You’re viewing a text-only version of this website that uses less data. View the main version of the website including all images and videos.
ਆਈਪੀਐੱਲ ਫਾਈਨਲ 2026: ਆਰਸੀਬੀ ਬਣੀ ਲਗਾਤਾਰ ਦੂਜੀ ਵਾਰ ਚੈਂਪੀਅਨ, ਵਿਰਾਟ ਕੋਹਲੀ ਨੇ ਖੇਡੀ 75 ਦੌੜਾਂ ਦੀ ਸ਼ਾਨਦਾਰ ਪਾਰੀ
ਰਾਇਲ ਚੈਲੰਜਰਜ਼ ਬੈਂਗਲੁਰੂ ਆਈਪੀਐੱਲ 2026 ਦੀ ਚੈਂਪੀਅਨ ਬਣ ਗਈ ਹੈ। ਆਰਸੀਬੀ ਨੇ ਲਗਾਤਾਰ ਦੂਜੀ ਵਾਰ ਆਈਪੀਐੱਲ ਦੇ ਖਿਤਾਬ 'ਤੇ ਕਬਜ਼ਾ ਕੀਤਾ ਹੈ।
ਆਈਪੀਐੱਲ ਦੇ 19ਵੇਂ ਸੀਜ਼ਨ ਦੇ ਫਾਈਨਲ ਵਿੱਚ ਆਰਸੀਬੀ ਨੇ ਗੁਜਰਾਤ ਟਾਇਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐੱਲ ਦੇ ਫਾਈਨਲ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਗੁਜਰਾਤ ਟਾਈਟਨਜ਼ ਤੋਂ 156 ਦੌੜਾਂ ਦਾ ਟੀਚਾ ਮਿਲਿਆ ਸੀ।
ਇਸ ਜਿੱਤ ਵਿੱਚ ਅਹਿਮ ਯੋਗਦਾਨ ਵਿਰਾਟ ਕੋਹਲੀ ਦਾ ਰਿਹਾ। ਜਿਨ੍ਹਾਂ ਵੱਲੋਂ ਲਾਜਵਾਬ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਬਣਾਇਆ ਗਿਆ।
ਕੋਹਲੀ ਨੇ 42 ਗੇਂਦਾਂ ਵਿੱਚ 75 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕੋਹਲੀ ਨੇ ਆਖ਼ਰ ਵਿੱਚ ਛੱਕਾ ਲਗਾ ਕੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ।
ਰਾਇਲ ਚੈਲੰਜਰਜ਼ ਬੈਂਗਲੁਰੂ ਨੇ 18 ਓਵਰਾਂ ਵਿੱਚ ਇਸ ਟੀਚੇ ਨੂੰ ਹਾਸਿਲ ਕਰ ਲਿਆ।
ਆਰਸੀਬੀ ਵੱਲੋਂ ਵੈਂਕਟੇਸ਼ ਅਈਅਰ ਤੇ ਵਿਰਾਟ ਕੋਹਲੀ ਨੇ ਆਪਣੀ ਟੀਮ ਨੂੰ ਤੇਜ਼ ਤਰਾਰ ਸ਼ੁਰੂਆਤ ਦਿੱਤੀ ਸੀ। ਆਰਸੀਬੀ ਨੇ ਚਾਰ ਓਵਰਾਂ ਵਿੱਚ ਹੀ 55 ਦੌੜਾਂ ਬਣਾ ਲਈਆਂ ਸਨ।
ਪਰ ਪੰਜਵੇਂ ਓਵਰ ਵਿੱਚ ਮੁਹੰਮਦ ਸਿਰਾਜ ਨੇ ਟੀਮ ਨੂੰ ਵਾਪਸੀ ਕਰਵਾਈ। ਉਨ੍ਹਾਂ ਨੇ ਵੈਂਕਟੇਸ਼ ਅਈਅਰ ਨੂੰ ਆਊਟ ਕੀਤਾ। ਅਈਅਰ 16 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਆਊਟ ਹੋਏ।
ਇਸ ਮਗਰੋਂ 6ਵੇਂ ਓਵਰ ਵਿੱਚ ਰਬਾਡਾ ਨੇ ਪਡੀਕਲ ਨੂੰ ਆਊਟ ਕਰਕੇ ਆਰਸੀਬੀ ਨੂੰ ਦੂਜਾ ਝਟਕਾ ਦਿੱਤਾ।
ਇਸ ਮਗਰੋਂ ਵਿਰਾਟ ਕੋਹਲੀ ਅਤੇ ਕਪਤਾਨ ਰਜਤ ਪਾਟੀਦਾਰ ਨੇ ਥੋੜ੍ਹੀ ਸਾਂਝੇਦਾਰੀ ਕਰਕੇ ਟੀਮ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਸ਼ਿਦ ਖਾਨ ਦੇ ਓਵਰ ਨੇ ਫਿਰ ਤੋਂ ਗੁਜਰਾਤ ਨੂੰ ਵਾਪਸੀ ਕਰਵਾ ਦਿੱਤੀ।
ਰਾਸ਼ਿਦ ਖਾਨ ਨੇ 9ਵੇਂ ਓਵਰ ਵਿੱਚ ਦੋ ਵਿਕਟਾਂ ਲਈਆਂ। ਜਿਸ ਵਿੱਚ ਕਪਤਾਨ ਪਾਟੀਦਾਰ ਤੇ ਕਰੁਣਾਲ ਪਾਂਡਿਆ ਦਾ ਵਿਕਟ ਸ਼ਾਮਿਲ ਹੈ।
ਗੁਜਰਾਤ ਟਾਈਟਨਜ਼ ਦੀ ਖਰਾਬ ਸ਼ੁਰੂਆਤ
ਇਸ ਤੋਂ ਪਹਿਲਾਂ ਜੇਕਰ ਗੁਜਰਾਤ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ ਸਨ।
ਇਸ ਮੁਕਾਬਲੇ ਵਿੱਚ ਆਰਸੀਬੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ। ਦੂਜੇ ਪਾਸੇ ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ ਸੀ।
ਗੁਜਰਾਤ ਨੇ 22 ਦੌੜਾਂ 'ਤੇ ਕਪਤਾਨ ਸ਼ੁਭਮਨ ਗਿੱਲ ਦਾ ਵਿਕਟ ਗਵਾ ਦਿੱਤਾ ਸੀ। ਸ਼ੁਭਮਨ ਗਿੱਲ ਸਿਰਫ਼ 10 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਸ਼ੁਭਮਨ ਨੂੰ ਜੌਸ਼ ਹੇਜ਼ਲਵੁੱਡ ਨੇ ਆਊਟ ਕੀਤਾ।
ਇਸ ਮਗਰੋਂ ਸਾਈ ਸੁਦਰਸ਼ਨ ਵੀ ਲੰਬੀ ਪਾਰੀ ਨਹੀਂ ਖੇਡ ਸਕੇ। ਉਹ 12 ਦੌੜਾਂ ਬਣਾ ਕੇ ਆਊਟ ਹੋ ਗਏ। ਸਾਈ ਸੁਦਰਸ਼ਨ ਨੂੰ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ।
ਜੀਟੀ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੀ ਅਹਿਮ ਭੂਮਿਕਾ ਰਹੀ ਸੀ। ਗਿੱਲ ਅਤੇ ਸਾਈ ਦੇ ਨਾਮ ਇਸ ਸੀਜ਼ਨ ਵਿੱਚ 700 ਤੋਂ ਵੱਧ ਦੌੜਾਂ ਦਰਜ ਹਨ।
ਦੋ ਵਿਕਟਾਂ ਜਲਦੀ ਡਿੱਗਣ ਦਾ ਅਸਰ ਜੀਟੀ ਦੀ ਸ਼ੁਰੂਆਤ 'ਤੇ ਸਾਫ਼ ਨਜ਼ਰ ਆਇਆ। ਟੀਮ ਨੇ ਪਾਵਰਪਲੇ ਵਿੱਚ ਦੋ ਵਿਕਟਾਂ ਗੁਆ ਕੇ ਸਿਰਫ਼ 45 ਦੌੜਾਂ ਬਣਾਈਆਂ। ਸੱਤ ਓਵਰ ਪੂਰੇ ਹੋਣ ਤੱਕ ਜੀਟੀ ਦਾ ਸਕੋਰ 50 ਦੌੜਾਂ ਤੋਂ ਪਾਰ ਪਹੁੰਚਿਆ।
ਜੋਸ ਬਟਲਰ ਨੇ ਨਿਸ਼ਾਂਤ ਸੰਧੂ ਨਾਲ ਮਿਲ ਕੇ ਜੀਟੀ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਅੱਠਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਰਸਿਖ ਸਲਾਮ ਨੇ ਸੰਧੂ ਨੂੰ ਆਊਟ ਕਰ ਦਿੱਤਾ। ਸੰਧੂ ਨੇ 18 ਗੇਂਦਾਂ ਵਿੱਚ 20 ਦੌੜਾਂ ਹੀ ਬਣਾਈਆਂ।
ਇਸ ਮਗਰੋਂ ਜੋਸ ਬਟਲਰ ਨੇ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਹ ਵੀ ਜ਼ਿਆਦਾ ਦੇਰ ਵਿਕਟ 'ਤੇ ਟਿਕ ਨਹੀਂ ਸਕੇ। ਬਟਲਰ ਕਰੁਣਾਲ ਪੰਡਯਾ ਦੇ ਗੇਂਦ 'ਤੇ ਸਟੰਪ ਆਊਟ ਹੋ ਗਏ।
ਗੁਜਰਾਤ ਨੇ 14.1 ਓਵਰਾਂ ਵਿੱਚ 99 ਦੌੜਾਂ 'ਤੇ 5 ਵਿਕਟਾਂ ਗਵਾ ਦਿੱਤੀਆਂ ਸਨ। ਹਾਲਾਂਕਿ ਵਾਸ਼ਿੰਗਟਨ ਸੁੰਦਰ ਨੇ ਪਾਰੀ ਨੂੰ ਜ਼ਰੂਰ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।
ਆਰਸੀਬੀ ਵੱਲੋਂ ਤੇਜ਼ ਗੇਂਦਬਾਜ਼ ਰਸੀਖ ਸਲਾਮ ਡਾਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਿਲ ਕੀਤੀਆਂ। ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿੱਚ 37 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ।
ਭੁਵਨੇਸ਼ਵਰ ਕੁਮਾਰ ਨੇ ਵੀ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਕਰੁਣਾਲ ਪੰਡਯਾ ਨੂੰ ਜੋਸ ਬਟਲਰ ਦੇ ਰੂਪ ਵਿੱਚ ਅਹਿਮ 1 ਵਿਕਟ ਮਿਲਿਆ।
ਜੀਟੀ ਤੇ ਆਰਸੀਬੀ ਕਿਵੇਂ ਪੁੱਜੇ ਸਨ ਫਾਈਨਲ 'ਚ
ਜੇਕਰ ਆਰਸੀਬੀ ਦੀ ਗੱਲ ਕਰੀਏ ਤਾਂ ਉਹ ਪਹਿਲੇ ਕੁਆਲੀਫਾਇਰ ਵਿੱਚ ਜੀਟੀ ਨੂੰ ਹਰਾ ਕੇ ਹੀ ਫਾਈਨਲ ਵਿੱਚ ਪੁੱਜੀ ਹੈ।
ਦੂਜੇ ਪਾਸੇ ਗੁਰਜਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਕੁਆਲੀਫਾਇਰ 2 ਵਿੱਚ ਹਰਾ ਕੇ ਫਾਈਨਲ ਦਾ ਟਿਕਟ ਹਾਸਿਲ ਕੀਤਾ ਸੀ।
ਆਰਸੀਬੀ ਲਗਾਤਾਰ ਦੂਜੇ ਸੀਜ਼ਨ ਆਈਪੀਐੱਲ ਦਾ ਫਾਈਨਲ ਮੁਕਾਬਲਾ ਖੇਡ ਰਹੀ ਹੈ। ਬੀਤੇ ਸੀਜ਼ਨ ਦੇ ਫਾਈਨਲ ਵਿੱਚ ਆਰਸੀਬੀ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣੀ ਸੀ।
ਦੂਜੇ ਪਾਸੇ ਗੁਜਰਾਤ ਟਾਈਟਨਜ਼ 2022 ਵਿੱਚ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਸੀ।
ਇਹ ਦੋਨੋਂ ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੀ ਖੇਡੇ ਗਏ ਸਨ।
ਆਈਪੀਐੱਲ 2026 ਵਿੱਚ ਦੋਨਾਂ ਟੀਮਾਂ ਦੀ ਟੱਕਰ
ਜੇਕਰ ਦੋਨੋਂ ਟੀਮਾਂ ਦੇ ਇਸ ਸੀਜ਼ਨ ਵਿੱਚ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਆਰਸੀਬੀ ਅੱਗੇ ਰਹੀ। ਫਾਈਨਲ ਤੋਂ ਪਹਿਲਾਂ ਇਸ ਸੀਜ਼ਨ ਵਿੱਚ ਦੋਨੋਂ ਟੀਮਾਂ ਤਿੰਨ ਵਾਰ ਆਹਮੋ ਸਾਹਮਣੇ ਹੋਈਆਂ ਸਨ।
ਜਿਨ੍ਹਾਂ ਵਿੱਚ ਆਰਸੀਬੀ ਨੇ ਦੋ ਜਦਕਿ ਜੀਟੀ ਨੇ ਇੱਕ ਮੁਕਾਬਲਾ ਜਿੱਤਿਆ। ਆਈਪੀਐੱਲ ਦੇ 19ਵੇਂ ਸੀਜ਼ਨ ਦੇ 34ਵੇਂ ਮੈਚ ਵਿੱਚ ਆਰਸੀਬੀ ਨੇ ਜੀਟੀ ਨੂੰ 5 ਵਿਕਟਾਂ ਨਾਲ ਹਰਾਇਆ ਸੀ।
ਜਦਕਿ ਸੀਜ਼ਨ ਦੇ 42ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਕੇ 1-1 ਨਾਲ ਬਰਾਬਰੀ ਕੀਤੀ ਸੀ। ਪਰ ਕੁਆਲੀਫਾਇਰ 1 ਵਿੱਚ ਜੀਟੀ ਨੂੰ ਆਰਸੀਬੀ ਹੱਥੋਂ 92 ਦੌੜਾਂ ਨਾਲ ਵੱਡੀ ਹਾਰ ਮਿਲੀ।
ਹਾਲਾਂਕਿ ਗੁਜਰਾਤ ਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਸੀ, ਕਿਉਂਕਿ ਉਹ ਆਪਣੇ ਘਰੇਲੂ ਮੈਦਾਨ ਉੱਤੇ ਫਾਈਨਲ ਖੇਡ ਰਹੀ ਸੀ ਤੇ ਇਸੇ ਮੈਦਾਨ 'ਤੇ ਉਹ ਆਰਸੀਬੀ ਨੂੰ ਇਸ ਸੀਜ਼ਨ ਵਿੱਚ ਹਰਾ ਚੁੱਕੀ ਸੀ।
ਜੇਕਰ ਦੋਨੋਂ ਟੀਮਾਂ ਵਿਚਾਲੇ ਆਈਪੀਐੱਲ ਵਿੱਚ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ 9 ਵਾਰ ਦੋਨੋਂ ਟੀਮਾਂ ਆਹਮੋ ਸਾਹਮਣੇ ਹੋਈਆਂ ਸਨ। ਇਨ੍ਹਾਂ 'ਚੋਂ 5 ਵਾਰ ਆਰੀਸੀਬੀ ਨੇ ਜਿੱਤ ਹਾਸਿਲ ਕੀਤੀ ਸੀ ਜਦਕਿ 4 ਵਾਰ ਜੀਟੀ ਨੂੰ ਜਿੱਤ ਨਸੀਬ ਹੋਈ ਸੀ।
ਆਈਪੀਐੱਲ ਦੇ ਫਾਈਨਲ ਤੋਂ ਪਹਿਲਾਂ ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਕਿਹਾ ਸੀ ਕਿ ਸਾਲ 2018 ਤੋਂ ਜਿਹੜੀ ਟੀਮ ਕੁਆਲੀਫਾਇਰ-1 ਜਿੱਤ ਕੇ ਸਿੱਧੀ ਫਾਈਨਲ ਵਿੱਚ ਪਹੁੰਚ ਰਹੀ ਹੈ, ਓਹੀ ਟੀਮ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਹੈ।
ਆਰਸੀਬੀ ਨੇ ਇਸ ਨੂੰ ਕਾਇਮ ਰੱਖਿਆ ਅਤੇ ਉਹ ਚੈਂਪੀਅਨ ਬਣੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ