'ਸਤਲੁਜ': ਜਸਵੰਤ ਸਿੰਘ ਖਾਲੜਾ ਤੋਂ ਬਾਅਦ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਪਰਮਜੀਤ ਕੌਰ ਖਾਲੜਾ ਕੌਣ ਹਨ, ਉਨ੍ਹਾਂ ਨੇ ਕਾਨੂੰਨੀ ਲੜਾਈ ਕਿਵੇਂ ਲੜੀ

ਤਸਵੀਰ ਸਰੋਤ, BBC/FBkhalramission
- ਲੇਖਕ, ਰਾਹੁਲ ਕਾਲਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਸਤਲੁਜ' ਨੂੰ ਓਟੀਟੀ ਪਲੇਟਫਾਰਮ ਜ਼ੀ 5 ਤੋਂ ਹਟਾ ਦਿੱਤਾ ਗਿਆ ਹੈ।
ਫ਼ਿਲਮ 'ਪੰਜਾਬ 95' ਦਾ ਨਾਮ ਬਦਲ ਕੇ 'ਸਤਲੁਜ' ਰੱਖਿਆ ਗਿਆ ਸੀ ਜਿਸ ਨੂੰ ਜ਼ੀ 5 'ਤੇ 3 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਪਰ ਦੋ ਦਿਨਾਂ ਬਾਅਦ ਹੀ 5 ਜੁਲਾਈ ਨੂੰ ਸਤਲੁਜ ਫ਼ਿਲਮ ਨੂੰ ਭਾਰਤ ਵਿੱਚ ਜ਼ੀ 5 ਤੋਂ ਹਟਾ ਦਿੱਤਾ ਗਿਆ।
ਇਹ ਫ਼ਿਲਮ ਪੰਜਾਬ ਦੇ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਹੈ।
ਜਸਵੰਤ ਸਿੰਘ ਖਾਲੜਾ ਨੇ 1980 ਅਤੇ 1990 ਦੇ ਦਹਾਕੇ ਦੇ ਅਖੀਰ ਵਿੱਚ ਪੰਜਾਬ ਵਿੱਚ ਪੁਲਿਸ ਦੁਆਰਾ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਕੀਤੇ ਗਏ ਕਥਿਤ ਗੈਰ-ਕਾਨੂੰਨੀ ਸਸਕਾਰਾਂ ਦੇ ਮਾਮਲੇ ਨੂੰ ਉਜਾਗਰ ਕੀਤਾ ਸੀ।
ਦਿਲਜੀਤ ਦੋਸਾਂਝ ਨੇ ਇਸ ਫ਼ਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਮੁੱਖ ਕਿਰਦਾਰ ਨਿਭਾਇਆ ਹੈ।
ਇਸ ਤੋਂ ਬਾਅਦ 1995 ਵਿੱਚ ਜਸਵੰਤ ਸਿੰਘ ਖਾਲੜਾ ਖੁਦ ਵੀ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋ ਗਏ ਸਨ। ਜਸਵੰਤ ਖਾਲੜਾ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਉਨ੍ਹਾਂ ਲਈ ਇਨਸਾਫ਼ ਦੀ ਲੰਬੀ ਕਾਨੂੰਨੀ ਲੜਾਈ ਲੜੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਰਵਾਈਆਂ ਸੀ।
ਪਰਮਜੀਤ ਕੌਰ ਨੇ ਅਦਾਲਤਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਜਨਤਕ ਮੰਚਾਂ 'ਤੇ ਇਸ ਮਾਮਲੇ ਨੂੰ ਲਗਾਤਾਰ ਉਠਾਇਆ।
ਉਨ੍ਹਾਂ ਦੀ ਦ੍ਰਿੜਤਾ ਦੇ ਨਤੀਜੇ ਵਜੋਂ ਸੀਬੀਆਈ ਜਾਂਚ ਹੋਈ, ਮੁਕੱਦਮਾ ਚੱਲਿਆ ਅਤੇ ਕਈ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਹੋਈਆਂ।
ਅੱਗੇ ਜਾਣਦੇ ਹਾਂ ਕਿ ਪਰਮਜੀਤ ਕੌਰ ਖਾਲੜਾ ਕੌਣ ਹਨ ਅਤੇ ਖਾਲੜਾ ਮਿਸ਼ਨ 'ਚ ਉਨ੍ਹਾਂ ਦਾ ਕੀ ਯੋਗਦਾਨ ਰਿਹਾ।
ਕੌਣ ਹਨ ਪਰਮਜੀਤ ਕੌਰ ਖਾਲੜਾ

ਤਰਨਤਾਰਨ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ ਪਰਮਜੀਤ ਕੌਰ ਖਾਲੜਾ ਇਸ ਸਮੇਂ 72 ਸਾਲਾਂ ਦੇ ਹਨ। ਮੌਜੂਦਾ ਸਮੇਂ ਉਹ ਅਮਰੀਕਾ ਵਿੱਚ ਆਪਣੀ ਧੀ ਨਵਕਿਰਨ ਕੌਰ ਨਾਲ ਰਹਿ ਰਹੇ ਹਨ। ਉਨ੍ਹਾਂ ਦਾ ਪੁੱਤਰ ਜਨਮੀਤ ਸਿੰਘ ਕੈਨੇਡਾ ਵਿੱਚ ਰਹਿੰਦਾ ਹੈ।
ਖਾਲੜਾ ਮਿਸ਼ਨ ਦੇ ਤਹਿਤ ਉਹ ਅੱਜ ਵੀ ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ 'ਚ ਆਵਾਜ਼ ਚੁੱਕਦੇ ਹਨ।
ਖਾਲੜਾ ਮਿਸ਼ਨ ਆਰਗਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਮਜੀਤ ਕੌਰ ਪੱਕੇ ਤੌਰ 'ਤੇ ਅਮਰੀਕਾ 'ਚ ਸ਼ਿਫ਼ਟ ਨਹੀਂ ਹੋਏ। ਉਹ ਪੰਜਾਬ ਆਉਂਦੇ ਰਹਿੰਦੇ ਹਨ, ਅਗਲੇ ਮਹੀਨੇ ਇੱਕ ਸਮਾਗਮ 'ਚ ਸ਼ਾਮਲ ਹੋਣ ਲਈ ਪੰਜਾਬ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਅਤੇ ਪਰਮਜੀਤ ਕੌਰ ਵਿਆਹ ਤੋਂ ਬਾਅਦ 1988-89 'ਚ ਅੰਮ੍ਰਿਤਸਰ ਚਲੇ ਗਏ ਸਨ, ਕਿਉਂਕਿ ਜਸਵੰਤ ਸਿੰਘ ਨੂੰ ਇੱਥੇ ਨੌਕਰੀ ਮਿਲੀ ਸੀ।
ਹਰਮਨਦੀਪ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਵੀ ਬੀਏ ਤੱਕ ਪੜ੍ਹਾਈ ਕੀਤੀ ਹੋਈ ਸੀ। ਫਿਰ ਲਾਇਬ੍ਰੇਰੀਅਨ ਦੀ ਡਿਗਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਨੌਕਰੀ ਮਿਲ ਗਈ ਸੀ। ਇਸ ਲਈ ਦੋਵਾਂ ਨੂੰ ਅੰਮ੍ਰਿਤਸਰ ਜਾਣਾ ਪਿਆ ਸੀ।
ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ ਤੋਂ ਪਹਿਲਾਂ ਪਰਮਜੀਤ ਕੌਰ ਖਾਲੜਾ ਨੇ ਕਦੇ ਵੀ ਸਾਡੇ ਮਿਸ਼ਨ 'ਚ ਦਿਲਚਸਪੀ ਨਹੀਂ ਦਿਖਾਈ ਸੀ।
ਉਹ ਕਹਿੰਦੇ ਹਨ, "ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੌਰ ਲਾਇਬ੍ਰੇਰੀਅਨ ਨੌਕਰੀ ਕਰਦੇ ਸਨ। ਜੋ ਵੀ ਮੀਟਿੰਗਾਂ ਹੁੰਦੀਆਂ ਉਹ ਜਸਵੰਤ ਖਾਲੜਾ ਕਰਦੇ ਸੀ। ਪਰਮਜੀਤ ਕੌਰ ਆਪਣੀ ਨੌਕਰੀ ਤੋਂ ਘਰ ਦੇ ਕੰਮਾਂ 'ਚ ਹੀ ਮਸਰੂਫ਼ ਰਹਿੰਦੇ ਸਨ।"
ਪਰਮਜੀਤ ਕੌਰ ਖਾਲੜਾ ਦਾ ਸੰਘਰਸ਼

ਤਸਵੀਰ ਸਰੋਤ, BBC/FBkhalramission
ਪੰਜਾਬ ਦੇ ਸਿਆਸੀ ਅਤੇ ਸਮਾਜਿਕ ਇਤਿਹਾਸ ਵਿੱਚ 1980 ਅਤੇ 90 ਦਾ ਦਹਾਕਾ ਬਹੁਤ ਹੀ ਦਰਦਨਾਕ ਅਤੇ ਉਥਲ-ਪੁਥਲ ਵਾਲਾ ਰਿਹਾ ਹੈ। 1990 ਦੇ ਦਹਾਕੇ ਵਿੱਚ ਪੰਜਾਬ ਅੰਦਰ ਕਥਿਤ ਗ਼ੈਰ ਕਾਨੂੰਨੀ ਹੱਤਿਆਵਾਂ ਅਤੇ ਬੇਨਾਮ ਸਸਕਾਰਾਂ ਦਾ ਮਾਮਲਾ ਜਸਵੰਤ ਸਿੰਘ ਖਾਲੜਾ ਨੇ ਉਜਾਗਰ ਕੀਤਾ ਸੀ।
ਜਸਵੰਤ ਸਿੰਘ ਖਾਲੜਾ ਦੇ 1995 ਵਿੱਚ ਲਾਪਤਾ ਹੋਣ ਤੋਂ ਬਾਅਦ ਪਰਮਜੀਤ ਕੌਰ ਖਾਲੜਾ ਨੇ ਇਨਸਾਫ਼ ਲਈ ਲੰਬੀ ਕਾਨੂੰਨੀ ਅਤੇ ਸਮਾਜਿਕ ਲੜਾਈ ਲੜੀ।
ਖਲਾੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਜਦੋਂ ਲਾਪਤਾ ਹੋਏ ਤਾਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਪਰਮਜੀਤ ਕੌਰ ਖਾਲੜਾ ਦੀ ਵੀ ਕਾਫ਼ੀ ਭੂਮਿਕਾ ਰਹੀ।
ਉਨ੍ਹਾਂ ਦੱਸਿਆ, "ਫਿਰ ਜਦੋਂ 6 ਸਤੰਬਰ 1995 'ਚ ਜਸਵੰਤ ਸਿੰਘ ਖਾਲੜਾ ਲਾਪਤਾ ਹੋ ਗਏ ਤਾਂ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਲੱਗ ਗਿਆ ਸੀ। ਦੋ ਕੇਸ ਚੱਲ ਰਹੇ ਸਨ ਇੱਕ ਲਾਵਾਰਸ ਲਾਸ਼ਾਂ ਦੇ ਸਸਕਾਰ ਦਾ ਅਤੇ ਦੂਜਾ ਜਸਵੰਤ ਖਾਲੜਾ ਦੇ ਲਾਪਤਾ ਦਾ ਕੇਸ ਚੱਲ ਰਿਹਾ ਸੀ।"
"ਫਿਰ ਪਰਮਜੀਤ ਕੌਰ ਨੇ ਸਾਡੇ ਮਿਸ਼ਨ 'ਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ। ਕੇਸਾਂ ਦੀ ਸੁਣਵਾਈ ਦੌਰਾਨ ਜਾਂ ਗਵਾਹੀ ਲਈ ਪਰਮਜੀਤ ਕੌਰ ਸਾਡੇ ਨਾਲ ਅਦਾਲਤ 'ਚ ਜਾਣ ਲੱਗ ਪਏ ਸਨ।"
ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਜਸਵੰਤ ਖਾਲੜਾ ਦੀ ਭਾਲ ਲਈ ਪਰਮਜੀਤ ਕੌਰ ਨੇ ਕਾਫ਼ੀ ਸੰਘਰਸ਼ ਕੀਤਾ, "ਜਿੱਥੋਂ ਵੀ ਸਾਨੂੰ ਜਸਵੰਤ ਬਾਰੇ ਖ਼ਬਰ ਮਿਲਦੀ ਤਾਂ ਖਾਲੜਾ ਮਿਸ਼ਨ ਟੀਮ ਨਾਲ ਪਰਮਰਜੀਤ ਕੌਰ ਖਾਲੜਾ ਵੀ ਜਾਂਦੇ ਸਨ।"
"ਨੌਕਰੀ ਦੇ ਨਾਲ ਨਾਲ ਜਸਵੰਤ ਦੀ ਭਾਲ ਅਤੇ ਜਸਵੰਤ ਖਾਲੜਾ ਦਾ ਪਤਾ ਲੈਣ ਲਈ ਘਰ ਆਉਣ ਵਾਲੇ ਰਿਸ਼ਤੇਦਾਰਾਂ ਹੋਰਾਂ ਦਾ ਖਿਆਲ ਇਕੱਲੇ ਪਰਮਜੀਤ ਕੌਰ ਹੀ ਰੱਖਦੇ ਸਨ।"
ਜਸਵੰਤ ਖਾਲੜਾ ਕੇਸ ਦੀ ਪੈਰਵੀ

ਤਸਵੀਰ ਸਰੋਤ, FB@khalramission
6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਲਾਪਤਾ ਹੋ ਗਏ ਸਨ ਅਤੇ 8 ਸਤੰਬਰ 1999 ਨੂੰ ਲਾਪਤਾ ਦਾ ਕੇਸ ਸੁਪਰੀਮ ਕੋਰਟ ਵਿੱਚ ਲੱਗ ਗਿਆ ਸੀ। ਇਸ ਦੌਰਾਨ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਸ ਕੇਸ ਦੀ ਜਾਂਚ ਸੌਂਪੀ। 1999 ਤੋਂ 2000 ਦੇ ਵਿਚਾਲੇ ਸੀਬੀਆਈ ਨੇ ਜਾਂਚ ਪੂਰੀ ਕਰਕੇ ਚਾਰਜਸ਼ੀਟ ਦਾਇਰ ਕੀਤੀ ਅਤੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ।
ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਆਪ ਇਸ ਕੇਸ ਦੀ ਪੈਰਵੀ ਕੀਤੀ ਸੀ। ਇਸ ਦੌਰਾਨ ਪਰਮਜੀਤ ਅਤੇ ਖਾਲੜਾ ਮਿਸ਼ਨ ਟੀਮ ਨੂੰ ਕਈ ਚੁਣੌਤੀਆਂ 'ਚੋਂ ਲੰਘਣਾ ਪਿਆ।
"ਜਦੋਂ ਬੀਬੀ ਖਾਲੜਾ ਕੇਸ ਦੀ ਸੁਣਵਾਈ ਲਈ ਜਾਂਦੇ ਤਾਂ ਕੋਈ ਉਨ੍ਹਾਂ ਦੀ ਗੱਡੀ ਦੇ ਟਾਇਰ ਪੈਂਚਰ ਕਰ ਜਾਂਦਾ, ਇਸ ਤਰ੍ਹਾਂ ਦੀਆਂ ਔਕੜਾਂ ਵੀ ਝੱਲਣੀਆਂ ਪਈਆਂ।"
ਖਾਲੜਾ ਮਿਸ਼ਨ ਆਰਗਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਨੇ ਕਿਹਾ ਕਿ ਜਸਵੰਤ ਖਾਲੜਾ ਅਗਵਾ ਕੇਸ ਕਾਰਨ ਉਨ੍ਹਾਂ 'ਤੇ ਕਈ ਤਰ੍ਹਾਂ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਮਜੀਤ ਕੌਰ ਨੇ ਉਦੋਂ ਤੱਕ ਹਾਰ ਨਹੀਂ ਮੰਨੀ ਜਦੋਂ ਤੱਕ ਮੁਲਜ਼ਮਾਂ ਨੂੰ ਸਜ਼ਾ ਨਹੀਂ ਹੋਈ।
ਹਰਮਨਦੀਪ ਸਿੰਘ ਨੇ ਕਿਹਾ ਕਿ, ਇਸ ਕੇਸ ਦੀ ਸਖ਼ਤ ਪੈਰਵੀ ਅਤੇ ਗਵਾਹਾਂ ਦੇ ਸਦਕਾ ਸਾਲ 2005 ਵਿੱਚ ਸੀਬੀਆਈ ਅਦਾਲਤ, ਪਟਿਆਲਾ ਹਾਊਸ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਅਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ।
ਚੋਣ ਲੜਨ ਦਾ ਮਕਸਦ

ਤਸਵੀਰ ਸਰੋਤ, FB@khalramission
ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਅਗਸਤ 1999 ਵਿੱਚ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ੇ ਤੋਂ ਬਾਅਦ ਪਰਮਜੀਤ ਕੌਰ ਖਾਲੜਾ ਨੇ 1999 ਦੀਆਂ ਲੋਕ ਸਭਾ ਚੋਣਾਂ ਤਰਨ ਤਾਰਨ ਹਲਕੇ ਤੋਂ ਲੜੀਆਂ ਸਨ।
ਉਨ੍ਹਾਂ ਨੇ ਇਹ ਚੋਣ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ। ਇਹ ਪਾਰਟੀ ਗੁਰਚਰਨ ਸਿੰਘ ਟੌਹੜਾ ਨੇ ਬਣਾਈ ਸੀ। ਇਸ ਚੋਣ ਵਿੱਚ ਪਰਮਜੀਤ ਕੌਰ ਖਾਲੜਾ ਨੂੰ ਜਿੱਤ ਨਹੀਂ ਮਿਲੀ।
ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਪਰਮਜੀਤ ਕੌਰ ਖਾਲੜਾ ਦਾ ਚੋਣ ਲੜਨ ਦਾ ਮੁੱਖ ਉਦੇਸ਼ ਸਿਰਫ਼ ਸੰਸਦ ਵਿੱਚ ਜਾਣਾ ਨਹੀਂ ਸੀ, ਸਗੋਂ ਆਪਣੇ ਪਤੀ ਜਸਵੰਤ ਸਿੰਘ ਖਾਲੜਾ ਵੱਲੋਂ ਉਠਾਏ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਅਤੇ ਪੰਜਾਬ ਵਿੱਚ ਕਥਿਤ ਗੈਰ-ਕਾਨੂੰਨੀ ਹੱਤਿਆਵਾਂ ਅਤੇ ਲਾਪਤਾ ਹੋਏ ਲੋਕਾਂ ਦੇ ਮਾਮਲਿਆਂ ਨੂੰ ਰਾਸ਼ਟਰੀ ਪੱਧਰ 'ਤੇ ਉਭਾਰਨਾ ਸੀ।
"ਇਹੀ ਕਾਰਨ ਸੀ ਕਿ ਬਾਅਦ ਵਿੱਚ 2019 ਵਿੱਚ ਵੀ ਉਨ੍ਹਾਂ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਹਲਾਂਕਿ ਉਦੋਂ ਵੀ ਲੋਕ ਸਭਾ ਜਾਣ 'ਚ ਕਾਮਯਾਬ ਨਹੀਂ ਹੋਏ।"
2019 ਵਿੱਚ ਪਰਮਜੀਤ ਕੌਰ ਖਾਲੜਾ ਨੇ ਪੰਜਾਬੀ ਏਕਤਾ ਪਾਰਟੀ ਦੀ ਟਿਕਟ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜੀ ਸੀ। ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਬਣਾਈ ਸੀ। ਖਡੂਰ ਸਾਹਿਬ ਤੋਂ ਪਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ ਪਰ ਉਹ ਇਹ ਚੋਣ ਨਹੀਂ ਜਿੱਤ ਸਕੇ।
ਜਦੋਂ 2019 ਵਿੱਚ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਵੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ।
ਪਰਮਜੀਤ ਕੌਰ ਨੇ ਦਾਅਵਾ ਕੀਤਾ ਸੀ ਕਿ ਸਾਰੇ ਭਾਰਤ 'ਚ ਲੋਕਾਂ ਦੇ ਲਾਪਤਾ ਹੋਣ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ, ਇਹ ਸਿਰਫ਼ ਪੰਜਾਬ 'ਚ ਹੀ ਨਹੀਂ, ਸਗੋਂ ਜੰਮੂ ਕਸ਼ਮੀਰ, ਮਨੀਪੁਰ, ਤਾਮਿਲ 'ਚ ਵੀ ਘੱਟ ਗਿਣਤੀਆਂ ਨਾਲ ਹੋਰ ਰਿਹਾ ਹੈ।
ਬੀਬੀਬੀ ਪੰਜਾਬੀ ਨਾਲ ਉਦੋਂ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਮੁੱਦਿਆਂ 'ਤੇ ਚੋਣ ਨਹੀਂ ਲੜੀ ਜਾਂਦੀ ਭਾਵ ਕਿ ਮੁੱਦਿਆਂ ਦੀ ਰਾਜਨੀਤੀ ਨਹੀਂ ਹੋ ਰਹੀ, ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਜਿਵੇਂ ਕਰਜ਼ ਮੁਆਫ਼ੀ, ਨੌਜਵਾਨਾਂ 'ਚ ਬੇਰੁ਼ਜ਼ਗਾਰੀ ਅਤੇ ਨਸ਼ੇ ਦੇ ਮੁੱਦਿਆਂ ਨੂੰ ਚੋਣਾਂ ਵਿੱਚ ਲੈ ਕੇ ਆਉਣ ਲਈ ਕਿਹਾ ਸੀ।
ਹਲਾਂਕਿ ਖਾਲੜਾ ਮਿਸ਼ਨ ਕਮੇਟੀ ਨੇ ਇੱਕ ਦਾਅਵਾ ਕੀਤਾ ਹੈ ਕਿ ਪਰਮਜੀਤ ਕੌਰ ਖਾਲੜਾ ਹੁਣ ਕੋਈ ਵੀ ਚੋਣ ਨਹੀਂ ਲੜਨਗੇ ਪਰ ਬਲਵਿੰਦਰ ਸਿੰਘ ਝਬਾਲ ਕਹਿੰਦੇ ਹਨ ਇਹ ਸਭ ਹਾਲਾਤਾਂ 'ਤੇ ਨਿਰਭਰ ਕਰਦਾ ਹੈ। ਜੇਕਰ ਹਾਲਾਤ ਬਣੇ ਤਾਂ ਪਰਮਜੀਤ ਕੌਰ ਖਾਲੜਾ ਨੂੰ ਵਾਪਸ ਚੋਣ ਮੈਦਾਨ ਉਤਾਰਿਆ ਜਾ ਸਕਦਾ ਹੈ।
ਉਨ੍ਹਾਂ ਨੇ 2024 ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ, ਇਸ ਵਿੱਚ ਉਹ ਰੋਡ ਸ਼ੋਅ, ਰੈਲੀਆਂ ਅਤੇ ਘਰ ਘਰ ਵੋਟਾਂ ਮੰਗਦੇ ਨਜ਼ਰ ਆਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












