤਾ ਲਈ ਵਚਨਬੱਧ ਕੀਤਾ ਜਾਂਦਾ ਸੀ।
ਮਾਰਟੀਨੇਜ਼ ਦੱਸਦੇ ਹਨ ਕਿ ਇਥੋਂ ਹੀ ਉਹ ਵਿਚਾਰ ਪੈਦਾ ਹੋਏ ਜਿਵੇਂ ਮੁਲਾਜ਼ਮਾਂ ਤੋਂ ਇਹ ਉਮੀਦ ਰੱਖਣਾ ਕਿ ਉਹ "ਕੰਪਨੀ ਦੀ ਕਮੀਜ਼ ਪਹਿਨਣ" ਭਾਵ ਕੰਪਨੀ ਪ੍ਰਤੀ ਪੂਰੀ ਵਫ਼ਾਦਾਰੀ ਦਿਖਾਉਣ ਦੀ ਰਣਨੀਤੀ ਵਜੋਂ ਦੇਖਿਆ ਜਾਣ ਲੱਗਾ।"

ਤਸਵੀਰ ਸਰੋਤ, Arquivo Nacional
ਇਤਿਹਾਸਕਾਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਹ "ਸਮਾਜਿਕ ਸ਼ਾਂਤੀ" ਦਾ ਜਸ਼ਨ ਸੀ, ਜਿਸ ਨੂੰ ਹੈਨਰੀ ਫੋਰਡ ਨੇ ਉਤਸ਼ਾਹਿਤ ਕੀਤਾ ਅਤੇ ਜੋ ਮਜ਼ਦੂਰ ਵਰਗ ਦੀ ਨਾਰਾਜ਼ਗੀ ਨੂੰ ਕਾਬੂ ਵਿੱਚ ਰੱਖਣ ਲਈ ਇੱਕ ਪ੍ਰਭਾਵਸ਼ਾਲੀ ਰਣਨੀਤੀ ਸਾਬਤ ਹੋਈ।
ਭਾਵੇਂ ਆਰਾਮ ਦੇ ਸਮੇਂ ਨੂੰ ਨਿਯਮਤ ਕਰਨਾ ਇੱਕ ਲੋੜ ਬਣ ਗਿਆ ਸੀ, ਖ਼ਾਸ ਕਰਕੇ ਉਦਯੋਗਿਕ ਪੂੰਜੀਵਾਦ ਦੇ ਆਉਣ ਅਤੇ ਲਗਾਤਾਰ ਵਧ ਰਹੇ ਥਕਾਵਟ ਭਰੇ ਕੰਮਕਾਜੀ ਦਿਨਾਂ ਕਾਰਨ, ਪਰ ਇਹ ਵੀ ਸੱਚ ਹੈ ਕਿ ਦੋ ਦਿਨਾਂ ਦੇ ਵੀਕਐਂਡ ਨੇ ਇੱਕ ਅਜਿਹੇ ਰਿਵਾਜ਼ ਨਾਲ ਤੋੜ ਪਾਈ ਜੋ ਪ੍ਰਾਚੀਨ ਸਮਿਆਂ ਤੋਂ ਚੱਲਦਾ ਆ ਰਿਹਾ ਸੀ।
ਪ੍ਰਾਚੀਨ ਸਮੇਂ ਤੋਂ ਚੱਲ ਰਹੇ ਇਸ ਰਿਵਾਜ ਦੀ ਇੱਕ ਮਹੱਤਵਪੂਰਨ ਉਦਾਹਰਨ ਉਸ ਪਵਿੱਤਰ ਗ੍ਰੰਥ ਵਿੱਚ ਮਿਲਦੀ ਹੈ ਜੋ ਯਹੂਦੀ-ਈਸਾਈ ਸੰਸਾਰ ਦੀ ਬੁਨਿਆਦ ਬਣਦਾ ਹੈ।
ਬਾਈਬਲ ਦੀ ਪਹਿਲੀ ਕਿਤਾਬ 'ਜੈਨੇਸਿਸ' ਵਿੱਚ ਦਰਸਾਈ ਗਈ ਸੰਸਾਰ ਦੀ ਰਚਨਾ ਅਨੁਸਾਰ, ਪਰਮਾਤਮਾ ਨੇ ਸ੍ਰਿਸ਼ਟੀ ਰਚਣ ਦੀ ਪ੍ਰਕਿਰਿਆ ਵਿੱਚ ਲਗਾਤਾਰ ਛੇ ਦਿਨ ਕੰਮ ਕਰਨ ਤੋਂ ਬਾਅਦ ਸੱਤਵੇਂ ਦਿਨ ਆਰਾਮ ਕੀਤਾ ਸੀ।
ਇਹ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਾਚੀਨ ਲੋਕ ਕੰਮ ਅਤੇ ਆਰਾਮ ਨੂੰ ਕਿਸ ਤਰ੍ਹਾਂ ਵਿਵਸਥਿਤ ਕਰਦੇ ਸਨ।
ਹਾਲਾਂਕਿ, ਫੋਰਡ ਤੋਂ ਪਹਿਲਾਂ ਵੀ ਬਦਲਾਅ ਦੇ ਕੁਝ ਖ਼ਾਸ ਮਾਮਲੇ ਮੌਜੂਦ ਸਨ।
ਮੈਕੇਂਜ਼ੀ ਪ੍ਰੈਸਬਿਟੇਰੀਅਨ ਯੂਨੀਵਰਸਿਟੀ ਵਿੱਚ ਮਜ਼ਦੂਰ ਕਾਨੂੰਨ ਦੇ ਪ੍ਰੋਫੈਸਰ ਅਤੇ ਵਕੀਲ ਕਲਾਉਡੀਨੋਰ ਰੋਬਰਟੋ ਬਾਰਬੀਏਰੋ ਉਦਾਹਰਨ ਵਜੋਂ ਅਮਰੀਕਾ ਦੀ ਇੱਕ ਕੱਪੜਾ ਫੈਕਟਰੀ ਦਾ ਜ਼ਿਕਰ ਕਰਦੇ ਹਨ, ਜਿਸ ਨੇ 1908 ਵਿੱਚ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਇਸ ਲਈ ਲਾਗੂ ਕੀਤਾ ਸੀ ਤਾਂ ਜੋ ਕਾਮਿਆਂ ਨੂੰ ਅਨੁਕੂਲ ਹੋਣ ਲਈ ਸਮਾਂ ਮਿਲ ਸਕੇ।
ਉਹ ਜ਼ੋਰ ਦੇ ਕੇ ਕਹਿੰਦੇ ਹਨ, "ਫੋਰਡ ਨੇ ਇਸ ਮਾਡਲ ਨੂੰ ਵਿਆਪਕ ਪੱਧਰ ਅਤੇ ਉਦਯੋਗਿਕ ਮਾਣ-ਸਨਮਾਨ ਦਿੱਤਾ। ਇਹ ਰਿਵਾਜ ਸਿਰਫ਼ ਇੱਕ ਸਮਾਜਿਕ ਰਿਆਇਤ ਵਾਂਗ ਨਹੀਂ ਰਿਹਾ, ਸਗੋਂ ਇਸ ਨੂੰ ਇੱਕ ਸੰਭਾਵੀ ਪ੍ਰਬੰਧ ਸੀ।"

ਸਮਾਂ ਹੀ ਪੈਸਾ ਹੈ
ਹੈਨਰੀ ਫੋਰਡ ਦਾ ਮੰਨਣਾ ਸੀ ਕਿ ਤਰੱਕੀ, ਭਾਵੇਂ ਉਹ ਕਾਰੋਬਾਰ ਦੇ ਮੁਨਾਫ਼ੇ ਅਤੇ ਉਤਪਾਦਨ ਦੀ ਕੁਸ਼ਲਤਾ ਵਿੱਚ ਵਾਧਾ ਕਰ ਸਕਦੀ ਹੈ, ਪਰ ਇਸ ਦੇ ਨਤੀਜੇ ਵਜੋਂ ਮੁਲਾਜ਼ਮਾਂ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ।
ਉਸ ਸਮੇਂ ਤੱਕ ਉਹ ਆਪਣੇ ਮੁਲਾਜ਼ਮਾਂ ਲਈ ਉਤਪਾਦਕਤਾ ਬੋਨਸ ਪ੍ਰੋਗਰਾਮ ਸ਼ੁਰੂ ਕਰ ਚੁੱਕੇ ਸੀ ਅਤੇ 1914 ਵਿੱਚ ਘੱਟੋ-ਘੱਟ ਤਨਖ਼ਾਹ ਨੂੰ ਦੁਗਣਾ ਕਰਨ ਦਾ ਫ਼ੈਸਲਾ ਕਰਕੇ ਹੋਰ ਉਦਯੋਗਪਤੀਆਂ ਵਿੱਚ ਕਾਫ਼ੀ ਚਰਚਾ ਦਾ ਕਾਰਨ ਬਣ ਚੁੱਕਾ ਸੀ।
ਕਾਰੋਬਾਰੀ ਦਾ ਕਹਿਣਾ ਸੀ ਕਿ ਅਸੈਂਬਲੀ ਲਾਈਨ ਨੇ ਇਸ ਨੂੰ ਸੰਭਵ ਬਣਾਇਆ।
ਜਦੋਂ 1913 ਵਿੱਚ ਫੋਰਡ ਦੀ ਮਾਡਲ ਟੀ ਕਾਰ ਦੇ ਉਤਪਾਦਨ ਵਿੱਚ ਅਸੈਂਬਲੀ ਲਾਈਨ ਅਪਣਾਈ ਗਈ, ਤਾਂ ਇੱਕ ਕਾਰ ਤਿਆਰ ਕਰਨ ਲਈ ਲੱਗਣ ਵਾਲਾ ਸਮਾਂ 12 ਘੰਟਿਆਂ ਤੋਂ ਘਟ ਕੇ ਸਿਰਫ਼ 1 ਘੰਟਾ 30 ਮਿੰਟ ਤੋਂ ਕੁਝ ਵੱਧ ਰਹਿ ਗਿਆ।
ਫੋਰਡ ਸਮਝਦੇ ਸੀ ਕਿ ਕੁਸ਼ਲਤਾ ਵਿੱਚ ਆਏ ਇਸ ਵੱਡੇ ਵਾਧੇ ਲਈ ਮਜ਼ਦੂਰਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਨਾਮ ਮਿਲਣਾ ਚਾਹੀਦਾ ਹੈ।
ਫੋਰਡ ਨੇ 1926 ਦੇ ਉਸੇ ਭਾਸ਼ਣ ਵਿੱਚ ਮੰਨਿਆ ਸੀ, "ਵੱਡੀਆਂ ਕੰਪਨੀਆਂ ਦਾ ਵਿਕਾਸ, ਊਰਜਾ ਦੀ ਵਰਤੋਂ ਕਰਨ ਦੀ ਉਨ੍ਹਾਂ ਦੀ ਸਮਰੱਥਾ, ਆਧੁਨਿਕ ਮਸ਼ੀਨਰੀ ਅਤੇ ਆਮ ਤੌਰ 'ਤੇ ਸਮੇਂ, ਸਮੱਗਰੀ ਅਤੇ ਮਨੁੱਖੀ ਊਰਜਾ ਦੀ ਬਰਬਾਦੀ ਨੂੰ ਘਟਾਉਣ ਦੀ ਯੋਗਤਾ ਨੇ ਹੀ ਅੱਠ ਘੰਟਿਆਂ ਦੇ ਕੰਮਕਾਜੀ ਦਿਨ ਨੂੰ ਸੰਭਵ ਬਣਾਇਆ।"
"ਇਸੇ ਤਰ੍ਹਾਂ, ਨਵੀਆਂ ਤਰੱਕੀਆਂ ਸਾਨੂੰ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਸਥਾਪਤ ਕਰਨ ਦੀ ਵੀ ਆਗਿਆ ਦਿੰਦੀਆਂ ਹਨ।"
ਸਪੱਸ਼ਟ ਹੈ ਕਿ ਫੋਰਡ ਉਸ ਸਮੇਂ ਦੀ ਇੱਕ ਵਿਆਪਕ ਮੰਗ ਦਾ ਜਵਾਬ ਦੇ ਰਹੇ ਸੀ।
ਜੂਨ 1990 ਵਿੱਚ ਦ ਜਰਨਲ ਆਫ਼ ਇਕਨਾਮਿਕ ਹਿਸਟਰੀ ਵਿੱਚ ਪ੍ਰਕਾਸ਼ਿਤ ਇੱਕ ਅਕਾਦਮਿਕ ਲੇਖ ਵਿੱਚ, ਅਰਥਸ਼ਾਸਤਰੀ ਅਤੇ ਇਤਿਹਾਸਕਾਰ ਰੋਬਰਟ ਵ੍ਹੈਪਲਜ਼ ਨੇ ਦਰਸਾਇਆ ਕਿ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਮਜ਼ਦੂਰਾਂ ਦੇ ਸੰਘਰਸ਼ ਬਿਹਤਰ ਤਨਖ਼ਾਹਾਂ ਦੀ ਮੰਗ ਨਾਲੋਂ ਕੰਮ ਦੇ ਘੰਟੇ ਘਟਾਉਣ ਲਈ ਵਧੇਰੇ ਤੀਬਰ ਸਨ।
ਰੋਬਰਟ ਵ੍ਹੈਪਲਜ਼ ਉਸ ਵੇਲੇ ਅਮਰੀਕਾ ਦੀ ਵਿਸਕੌਨਸਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ।
ਇਸ ਦਾ ਇਹ ਮਤਲਬ ਨਹੀਂ ਕਿ ਇਹ ਕਾਰੋਬਾਰੀ "ਦਿਆਲੂ" ਸੀ।
ਪ੍ਰੋਫੈਸਰ ਕਹਿੰਦੇ ਹਨ, "ਹੈਨਰੀ ਫੋਰਡ ਦੀ ਪ੍ਰੇਰਣਾ ਸਿਰਫ਼ ਮਨੁੱਖਤਾਵਾਦੀ ਨਹੀਂ ਸੀ।"
ਉਹ ਜਾਣਦੇ ਸੀ ਕਿ ਉਹ ਕੀ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਕਦਮ ਕਿਸ ਤਰ੍ਹਾਂ ਵੱਧ ਮੁਨਾਫ਼ੇ ਵਿੱਚ ਬਦਲੇਗਾ। ਮਾਰਟੀਨੇਜ਼ ਫੋਰਡ ਦੇ ਇਸ ਫ਼ੈਸਲੇ ਨੂੰ ਉਨ੍ਹਾਂ "ਦੋ ਮਾਰਗਦਰਸ਼ਕ ਸਿਧਾਂਤਾਂ" ਦਾ ਨਤੀਜਾ ਮੰਨਦੇ ਹਨ ਜਿਨ੍ਹਾਂ ਨੇ ਉਸ ਦੇ ਕਾਰੋਬਾਰੀ ਫ਼ੈਸਲਿਆਂ ਨੂੰ ਦਿਸ਼ਾ ਦਿੱਤੀ।
ਪਹਿਲਾ ਸੀ "ਕੰਮ ਦਾ ਵਿਵਸਥਿਤ ਸੰਗਠਨ"।
ਇੱਕ ਸਫ਼ਲ ਫ਼ਾਰਮੂਲਾ

ਤਸਵੀਰ ਸਰੋਤ, Arquivo Nacional
ਇਤਿਹਾਸਕਾਰ ਦੱਸਦੇ ਹਨ ਕਿ ਫੋਰਡ "ਪ੍ਰਸ਼ਾਸਨ ਅਤੇ ਉਤਪਾਦਨ ਪ੍ਰਬੰਧਨ ਦੇ ਵਿਗਿਆਨਕ ਸਿਧਾਂਤਾਂ" ਦਾ ਸਮਰਥਕ ਸੀ।
ਇਸ ਵਿੱਚ ਫੈਕਟਰੀ ਦੇ ਸਥਾਨਾਂ ਦੀ ਵਿਵਸਥਾ ਤੋਂ ਲੈ ਕੇ ਸਮਾਂ-ਸਾਰਣੀਆਂ, ਸ਼ਿਫਟਾਂ ਅਤੇ ਹੋਰ ਗਤੀਵਿਧੀਆਂ ਤੇ ਆਰਾਮ ਦੇ ਸਮਿਆਂ ਦੇ ਅਨੁਸ਼ਾਸਨ ਤੱਕ ਅਤੇ ਨਿਗਰਾਨਾਂ ਤੋਂ ਲੈ ਕੇ ਮਸ਼ੀਨ ਆਪਰੇਟਰਾਂ ਤੱਕ ਟੀਮਾਂ ਅਤੇ ਵਿਅਕਤੀਆਂ ਵਿਚਕਾਰ ਕੰਮ ਦੀ ਵੰਡ ਸ਼ਾਮਲ ਸੀ।
ਉਨ੍ਹਾਂ ਦੀ ਕਾਰੋਬਾਰੀ ਸੋਚ ਅਨੁਸਾਰ, ਉਦਯੋਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਚੀਜ਼ ਨੂੰ ਪਹਿਲਾਂ ਤੋਂ ਤੈਅ ਕੀਤੀ ਯੋਜਨਾ ਅਨੁਸਾਰ ਚੱਲਣਾ ਚਾਹੀਦਾ ਸੀ।
ਮਾਰਟੀਨੇਜ਼ ਜ਼ੋਰ ਦੇ ਕੇ ਕਹਿੰਦੇ ਹਨ ਕਿ ਦੂਜਾ ਮਹੱਤਵਪੂਰਨ ਪੱਖ ਇਹ ਸੀ ਕਿ "ਕੰਮ ਦੀ ਯੋਜਨਾਬੱਧ ਅਤੇ ਸੰਗਠਿਤ ਵੰਡ ਨੂੰ ਉਦਯੋਗਿਕ ਵਸਤੂਆਂ ਦੀ ਖਪਤ ਦੇ ਖੇਤਰ ਵਿੱਚ ਪੂਰਾ ਕੀਤਾ ਗਿਆ।"
ਇਸ ਨਾਲ "ਵੱਡੀ ਗਿਣਤੀ ਵਿੱਚ ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਵੱਡੇ ਪੱਧਰ ਦੇ ਉਤਪਾਦਨ ਲਈ ਇੱਕ ਵਿਆਪਕ ਖਪਤਕਾਰ ਬਾਜ਼ਾਰ" ਤਿਆਰ ਹੋਇਆ।
ਇਤਿਹਾਸਕਾਰ ਸਮਝਾਉਂਦੇ ਹਨ, "ਬਿਹਤਰ ਤਨਖ਼ਾਹਾਂ ਅਤੇ ਵਧੇਰੇ ਖਾਲੀ ਸਮੇਂ ਨੇ ਖਪਤ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਅਤੇ ਆਮ ਬਣਾਉਣ ਦੇ ਇਸ ਫ਼ਾਰਮੂਲੇ ਨੂੰ ਪੂਰਾ ਕੀਤਾ, ਜਿਸ ਨਾਲ ਉਦਯੋਗਿਕ ਉਤਪਾਦਨ ਦਾ ਹੋਰ ਵਿਸਥਾਰ ਹੋਇਆ।"

ਤਸਵੀਰ ਸਰੋਤ, Dominio público/Autor desconocido/Wikimedia Commons
ਮਹੀਨੇ ਦੇ ਅੰਤ ਵਿੱਚ ਹਿਸਾਬ-ਕਿਤਾਬ ਸੰਤੁਲਿਤ ਹੋ ਜਾਂਦਾ ਸੀ ਅਤੇ ਮੁਨਾਫ਼ਾ ਹੋਰ ਵੱਧ ਜਾਂਦਾ ਸੀ।
ਬਾਰਬੀਏਰੋ ਕਹਿੰਦੇ ਹਨ, "ਕੰਪਨੀ ਦਾ ਤਰਕ ਇਹ ਸੀ ਕਿ ਉਹ ਛੇ ਦਿਨਾਂ ਦੀ ਬਜਾਏ ਪੰਜ ਦਿਨਾਂ ਵਿੱਚ ਬਰਾਬਰ ਜਾਂ ਇਸ ਤੋਂ ਵੱਧ ਉਤਪਾਦਨ ਕਰ ਸਕਦੀ ਹੈ, ਕਿਉਂਕਿ ਕੰਮ ਦੇ ਦਿਨ ਨੂੰ ਘਟਾਉਣ ਨਾਲ ਬਿਹਤਰ ਤਰੀਕਿਆਂ, ਵੱਧ ਧਿਆਨ ਅਤੇ ਪ੍ਰਤੀ ਘੰਟਾ ਵੱਧ ਕੁਸ਼ਲਤਾ ਦੀ ਲੋੜ ਪੈਂਦੀ ਹੈ।"
ਫੋਰਡ ਦੇ ਤਰਕ ਅਨੁਸਾਰ, ਪੰਜ ਦਿਨਾਂ ਵਿੱਚ ਘੱਟੋ-ਘੱਟ ਉਨਾ ਹੀ ਉਤਪਾਦਨ ਕਰਨਾ ਸੰਭਵ ਸੀ ਜਿੰਨਾ ਛੇ ਦਿਨਾਂ ਵਿੱਚ ਹੁੰਦਾ ਸੀ।
ਪ੍ਰੋਫੈਸਰ ਸਮਝਾਉਂਦੇ ਹਨ, "ਅਤੇ ਸੰਭਵ ਤੌਰ 'ਤੇ ਇਸ ਤੋਂ ਵੀ ਵੱਧ, ਕਿਉਂਕਿ ਦਬਾਅ ਬਿਹਤਰ ਤਰੀਕਿਆਂ ਨੂੰ ਜਨਮ ਦਿੰਦਾ ਹੈ।"
ਮਾਰਟੀਨੇਜ਼ ਦਾ ਵਿਸ਼ਲੇਸ਼ਣ ਹੈ, "ਫੋਰਡ ਨੇ ਇੱਕ ਸਫ਼ਲ ਫ਼ਾਰਮੂਲਾ ਲਾਗੂ ਕੀਤਾ। ਇਸ ਦਾ ਉਦੇਸ਼ ਇੱਕ ਪਾਸੇ ਫੈਕਟਰੀ ਵਿੱਚ ਕੰਮ ਦੇ ਅਨੁਸ਼ਾਸਨ ਅਤੇ ਨਿਯਮਿਤਤਾ ਨੂੰ ਯਕੀਨੀ ਬਣਾਉਣਾ ਸੀ, ਤਾਂ ਜੋ ਉਤਪਾਦਨ ਅਤੇ ਆਰਥਿਕ ਨਤੀਜੇ ਬਿਹਤਰ ਹੋਣ ਅਤੇ ਦੂਜੇ ਪਾਸੇ, ਖਪਤ ਦੀਆਂ ਆਦਤਾਂ ਅਤੇ ਉਸ ਲਈ ਲੋੜੀਂਦੀਆਂ ਸਥਿਤੀਆਂ ਨੂੰ ਉਤਸ਼ਾਹਿਤ ਕਰਨਾ ਸੀ।"
ਇਸ ਦੇ ਨਤੀਜੇ ਵਜੋਂ ਬਿਹਤਰ ਤਨਖ਼ਾਹਾਂ ਅਤੇ ਘੱਟ ਕੰਮਕਾਜੀ ਘੰਟੇ ਮਿਲੇ।
ਯੂਨੇਸਪ ਦੇ ਪ੍ਰੋਫੈਸਰ ਦਾ ਨਤੀਜਾ ਹੈ, "ਮਜ਼ਦੂਰ ਵਰਗ ਦੀ ਆਰਥਿਕ ਸੰਤੁਸ਼ਟੀ ਅਤੇ ਖਪਤਕਾਰ ਬਾਜ਼ਾਰ ਤੱਕ ਪਹੁੰਚ ਸਮਾਜਿਕ ਸ਼ਾਂਤੀ ਲਿਆਵੇਗੀ, ਜੋ ਕੰਮ, ਉਤਪਾਦਨ ਅਤੇ ਖਪਤ ਦੇ ਲਗਾਤਾਰ ਚੱਲਦੇ ਚੱਕਰ 'ਤੇ ਅਧਾਰਿਤ ਹੋਵੇਗੀ।"
ਬਾਰਬੀਏਰੋ ਸਮਝਾਉਂਦੇ ਹਨ, "ਫੋਰਡ ਇਹ ਸਮਝਦਾ ਸੀ ਕਿ ਜਿਨ੍ਹਾਂ ਮਜ਼ਦੂਰਾਂ ਕੋਲ ਖਾਲੀ ਸਮਾਂ ਹੋਵੇਗਾ, ਉਹ ਖਪਤਕਾਰ ਵੀ ਬਣ ਜਾਣਗੇ। ਵਧੇਰੇ ਖਾਲੀ ਸਮੇਂ ਦਾ ਮਤਲਬ ਸੀ ਵਧੇਰੇ ਘੁੰਮਣਾ-ਫਿਰਨਾ, ਯਾਤਰਾਵਾਂ, ਖਰੀਦਦਾਰੀ ਅਤੇ ਆਖ਼ਰਕਾਰ ਕਾਰਾਂ ਦੀ ਵਧੇਰੇ ਵਰਤੋਂ ਅਤੇ ਖਰੀਦਦਾਰੀ।"
ਇਹ ਮੁੱਦਾ ਹਮੇਸ਼ਾ ਵੱਖ-ਵੱਖ ਨਜ਼ਰੀਏ ਸਾਹਮਣੇ ਲਿਆਉਂਦਾ ਹੈ।
ਵਿਏਤਰੀ ਕਹਿੰਦੇ ਹਨ, "ਇਹ ਇਸ ਗੱਲ ਬਾਰੇ ਇੱਕ ਜਟਿਲ ਬਹਿਸ ਨੂੰ ਉਜਾਗਰ ਕਰਦਾ ਹੈ ਕਿ ਸਮਾਜਿਕ ਭਲਾਈ ਅਤੇ ਆਰਥਿਕ ਟਿਕਾਊਪਣ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ।"
"ਮੈਂ ਵੀਕਐਂਡ ਨੂੰ ਸਿਰਫ਼ ਆਰਾਮ ਦੇ ਸਮੇਂ ਵਜੋਂ ਨਹੀਂ ਦੇਖਦਾ, ਸਗੋਂ ਮਨੁੱਖੀ ਮਾਣ-ਸਨਮਾਨ ਅਤੇ ਮਜ਼ਦੂਰ ਦੀ ਮਾਨਸਿਕ ਸਿਹਤ ਦੇ ਇੱਕ ਮਹੱਤਵਪੂਰਨ ਆਧਾਰ ਵਜੋਂ ਦੇਖਦਾ ਹਾਂ, ਜੋ ਸਾਡੀ ਸੰਵਿਧਾਨਕ ਸੁਰੱਖਿਆ ਦੇ ਕੇਂਦਰ ਵਿੱਚ ਹਨ।"
ਹਾਲਾਂਕਿ, ਉਹ ਦਲੀਲ ਦਿੰਦੇ ਹਨ ਕਿ ਕੰਮਕਾਜੀ ਘੰਟਿਆਂ ਦੀ ਵਿਵਸਥਾ ਵਿੱਚ ਬਦਲਾਅ ਅਚਾਨਕ ਨਹੀਂ ਕੀਤਾ ਜਾਣਾ ਚਾਹੀਦਾ, ਤਾਂ ਜੋ ਕੰਪਨੀਆਂ, ਖ਼ਾਸ ਕਰਕੇ ਛੋਟੇ ਕਾਰੋਬਾਰ, ਆਪਣੇ ਆਪ ਨੂੰ ਤਿਆਰ ਕਰ ਸਕਣ।
ਬਾਰਬੀਏਰੋ ਕਹਿੰਦੇ ਹਨ, "ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਫੋਰਡ ਨੇ ਇੱਕ ਅਜਿਹੀ ਗੱਲ ਨੂੰ ਸਮਝ ਲਿਆ ਸੀ ਜੋ ਅੱਜ ਵੀ ਉਨੀ ਹੀ ਮਹੱਤਵਪੂਰਨ ਹੈ: ਮਜ਼ਦੂਰ ਸਿਰਫ਼ ਉਤਪਾਦਨ ਦੀ ਤਾਕਤ ਨਹੀਂ ਹੁੰਦਾ; ਉਹ ਖਪਤਕਾਰ ਬਾਜ਼ਾਰ ਦਾ ਵੀ ਇੱਕ ਹਿੱਸਾ ਹੁੰਦਾ ਹੈ।"
"ਵਧੀਆ ਤਨਖ਼ਾਹ ਦੇ ਕੇ ਅਤੇ ਵਧੇਰੇ ਖਾਲੀ ਸਮਾਂ ਮੁਹੱਈਆ ਕਰਵਾ ਕੇ, ਫੋਰਡ ਨੇ ਖਪਤ ਦੀ ਉਸੇ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਿਸ ਨੇ ਆਟੋਮੋਬਾਈਲ ਉਦਯੋਗ ਨੂੰ ਸਹਾਰਾ ਦਿੱਤਾ ਹੋਇਆ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












