ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਮੌਕੇ ਸੀਐੱਮ ਮਾਨ ਖ਼ਿਲਾਫ਼ ਤੇ ਹੋਰ ਕਿਹੜੇ ਮਤੇ ਪਾਏ ਗਏ, ਜਥੇਦਾਰ ਨੇ ਸਰਕਾਰ ਬਾਰੇ ਕੀ ਕਿਹਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਮੌਕੇ ਅੰਮ੍ਰਿਤਸਰ 'ਚ ਮੰਜੀ ਸਾਹਿਬ ਦੀਵਾਨ ਹਾਲ 'ਚ ਪੰਥਕ ਇਕੱਠ ਹੋਇਆ।

ਇਸ ਪੰਥਕ ਇਕੱਠ ਨੇ 15 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਾਰੀ ਹੋਏ ਆਦੇਸ਼ ਨੂੰ ਮੁੜ ਦੁਹਰਾਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਏ ਇਸ ਪੰਥਕ ਇਕੱਠ ਵਿੱਚ ਸਿੱਖ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਸਨ।

ਦਰਅਸਲ ਕਥਿਤ ਵਿਵਾਦਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਵੀਡੀਓ ਨੂੰ ਸ਼ੁਰੂ ਤੋਂ ਹੀ ਨਕਲੀ ਕਰਾਰ ਦਿੰਦੇ ਆਏ ਹਨ।

ਪੰਥਕ ਇਕੱਠ ਦੌਰਾਨ ਕਿਹੜੇ ਮਤੇ ਪਾਏ ਗਏ?

ਪੰਥਕ ਇਕੱਤਰਤਾ ਵੱਲੋਂ 15 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਾਰੀ ਹੋਏ ਹੁਕਮਨਾਮੇ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ ਗਿਆ। ਇਸ ਤੋਂ ਇਲਾਵਾ ਧਾਮੀ ਵੱਲੋਂ ਪੰਥਕ ਏਕਤਾ ਅਤੇ ਇਕਜੁੱਟਤਾ ਦਾ ਵੀ ਹੋਕਾ ਦਿੱਤਾ ਗਿਆ।

ਪੰਥਕ ਇਕੱਠ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਮਤੇ ਪੜ੍ਹਦਿਆਂ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਨਿੰਦਣਯੋਗ ਹਰਕਤ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ 'ਪੰਥ ਦੋਖੀ' ਕਰਾਰ ਦਿੱਤੇ ਜਾਣ ਦੇ ਆਦੇਸ਼ ਨੂੰ ਗੁਰੂ ਪੰਥ ਦੀ ਸਾਂਝੀ ਆਵਾਜ਼ ਵਜੋਂ ਸਵੀਕਾਰ ਕਰਦਾ ਹੈ।"

ਉਨ੍ਹਾਂ ਅੱਗੇ ਕਿਹਾ, "ਮੁੱਖ ਮੰਤਰੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਅਤੇ ਸਿੱਖ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਇਸ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕਿ ਆਪਣੀ ਭੁੱਲ ਨੂੰ ਸਵੀਕਾਰ ਕਰਨ ਦੀ ਥਾਂ 'ਤੇ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਪੰਥਕ ਅਥਾਰਟੀ ਨੂੰ ਚੁਣੌਤੀ ਦੇ ਰਹੇ ਹਨ।"

ਉਨ੍ਹਾਂ ਕਿਹਾ, "ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਿਸੇ ਵੀ ਸਿਆਸੀ ਤਾਕਤ, ਸਰਕਾਰ ਜਾਂ ਵਿਅਕਤੀ ਵੱਲੋਂ ਚੁਣੌਤੀ ਦੇਣਾ ਖਾਲਸਾ ਪੰਥ ਦੀਆਂ ਪਰੰਪਰਾਵਾਂ, ਗੁਰੂ ਸਾਹਿਬਾਨ ਦੀ ਬਖਸ਼ੀ ਮਰਿਆਦਾ ਦੇ ਉਲਟ ਹੈ ਅਤੇ ਕੌਮ ਇਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਦੀ।"

ਧਾਮੀ ਨੇ ਕਿਹਾ, "ਅੱਜ ਦਾ ਪੰਥਕ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਸਬੰਧੀ ਹਰ ਜਥੇਬੰਦੀ, ਸਿੰਘ ਸਭਾਵਾਂ, ਸਿੱਖ ਮਿਸ਼ਰਨੀ ਸੰਸਥਾਵਾਂ ਅਤੇ ਸਭਾ ਸੁਸਾਇਟੀਆਂ ਤੱਕ ਪਹੁੰਚ ਕਰਕੇ ਗੰਭੀਰ ਵਿਚਾਰ ਚਰਚਾ ਦੀ ਵਚਨਬੱਧਤਾ ਪ੍ਰਗਟਾਉਂਦਾ ਹੈ। ਸਮੂਹਿਕ ਰਾਏ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਹਲਕੇ ਵਿੱਚ ਵਿਸ਼ਾਲ ਪੰਥਕ ਇਕੱਠ ਸੱਦੇ ਜਾਣਗੇ, ਜਿਸ ਵਿੱਚ ਇਲਾਕੇ ਦੀ ਸੰਗਤ ਨੂੰ ਸਿੱਖ ਕੌਮ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਤੋਂ ਜਾਣੂ ਕਰਵਾਇਆ ਜਾਵੇਗਾ।"

ਜਥੇਦਾਰ ਨੇ ਸਰਕਾਰ ਨੂੰ ਕੀ ਚੇਤਾਵਨੀ ਦਿੱਤੀ ?

ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੋਸ਼ਲ ਮੀਡੀਆ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਰੁੱਧ ਹੋ ਰਹੇ ਪ੍ਰਚਾਰ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ।

ਜਥੇਦਾਰ ਗੜਗੱਜ ਨੇ ਕਿਹਾ ਕਿ ਚੰਡੀਗੜ੍ਹ ਅਤੇ ਮੁਹਾਲੀ 'ਚ ਬਣੇ ਦੋ ਆਈਟੀ ਸੈਂਟਰਾਂ ਤੋਂ ਮਾਣ ਮਰਿਆਦਾ ਵਾਲੀਆਂ ਸੰਸਥਾਵਾਂ ਖਿਲਾਫ਼ ਨਕਾਰਾਤਮਕ ਬਿਰਤਾਂਤ ਪ੍ਰਚਾਰਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਸੈਂਟਰਾਂ ਨੂੰ 10 ਦਿਨਾਂ ਅੰਦਰ ਬੰਦ ਕਰਵਾਏ ਨਹੀਂ ਤਾਂ ਸਾਡਾ ਪੰਥ ਇਹ ਸੈਂਟਰ ਬੰਦ ਕਰਵਾਏਗਾ।

ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਵੱਲੋਂ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੀ ਸਮੱਸਿਆ ਅਤੇ ਪੁਲਿਸ ਐਨਕਾਊਂਟਰਾਂ ਦਾ ਵੀ ਜ਼ਿਕਰ ਕੀਤਾ ਗਿਆ।

ਮੀਰੀ-ਪੀਰੀ ਖਾਲਸਾ ਵਹੀਰ ਕੱਢਣ ਦਾ ਐਲਾਨ

ਜਥੇਦਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਹਾੜਾ ਇਸੇ ਤਰ੍ਹਾਂ ਪੰਥਕ ਇਕੱਠ ਸੱਦ ਕੇ ਵੱਡੇ ਪੱਧਰ 'ਤੇ ਮਨਾਉਣ ਦੇ ਆਦੇਸ਼ ਵੀ ਦਿੱਤੇ ਗਏ।

ਇਸ ਦੇ ਨਾਲ ਹੀ ਜਥੇਦਾਰ ਵੱਲੋਂ 24 ਜੁਲਾਈ ਨੂੰ ਮੀਰੀ-ਪੀਰੀ ਦਿਹਾੜਾ ਵੀ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਗਿਆ।

ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ 24 ਜੁਲਾਈ ਨੂੰ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਮੀਰੀ-ਪੀਰੀ ਖਾਲਸਾ ਵਹੀਰ ਕੱਢੀ ਜਾਵੇਗੀ। ਜਿਸ 'ਤੇ ਪੰਥਕ ਇਕੱਠ ਵੱਲੋਂ ਸਹਿਮਤੀ ਪ੍ਰਗਟਾਈ ਗਈ।

ਇਸ ਬਾਬਤ ਜਥੇਦਾਰ ਵੱਲੋਂ ਸਾਰੇ ਇੰਤਜ਼ਾਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ।

ਕੀ ਹੈ ਵਿਵਾਦਤ ਵੀਡੀਓ ਮਾਮਲਾ ?

ਪੂਰਾ ਵਿਵਾਦ ਇਸ ਸਾਲ ਪੰਜ ਜਨਵਰੀ 2026 ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਹਿਤ ਮਰਿਆਦਾ, ਅਕਾਲ ਤਖ਼ਤ ਦੀ ਸਰਬਉੱਚਤਾ ਅਤੇ "ਗੁਰੂ ਕੀ ਗੋਲਕ" ਸਬੰਧੀ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਇਲਜ਼ਾਮਾਂ ਤਹਿਤ ਤਲਬ ਕੀਤਾ ਸੀ।

ਉਸ ਸਮੇਂ ਅਕਾਲ ਤਖ਼ਤ ਵੱਲੋਂ ਜਾਰੀ ਪੱਤਰ ਵਿੱਚ ਭਗਵੰਤ ਮਾਨ ਨਾਲ ਜੁੜੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਨ੍ਹਾਂ ਵੀਡੀਓਜ਼ ਵਿੱਚ ਸੀਐੱਮ ਮਾਨ 'ਤੇ ਸਿੱਖ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਣਉਚਿਤ ਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ 'ਤੇ 15 ਜਨਵਰੀ 2026 ਨੂੰ ਅਕਾਲ ਤਖ਼ਤ ਸਕੱਤਰੇਤ ਵਿੱਚ ਪੇਸ਼ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪੱਖ ਰੱਖਿਆ।

ਇਸ ਦੌਰਾਨ ਹੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਇਤਰਾਜ਼ਯੋਗ ਵੀਡੀਓ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ ਸੀ।

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਡੀਓ ਦੀ ਜਾਂਚ ਕਰਵਾਏ ਜਾਣ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਇਸ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ। 15 ਜੂਨ 2026 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੀਐੱਮ ਮਾਨ ਨੂੰ 'ਗੁਰੂ ਦੋਖੀ' ਅਤੇ 'ਖ਼ਾਲਸਾ ਪੰਥ ਵਿਰੋਧੀ' ਕਰਾਰ ਦਿੱਤਾ ਸੀ।

ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਇਸ ਵੀਡੀਓ ਨੂੰ ਫਰਜ਼ੀ ਕਰਾਰ ਦੇ ਰਹੇ ਹਨ।

ਇਸ ਬਾਬਤ ਸਰਕਾਰ ਵੱਲੋਂ ਫੋਰੈਂਸਿਕ ਰਿਪੋਰਟ ਵੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਸ਼ਖਸ ਮੁੱਖ ਮੰਤਰੀ ਮਾਨ ਨਹੀਂ ਹਨ। ਹਾਲਾਂਕਿ ਇਸ ਰਿਪੋਰਟ ਬਾਬਤ ਬਾਅਦ ਵਿੱਚ ਗੁਰੂਗ੍ਰਾਮ ਵਿੱਚ ਐੱਫਆਈਆਰ ਦਰਜ ਹੋਈ ਸੀ, ਜਿਸ ਵਿੱਚ ਇਲਜ਼ਾਮ ਲਗਾਏ ਗਏ ਸਨ ਕਿ ਇਹ ਰਿਪੋਰਟ ਫਰਜ਼ੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)