You’re viewing a text-only version of this website that uses less data. View the main version of the website including all images and videos.
ਖੂਨ "ਬਹੁਤ ਮਿੱਠਾ" ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਹਨ, ਖੋਜ ਕੀ ਕਹਿੰਦਾ ਹੈ
- ਲੇਖਕ, ਕੈਥਰੀਨ ਵਾਂਗ
- ਰੋਲ, BBC.com
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਮੈਂ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹਾਂ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਵਾਂ, ਇੱਕ ਗੱਲ ਲਗਭਗ ਤੈਅ ਹੈ ਕਿ ਮੈਨੂੰ ਮੱਛਰ ਜ਼ਰੂਰ ਕੱਟਣਗੇ। ਉਨ੍ਹਾਂ ਦੇ ਕੱਟਣ ਨਾਲ ਵੱਡੇ-ਵੱਡੇ, ਖਾਰਸ਼ ਵਾਲੇ ਨਿਸ਼ਾਨ ਬਣ ਜਾਂਦੇ ਹਨ, ਜੋ ਕਈ ਹਫ਼ਤਿਆਂ ਤੱਕ ਰਹਿੰਦੇ ਹਨ।
ਦੂਜੇ ਪਾਸੇ, ਮੇਰੇ ਨਾਲ ਹੋਰ ਦੋ ਲੋਕ ਹੁੰਦੇ ਹਨ, ਉਨ੍ਹਾਂ ਨੂੰ ਮੱਛਰਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੂੰ ਇੱਕ ਵੀ ਮੱਛਰ ਨਹੀਂ ਕੱਟਦਾ।
ਜੇਕਰ ਕੱਟਦੇ ਵੀ ਹਨ ਤਾਂ ਉਨ੍ਹਾਂ ਦੇ ਸਰੀਰ 'ਤੇ ਸਿਰਫ਼ ਇੱਕ ਛੋਟਾ ਜਿਹਾ ਲਾਲ ਨਿਸ਼ਾਨ ਬਣ ਜਾਂਦਾ ਹੈ। ਮੇਰੇ ਦੋਸਤ ਅਕਸਰ ਮਜ਼ਾਕ ਕਰਦੇ ਹਨ ਕਿ ਸ਼ਾਇਦ ਮੇਰਾ ਖੂਨ "ਬਹੁਤ ਮਿੱਠਾ" ਹੈ।
ਦਿਲਚਸਪ ਗੱਲ ਇਹ ਹੈ ਕਿ ਉਹ ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਣ।
ਸਾਡੇ ਸਰੀਰ ਤੋਂ ਕਈ ਤਰ੍ਹਾਂ ਦੇ ਜੈਵਿਕ ਸੰਕੇਤ ਨਿਕਲਦੇ ਹਨ, ਜਿਵੇਂ ਕਿ ਸਾਡਾ ਸਾਹ ਅਤੇ ਸਰੀਰ ਦੀ ਗੰਧ। ਇਹੀ ਤੈਅ ਕਰਦੇ ਹਨ ਕਿ ਕਿਸ ਵਿਅਕਤੀ ਨੂੰ ਮੱਛਰ ਕਿੰਨਾ ਵੱਧ ਕੱਟਣਗੇ।
ਕੁਝ ਲੋਕਾਂ ਵਿੱਚ ਇਹ ਸੰਕੇਤ ਇੰਨੇ ਤਾਕਤਵਰ ਹੁੰਦੇ ਹਨ ਕਿ ਮੱਛਰ ਉਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਹਨ।
ਆਓ ਜਾਣਦੇ ਹਾਂ ਉਹ ਤਿੰਨ ਕਾਰਨ, ਜਿਨ੍ਹਾਂ ਰਾਹੀਂ ਇਹ ਖੂਨ ਚੂਸਣ ਵਾਲੇ ਕੀੜੇ ਤੁਹਾਨੂੰ ਲੱਭ ਲੈਂਦੇ ਹਨ।
ਕਾਰਬਨ ਡਾਈਆਕਸਾਈਡ ਮੱਛਰਾਂ ਨੂੰ ਦੱਸਦੀ ਹੈ ਕਿ ਤੁਸੀਂ ਨੇੜੇ ਹੋ
ਇਨਸਾਨਾਂ ਨੂੰ ਸਿਰਫ਼ ਮਾਦਾ ਮੱਛਰ ਕੱਟਦੀ ਹੈ। ਉਹ ਸਾਡੇ ਖੂਨ ਵੱਲ ਇਸ ਲਈ ਖਿੱਚੇ ਆਉਂਦੇ ਹਨ ਕਿਉਂਕਿ ਆਪਣੇ ਅੰਡਿਆਂ ਦੇ ਵਿਕਾਸ ਲਈ ਲੋੜੀਂਦੇ ਪ੍ਰੋਟੀਨ ਉਨ੍ਹਾਂ ਨੂੰ ਖੂਨ ਤੋਂ ਹੀ ਮਿਲਦੇ ਹਨ।
ਮੱਛਰ ਆਪਣੇ ਸ਼ਿਕਾਰ ਨੂੰ ਲਗਭਗ 10 ਮੀਟਰ (33 ਫੁੱਟ) ਦੀ ਦੂਰੀ ਤੋਂ ਦੇਖਣ ਅਤੇ ਸੁੰਘਣ ਦੀ ਸਮਰੱਥਾ ਦੇ ਆਧਾਰ 'ਤੇ ਪਛਾਣ ਲੈਂਦੇ ਹਨ। ਇਨ੍ਹਾਂ ਵਿੱਚ ਕਾਰਬਨ ਡਾਈਆਕਸਾਈਡ (CO₂) ਦੇ ਉਹ ਕਣ ਸ਼ਾਮਿਲ ਹਨ ਜੋ ਅਸੀਂ ਸਾਹ ਅਤੇ ਚਮੜੀ ਰਾਹੀਂ ਬਾਹਰ ਕੱਢਦੇ ਹਾਂ।
ਇਨਸਾਨ ਦੇ ਸਾਹ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਮੱਛਰਾਂ ਦੇ ਸੁੰਘਣ ਵਾਲੇ ਅੰਗਾਂ ਨੂੰ ਇਹ ਸੰਕੇਤ ਦਿੰਦੀ ਹੈ ਕਿ ਨੇੜੇ ਕੋਈ ਸੰਭਾਵਿਤ ਸ਼ਿਕਾਰ ਹੈ। ਇਸ ਨਾਲ ਉਨ੍ਹਾਂ ਵਿੱਚ "ਸ਼ਿਕਾਰ ਦੀ ਭਾਲ ਕਰਨ ਵਾਲਾ ਵਿਹਾਰ" ਸਰਗਰਮ ਹੋ ਜਾਂਦਾ ਹੈ।
ਵੱਡੀ ਉਮਰ ਦੇ ਲੋਕ ਬੱਚਿਆਂ ਨਾਲੋਂ ਵੱਧ ਮੱਛਰਾਂ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਉਹ ਵੱਧ ਕਾਰਬਨ ਡਾਈਆਕਸਾਈਡ ਹਵਾ ਵਿੱਚ ਛੱਡਦੇ ਹਨ।
ਇਸੇ ਕਾਰਨ ਮੱਛਰ ਸਿਰਫ਼ ਇਨਸਾਨਾਂ ਤੋਂ ਹੀ ਨਹੀਂ, ਸਗੋਂ ਕਾਰਬਨ ਡਾਈਆਕਸਾਈਡ ਦੇ ਹੋਰ ਸਰੋਤਾਂ ਵੱਲ ਵੀ ਖਿੱਚੇ ਜਾਂਦੇ ਹਨ। ਇਸ ਲਈ ਡਰਾਈ ਆਈਸ ਅਤੇ ਬੋਤਲਾਂ ਵਿੱਚ ਭਰੀ ਕਾਰਬਨ ਡਾਈਆਕਸਾਈਡ ਨੂੰ ਮੱਛਰ ਫੜਨ ਵਾਲੇ ਜਾਲਾਂ ਵਿੱਚ ਵੀ ਵਰਤਿਆ ਜਾਂਦਾ ਹੈ।
ਸਰੀਰ ਦੀ ਗਰਮਾਹਟ ਮੱਛਰਾਂ ਨੂੰ ਖਿੱਚਦੀ ਹੈ
ਖੋਜਾਂ ਦੱਸਦੀਆਂ ਹਨ ਕਿ ਮੱਛਰ ਸਰੀਰ ਦੀ ਗਰਮੀ ਅਤੇ ਨਮੀ ਵੱਲ ਵੀ ਖਿੱਚੇ ਜਾਂਦੇ ਹਨ। ( ਅਤੇ ਕਾਰਬਨ ਡਾਈਆਕਸਾਈਡ ਕਾਰਨ ਪੈਦਾ ਹੋਈ ਗਰਮੀ ਅਤੇ ਨਮੀ ਇਸ ਖਿੱਚ ਨੂੰ ਹੋਰ ਵਧਾ ਦਿੰਦੀ ਹੈ।
ਇਸੇ ਕਾਰਨ ਗਰਭਵਤੀ ਔਰਤਾਂ, ਹੋਰਨਾਂ ਔਰਤਾਂ ਦੇ ਮੁਕਾਬਲੇ, ਮੱਛਰਾਂ ਨੂੰ ਆਪਣੇ ਵੱਲ ਦੁੱਗਣਾ ਖਿੱਚਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿ ਕਿਉਂਕਿ ਗਰਭ ਅਵਸਥਾ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਅਤੇ ਸਾਹ ਲੈਣ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਸਰੀਰ ਵੱਧ ਗਰਮੀ ਪੈਦਾ ਕਰਦਾ ਹੈ ਅਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ।
ਯੂਕੇ ਦੀ ਡਰਹਮ ਯੂਨੀਵਰਸਿਟੀ ਵਿੱਚ ਜਨਤਕ ਸਿਹਤ ਕੀਟ-ਵਿਗਿਆਨ ਦੇ ਪ੍ਰੋਫੈਸਰ ਸਟੀਵ ਲਿੰਡਸੇ ਕਹਿੰਦੇ ਹਨ, "ਤੁਹਾਡੇ ਅੰਦਰ ਇੱਕ ਛੋਟੀ ਭੱਠੀ ਕੰਮ ਕਰ ਰਹੀ ਹੁੰਦੀ ਹੈ, ਇਸ ਲਈ ਤੁਹਾਡਾ ਸਰੀਰ ਹੋਰ ਗਰਮ ਹੋ ਜਾਂਦਾ ਹੈ।"
ਜੋ ਲੋਕ ਕਸਰਤ ਕਰਦੇ ਹਨ, ਉਹ ਮੱਛਰਾਂ ਨੂੰ ਆਪਣੇ ਵੱਲ ਵਧੇਰੇ ਖਿੱਚਦੇ ਹਨ। ਖਾਸ ਤੌਰ 'ਤੇ ਜਦੋਂ ਉਹ ਕਸਰਤ ਕਰ ਰਹੇ ਹੋਣ ਜਾਂ ਕਸਰਤ ਕਰਨ ਦੇ ਤੁਰੰਤ ਬਾਅਦ। ਕਿਉਂਕਿ ਕਸਰਤ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ, ਜਿਸ ਨਾਲ ਵੱਧ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਅਤੇ ਸਰੀਰ ਹੋਰ ਗਰਮ ਅਤੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ।
ਇਸੇ ਤਰ੍ਹਾਂ, ਵੱਡੇ ਸਰੀਰ ਵਾਲੇ ਲੋਕ, ਜੋ ਆਮ ਤੌਰ 'ਤੇ ਵੱਧ ਗਰਮੀ ਪੈਦਾ ਕਰਦੇ ਹਨ ਅਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਨ, ਉਹ ਵੀ ਮੱਛਰਾਂ ਨੂੰ ਵੱਧ ਆਕਰਸ਼ਿਤ ਕਰ ਸਕਦੇ ਹਨ।
ਚਮੜੀ ਦੀ ਗੰਧ ਵੀ ਮੱਛਰਾਂ ਨੂੰ ਖਿੱਚਦੀ ਹੈ
ਜਦੋਂ ਮੱਛਰ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੇ ਹਨ (ਅਰਥਾਤ 10 ਮੀਟਰ ਜਾਂ 33 ਫੁੱਟ ਤੋਂ ਘੱਟ ਦੂਰੀ 'ਤੇ) ਤਾਂ ਉਹ ਚਮੜੀ ਅਤੇ ਸਾਹ ਵਿੱਚੋਂ ਆਉਣ ਵਾਲੀ ਗੰਧ ਸਮੇਤ ਕਈ ਸੰਕੇਤਾਂ ਦੀ ਮਦਦ ਨਾਲ ਆਪਣੇ ਸ਼ਿਕਾਰ ਦੀ ਪਛਾਣ ਕਰਦੇ ਹਨ।
ਪ੍ਰੋਫੈਸਰ ਲਿੰਡਸੇ ਕਹਿੰਦੇ ਹਨ, "ਅਸਲ ਵਿੱਚ ਇਹ ਸਭ ਗੰਧ ਦੀ ਹੀ ਖੇਡ ਹੈ। ਮੱਛਰ ਕਿਸ ਨੂੰ ਕੱਟਣਗੇ, ਇਹ ਕਿਸੇ ਦੇ ਸਰੀਰ ਦੀ ਗੰਧ ਤੈਅ ਕਰਦੀ ਹੈ। ਘੱਟ ਜਾਂ ਤੇਜ਼ ਗੰਧ ਵਾਲੇ ਰਸਾਇਣਕ ਤੱਤ ਹੀ ਇਸ ਵਿੱਚ ਫ਼ਰਕ ਪਾਉਂਦੇ ਹਨ। ਮੱਛਰ ਇੱਕ ਰਸਾਇਣਕ ਸੰਸਾਰ ਵਿੱਚ ਰਹਿੰਦੇ ਹਨ।"
ਲਿੰਡਸੇ ਅਤੇ ਉਨ੍ਹਾਂ ਦੇ ਸਾਥੀ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਵੀ ਗਲਤ ਸਾਬਤ ਕੀਤਾ ਹੈ ਕਿ "ਜਿਨ੍ਹਾਂ ਦਾ ਖੂਨ ਮਿੱਠਾ ਹੁੰਦਾ ਹੈ, ਉਨ੍ਹਾਂ ਨੂੰ ਮੱਛਰ ਵੱਧ ਕੱਟਦੇ ਹਨ।" ਉਨ੍ਹਾਂ ਦੀ ਖੋਜ ਮੁਤਾਬਕ, ਮੱਛਰ ਅਸਲ ਵਿੱਚ ਹਰ ਵਿਅਕਤੀ ਦੀ ਚਮੜੀ ਤੋਂ ਆਉਣ ਵਾਲੀ ਵਿਲੱਖਣ ਗੰਧ ਵੱਲ ਆਕਰਸ਼ਿਤ ਹੁੰਦੇ ਹਨ।
ਸਾਡੀ ਚਮੜੀ 'ਤੇ ਰਹਿਣ ਵਾਲੇ ਸੂਖਮ ਜੀਵ ਕਾਰਬੋਹਾਈਡ੍ਰੇਟ, ਫੈਟੀ ਐਸਿਡ ਅਤੇ ਪੈਪਟਾਈਡ ਵਰਗੇ ਤੱਤਾਂ ਨੂੰ ਤੋੜ ਕੇ ਉੱਡਣਸ਼ੀਲ ਜੈਵਿਕ ਯੋਗਿਕ ਬਣਾਉਂਦੇ ਹਨ ਜੋ ਆਸਾਨੀ ਨਾਲ ਹਵਾ ਵਿੱਚ ਫੈਲ ਜਾਂਦੇ ਹਨ ਅਤੇ ਮੱਛਰ ਇਨ੍ਹਾਂ ਦੀ ਪਛਾਣ ਕਰ ਸਕਦੇ ਹਨ। ਸਾਡੀ ਚਮੜੀ ਤੋਂ 500 ਤੋਂ ਵੱਧ ਉੱਡਣਸ਼ੀਲ ਜੈਵਿਕ ਯੋਗਿਕ ਨਿਕਲਦੇ ਹਨ।
ਮੱਛਰ ਪਹਿਲਾਂ ਹੀ ਸਾਡੀ ਚਮੜੀ 'ਤੇ ਮੌਜੂਦ ਅਮੋਨੀਆ ਅਤੇ ਲੈਕਟਿਕ ਐਸਿਡ ਵੱਲ ਆਕਰਸ਼ਿਤ ਹੁੰਦੇ ਹਨ। ਜੇ ਚਮੜੀ 'ਤੇ ਕਾਰਬੋਕਸਿਲਿਕ ਐਸਿਡ ਵੀ ਮੌਜੂਦ ਹੋਣ ਤਾਂ ਇਹ ਆਕਰਸ਼ਣ ਹੋਰ ਵੀ ਵੱਧ ਜਾਂਦਾ ਹੈ।
ਅਮਰੀਕਾ ਦੀ ਰੌਕਫੈਲਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 64 ਲੋਕਾਂ ਦੀ ਚਮੜੀ ਦੀ ਗੰਧ ਦਾ ਅਧਿਐਨ ਕੀਤਾ। ਇਸ ਵਿੱਚ ਸ਼ਾਮਿਲ ਭਾਗੀਦਾਰਾਂ ਨੂੰ ਛੇ ਘੰਟਿਆਂ ਤੱਕ ਨਾਇਲੋਨ ਦੇ ਕੱਪੜੇ ਪਹਿਨਾਏ ਗਏ, ਜਿਨ੍ਹਾਂ ਨੇ ਚਮੜੀ ਦੀ ਗੰਧ ਨੂੰ ਇਕੱਠਾ ਕਰਨ ਦਾ ਕੰਮ ਕੀਤਾ। ਬਾਅਦ ਵਿੱਚ ਮੱਛਰਾਂ ਨੂੰ ਇਨ੍ਹਾਂ ਨਮੂਨਿਆਂ ਵਿੱਚੋਂ ਚੋਣ ਕਰਨ ਦਾ ਮੌਕਾ ਦਿੱਤਾ ਗਿਆ।
ਨਤੀਜਿਆਂ ਤੋਂ ਪਤਾ ਲੱਗਿਆ ਕਿ ਮੱਛਰ ਉਨ੍ਹਾਂ ਲੋਕਾਂ ਦੀ ਗੰਧ ਨੂੰ ਵੱਧ ਤਰਜੀਹ ਦਿੰਦੇ ਸਨ, ਜਿਨ੍ਹਾਂ ਦੀ ਚਮੜੀ 'ਤੇ ਕਾਰਬੋਕਸਿਲਿਕ ਐਸਿਡ ਦੀ ਮਾਤਰਾ ਜ਼ਿਆਦਾ ਸੀ।
ਖੋਜਕਾਰਾਂ ਨੇ ਹਰ ਵਿਅਕਤੀ ਲਈ ਮੱਛਰਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਸਕੋਰ ਤਿਆਰ ਕੀਤਾ। ਸਭ ਤੋਂ ਵੱਧ ਸਕੋਰ ਵਾਲਾ ਵਿਅਕਤੀ, ਸਭ ਤੋਂ ਘੱਟ ਸਕੋਰ ਵਾਲੇ ਵਿਅਕਤੀ ਨਾਲੋਂ 100 ਗੁਣਾ ਵੱਧ ਆਕਰਸ਼ਕ ਸੀ। ਇਹ ਫ਼ਰਕ ਕਈ ਸਾਲਾਂ ਤੱਕ ਕਾਇਮ ਰਿਹਾ, ਭਾਵੇਂ ਲੋਕਾਂ ਦੀ ਜੀਵਨ-ਸ਼ੈਲੀ ਵਿੱਚ ਬਦਲਾਅ ਆਏ।
ਲਿੰਡਸੇ ਕਹਿੰਦੇ ਹਨ, "ਮੱਛਰਾਂ ਲਈ ਤੁਹਾਡੀ ਕੁੱਲ ਆਕਰਸ਼ਕਤਾ ਵੱਡੇ ਪੱਧਰ 'ਤੇ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ।"
ਚਮੜੀ 'ਤੇ ਮੌਜੂਦ ਸੂਖਮ ਜੀਵਾਂ ਦੀ ਕਿਸਮ ਵੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਮੱਛਰ ਕਿਸੇ ਵਿਅਕਤੀ ਵੱਲ ਕਿੰਨੇ ਆਕਰਸ਼ਿਤ ਹੁੰਦੇ ਹਨ।
ਨੀਦਰਲੈਂਡ ਦੀ ਵਾਗੇਨਿੰਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਵੱਲ ਮਲੇਰੀਆ ਫੈਲਾਉਣ ਵਾਲੇ ਮੱਛਰ ਵੱਧ ਆਕਰਸ਼ਿਤ ਹੁੰਦੇ ਸਨ, ਉਨ੍ਹਾਂ ਦੀ ਚਮੜੀ 'ਤੇ ਬੈਕਟੀਰੀਆ ਦੀ ਬਣਤਰ ਹੋਰਨਾਂ ਨਾਲੋਂ ਵੱਖਰੀ ਸੀ। ਉਨ੍ਹਾਂ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਸੀ ਪਰ ਉਨ੍ਹਾਂ ਦੀਆਂ ਕਿਸਮਾਂ ਘੱਟ ਸਨ।
ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ 'ਤੇ ਮੌਜੂਦ ਬੈਕਟੀਰੀਆ ਹੀ ਸਰੀਰ ਦੀ ਖ਼ਾਸ ਗੰਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦਰਅਸਲ, ਬੈਕਟੀਰੀਆ ਤੋਂ ਬਿਨਾਂ ਮਨੁੱਖ ਦੇ ਪਸੀਨੇ ਦੀ ਗੰਧ ਉਸ ਲਈ ਨਾ ਦੇ ਬਰਾਬਰ ਹੁੰਦੀ ਹੈ।
ਜੌੜੇ ਬੱਚਿਆਂ (ਟਵਿਨਜ਼) 'ਤੇ ਕੀਤੇ ਗਏ ਅਧਿਐਨਾਂ ਵਿੱਚ ਵੀ ਪਾਇਆ ਗਿਆ ਕਿ ਇੱਕੋ ਜਿਹੇ (ਆਈਡੈਂਟੀਕਲ) ਜੌੜੇ ਮੱਛਰਾਂ ਨੂੰ ਲਗਭਗ ਇੱਕੋ ਜਿਹੇ ਪੱਧਰ 'ਤੇ ਆਕਰਸ਼ਿਤ ਕਰਦੇ ਸਨ, ਜਦੋਂਕਿ ਗੈਰ-ਇੱਕੋ ਜਿਹੇ (ਨਾਨ-ਆਈਡੈਂਟੀਕਲ) ਜੌੜਿਆਂ ਵਿੱਚ ਇਹ ਫ਼ਰਕ ਨਜ਼ਰ ਆਇਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰੀਰ ਦੀ ਉਹ ਗੰਧ, ਜੋ ਇਹ ਤੈਅ ਕਰਦੀ ਹੈ ਕਿ ਮੱਛਰ ਕਿਸੇ ਨੂੰ ਕਿੰਨਾ ਕੱਟਣਗੇ, ਵਿਰਾਸਤ (ਜੀਨਾਂ) ਰਾਹੀਂ ਵੀ ਮਿਲ ਸਕਦੀ ਹੈ।
ਮੱਛਰ ਦੇ ਕੱਟਣ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ
ਮੱਛਰ ਦੇ ਕੱਟਣ ਤੋਂ ਬਾਅਦ ਹਰ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਵੱਖ-ਵੱਖ ਹੋ ਸਕਦੀ ਹੈ। ਇੱਕ ਜੀਨੋਮ-ਪੱਧਰੀ ਖੋਜ ਵਿੱਚ ਪਤਾ ਲੱਗਿਆ ਕਿ ਸਾਡੇ ਰੋਗ-ਪ੍ਰਤੀਰੋਧਕ ਤੰਤਰ ਨਾਲ ਜੁੜੇ ਜੀਨਾਂ ਦਾ ਇਸ ਗੱਲ ਨਾਲ ਗਹਿਰਾ ਸਬੰਧ ਹੈ ਕਿ ਸਾਡਾ ਸਰੀਰ ਮੱਛਰ ਦੇ ਕੱਟਣ 'ਤੇ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹੋ ਜੀਨ ਸਰੀਰ ਵਿੱਚ ਐਲਰਜੀ ਨਾਲ ਜੁੜੇ ਜੀਨਾਂ ਨਾਲ ਵੀ ਮਿਲਦੇ ਹਨ।
ਇਸ ਤੋਂ ਇਲਾਵਾ, ਕੁਝ ਲੋਕਾਂ ਵਿੱਚ ਮੱਛਰ ਦੇ ਕੱਟਣ ਤੋਂ ਬਾਅਦ ਜ਼ਿਆਦਾ ਸੋਜ ਵਾਲੇ ਨਿਸ਼ਾਨ ਬਣਨ ਦੀ ਪ੍ਰਵਿਰਤੀ ਵੱਧ ਹੁੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਉਹ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੇ ਹਨ।
ਫਰਗੂਸਨ ਕਹਿੰਦੇ ਹਨ, "ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੱਛਰ ਉਨ੍ਹਾਂ ਨੂੰ ਵੱਧ ਇਸ ਲਈ ਕੱਟਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ 'ਤੇ ਵੱਧ ਪ੍ਰਤੀਕਿਰਿਆ ਹੁੰਦੀ ਹੈ। ਦੂਜੇ ਪਾਸੇ, ਕੁਝ ਲੋਕਾਂ ਨੂੰ ਮੱਛਰ ਕਾਫ਼ੀ ਵਾਰ ਕੱਟਦੇ ਹਨ, ਪਰ ਉਨ੍ਹਾਂ ਦੇ ਸਰੀਰ 'ਤੇ ਇਸ ਦਾ ਬਹੁਤ ਘੱਟ ਅਸਰ ਦਿਖਾਈ ਦਿੰਦਾ ਹੈ।"
ਜਦੋਂਕਿ ਕੁਝ ਲੋਕ ਜੈਵਿਕ ਤੌਰ 'ਤੇ ਮੱਛਰਾਂ ਲਈ ਹੋਰਾਂ ਨਾਲੋਂ ਵੱਧ ਆਕਰਸ਼ਕ ਹੋ ਸਕਦੇ ਹਨ, ਪਰ ਕੋਈ ਵੀ ਵਿਅਕਤੀ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ।
ਫਰਗੂਸਨ ਕਹਿੰਦੇ ਹਨ, "ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਮੱਛਰ ਤੁਹਾਨੂੰ ਨਹੀਂ ਕੱਟਦੇ, ਫਿਰ ਵੀ ਤੁਹਾਨੂੰ ਉਨ੍ਹਾਂ ਤੋਂ ਬਚਾਅ ਲਈ ਲੋੜੀਂਦੇ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ