ਪਤੀ ਦੇ ਕਤਲ ਦੇ ਇਲਜ਼ਾਮ ਵਿੱਚ ਪਤਨੀ, ਉਸ ਦਾ ਪ੍ਰੇਮੀ ਅਤੇ ਬਚਪਨ ਦਾ ਦੋਸਤ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

ਪੁਲਿਸ ਦੀ ਹਿਰਾਸਤ ਵਿੱਚ ਮੁਲਜ਼ਮ ਸੰਧਿਆ, ਬੰਟੀ ਅਤੇ ਅਨਿਲ ।

ਤਸਵੀਰ ਸਰੋਤ, NIZAMABAD POLICE

ਤਸਵੀਰ ਕੈਪਸ਼ਨ, ਪੁਲਿਸ ਨੇ ਪ੍ਰਸ਼ਾਂਤ ਦੇ ਕਤਲ ਦੇ ਇਲਜ਼ਾਮ ਵਿੱਚ ਉਸ ਦੀ ਪਤਨੀ, ਬਚਪਨ ਦੇ ਦੋਸਤ ਅਤੇ ਪਤਨੀ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ।
    • ਲੇਖਕ, ਪ੍ਰਵੀਨ ਸ਼ੁਭਮ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

(ਨੋਟ: ਇਸ ਕਹਾਣੀ ਵਿੱਚ ਵਿਚਲਿਤ ਕਰਨ ਵਾਲੇ ਵੇਰਵੇ ਸ਼ਾਮਲ ਹਨ)

ਇੱਕ ਪਤਨੀ ਉੱਤੇ ਆਪਣੇ ਪਤੀ ਦੇ ਕਤਲ ਦੇ ਇਲਜ਼ਾਮ ਲੱਗੇ ਹਨ, ਇਲਜ਼ਾਮਾਂ ਦੇ ਘੇਰੇ ਵਿੱਚ ਉਨ੍ਹਾਂ ਦੇ ਦੋਸਤ ਵੀ ਹਨ।

ਤੇਲੰਗਾਨਾ ਦੀ ਨਿਜ਼ਾਮਾਬਾਦ ਪੁਲਿਸ ਨੇ ਕਿਹਾ, ਅਸੀਂ ਕਤਲ ਦੇ ਇਲਜ਼ਾਮਾਂ ਤਹਿਤ ਮ੍ਰਿਤਕ ਦੀ ਪਤਨੀ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਪਤੀ ਦੇ ਕਤਲ ਵਿੱਚ ਉਸ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਪਤੀ ਨੂੰ ਨਸ਼ਾ ਕਰਾਇਆ, ਛੱਤ ਤੋਂ ਧੱਕਾ ਦਿੱਤਾ ਅਤੇ ਫਿਰ ਉਸ ਦੀਆਂ ਨਾੜਾਂ ਵਿੱਚ ਟਾਇਲਟ ਕਲੀਨਰ ਦਾ ਇੰਜੈਕਸ਼ਨ ਲਗਾਇਆ।

ਨਿਜ਼ਾਮਾਬਾਦ ਦੱਖਣ ਦਿਹਾਤੀ ਦੇ ਇੰਸਪੈਕਟਰ ਸੁਰੇਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਇਹ ਯੋਜਨਾ ਬਣਾਈ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਖਾੜੀ ਦੇਸ਼ਾਂ ਤੋਂ ਹਾਲ ਹੀ ਵਿੱਚ ਪਰਤਿਆ ਪਤੀ ਦੋਹਾਂ ਦੇ ਐਕਸਟਰਾ-ਮੈਰੀਟਲ ਅਫੇਅਰ ਵਿੱਚ ਅੜਿੱਕਾ ਬਣੇਗਾ।

ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲਾਉਣ ਦਾ ਦਾਅਵਾ ਕੀਤਾ ਹੈ ਕਿ ਇੱਕ ਹੋਰ ਸ਼ਖਸ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ 24 ਘੰਟੇ ਦੇ ਅੰਦਰ ਯੋਜਨਾਬੱਧ ਤਰੀਕੇ ਨਾਲ ਦੋ ਵਾਰ ਪ੍ਰਸ਼ਾਂਤ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਂਤ ਦੀ ਮੌਤ 30 ਜੂਨ ਨੂੰ ਹੋਈ।

ਅਸਲ ਵਿੱਚ ਕੀ ਹੋਇਆ ਸੀ?

ਸੰਧਿਆ ਅਤੇ ਪ੍ਰਸ਼ਾਂਤ

ਤਸਵੀਰ ਸਰੋਤ, NIZAMABAD POLICE

ਤਸਵੀਰ ਕੈਪਸ਼ਨ, ਸੰਧਿਆ ਅਤੇ ਪ੍ਰਸ਼ਾਂਤ ਦੀ ਪੁਰਾਣੀ ਤਸਵੀਰ।

ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਨਿਜ਼ਾਮਾਬਾਦ ਜ਼ਿਲ੍ਹੇ ਦੇ ਮੋਪਾਲ ਮੰਡਲ ਵਿੱਚ ਪੈਂਦੇ ਨਿਆਲ ਕਾਲ ਵਿੱਚ ਰਹਿਣ ਵਾਲੇ ਦੈਨੀ ਪ੍ਰਸ਼ਾਂਤ ਦਾ ਵਿਆਹ ਨੰਦੀਪੇਟ ਮੰਡਲ ਦੇ ਵੇਲਮਲ ਨਿਵਾਸੀ ਸੰਧਿਆ ਨਾਲ ਬਾਰਾਂ ਸਾਲ ਪਹਿਲਾਂ ਹੋਇਆ ਸੀ। ਇਹ ਇੱਕ ਅਰੇਂਜਿਡ ਮੈਰਿਜ ਸੀ। ਦੋਹਾਂ ਦਾ ਨੌਂ ਸਾਲ ਦਾ ਇੱਕ ਬੇਟਾ ਅਤੇ ਸੱਤ ਸਾਲ ਦੀ ਬੇਟੀ ਹੈ।

ਪ੍ਰਸ਼ਾਂਤ ਨੇ ਕੁਝ ਮਹੀਨੇ ਪਹਿਲਾਂ ਤੱਕ ਨਿਜ਼ਾਮਾਬਾਦ ਦੇ ਯੇਲੱਮਾਗੱਟਾ ਚੌਰਾਹੇ 'ਤੇ ਇੱਕ ਫ਼ਾਸਟ ਫੂਡ ਸੈਂਟਰ ਚਲਾਇਆ।

ਉਸ ਦੀ ਪਤਨੀ ਸੰਧਿਆ ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਨਰਸਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ, ਨਿਜ਼ਾਮਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਹੈ।

ਰੋਜ਼ਗਾਰ ਦੀ ਤਲਾਸ਼ ਵਿੱਚ ਪ੍ਰਸ਼ਾਂਤ ਪੰਜ ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ। ਇਸੇ ਦੌਰਾਨ ਉਹ ਢਾਈ ਸਾਲ ਪਹਿਲਾਂ ਇੱਕ ਵਾਰ ਆਪਣੇ ਹੋਮ ਟਾਊਨ ਪਰਤਿਆ ਪਰ ਫਿਰ ਸਾਊਦੀ ਅਰਬ ਚਲਾ ਗਿਆ।

ਪ੍ਰਸ਼ਾਂਤ ਨੇ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਸੰਧਿਆ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਜੂਨ ਵਿੱਚ ਦੂਜੀ ਵਾਰ ਪਰਤ ਰਿਹਾ ਹੈ ਅਤੇ ਹੁਣ ਉਹ ਉੱਥੇ ਨਹੀਂ ਜਾਣਾ ਚਾਹੁੰਦਾ।

ਮ੍ਰਿਤਕ ਦੇ ਭਤੀਜੇ ਰਾਹੁਲ ਨੇ ਬੀਬੀਸੀ ਨੂੰ ਦੱਸਿਆ ਕਿ ਸੰਧਿਆ ਨੇ ਪ੍ਰਸ਼ਾਂਤ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰਿਸੀਵ ਕੀਤਾ ਅਤੇ ਕਾਰ 'ਤੇ ਉਨ੍ਹਾਂ ਦੇ ਪਿੰਡ ਨਿਆਲ ਕਾਲ ਲਿਜਾਇਆ ਗਿਆ।

ਹਾਲਾਂਕਿ ਪ੍ਰਸ਼ਾਂਤ ਦੀ ਮਾਂ ਦਾਇਨੀ ਸ਼ਿਯਾਮਲਾ ਨੇ ਇੱਕ ਜੁਲਾਈ ਨੂੰ ਮੋਪਾਲ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ, ਜਿਸ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ ਹੈ। ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਬਹੂ ਸੰਧਿਆ 'ਤੇ ਸ਼ੱਕ ਹੈ।

ਇੰਸਪੈਕਟਰ ਸੁਰੇਸ਼ ਕੁਮਾਰ ਦਾ ਬਿਆਨ

ਹਾਲਾਂਕਿ ਸ਼ੁਰੂ ਵਿੱਚ ਇਹ ਮੰਨਿਆ ਗਿਆ ਸੀ ਕਿ ਉਸ ਦੀ ਮੌਤ ਸ਼ਰਾਬ ਦੇ ਨਸ਼ੇ ਵਿੱਚ ਹੋਈ ਸੀ, ਪਰ ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਸੰਧਿਆ ਨੇ ਦੋ ਹੋਰ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਦੇ ਕਤਲ ਦੀ ਯੋਜਨਾ ਬਣਾਈ ਸੀ।

ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ, "ਸੰਧਿਆ ਦਾ ਨਿਜ਼ਾਮਾਬਾਦ ਕਸਬੇ ਦੇ ਅਨਿਲ ਨਾਲ ਕੁਝ ਸਮੇਂ ਤੋਂ ਨਜਾਇਜ਼ ਸਬੰਧ ਸੀ। ਪ੍ਰਸ਼ਾਂਤ ਨੂੰ ਪ੍ਰੇਮ ਸੰਬੰਧਾਂ ਵਿੱਚ ਅੜਿੱਕਾ ਸਮਝਿਆਂ, ਸੰਧਿਆ ਅਤੇ ਅਨਿਲ ਨੇ ਪ੍ਰਸ਼ਾਂਤ ਦੇ ਕਤਲ ਦੀ ਯੋਜਨਾ ਬਣਾਈ। 29 ਜੂਨ ਨੂੰ ਉਨ੍ਹਾਂ ਨੇ ਨਸ਼ੇ ਵਿੱਚ ਧੁੱਤ ਪ੍ਰਸ਼ਾਂਤ ਨੂੰ ਬੰਟੀ ਨਾਮ ਦੇ ਇੱਕ ਹੋਰ ਨੌਜਵਾਨ ਨਾਲ ਛੱਤ ਤੋਂ ਧੱਕਾ ਦੇ ਦਿੱਤਾ। ਜ਼ਖਮੀ ਹੋਣ ਬਾਅਦ ਪ੍ਰਸ਼ਾਂਤ ਨੂੰ ਨਿਜ਼ਾਮਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਅਤੇ ਸੰਧਿਆ ਉਸ ਨੂੰ ਘਰ ਲੈ ਆਈ।"

"ਇਸ ਤੋਂ ਬਾਅਦ ਪ੍ਰਸ਼ਾਂਤ ਦੇ ਹੱਥ ਵਿਚ ਕੈਨੁਲਾ ਲਗਾ ਕੇ ਉਸ ਨੂੰ ਬੇਹੋਸ਼ੀ ਦੀ ਦਵਾਈ ਅਤੇ ਟਾਇਲਟ ਕਲੀਨਰ ਦਾ ਤਰਲ ਪਦਾਰਥ ਇੰਜੈਕਟ ਕੀਤਾ ਗਿਆ, ਜਿਸ ਤੋਂ ਬਾਅਦ ਉਲਟੀ ਅਤੇ ਦਸਤ ਨਾਲ ਉਸ ਦੀ ਮੌਤ ਹੋ ਗਈ। ਮੁਲਜ਼ਮ ਨੇ ਯਕੀਨ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਦੌਰਾ ਪੈਣ ਕਾਰਨ ਪ੍ਰਸ਼ਾਂਤ ਦੀ ਮੌਤ ਹੋ ਗਈ ਹੈ।"

ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ, "ਪ੍ਰੇਮੀ ਅਨਿਲ, ਨਿਆਲ ਕਾਲ ਪਿੰਡ ਦੇ ਵੇਂਕਟਸਾਈ ਉਰਫ਼ ਬੰਟੀ ਨੇ ਸੰਧਿਆ ਨੇ ਨਾਲ ਮਿਲ ਕੇ ਇਸ ਅਪਰਾਧ ਵਿਚ ਉਸ ਦੀ ਮਦਦ ਕੀਤੀ। ਪੂਰੀ ਜਾਂਚ ਤੋਂ ਬਾਅਦ ਅਸੀਂ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰਾਂਗੇ। ਡੂੰਘਾਈ ਨਾਲ ਕੀਤੀ ਜਾਂਚ ਵਿੱਚ ਪਤਾ ਲੱਗੇਗਾ ਕਿ ਕੀ ਕੋਈ ਹੋਰ ਵੀ ਇਸ ਵਿੱਚ ਸ਼ਾਮਲ ਹੈ ਜਾਂ ਨਹੀਂ। ਫ਼ਿਲਹਾਲ ਅਸੀਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜ ਦਿੱਤਾ ਹੈ।"

ਕਾਲ ਰਿਕਾਡਿੰਗ ਤੋਂ ਕੀ ਪਤਾ ਲੱਗਿਆ

ਬੰਟੀ ਅਤੇ ਅਨਿਲ ਦੀਆਂ ਵੱਖ ਵੱਖ ਤਸਵੀਰਾਂ

ਤਸਵੀਰ ਸਰੋਤ, NIZAMABAD POLICE

ਤਸਵੀਰ ਕੈਪਸ਼ਨ, ਮੁਲਜ਼ਮ ਵੇਂਕਟਸਾਈ ਉਰਫ਼ ਬੰਟੀ ਅਤੇ ਅਨਿਲ

ਪੁਲਿਸ ਮੁਤਾਬਕ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਸੰਧਿਆ 29 ਜੂਨ ਨੂੰ ਵੇਂਕਟਸਾਈ ਨਾਲ ਗੱਲ ਕਰ ਰਹੀ ਹੈ ਅਤੇ ਆਪਣੇ ਪਤੀ ਤੋਂ ਉਸ ਨੂੰ ਸ਼ਰਾਬ ਪਿਆਉਣ ਲਈ ਕਹਿ ਰਹੀ ਹੈ।

ਇਸੇ ਵਿਚਕਾਰ, ਵੇਂਕਟਸਾਈ ਦੇ ਨਾਮ ਤੋਂ ਸਾਹਮਣੇ ਆਈ ਇੱਕ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਂਤ ਨੂੰ ਨਸ਼ੀਲੀ ਦਵਾਈ ਦਿੱਤੀ ਗਈ ਸੀ ਅਤੇ ਫਿਰ ਉਸ ਦਾ ਵੇਂਕਸਟਾਈ ਨਾਲ ਝਗੜਾ ਹੋਇਆ, ਜਿਸ ਦੇ ਚਲਦਿਆਂ ਉਸ ਨੂੰ ਛੱਤ ਤੋਂ ਧੱਕਾ ਦਿੱਤਾ ਗਿਆ।

ਬੀਬੀਸੀ ਇਸ ਆਡੀਓ ਅਤੇ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਮ੍ਰਿਤਕ ਦੇ ਭਤੀਜੇ ਗੋਲਪੱਲੀ ਰਾਹੁਲ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਬੰਟੀ ਅਤੇ ਪ੍ਰਸ਼ਾਂਤ ਬਚਪਨ ਤੋਂ ਦੋਸਤ ਸਨ।

ਰਾਹੁਲ ਨੇ ਇਲਜ਼ਾਮ ਲਗਾਇਆ, "ਦੋਹੇਂ ਇੱਕੋ ਗਲੀ ਵਿੱਚ ਰਹਿੰਦੇ ਹਨ। ਉਹ ਇਕੱਠੇ ਪਿੰਡ ਵਿੱਚ ਘੁੰਮਦੇ ਸੀ। ਦੂਜਾ ਮੁਲਜ਼ਮ ਅਨਿਲ ਅਤੇ ਸੰਧਿਆ ਹਸਪਤਾਲ ਵਿੱਚ ਸਹਿਕਰਮੀ ਸਨ। ਜਿਵੇਂ ਹੀ ਸੰਧਿਆ ਨੂੰ ਪਤਾ ਲੱਗਿਆ ਕਿ ਉਸ ਪ੍ਰਸ਼ਾਂਤ ਵਾਪਸ ਆ ਰਹੇ ਹਨ ਉਸ ਨੇ ਆਪਣੀ ਨੌਕਰੀ ਛੱਡ ਦਿੱਤੀ। ਉਸ ਨੇ ਅਨਿਲ ਨਾਲ ਮਿਲ ਕੇ ਕਤਲ ਦੀ ਯੋਜਨਾ ਬਣਾਈ। ਇਸੇ ਤਹਿਤ ਉਹ ਉਨ੍ਹਾਂ ਦੋਹਾਂ ਨੂੰ ਆਪਣੇ ਨਾਲ ਲੈ ਕੇ ਹਵਾਈ ਅੱਡੇ ਗਈ।"

ਰਾਹੁਲ ਨੇ ਦੱਸਿਆ ਕਿ ਉਸ ਦੇ ਚਾਚਾ ਨੂੰ 27 ਜੂਨ ਤੋਂ ਹੀ ਨਸ਼ੇ ਦੀ ਹਾਲਤ ਵਿੱਚ ਰੱਖਿਆ ਗਿਆ ਸੀ।

ਮ੍ਰਿਤਕ ਦੀ ਮਾਂ ਨੇ ਕੀ ਕਿਹਾ

ਕਰਾਈਮ ਸੀਨ ਦੀ ਟੇਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਇਸ ਅਪਰਾਧ ਵਿੱਚ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕਰ ਰਹੀ ਹੈ।

ਪ੍ਰਸ਼ਾਂਤ ਦੀ ਮਾਂ ਦਾਇਨੀ ਸ਼ਿਯਾਮਲਾ ਨੇ ਬੀਬੀਸੀ ਨੂੰ ਦੱਸਿਆ, "ਇਸ ਦੇ ਪਿਤਾ ਵੱਲੋਂ ਤਲਾਕ ਦੇਣ ਬਾਅਦ ਮੈਂ ਹੋਟਲਾਂ ਵਿੱਚ ਕੰਮ ਕਰਕੇ ਆਪਣੇ ਬੇਟੇ ਦਾ ਪਾਲਨ ਪੋਸ਼ਣ ਕੀਤਾ। ਬਹੁਤ ਰਿਸ਼ਤਿਆਂ ਦੀ ਪੇਸ਼ਕਸ਼ ਆਉਣ ਦੇ ਬਾਵਜੂਦ, ਪ੍ਰਸ਼ਾਂਤ ਨੇ ਸੰਧਿਆ ਨੂੰ ਚੁਣਿਆ ਅਤੇ ਮੈਂ ਦੋਹਾਂ ਦਾ ਵਿਆਹ ਕਰਵਾਇਆ। ਪਰ ਆਖਿਰ ਵਿੱਚ ਉਸ ਨੇ ਮੇਰੇ ਬੇਟੇ ਦੀ ਜਾਨ ਲੈ ਲਈ।"

ਸ਼ਿਯਾਮਲਾ ਨਿਜ਼ਾਮਾਬਾਦ ਵਿੱਚ ਵੱਖ ਰਹਿੰਦੀ ਹੈ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਇਹ ਤੱਕ ਨਹੀਂ ਦੱਸਿਆ ਕਿ ਮੇਰਾ ਬੇਟਾ ਸਾਊਦੀ ਅਰਬ ਤੋਂ ਪਰਤ ਆਇਆ ਹੈ। ਉਸ ਰਾਤ ਉਨ੍ਹਾਂ ਨੇ ਲਾਸ਼ ਹਸਪਤਾਲ ਵਿੱਚ ਅਨਾਥ ਦੀ ਤਰ੍ਹਾਂ ਛੱਡ ਦਿੱਤਾ। ਮੈਂ ਗਈ ਅਤੇ ਮੁਰਦਾ ਘਰ ਦੇ ਕਰਮਚਾਰੀਆਂ ਨੂੰ ਆਪਣੇ ਬੇਟੇ ਦਾ ਚਿਹਰਾ ਦਿਖਾਉਣ ਦੀ ਗੁਹਾਰ ਲਗਾਈ। ਉਸ ਰਾਤ, ਮੈਂ ਬਾਰਿਸ਼ ਵਿੱਚ ਮੁਰਦਾ ਘਰ ਦੀਆਂ ਪੌੜੀਆਂ ਤੇ ਸੁੱਤੀ। ਮੇਰਾ ਇਕਲੌਤਾ ਬੇਟਾ ਹੈ। ਮੈਨੂੰ ਇਨਸਾਫ ਚਾਹੀਦਾ ਹੈ।"

ਸੰਧਿਆ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੰਧਿਆ ਦੇ ਭਰਾ ਸਾਗਰ ਨੇ ਬੀਬੀਸੀ ਨੂੰ ਕਿਹਾ, "ਅਸੀਂ ਕਿਸੇ ਗੱਲ 'ਤੇ ਚਰਚਾ ਨਹੀਂ ਕਰਨਾ ਚਾਹੁੰਦੇ। ਮੈਨੂੰ ਪਰੇਸ਼ਾਨ ਨਾ ਕਰੋ। ਦੋਹੇਂ ਬੱਚੇ ਸਾਡੀ ਦੇਖਰੇਖ ਵਿੱਚ ਹਨ।"

ਹੋਰ ਦੋ ਮੁਲਜ਼ਮਾਂ ਵੇਂਕਟਸਾਈ ਅਤੇ ਅਨਿਲ ਦੇ ਰਿਸ਼ਤੇਦਾਰ ਉਪਲਭਧ ਨਹੀਂ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)