You’re viewing a text-only version of this website that uses less data. View the main version of the website including all images and videos.
2 ਲੱਖ ਡਾਲਰ ਦੀ ਕੀਮਤ ਦੇ ਗੈਰ-ਕਾਨੂੰਨੀ ਕਾਕਰੋਚ ਜ਼ਬਤ, ਕਈ ਕਾਕਰੋਚ ਹਥੇਲੀ ਜਿੰਨੇ ਵੱਡੇ, ਇਹ ਕਿਹੜੇ ਕੰਮ ਲਈ ਵਰਤੇ ਜਾਣੇ ਸਨ?
- ਲੇਖਕ, ਲਾਨਾ ਲੈਮ
- ਰੋਲ, ਸਿਡਨੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਆਸਟ੍ਰੇਲੀਆਈ ਅਧਿਕਾਰੀਆਂ ਨੇ ਨਿਊ ਸਾਊਥ ਵੇਲਜ਼ ਵਿੱਚ ਇੱਕ ਕਮਰਸ਼ੀਅਲ ਬ੍ਰੀਡਰ ਤੋਂ 1,00,000 ਤੋਂ ਵੱਧ ਗੈਰ-ਕਾਨੂੰਨੀ ਵਿਦੇਸ਼ੀ ਕਾਕਰੋਚ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਕਾਕਰੋਚ ਤਾਂ ਹਥੇਲੀ ਜਿੰਨੇ ਵੱਡੇ ਹਨ।
ਜ਼ਬਤ ਕੀਤੇ ਗਏ ਇਨ੍ਹਾਂ ਕਾਕਰੋਚਾਂ ਦੀ ਕੀਮਤ 2 ਲੱਖ ਆਸਟ੍ਰੇਲੀਆਈ ਡਾਲਰ ਹੈ। ਇਨ੍ਹਾਂ ਵਿੱਚ ਮੈਡਾਗਾਸਕਰ ਹਿਸਿੰਗ ਕਾਕਰੋਚ ਅਤੇ ਡਿਊਬੀਆ ਕਾਕਰੋਚ ਵੀ ਸ਼ਾਮਲ ਹਨ ਜੋ ਸਿਡਨੀ ਤੋਂ 200 ਕਿਲੋਮੀਟਰ ਪੱਛਮ ਵਿੱਚ ਬਾਥਰਸਟ ਦੇ ਇੱਕ ਬ੍ਰੀਡਰ ਤੋਂ ਜ਼ਬਤ ਕੀਤੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਵਿਦੇਸ਼ੀ ਇਨਵਰਟੇਬਰੇਟਸ ਦੀ ਸਭ ਤੋਂ ਵੱਡੀ ਜ਼ਬਤ ਹੈ।
ਇਨ੍ਹਾਂ ਦੋਵੇਂ ਪ੍ਰਜਾਤੀਆਂ ਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ 'ਤੇ ਨਾ ਤਾਂ ਦਰਾਮਦ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਰੱਖਿਆ, ਪਾਲਿਆ ਜਾਂ ਵੇਚਿਆ ਜਾ ਸਕਦਾ ਹੈ।
ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ
ਅਧਿਕਾਰੀਆਂ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਕੀੜੇ ਬਿਮਾਰੀਆਂ ਫੈਲਾ ਸਕਦੇ ਹਨ ਅਤੇ ਸਥਾਨਕ ਜੰਗਲੀ ਜੀਵਾਂ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਨ੍ਹਾਂ ਗੈਰ-ਕਾਨੂੰਨੀ ਕਾਕਰੋਚਾਂ ਦਾ ਇਸਤੇਮਾਲ ਅਕਸਰ ਪਾਲਤੂ ਰੇਂਗਣ ਵਾਲੇ ਜੀਵਾਂ ਦੀ ਖੁਰਾਕ ਵਜੋਂ ਕੀਤਾ ਜਾਂਦਾ ਹੈ, ਅਧਿਕਾਰੀ ਨੇ ਦੱਸਿਆ ਕਿ ਉਹ ਇਨ੍ਹਾਂ ਨੂੰ ਮਾਰ ਕੇ ਨਸ਼ਟ ਕਰ ਦੇਣਗੇ।
ਜਲਵਾਯੂ ਪਰਿਵਰਤਨ, ਊਰਜਾ, ਵਾਤਾਵਰਣ ਅਤੇ ਜਲ ਵਿਭਾਗ (ਡੀਸੀਸੀਈਈਡਬਲਯੂ) ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਵਿਦੇਸ਼ੀ ਕਾਕਰੋਚਾਂ ਦੀ ਗੈਰ-ਕਾਨੂੰਨੀ ਬ੍ਰੀਡਿੰਗ ਅਤੇ ਵਪਾਰ ਹੁੰਦਾ ਦੇਖ ਰਹੇ ਹਾਂ ਅਤੇ ਪਾਲਤੂ ਜਾਨਵਰਾਂ ਦੇ ਵਪਾਰੀਆਂ ਅਤੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ।"
ਉਨ੍ਹਾਂ ਕਿਹਾ, "ਜੇ ਤੁਹਾਡੇ ਕੋਲ ਡਿਊਬੀਆ ਕਾਕਰੋਚ ਅਤੇ ਮੈਡਾਗਾਸਕਰ ਹਿਸਿੰਗ ਕਾਕਰੋਚ ਵਰਗੇ ਵਿਦੇਸ਼ੀ ਕਾਕਰੋਚ ਪਾਏ ਜਾਂਦੇ ਹਨ, ਜਾਂ ਤੁਸੀਂ ਉਨ੍ਹਾਂ ਦੀ ਬ੍ਰੀਡਿੰਗ ਜਾਂ ਵਪਾਰ ਕਰਦੇ ਹੋਏ ਫੜੇ ਜਾਂਦੇ ਹੋ, ਤਾਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਤੁਹਾਨੂੰ ਸੰਘੀ ਕਾਨੂੰਨ ਤਹਿਤ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ।"
ਡੀਸੀਸੀਈਈਡਬਲਯੂ ਦੇ ਬੁਲਾਰੇ ਨੇ ਉਨ੍ਹਾਂ ਰੈਪਟਾਇਲ ਮਾਲਕਾਂ (ਰੇਂਗਣ ਵਾਲੇ ਜਾਨਵਰਾਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਣ ਵਾਲੇ ਲੋਕਾਂ) ਨੂੰ ਅਪੀਲ ਕੀਤੀ ਜੋ ਡਿਊਬੀਆ ਕਾਕਰੋਚਾਂ ਨੂੰ ਖੁਰਾਕ ਵਜੋਂ ਵਰਤ ਰਹੇ ਹਨ ਕਿ ਉਹ ਝੀਂਗੁਰ ਅਤੇ ਵੁੱਡ ਕਾਕਰੋਚ ਵਰਗੇ ਜੀਵਾਂ ਨੂੰ ਅਪਨਾਉਣ, ਜਿਨ੍ਹਾਂ ਦੀ ਕਾਨੂੰਨੀ ਇਜਾਜ਼ਤ ਹੈ।
ਮੈਡਾਗਾਸਕਰ ਹਿਸਿੰਗ ਕਾਕਰੋਚ
ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਜਾਤੀਆਂ ਵਿੱਚੋਂ ਇੱਕ, ਮੈਡਾਗਾਸਕਰ ਹਿਸਿੰਗ ਕਾਕਰੋਚ ਨੂੰ ਇਹ ਨਾਮ ਇਸ ਲਈ ਮਿਲਿਆ ਹੈ ਕਿਉਂਕਿ ਉਹ ਇੰਨੀ ਉੱਚੀ 'ਹਿਸਿੰਗ' (ਫੁਫਕਾਰ ਵਰਗੀ) ਆਵਾਜ਼ ਕੱਢ ਸਕਦੇ ਹਨ ਕਿ ਉਸਨੂੰ ਸੁਣਿਆ ਜਾ ਸਕੇ।
ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੇ ਅਨੁਸਾਰ, ਬਾਥਰਸਟ ਵਿੱਚ ਸੱਪ ਫੜਨ ਦਾ ਕੰਮ ਕਰਨ ਵਾਲੀ ਸਟੈਫਨੀ ਲੇਸਰ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਗੈਰ-ਕਾਨੂੰਨੀ ਜੀਵਾਂ ਨੂੰ ਆਨਲਾਈਨ ਰੈਪਟਾਇਲਜ਼ ਦੀ ਖੁਰਾਕ ਵਜੋਂ ਵਿਕਦੇ ਹੋਏ ਦੇਖਿਆ ਹੈ।
ਉਨ੍ਹਾਂ ਨੇ ਏਬੀਸੀ ਨੂੰ ਦੱਸਿਆ, "ਲੋਕ ਇਨ੍ਹਾਂ ਨੂੰ ਇਸ ਲਈ ਰੱਖਦੇ ਹਨ ਕਿਉਂਕਿ ਇਹ ਵੱਡੇ ਹੁੰਦੇ ਹਨ, ਇਨ੍ਹਾਂ ਦਾ ਆਕਾਰ ਲਗਭਗ ਹਥੇਲੀ ਜਿੰਨਾ ਹੁੰਦਾ ਹੈ।"
"ਸ਼ਾਇਦ ਇਹ ਸਸਤੇ ਪੈਂਦੇ ਹਨ, ਹਰੇਕ ਛਿਪਕਲੀ ਨੂੰ ਤਿੰਨ ਜਾਂ ਚਾਰ ਵੁਡ ਕਾਕਰੋਚ (ਜੋ ਕਾਫ਼ੀ ਛੋਟੇ ਹੁੰਦੇ ਹਨ) ਖੁਆਉਣ ਦੀ ਬਜਾਏ, ਤੁਸੀਂ ਉਨ੍ਹਾਂ ਨੂੰ ਸਿਰਫ਼ ਇੱਕ ਹੀ ਦੇ ਸਕਦੇ ਹੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ