You’re viewing a text-only version of this website that uses less data. View the main version of the website including all images and videos.
ਅਯੁੱਧਿਆ ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਚੋਰੀ ਦਾ ਮਾਮਲਾ: ਜਾਣੋ ਜੋ ਅੱਠ ਲੋਕ ਹਿਰਾਸਤ 'ਚ ਲਏ ਗਏ ਹਨ, ਉਨ੍ਹਾਂ ਦੀ ਕੀ ਜ਼ਿੰਮੇਵਾਰੀ ਸੀ
- ਲੇਖਕ, ਅਰਸ਼ਦ ਅਫ਼ਜ਼ਲ ਖ਼ਾਨ
- ਰੋਲ, ਅਯੁੱਧਿਆ ਤੋਂ ਬੀਬੀਸੀ ਹਿੰਦੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਅਯੁੱਧਿਆ ਦੇ ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਗੜਬੜੀ ਦੇ ਮਾਮਲੇ ਵਿੱਚ ਐਸਆਈਟੀ ਦੀ ਸ਼ੁਰੂਆਤੀ ਰਿਪੋਰਟ ਮੁੱਖ ਮੰਤਰੀ ਆਦਿੱਤਿਆਨਾਥ ਨੂੰ ਸੌਂਪੇ ਜਾਣ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਅੱਠ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਅਯੁੱਧਿਆ ਦੇ ਐਸਐਸਪੀ ਗੌਰਵ ਗਰੋਵਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਰਾਮ ਮੰਦਿਰ ਦੇ ਦਾਨ-ਪਾਤਰਾਂ ਵਿੱਚੋਂ ਨਕਦੀ ਅਤੇ ਕੀਮਤੀ ਸਾਮਾਨ ਦੀ ਕਥਿਤ ਚੋਰੀ ਦੇ ਮਾਮਲੇ ਵਿੱਚ ਅੱਠ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸਾਰੇ ਅੱਠ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਅਗਲੇ ਇੱਕ-ਦੋ ਦਿਨਾਂ ਵਿੱਚ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਐਫਆਈਆਰ ਵਿੱਚ ਨਾਮਜ਼ਦ ਸਾਰੇ ਮੁਲਜ਼ਮ ਉਸ ਟੀਮ ਦਾ ਹਿੱਸਾ ਸਨ, ਜੋ 40 ਦਾਨ-ਪਾਤਰਾਂ ਦੇ ਚੜ੍ਹਾਵੇ ਨੂੰ ਤੀਰਥ ਯਾਤਰੀ ਸੁਵਿਧਾ ਕੇਂਦਰ ਪਹੁੰਚਾਉਣ ਤੋਂ ਬਾਅਦ ਉਸ ਦੀ ਗਿਣਤੀ ਕਰਨ ਦਾ ਕੰਮ ਕਰਦੀ ਸੀ।
ਜਾਂਚ ਏਜੰਸੀਆਂ, ਮੰਦਿਰ ਫੰਡ ਵਿੱਚ ਕਥਿਤ ਹੇਰਾਫੇਰੀ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ।
ਟਿੰਨੂ ਯਾਦਵ ਨਿਗਰਾਨੀ ਦੀ ਭੂਮਿਕਾ ਵਿੱਚ ਸਨ, ਜਦਕਿ ਬਾਕੀ ਸਾਰੇ ਨਕਦੀ ਗਿਣਨ ਦੇ ਕੰਮ ਵਿੱਚ ਲੱਗੇ ਹੋਏ ਸਨ।
ਸ਼ਿਕਾਇਤ ਮੁਤਾਬਕ, ਮੁਲਜ਼ਮਾਂ ਨੇ ਸਾਜ਼ਿਸ਼ ਦੇ ਤਹਿਤ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਧਨ ਦਾ ਗਬਨ ਕੀਤਾ ਅਤੇ ਟਰੱਸਟ ਦੇ ਫੰਡ ਦੀ ਦੁਰਵਰਤੋਂ ਕੀਤੀ।
ਮਾਮਲਾ ਮੰਦਿਰ ਪਰਿਸਰ ਵਿੱਚ ਲੱਗੇ ਦਾਨ-ਪਾਤਰਾਂ ਤੋਂ ਇਕੱਠੀ ਕੀਤੀ ਗਈ ਰਕਮ ਵਿੱਚ ਕਥਿਤ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ।
13 ਜੂਨ ਨੂੰ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਸਾਹਮਣੇ ਆਉਣ ਤੋਂ ਬਾਅਦ ਟਰੱਸਟ ਦੀ ਮੰਗ 'ਤੇ ਐਸਆਈਟੀ ਦਾ ਗਠਨ ਕੀਤਾ ਗਿਆ ਸੀ।
ਇਸ ਕਮੇਟੀ ਦੀ ਅਗਵਾਈ ਵਿਜੈ ਵਿਸ਼ਵਾਸ ਪੰਤ ਕਰ ਰਹੇ ਹਨ। ਪੈਨਲ ਵਿੱਚ ਕਿਰਣ ਐਸ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲਰਤਨ ਕੁਮਾਰ ਵੀ ਸ਼ਾਮਲ ਹਨ।
ਕਮੇਟੀ ਨੂੰ ਪ੍ਰਕਿਰਿਆ ਨਾਲ ਸਬੰਧਤ ਕਮੀਆਂ ਦੀ ਪਛਾਣ ਕਰਨ ਅਤੇ ਇਹ ਜਾਂਚਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਕੀ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ।
ਹਿਰਾਸਤ 'ਚ ਲਏ ਗਏ ਮੁਲਜ਼ਮ ਕੌਣ ਹਨ?
1. ਰਾਮਾਸ਼ੰਕਰ ਯਾਦਵ (ਟਿੰਨੂ)
ਜ਼ਿੰਮੇਵਾਰੀ: ਦਾਨ-ਪਾਤਰਾਂ ਦੀ ਨਿਗਰਾਨੀ ਕਰਨਾ ਅਤੇ ਉਨ੍ਹਾਂ ਨੂੰ ਬੇਸਮੈਂਟ ਤੱਕ ਪਹੁੰਚਾਉਣਾ।
ਇਲਜ਼ਾਮ: ਦਾਨ-ਪਾਤਰਾਂ ਵਿੱਚੋਂ ਕਰੋੜਾਂ ਰੁਪਏ ਦਾ ਗਬਨ ਕਰਨਾ ਅਤੇ ਅਯੁੱਧਿਆ ਦੇ ਆਲੇ-ਦੁਆਲੇ ਜਾਇਦਾਦਾਂ ਖਰੀਦਣਾ।
2. ਲਵਕੁਸ਼ ਮਿਸ਼ਰਾ
ਜ਼ਿੰਮੇਵਾਰੀ: ਚੜ੍ਹਾਵੇ ਅਤੇ ਨਕਦੀ ਦੀ ਗਿਣਤੀ।
ਇਲਜ਼ਾਮ: ਚੜ੍ਹਾਵੇ ਦੀ ਚੋਰੀ ਕਰਕੇ ਕਰੋੜਾਂ ਦੀ ਜਾਇਦਾਦ ਬਣਾਉਣਾ। ਘਰ ਤੋਂ 12 ਲੱਖ ਰੁਪਏ ਬਰਾਮਦ।
3. ਅਨੁਕਲਪ ਮਿਸ਼ਰਾ
ਜ਼ਿੰਮੇਵਾਰੀ: ਕਾਊਂਟਿੰਗ ਰੂਮ ਵਿੱਚ ਨਕਦੀ ਗਿਣਨਾ।
ਇਲਜ਼ਾਮ: ਕਾਊਂਟਿੰਗ ਰੂਮ ਵਿੱਚੋਂ ਪੈਸੇ ਚੋਰੀ ਕਰਕੇ ਬਾਥਰੂਮ ਵਿੱਚ ਲੁਕਾਉਣਾ ਅਤੇ ਲੱਖਾਂ ਦੀ ਜਾਇਦਾਦ ਬਣਾਉਣਾ।
4. ਸੁਭਾਸ਼ ਚੰਦਰ ਸ਼੍ਰੀਵਾਸਤਵ
ਜ਼ਿੰਮੇਵਾਰੀ: ਕੈਸ਼ ਕਾਊਂਟਿੰਗ ਸਟਾਫ਼ ਦੇ ਇੰਚਾਰਜ।
ਇਲਜ਼ਾਮ: ਨਿਗਰਾਨੀ ਵਿੱਚ ਲਾਪਰਵਾਹੀ ਅਤੇ ਚੋਰੀ ਵਿੱਚ ਸ਼ਾਮਲ ਹੋਣਾ।
5. ਕਰੁਣੇਸ਼ ਪਾਂਡੇ
ਜ਼ਿੰਮੇਵਾਰੀ: ਦਾਨ ਦੀ ਰਕਮ ਨੂੰ ਕਾਊਂਟਿੰਗ ਰੂਮ ਤੱਕ ਲਿਆਉਣਾ ਅਤੇ ਗਿਣਨਾ।
ਇਲਜ਼ਾਮ: ਚੜ੍ਹਾਵੇ ਦੀ ਰਕਮ ਚੋਰੀ ਕਰਕੇ ਅਯੁੱਧਿਆ ਦੇ ਆਲੇ-ਦੁਆਲੇ ਜਾਇਦਾਦਾਂ ਖਰੀਦਣਾ।
6. ਮਨੀਸ਼ ਯਾਦਵ
ਜ਼ਿੰਮੇਵਾਰੀ: ਦਾਨ-ਪਾਤਰਾਂ ਵਿੱਚੋਂ ਮਿਲੀ ਨਕਦੀ ਦੀ ਗਿਣਤੀ।
ਇਲਜ਼ਾਮ: ਚੜ੍ਹਾਵੇ ਦੀ ਚੋਰੀ। ਘਰ ਤੋਂ 36 ਲੱਖ ਰੁਪਏ ਬਰਾਮਦ।
7. ਅਵਿਨਾਸ਼ ਸ਼ੁਕਲਾ
ਜ਼ਿੰਮੇਵਾਰੀ: ਦਾਨ ਦੀ ਰਕਮ ਨੂੰ ਕਾਊਂਟਿੰਗ ਰੂਮ ਤੱਕ ਲਿਆਉਣਾ ਅਤੇ ਗਿਣਨਾ।
ਇਲਜ਼ਾਮ: ਚੜ੍ਹਾਵੇ ਦੀ ਰਕਮ ਚੋਰੀ ਕਰਕੇ ਜਾਇਦਾਦਾਂ ਖਰੀਦਣਾ।
8. ਰਾਮਾਸ਼ੰਕਰ ਮਿਸ਼ਰਾ
ਜ਼ਿੰਮੇਵਾਰੀ: ਦਾਨ-ਪਾਤਰਾਂ ਨੂੰ ਕਾਊਂਟਿੰਗ ਰੂਮ ਤੱਕ ਪਹੁੰਚਾਉਣਾ ਅਤੇ ਨਿਗਰਾਨੀ ਕਰਨਾ।
ਇਲਜ਼ਾਮ: ਹੋਰ ਮੁਲਜ਼ਮਾਂ ਨਾਲ ਮਿਲ ਕੇ ਚੜ੍ਹਾਵੇ ਦੀ ਰਕਮ ਦਾ ਗਬਨ ਕਰਨਾ।
ਚੰਦੇ ਨਾਲ ਜੁੜੇ ਸਵਾਲ 'ਤੇ ਭੜਕੇ ਉਪ-ਮੁੱਖ ਮੰਤਰੀ
ਰਾਮ ਮੰਦਿਰ ਦੇ ਨਿਰਮਾਣ ਲਈ ਇਕੱਠੇ ਕੀਤੇ ਗਏ ਚੰਦੇ ਬਾਰੇ ਸਵਾਲ ਪੁੱਛੇ ਜਾਣ 'ਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਭੜਕ ਗਏ।
ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਮੈਂ ਪੁੱਛਦਾ ਹਾਂ, ਬਾਬਰੀ ਮਸਜਿਦ ਲਈ ਚੰਦਾ ਇਕੱਠਾ ਹੋਇਆ ਸੀ। ਹੋਇਆ ਸੀ? ਉਸ ਬਾਰੇ ਪੁੱਛੋ, ਕੋਈ ਪੁੱਛ ਰਿਹਾ ਹੈ?"
ਉਨ੍ਹਾਂ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ 'ਤੇ 'ਤੁਸ਼ਟੀਕਰਨ ਦੀ ਸਿਆਸਤ' ਕਰਨ ਦਾ ਇਲਜ਼ਾਮ ਲਗਾਇਆ।
ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ਼ 'ਜ਼ੀਰੋ ਟੋਲਰੈਂਸ ਲਈ ਵਚਨਬੱਧ' ਹੈ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਸ਼ਰਧਾਲੂਆਂ ਵੱਲੋਂ ਦਿੱਤੇ ਗਏ ਦਾਨ ਅਤੇ ਚੜ੍ਹਾਵੇ ਦੇ ਪ੍ਰਬੰਧਨ ਵਿੱਚ ਕਥਿਤ ਬੇਨਿਯਮੀਆਂ ਦਾ ਮੁੱਦਾ ਸਭ ਤੋਂ ਪਹਿਲਾਂ ਮਹਿਪਾਲ ਸਿੰਘ ਨੇ ਉਠਾਇਆ ਸੀ, ਜੋ ਪਹਿਲਾਂ ਟਰੱਸਟ ਦੀ ਅਕਾਊਂਟਸ ਟੀਮ ਦੀ ਨਿਗਰਾਨੀ ਕਰਦੇ ਸਨ ਅਤੇ ਹੁਣ ਉਨ੍ਹਾਂ ਨੂੰ "ਵਿਸਲਬਲੋਅਰ" ਕਿਹਾ ਜਾ ਰਿਹਾ ਹੈ।
ਮਹਿਪਾਲ ਸਿੰਘ ਨੇ ਜਨਤਕ ਤੌਰ 'ਤੇ ਦਾਅਵਾ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਨਕਦ ਚੜ੍ਹਾਵੇ ਅਤੇ ਤੋਹਫ਼ੇ ਵਜੋਂ ਮਿਲੇ ਕੀਮਤੀ ਸੋਨੇ-ਚਾਂਦੀ ਆਦਿ ਦੇ ਪ੍ਰਬੰਧਨ ਬਾਰੇ ਅੰਦਰੂਨੀ ਤੌਰ 'ਤੇ ਚਿੰਤਾ ਜ਼ਾਹਿਰ ਕੀਤੀ, ਤਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ।
ਜਦੋਂ ਬੀਬੀਸੀ ਹਿੰਦੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਤਾਂ ਮਹੀਪਾਲ ਸਿੰਘ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, "ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮੈਂ ਬਹੁਤ ਜ਼ਿਆਦਾ ਦਬਾਅ ਅਤੇ ਤਣਾਅ ਵਿੱਚ ਹਾਂ। ਮੈਂ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹਾਂ। ਮੈਂ ਹੁਣ ਤੱਕ ਜਨਤਕ ਤੌਰ 'ਤੇ ਜੋ ਕੁਝ ਵੀ ਕਿਹਾ ਹੈ, ਕਿਰਪਾ ਕਰਕੇ ਉਸ ਨੂੰ ਹੀ ਮੇਰਾ ਬਿਆਨ ਮੰਨਿਆ ਜਾਵੇ।"
ਉਨ੍ਹਾਂ ਦੀਆਂ ਗੱਲਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ, ਪਰ ਇਹ ਮਾਮਲਾ 7 ਜੂਨ ਨੂੰ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦਾਨ ਦੇ ਕਥਿਤ ਗਬਨ 'ਤੇ ਸਵਾਲ ਉਠਾਏ ਅਤੇ ਇਸ ਦੀ ਜਾਂਚ ਦੀ ਮੰਗ ਕੀਤੀ।
ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਰਾਹੀਂ ਉਨ੍ਹਾਂ ਨੇ ਦਾਨ ਦਾ ਪ੍ਰਬੰਧਨ ਕਰਨ ਵਾਲਿਆਂ ਤੋਂ ਸਪਸ਼ਟੀਕਰਨ ਮੰਗਿਆ ਅਤੇ ਇਸ ਮਾਮਲੇ ਵਿੱਚ ਪਾਰਦਰਸ਼ਤਾ ਦੀ ਕਮੀ 'ਤੇ ਸਵਾਲ ਉਠਾਏ।
ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਅਤੇ ਅਯੁੱਧਿਆ ਤੋਂ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਬਣੀ ਟੀਮ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਾਂਚ ਚੱਲਣ ਦੌਰਾਨ ਟਰੱਸਟ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ।
ਵਿਰੋਧੀ ਧਿਰ ਅਤੇ ਭਾਜਪਾ, ਦੋਵਾਂ ਪਾਸਿਆਂ ਤੋਂ ਉੱਠੇ ਸਵਾਲ
ਵਿਰੋਧੀ ਧਿਰ ਅਤੇ ਭਾਜਪਾ, ਦੋਵਾਂ ਪਾਸਿਆਂ ਦੇ ਕਈ ਆਗੂਆਂ ਨੇ ਕਥਿਤ ਵਿੱਤੀ ਗੜਬੜੀਆਂ 'ਤੇ ਸਵਾਲ ਉਠਾਏ ਹਨ।
ਸਥਾਨਕ ਭਾਜਪਾ ਆਗੂ ਰਜਨੀਸ਼ ਸਿੰਘ ਨੇ ਦਾਨ ਨਾਲ ਜੁੜੇ ਮਾਮਲਿਆਂ ਅਤੇ ਇਸ ਦੇ ਪ੍ਰਬੰਧਨ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਦੀ ਮੰਗ ਕੀਤੀ।
ਅਯੁੱਧਿਆ ਦੇ ਪੁਰਾਣੇ ਵਸਨੀਕਾਂ ਨੇ ਵੀ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਉਹ ਮੰਦਿਰ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਹੈਰਾਨ ਹਨ।
ਵਿਜੈ ਲਕਸ਼ਮੀ ਨਾਮ ਦੀ ਮਹਿਲਾ ਨੇ ਕਿਹਾ, "ਚੜ੍ਹਾਵਾ ਮੰਦਿਰ ਦੀ ਦੇਖਭਾਲ ਅਤੇ ਤੀਰਥ ਯਾਤਰੀਆਂ ਦੀ ਭਲਾਈ ਲਈ ਹੁੰਦਾ ਹੈ। ਇਹ ਲੋਕਾਂ ਦੇ ਘਰ ਲਿਜਾਣ ਲਈ ਨਹੀਂ ਹੁੰਦਾ।"
ਸੰਤੋਸ਼ ਪੁਰੀ ਨਾਲ ਦੇ ਇੱਕ ਹੋਰ ਸ਼ਖਸ ਨੇ ਇਨ੍ਹਾਂ ਇਲਜ਼ਾਮਾਂ ਨੂੰ "ਸਾਡੇ ਧਰਮ 'ਤੇ ਇੱਕ ਘਾਤਕ ਹਮਲਾ" ਕਰਾਰ ਦਿੱਤਾ।
ਇਨ੍ਹਾਂ ਦਾਵਿਆਂ ਬਾਰੇ ਗੱਲ ਕਰਦੇ ਹੋਏ ਅਜੈ ਕੁਮਾਰ ਵਰਮਾ ਨੇ ਅਯੁੱਧਿਆ ਨੂੰ "ਭਗਵਾਨ ਦਾ ਨਿਵਾਸ" ਦੱਸਿਆ ਅਤੇ ਕਿਹਾ ਕਿ ਇੱਥੇ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ, "ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲੱਗ ਰਹੇ ਹਨ, ਉਹ ਲੰਬੇ ਸਮੇਂ ਤੋਂ ਮੰਦਿਰ ਨਾਲ ਜੁੜੇ ਹੋਏ ਹਨ, ਇਸ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ ਉਹ ਅਜਿਹਾ ਕਰ ਸਕਦੇ ਹਨ।"
ਬੀਪੀ ਪਾਂਡੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਰਕਾਰ ਅਤੇ ਟਰੱਸਟ ਲਈ "ਇੱਕ ਧੱਬਾ" ਕਰਾਰ ਦਿੱਤਾ। ਉਨ੍ਹਾਂ ਕਿਹਾ, "ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਫਿਰ ਤੋਂ ਨਾ ਵਾਪਰਨ।"
ਟਰੱਸਟ ਦਾ ਕੀ ਕਹਿਣਾ ਹੈ ?
ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਮਹਾਂ ਸਕੱਤਰ ਚੰਪਤ ਰਾਏ ਨੇ ਇੱਕ ਵੀਡੀਓ ਜਾਰੀ ਕਰਕੇ ਕਿਸੇ ਪ੍ਰਕਾਸ਼ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ।
ਉਨ੍ਹਾ ਨੇ ਵੀਡੀਓ ਵਿੱਚ ਕਿਹਾ, "ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਆਪਣੇ ਵੱਖ ਵੱਖ ਕਾਰਜਾਂ ਦਾ ਆਡਿਟ ਸਮੇਂ-ਸਮੇਂ ਕਰਦਾ ਰਹਿੰਦਾ ਹੈ। ਦਾਨ ਪੇਟੀ ਕਾਊਂਟਿੰਗ ਕਮਰੇ ਦਾ ਵੀ ਆਡਿਟ ਹੁੰਦਾ ਹੈ। ਦਾਨ ਪੇਟੀ ਕਾਉਂਟਿਗ ਕਮਰੇ ਦਾ ਆਡਿਟ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਟਰੱਸਟੀ, ਕਾਰਜ-ਕਰਤਾ ਅਤੇ ਸਟੇਟ ਬੈਂਕ ਦੇ ਕਰਮਚਾਰੀ ਮਿਲ ਕੇ ਕਰਦੇ ਹਨ। ਇਹ ਕੰਮ ਕਈ ਦਿਨਾਂ ਤੱਕ ਚਲਦਾ ਹੈ। ਇਹੀ ਕੰਮ ਅੱਜਕਲ੍ਹ ਹੋ ਰਿਹਾ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ