ਕੀ ਡੌਨਲਡ ਟਰੰਪ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਉੱਤੇ ਟੋਲ ਲਗਾ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ

ਅਮਰੀਕਾ ਦੇ ਰਾਸ਼ਟਰਪਤੀ

ਤਸਵੀਰ ਸਰੋਤ, SAUL LOEB / AFP via Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੁਜ਼ ਵਿੱਚੋਂ ਨਿਕਲਣ ਵਾਲੇ ਮਾਲਵਾਹਕ ਜਹਾਜ਼ਾਂ ਤੋਂ ਫੀਸ ਵਸੂਲੀ ਜਾਵੇਗੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਹੋਰਮੁਜ਼ ਸਟ੍ਰੇਟ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਦਾ ਇੱਕ ਮੁੱਖ ਕੇਂਦਰ ਬਣਿਆ ਹੋਇਆ ਹੈ। ਇਸ 'ਤੇ ਕੰਟਰੋਲ ਨੂੰ ਲੈ ਕੇ ਇੱਕ ਵਾਰ ਫਿਰ ਦੋਵੇਂ ਦੇਸ਼ ਆਹਮੋ-ਸਾਹਮਣੇ ਆ ਗਏ ਹਨ।

ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਕਿ ਹੋਰਮੁਜ਼ ਸਟ੍ਰੇਟ ਦਾ ਗਾਰਡੀਅਨ ਅਮਰੀਕਾ ਹੈ ਅਤੇ ਇਸ ਸਮੁੰਦਰੀ ਰਾਹ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਬਦਲੇ ਉਹ 20 ਫ਼ੀਸਦੀ ਟੋਲ ਵਸੂਲੇਗਾ।

ਇਸ ਦੇ ਜਵਾਬ ਵਿੱਚ ਈਰਾਨ ਦੇ ਟੌਪ ਦੇ ਫ਼ੌਜੀ ਹੈੱਡਕੁਆਰਟਰ 'ਖ਼ਾਤਮ ਅਲ-ਅੰਬਿਆ' ਨੇ ਕਿਹਾ ਹੈ ਕਿ ਉਹ ਅਮਰੀਕਾ ਨੂੰ ਹੋਰਮੁਜ਼ ਸਟ੍ਰੇਟ ਦੇ ਪ੍ਰਬੰਧਨ ਵਿੱਚ ਦਖ਼ਲ ਨਹੀਂ ਦੇਣ ਦੇਵੇਗਾ।

ਹੋਰਮੁਜ਼ ਬਾਰੇ ਟਰੰਪ ਦੇ ਐਲਾਨ 'ਤੇ ਤੰਜ਼ ਕਰਦੇ ਹੋਏ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਐਕਸ 'ਤੇ ਲਿਖਿਆ, "ਅਮਰੀਕੀ ਰਾਸ਼ਟਰਪਤੀ ਬਿਲਕੁਲ ਸਹੀ ਹਨ। ਜੋ ਵੀ ਹੋਰਮੁਜ਼ ਸਟ੍ਰੇਟ ਰਾਹੀਂ ਕਾਰਗੋ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਂਦਾ ਹੈ, ਉਸ ਨੂੰ ਇਸ ਸੇਵਾ ਲਈ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।"

ਉਨ੍ਹਾਂ ਅੱਗੇ ਕਿਹਾ, "ਈਰਾਨ ਹਮੇਸ਼ਾ ਤੋਂ ਹੋਰਮੁਜ਼ ਦਾ ਗਾਰਡੀਅਨ ਰਿਹਾ ਹੈ ਅਤੇ ਹਮੇਸ਼ਾ ਰਹੇਗਾ।"

ਅਰਾਗਚੀ ਨੇ ਅੱਗੇ ਜੋੜਿਆ, "20% ਨਿਸ਼ਚਿਤ ਰੂਪ ਵਿੱਚ ਬਹੁਤ ਜ਼ਿਆਦਾ ਹੈ, ਅਸੀਂ ਨਿਰਪੱਖ ਰਹਾਂਗੇ।"

'ਸਾਨੂੰ ਖਾੜੀ ਮੁਲਕਾਂ ਦੀ ਲੋੜ ਨਹੀਂ'

ਈਰਾਨ ਵਾਰ ਦੇ ਬਾਅਦ ਤੋਂ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਆਵਾਜਾਈ ਉੱਤੇ ਬੁਰਾ ਅਸਰ ਪਿਆ ਹੈ

ਤਸਵੀਰ ਸਰੋਤ, Shady Alassar/Anadolu via Getty Images

ਤਸਵੀਰ ਕੈਪਸ਼ਨ, ਈਰਾਨ ਵਾਰ ਦੇ ਬਾਅਦ ਤੋਂ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਆਵਾਜਾਈ ਉੱਤੇ ਬੁਰਾ ਅਸਰ ਪਿਆ ਹੈ (ਫਾਈਲ ਫੋਟੋ)

ਇਸ ਦੌਰਾਨ ਅਮਰੀਕਾ ਦੇ ਤਾਜ਼ਾ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਖਾੜੀ ਦੇਸ਼ਾਂ ਵਿੱਚ ਮੌਜੂਦ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਇਨ੍ਹਾਂ ਦੇਸ਼ਾਂ ਨੂੰ ਸੁਰੱਖਿਆ ਮੁਹੱਈਆ ਕਰਵਾਏਗਾ, ਪਰ ਇਸ ਦੇ ਬਦਲੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।

ਉਨ੍ਹਾਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਾਨੂੰ ਇਸ ਦਾ ਭੁਗਤਾਨ ਕੀਤਾ ਜਾਵੇ, ਕਿਉਂਕਿ ਅਸੀਂ ਦੁਨੀਆ ਦੇ ਇੱਕ ਬਹੁਤ ਹੀ ਖੁਸ਼ਹਾਲ ਖੇਤਰ ਦੀ ਸੁਰੱਖਿਆ ਕਰ ਰਹੇ ਹਾਂ। ਅਸੀਂ ਇਸ 'ਤੇ ਪੈਸਾ ਖ਼ਰਚ ਕਰ ਰਹੇ ਹਾਂ।"

ਟਰੰਪ ਨੇ ਅੱਗੇ ਕਿਹਾ, "ਜਿਨ੍ਹਾਂ ਦੇਸ਼ਾਂ ਦੀ ਸੁਰੱਖਿਆ ਅਸੀਂ ਕਰ ਰਹੇ ਹਾਂ, ਉਨ੍ਹਾਂ ਤੋਂ ਸਾਨੂੰ ਪੈਸਾ ਮਿਲੇਗਾ। ਜਿਵੇਂ ਸਾਊਦੀ ਅਰਬ, ਯੂਏਈ, ਕਤਰ, ਬਹਿਰੀਨ, ਕੁਵੈਤ ਅਤੇ ਹੋਰ ਦੇਸ਼। ਸਾਨੂੰ ਇਨ੍ਹਾਂ ਦੇਸ਼ਾਂ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸਾਡੀ ਲੋੜ ਹੈ। ਵੇਨੇਜ਼ੁਏਲਾ ਨੂੰ ਮਿਲਾ ਕੇ ਸਾਡੇ ਕੋਲ ਬਹੁਤ ਵੱਡਾ ਤੇਲ ਭੰਡਾਰ ਹੈ।"

ਕੀ ਅਮਰੀਕਾ ਨੂੰ ਟੈਕਸ ਵਸੂਲਣ ਦਾ ਹੱਕ ਹੈ?

ਇਸ ਦੌਰਾਨ ਰਾਇਟਰਜ਼ ਨੇ ਦੁਨੀਆ ਭਰ ਵਿੱਚ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਕਿਹਾ, "ਅਸੀਂ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ ਲਈ ਵਰਤੇ ਜਾਣ ਵਾਲੇ ਸਟ੍ਰੇਟਸ ਵਿੱਚੋਂ ਲੰਘਣ 'ਤੇ ਕੋਈ ਵੀ ਫ਼ੀਸ ਵਸੂਲਣ ਦਾ ਸਖ਼ਤ ਵਿਰੋਧ ਕਰਦੇ ਹਾਂ।"

ਬੁਲਾਰੇ ਨੇ ਅੱਗੇ ਕਿਹਾ, "ਸਿਰਫ਼ ਕਿਸੇ ਸਟ੍ਰੇਟ ਵਿੱਚੋਂ ਲੰਘਣ ਲਈ ਲਾਜ਼ਮੀ ਟੋਲ ਲਗਾਉਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।"

ਸ਼ਿਪਿੰਗ ਉਦਯੋਗ ਨਾਲ ਜੁੜੇ ਅਧਿਕਾਰੀਆਂ ਨੇ ਇਸ ਤਾਜ਼ਾ ਘਟਨਾਕ੍ਰਮ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਾਂਕਣ ਮੁਤਾਬਕ ਅਜਿਹਾ ਕਦਮ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਵੇਗਾ।

ਅਮਰੀਕਾ ਦੇ ਰਾਸ਼ਟਰਪਤੀ ਦੀ ਟਿੱਪਣੀ

ਇੱਕ ਅਧਿਕਾਰੀ, ਜਿਨ੍ਹਾਂ ਨੇ ਆਪਣੀ ਪਛਾਣ ਉਜਾਗਰ ਕਰਨ ਤੋਂ ਇਨਕਾਰ ਕੀਤਾ,ਨੇ ਟਰੰਪ ਦੀ ਪੋਸਟ 'ਤੇ ਕਿਹਾ , "ਇਸ ਨਾਲ ਉਸ ਰਾਹ ਤੋਂ ਜਹਾਜ਼ਾਂ ਦਾ ਲੰਘਣਾ ਹੋਰ ਸੁਰੱਖਿਅਤ ਕਿਵੇਂ ਹੋਵੇਗਾ ਅਤੇ ਇਸ ਦੀ ਕੀ ਗਾਰੰਟੀ ਹੋਵੇਗੀ?"

ਟਰੰਪ ਦੇ ਤਾਜ਼ਾ ਐਲਾਨ ਦਾ ਅਮਲੀ ਤੌਰ 'ਤੇ ਕੀ ਅਰਥ ਹੋਵੇਗਾ, ਇਹ ਅਜੇ ਸਪੱਸ਼ਟ ਨਹੀਂ ਹੈ।

ਸੰਯੁਕਤ ਰਾਸ਼ਟਰ ਦੇ ਨਿਯਮ ਦੇਸ਼ਾਂ ਨੂੰ ਆਪਣੀ ਸਮੁੰਦਰੀ ਤੱਟਰੇਖਾ ਤੋਂ 12 ਸਮੁੰਦਰੀ ਮੀਲ (ਕਰੀਬ 22 ਕਿਲੋਮੀਟਰ) ਤੱਕ ਦੇ ਖੇਤਰੀ ਸਮੁੰਦਰੀ ਜਲ 'ਤੇ ਕੰਟਰੋਲ ਰੱਖਣ ਦੀ ਇਜਾਜ਼ਤ ਦਿੰਦੇ ਹਨ। ਆਪਣੇ ਸਭ ਤੋਂ ਤੰਗ ਹਿੱਸੇ ਵਿੱਚ ਹੋਰਮੁਜ਼ ਸਟ੍ਰੇਟ ਅਤੇ ਉਸ ਦੀਆਂ ਸ਼ਿਪਿੰਗ ਲੇਨਾਂ ਪੂਰੀ ਤਰ੍ਹਾਂ ਈਰਾਨ ਅਤੇ ਓਮਾਨ ਦੇ ਖੇਤਰੀ ਸਮੁੰਦਰੀ ਜਲ ਦੇ ਅੰਦਰ ਆਉਂਦੀਆਂ ਹਨ। ਭਾਵ, ਸੰਯੁਕਤ ਰਾਸ਼ਟਰ ਦੇ ਨਿਯਮਾਂ ਮੁਤਾਬਕ ਇਸ ਹਿੱਸੇ 'ਤੇ ਈਰਾਨ ਅਤੇ ਓਮਾਨ ਦਾ ਕੰਟਰੋਲ ਹੈ।

ਸੰਯੁਕਤ ਰਾਸ਼ਟਰ ਦੇ ਸਮੁੰਦਰੀ ਕਾਨੂੰਨ ਦੇ ਆਰਟੀਕਲ 38 ਤਹਿਤ ਦੁਨੀਆ ਭਰ ਦੇ 100 ਤੋਂ ਵੱਧ ਸਟ੍ਰੇਟਸ, ਜਿਨ੍ਹਾਂ ਵਿੱਚ ਹੋਰਮੁਜ਼ ਸਟ੍ਰੇਟ ਵੀ ਸ਼ਾਮਲ ਹੈ, ਵਿੱਚੋਂ ਜਹਾਜ਼ਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ "ਟਰਾਂਜ਼ਿਟ ਪੈਸੇਜ" ਦਾ ਅਧਿਕਾਰ ਦਿੱਤਾ ਗਿਆ ਹੈ।

ਹੋਰਮੁਜ਼ ਨੂੰ ਲੈ ਕੇ ਜਾਰੀ ਹੈ ਤਣਾਅ

ਹਾਰਮੋਜ਼

ਤਸਵੀਰ ਸਰੋਤ, Majid Saeedi/Getty Images

ਤਸਵੀਰ ਕੈਪਸ਼ਨ, ਲੰਘੇ ਮਹੀਨਿਆਂ ਦੌਰਾਨ ਸਟ੍ਰੇਟ ਵਿੱਚੋਂ ਸਮੁੰਦਰੀ ਆਵਾਜਾਈ ਵਿੱਚ ਭਾਰੀ ਗਿਰਾਵਟ ਆਈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ।

28 ਫ਼ਰਵਰੀ ਨੂੰ ਅਮਰੀਕਾ ਅਤੇ ਇਜ਼ਰਾਇਲ ਨੇ ਈਰਾਨ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਈਰਾਨ ਨੇ ਪ੍ਰਭਾਵੀ ਤੌਰ 'ਤੇ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ। ਇਸੇ ਸਮੁੰਦਰੀ ਰਾਹ ਰਾਹੀਂ ਪਹਿਲਾਂ ਦੁਨੀਆ ਦੇ ਲਗਭਗ 25 ਫ਼ੀਸਦੀ ਤੇਲ ਅਤੇ ਐਲਐਨਜੀ (ਤਰਲ ਕੁਦਰਤੀ ਗੈਸ) ਦੀ ਕਰੀਬ 20 ਫ਼ੀਸਦੀ ਸਪਲਾਈ ਲੰਘਦੀ ਸੀ।

ਈਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਇਲ ਅਤੇ ਖਾੜੀ ਦੇ ਕਈ ਦੇਸ਼ਾਂ ਵਿੱਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ।

ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਨੇ ਇਸ ਤੋਂ ਪਹਿਲਾਂ ਵੀ ਆਪਣੀ ਇਜਾਜ਼ਤ ਤੋਂ ਬਿਨਾਂ ਹੋਰਮੁਜ਼ ਸਟ੍ਰੇਟ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਕਾਰਗੋ ਜਹਾਜ਼ਾਂ 'ਤੇ ਗੋਲੀਬਾਰੀ ਕੀਤੀ ਸੀ ਅਤੇ ਦੋ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਇਸ ਸਟ੍ਰੇਟ ਵਿੱਚੋਂ ਸਮੁੰਦਰੀ ਆਵਾਜਾਈ ਵਿੱਚ ਭਾਰੀ ਗਿਰਾਵਟ ਆਈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆ ਗਿਆ।

ਅਮਰੀਕਾ ਨੇ ਅਪ੍ਰੈਲ ਵਿੱਚ ਈਰਾਨ 'ਤੇ ਦਬਾਅ ਬਣਾਉਣ ਲਈ ਸਭ ਤੋਂ ਪਹਿਲਾਂ ਸਾਰੀਆਂ ਇਰਾਨੀ ਬੰਦਰਗਾਹਾਂ ਦੀ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਸੀ। ਲਗਭਗ ਪੰਜ ਹਫ਼ਤਿਆਂ ਬਾਅਦ ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਨੇ ਨਾਕਾਬੰਦੀ ਦੌਰਾਨ 100 ਕਾਰਗੋ ਜਹਾਜ਼ਾਂ ਦਾ ਰਸਤਾ ਬਦਲਵਾਇਆ ਅਤੇ ਚਾਰ ਜਹਾਜ਼ਾਂ ਨੂੰ ਅਸਮਰੱਥ ਕਰ ਦਿੱਤਾ।

ਅਮਰੀਕਾ ਨੇ ਜੂਨ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਹੋਏ ਇੱਕ ਸਮਝੌਤਾ (ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ) ਤਹਿਤ ਨਾਕਾਬੰਦੀ ਹਟਾ ਲਈ ਸੀ, ਜਿਸ ਦਾ ਮਕਸਦ ਟਕਰਾਅ ਨੂੰ ਖ਼ਤਮ ਕਰਨਾ ਸੀ। ਹਾਲਾਂਕਿ, ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਉੱਭਰ ਆਇਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)