ਜ਼ਿੰਦਗੀ ’ਚ ਔਖੇ ਫੈਸਲੇ ਲੈਣ ਵਿੱਚ ਦਿੱਕਤ ਹੁੰਦੀ ਹੈ? ਤਾਂ ਕੀੜੇ ਮਕੌੜਿਆਂ ਤੋਂ ਸਿੱਖੋ, ਫੈਸਲੇ ਕਿਵੇਂ ਲਏ ਜਾਂਦੇ ਹਨ

ਇੱਕ ਹਰੇ ਪੱਤੇ ‘ਤੇ ਬੈਠੀ ਲਾਲ ਕੀੜੀ ਦੀ ਨੇੜਿਓਂ ਲਈ ਤਸਵੀਰ

ਤਸਵੀਰ ਸਰੋਤ, Pawich Sattalerd via Getty Images

    • ਲੇਖਕ, ਸੋਫੀਆ ਕਵਾਗਲੀਆ
    • ਰੋਲ, ਬੀਬੀਸੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਅਸੀਂ ਇਨਸਾਨ ਗਹਿਰੀ ਸੋਚ ਵਿਚਾਰ ਕਰਨ ਦੀ ਆਪਣੀ ਸਮਰੱਥਾ ਕਾਰਨ ਅਕਸਰ ਖ਼ੁਦ ਨੂੰ ਵਿਕਾਸ ਪਿਰਾਮਿਡ ਦੇ ਸਿਖਰ 'ਤੇ ਸਮਝਦੇ ਹਾਂ। ਪਰ ਕਈ ਵਾਰ ਇਸ ਸਾਰੀ ਸੋਚ ਵਿਚਾਰ ਦੇ ਬਾਵਜੂਦ ਅਸੀਂ ਬਹੁਤੀ ਦੂਰ ਤੱਕ ਨਹੀਂ ਪਹੁੰਚ ਪਾਉਂਦੇ। ਅਸੀਂ ਗਲਤੀਆਂ ਤੋਂ ਰਹਿਤ ਨਹੀਂ ਹਾਂ ਅਤੇ ਅਕਸਰ ਗਲਤ ਫ਼ੈਸਲੇ ਲੈ ਬੈਠਦੇ ਹਾਂ।

ਦੂਜੇ ਪਾਸੇ ਕੀੜੇ ਮਕੌੜਿਆਂ ਕੋਲ ਭਾਵੇਂ ਖਸਖਸ ਦੇ ਦਾਣੇ ਜਿੱਡਾ ਬਹੁਤ ਛੋਟਾ ਜਿਹਾ ਦਿਮਾਗ਼ ਹੁੰਦਾ ਹੈ ਪਰ ਫਿਰ ਵੀ ਉਨ੍ਹਾਂ ਕੋਲ ਹੈਰਾਨੀਜਨਕ ਪੱਧਰ ਦੀ ਸੂਝ ਬੂਝ ਹੁੰਦੀ ਹੈ। ਅਸਲ ਵਿੱਚ ਕੀੜੇ ਮਕੌੜਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕਈ ਯੋਗਤਾਵਾਂ ਨੇ ਮਨੁੱਖੀ ਦੁਨੀਆਂ ਵਿਚ ਕੁਸ਼ਲਤਾ ਨਾਲ ਫ਼ੈਸਲੇ ਲੈਣ ਲਈ ਵਰਤੋ ਜਾਣ ਵਾਲੇ ਐਲਗੋਰਿਦਮਾਂ ਨੂੰ ਪ੍ਰੇਰਿਤ ਕੀਤਾ ਹੈ।

ਸਿਆਣਪ ਭਰੇ ਫ਼ੈਸਲੇ ਲੈਣ ਬਾਰੇ ਪੰਜ ਚੀਜ਼ਾਂ ਹਨ ਜੋ ਅਸੀਂ ਕੀੜੇ-ਮਕੌੜਿਆਂ ਤੋਂ ਸਿੱਖ ਸਕਦੇ ਹਾਂ।

ਰਾਹ ਲੱਭਣ ਵਾਲੀਆਂ ਕੀੜੀਆਂ

ਪੱਤਿਆਂ 'ਤੇ ਬੈਠੀ ਹਰੀ ਕੀੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਹੜੀਆਂ ਕੀੜੀਆਂ ਸਭ ਤੋਂ ਪ੍ਰਭਾਵਸ਼ਾਲੀ ਖੁਰਾਕ ਵਾਲੀ ਥਾਂ ਲੱਭ ਲੈਂਦੀਆਂ ਹਨ, ਉਹ ਭੋਜਨ ਨਾਲ ਜ਼ਿਆਦਾ ਤੇਜ਼ੀ ਨਾਲ ਵਾਪਸ ਆ ਜਾਂਦੀਆਂ ਹਨ

ਕੋਈ ਕੰਮ ਕਰਨ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਫ਼ੈਸਲਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਖਾਸ ਕਰਕੇ ਬਹੁਤ ਸਾਰੇ ਵਿਕਲਪਾਂ ਵਾਲੀ ਦੁਨੀਆਂ ਵਿੱਚ। ਇਸ ਨੂੰ ਚੋਣਾਂ ਦੀ ਭਰਮਾਰ ਕਿਹਾ ਜਾਂਦਾ ਹੈ।

ਕੀੜੀਆਂ ਨੂੰ ਵੀ ਅਜਿਹੀ ਹੀ ਦੁਚਿੱਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਭੋਜਨ ਲੱਭਣ ਲਈ ਆਪਣੀ ਅਗਲੀ ਥਾਂ ਬਾਰੇ ਸਮੂਹਿਕ ਫ਼ੈਸਲਾ ਲੈ ਰਹੀਆਂ ਹੁੰਦੀਆਂ ਹਨ। ਪਰ ਉਨ੍ਹਾਂ ਨੇ ਇੱਕ ਬਹੁਤ ਵਧੀਆ ਤਰੀਕਾ ਵਿਕਸਿਤ ਕਰ ਲਿਆ ਹੈ ਜੋ ਕਈ ਵੱਖ ਵੱਖ ਪ੍ਰਜਾਤੀਆਂ ਵਿੱਚ ਆਮ ਦੇਖਿਆ ਜਾਂਦਾ ਹੈ।

ਸ਼ੁਰੂਆਤ ਵਿੱਚ ਕਈ ਕੀੜੀਆਂ ਆਪਣੇ ਅਰਾਮਦਾਇਕ ਰਹਿਣ ਬਸੇਰੇ ਛੱਡ ਕੇ ਭੋਜਨ ਲਈ ਸਭ ਤੋਂ ਨੇੜਲੀ ਅਤੇ ਵਧੀਆ ਥਾਂ ਲੱਭਣ ਨਿਕਲਦੀਆਂ ਹਨ। ਇਹ ਸਾਹਸੀ ਕੀੜੀਆਂ ਪਹਿਲਾਂ ਕਿਸੇ ਤੈਅ ਯੋਜਨਾ ਬਿਨ੍ਹਾਂ ਖੁੱਲ੍ਹੇ ਮਾਹੌਲ ਵਿੱਚ ਨਿਕਲਦੀਆਂ ਹਨ ਅਤੇ ਆਪਣੇ ਸਾਰੇ ਵਿਕਲਪ ਖੁੱਲ੍ਹੇ ਰੱਖਦੀਆਂ ਹਨ। ਵੱਖ ਵੱਖ ਰਸਤਿਆਂ ਦੀ ਜਾਂਚ ਕਰਦੀਆਂ ਹਨ।

ਆਉਣ ਜਾਣ ਵੇਲੇ ਉਹ ਜ਼ਮੀਨ 'ਤੇ ਫੇਰੋਮੋਨ ਦੀ ਇੱਕ ਹਲਕੀ ਜਿਹੀ ਲਕੀਰ ਛੱਡਦੀਆਂ ਹਨ ਤਾਂ ਜੋ ਬਾਕੀਆਂ ਕੀੜੀਆਂ ਵੀ ਪਿੱਛੇ ਪਿੱਛੇ ਆ ਸਕਣ। ਕੁਝ ਸਮੇਂ ਬਾਅਦ ਇਹ ਫੇਰੋਮੋਨ ਉੱਡ ਜਾਂਦੇ ਹਨ ਅਤੇ ਕੀੜੀਆਂ ਦੀਆਂ ਸਭ ਤੋਂ ਮਜ਼ਬੂਤ ਪੈੜਾਂ ਦਾ ਪਿੱਛਾ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਕੀੜੀਆਂ ਬਾਰੇ ਜਾਣਕਾਰੀ

ਜਿਹੜੀਆਂ ਕੀੜੀਆਂ ਸਭ ਤੋਂ ਪ੍ਰਭਾਵਸ਼ਾਲੀ ਖੁਰਾਕ ਵਾਲੀ ਥਾਂ ਲੱਭ ਲੈਂਦੀਆਂ ਹਨ, ਉਹ ਭੋਜਨ ਨਾਲ ਜ਼ਿਆਦਾ ਤੇਜ਼ੀ ਨਾਲ ਵਾਪਸ ਆ ਜਾਂਦੀਆਂ ਹਨ ਅਤੇ ਆਪਣੇ ਫ਼ੇਰੋਮੋਨ ਦੇ ਨਿਸ਼ਾਨ ਨੂੰ ਪੂਰੀ ਤਰ੍ਹਾਂ ਮਿਟਣ ਤੋਂ ਪਹਿਲਾਂ ਹੋਰ ਮਜ਼ਬੂਤ ਕਰ ਦਿੰਦੀਆਂ ਹਨ। ਉਹ ਪਿੱਛੇ ਆ ਰਹੀਆਂ ਕੀੜੀਆਂ ਨੂੰ ਵੀ ਇਹ ਸੰਕੇਤ ਜਲਦੀ ਪਹੁੰਚਾਉਂਦੀਆਂ ਹਨ।

ਇਸਦਾ ਨਤੀਜਾ ਇਹ ਹੁੰਦਾ ਹੈ ਕਿ ਸਮੇਂ ਦੇ ਨਾਲ ਹੋਰ ਕੀੜੀਆਂ ਉਸੇ ਰਾਹ ਤੋਂ ਆਉਣ-ਜਾਣ ਲੱਗ ਪੈਂਦੀਆਂ ਹਨ ਅਤੇ ਹੋਰ ਫ਼ੇਰੋਮੋਨ ਛੱਡਦੀਆਂ ਹਨ, ਜਿਸ ਨਾਲ ਉਹ ਰਾਹ ਹੋਰ ਮਜ਼ਬੂਤ ਹੋ ਜਾਂਦਾ ਹੈ।

ਇਸ ਤਰ੍ਹਾਂ ਹਕੀਕਤ ਵਿੱਚ ਛੋਟੇ ਅਤੇ ਵਧੇਰੇ ਪ੍ਰਭਾਵਸ਼ਾਲੀ ਰਸਤੇ ਸਮੇਂ ਦੇ ਨਾਲ ਮਜ਼ਬੂਤ ਹੁੰਦੇ ਜਾਂਦੇ ਹਨ, ਜਦਕਿ ਹੋਰ ਰਾਹ ਮਿਟਦੇ ਜਾਂਦੇ ਹਨ। ਆਖ਼ਰ ਵਿੱਚ, ਪੂਰੀ ਕਾਲੋਨੀ ਮਿਲ ਕੇ ਸਭ ਤੋਂ ਛੋਟਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਰਾਹ ਲੱਭ ਲੈਂਦੀ ਹੈ, ਭਾਵੇਂ ਕਿਸੇ ਇੱਕ ਕੀੜੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਉਸਦੀ ਖੋਜ ਸੀ।

ਬੈਲਜੀਅਮ ਦੀ ਯੂਨੀਵਰਸਿਟੀ ਲਿਬਰੇ ਦੇ ਬ੍ਰੁਸੇਲਸ ਦੀ ਆਰਟੀਫਿਸ਼ਲ ਇੰਟੈਲੀਜੈਂਸ ਲੈਬ ਦੇ ਸਹਿ-ਨਿਰਦੇਸ਼ਕ ਮਾਰਕੋ ਡੋਰੀਗੋ ਕਹਿੰਦੇ ਹਨ, "ਮੁੱਖ ਸਬਕ ਇਹ ਹੈ ਕਿ ਪ੍ਰਭਾਵਸ਼ਾਲੀ ਸਮੂਹਕ ਫ਼ੈਸਲਾ-ਪ੍ਰਕਿਰਿਆ ਕੇਂਦਰੀ ਨਿਯੰਤਰਣ ਤੋਂ ਬਿਨਾਂ ਵੀ ਉਭਰ ਸਕਦੀ ਹੈ। ਘੱਟ ਸਮਰੱਥਾਵਾਂ ਅਤੇ ਕੇਵਲ ਸਥਾਨਕ ਜਾਣਕਾਰੀ ਵਾਲੇ ਸਧਾਰਣ ਵਿਅਕਤੀ ਵੀ ਮਿਲ ਕੇ ਜਟਿਲ ਤਾਲਮੇਲ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ।"

ਇਸ ਪ੍ਰਣਾਲੀ ਨੂੰ "ਐਂਟ ਕਾਲੋਨੀ ਆਪਟੀਮਾਈਜ਼ੇਸ਼ਨ" ਵਿਧੀ ਦਾ ਨਾਮ ਦਿੱਤਾ ਗਿਆ ਹੈ ਅਤੇ ਇਸਨੂੰ ਦੁਨੀਆ ਭਰ ਵਿੱਚ ਮਨੁੱਖੀ ਸਮਾਂ-ਸੂਚੀ, ਦੂਰਸੰਚਾਰ, ਆਵਾਜਾਈ ਅਤੇ ਲਾਜਿਸਟਿਕਸ ਨੂੰ ਬਿਹਤਰ ਬਣਾਉਣ ਲਈ ਐਲਗੋਰਿਦਮ ਵਜੋਂ ਵਰਤਿਆ ਗਿਆ ਹੈ।

ਮਾਹਿਰਾਂ ਨੇ ਇਸਨੂੰ ਰੇਲਵੇ ਯੋਜਨਾਬੰਦੀ ਵਿੱਚ ਵੀ ਵਰਤਿਆ ਹੈ ਅਤੇ ਡੋਰੀਗੋ ਨੇ AntNET ਨਾਮਕ ਪ੍ਰਣਾਲੀ ਵਿਕਸਿਤ ਕੀਤੀ, ਜੋ ਸੰਚਾਰ ਨੈੱਟਵਰਕਾਂ ਵਿੱਚ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਿਜਾਣ ਵਿੱਚ ਮਦਦ ਕਰਦੀ ਹੈ।

ਸ਼ਹਿਦ ਵਾਲੀਆਂ ਲੋਕਤੰਤਰੀ ਮੱਖੀਆਂ

ਜਾਮਣੀ ਫੁੱਲ ਕੋਲ ਸ਼ਹਿਦ ਵਾਲੀ ਮੱਖੀ।

ਤਸਵੀਰ ਸਰੋਤ, NurPhoto via Getty Images

ਤਸਵੀਰ ਕੈਪਸ਼ਨ, ਸ਼ਹਿਦ-ਮੱਖੀਆਂ ਨਵਾਂ ਘਰ ਲੱਭਣ ਵੇਲੇ ਕੀੜੀਆਂ ਵਾਂਗ ਹੀ ਇੱਕ ਤਰੀਕਾ ਵਰਤਦੀਆਂ ਹਨ।

ਸ਼ਹਿਦ ਵਾਲੀਆਂ ਮੱਖੀਆਂ ਨਵਾਂ ਘਰ ਲੱਭਣ ਵੇਲੇ ਕੀੜੀਆਂ ਵਾਂਗ ਹੀ ਇੱਕ ਤਰੀਕਾ ਵਰਤਦੀਆਂ ਹਨ।

ਕੁਝ ਖੋਜੀ ਮੱਖੀਆਂ ਬਾਹਰ ਨਿਕਲ ਕੇ ਬੇਤਰਤੀਬ ਢੰਗ ਨਾਲ ਸੰਭਾਵਿਤ ਥਾਵਾਂ ਦੀ ਖੋਜ ਕਰਦੀਆਂ ਹਨ। ਪਰ ਫ਼ੇਰੋਮੋਨ ਦੀ ਲਕੀਰ ਛੱਡਣ ਦੀ ਥਾਂ, ਉਹ ਵਾਪਸ ਛੱਤੇ ਵਿੱਚ ਆ ਕੇ ਆਪਣੀ ਪਸੰਦ ਸਿੱਧੀ ਸਾਂਝੀ ਕਰਦੀਆਂ ਹਨ।

ਉਹ ਆਪਣੇ ਸਾਥੀਆਂ ਲਈ "ਵੈਗਲ ਡਾਂਸ" ਕਰਦੀਆਂ ਹਨ ਅਤੇ ਸਰੀਰ ਨੂੰ ਲੈਅਬੱਧ ਢੰਗ ਨਾਲ ਹਿਲਾ ਕੇ ਦੱਸਦੀਆਂ ਹਨ ਕਿ ਨਵੀਂ ਥਾਂ ਕਿੰਨੀ ਸੁਰੱਖਿਅਤ, ਕਿੰਨੀ ਨੇੜੇ, ਕਿੰਨੀ ਵੱਡੀ ਅਤੇ ਕਿੰਨੀ ਉਚਿਤ ਹੈ। ਜਿੰਨੀ ਵਧੀਆ ਥਾਂ ਹੋਵੇਗੀ, ਉਨਾ ਹੀ ਲੰਮਾ ਅਤੇ ਜੋਸ਼ੀਲਾ ਇਹ ਨਾਚ ਹੋਵੇਗਾ।

ਇਹ ਨਾਚ ਥਾਂ ਦੀ ਸਹੀ ਸਥਿਤੀ ਵੀ ਦੱਸਦਾ ਹੈ ਕਿ ਕਿੰਨੀ ਦੂਰ ਅਤੇ ਕਿਸ ਦਿਸ਼ਾ ਵਿੱਚ ਉੱਡਣਾ ਹੈ। ਇਸ ਤੋਂ ਬਾਅਦ ਮੱਖੀਆਂ ਦਾ ਇੱਕ ਹੋਰ ਸਮੂਹ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਭੇਜਿਆ ਜਾਂਦਾ ਹੈ। ਵਾਪਸੀ 'ਤੇ ਉਹ ਵੀ ਆਪਣੇ ਨਾਚ ਰਾਹੀਂ ਆਪਣਾ ਫ਼ੈਸਲਾ ਦਿੰਦੀਆਂ ਹਨ, ਜਾਂ ਤਾਂ ਪਹਿਲੇ ਸਮੂਹ ਦਾ ਸਮਰਥਨ ਕਰਦੀਆਂ ਹਨ ਜਾਂ ਨਵੇਂ ਵਿਕਲਪ ਪੇਸ਼ ਕਰਦੀਆਂ ਹਨ।

ਸਮੇਂ ਦੇ ਨਾਲ ਇੱਕ ਮਨਪਸੰਦ ਥਾਂ ਸੁਭਾਵਿਕ ਤੌਰ 'ਤੇ ਉਭਰ ਕੇ ਸਾਹਮਣੇ ਆ ਜਾਂਦਾ ਹੈ। ਕੁਝ ਦਰਜਨ ਮੱਖੀਆਂ ਇੱਕੋ ਥਾਂ ਦੇ ਸਮਰਥਨ ਵਿੱਚ ਸਕਾਰਾਤਮਕ ਨਾਚ ਕਰਦੀਆਂ ਹਨ। ਜਦੋਂ ਲੋੜੀਂਦੀ ਗਿਣਤੀ ਪੂਰੀ ਹੋ ਜਾਂਦੀ ਹੈ, ਤਾਂ ਪੂਰਾ ਸਮੂਹ ਉਸ ਦਿਸ਼ਾ ਵੱਲ ਰਵਾਨਾ ਹੋ ਜਾਂਦਾ ਹੈ, ਬਿਲਕੁਲ ਮਨੁੱਖੀ ਲੋਕਤੰਤਰ ਵਾਂਗ।

ਨਿਊਟਰਲ ਟਿੱਡੇ

ਹਰੇ ਪੱਤਿਆਂ 'ਤੇ ਬੈਠਾ ਟਿੱਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਵੱਧ ਤੋਂ ਵੱਧ ਟਿੱਡੇ ਤੁਰਨਾ ਛੱਡ ਕੇ ਨਿਊਟਰਲ ਹੋ ਜਾਂਦੇ ਹਨ, ਸਮੂਹ ਨੂੰ ਇੱਕ ਸਹਿਮਤੀ ਤੋਂ ਦੂਜੀ ਸਹਿਮਤੀ ਵੱਲ ਜਾਣ ਵਿੱਚ ਮਦਦ ਕਰਦਾ ਹੈ।

ਲੋਕਾਂ ਦੇ ਵਿਚਾਰ ਬਦਲਣਾ ਔਖਾ ਹੁੰਦਾ ਹੈ, ਖ਼ਾਸ ਕਰਕੇ ਜਦੋਂ ਇੱਕ ਸਮੂਹ ਦੋ ਵਿਕਲਪਾਂ ਵਿੱਚ ਵੰਡਿਆ ਹੋਵੇ। ਬਹਿਸ ਜਲਦੀ ਹੀ ਕਾਲੇ ਜਾਂ ਚਿੱਟੇ ਵਾਲੀ ਦੋਧਰੀ ਸੋਚ ਵਿੱਚ ਬਦਲ ਸਕਦੀ ਹੈ ਅਤੇ ਹਰ ਕੋਈ ਆਪਣੀ ਸਥਿਤੀ 'ਤੇ ਹੋਰ ਅੜਿਆ ਰਹਿ ਜਾਂਦਾ ਹੈ।

ਖੁਸ਼ਕਿਸਮਤੀ ਨਾਲ, ਟਿੱਡਿਆਂ 'ਤੇ ਹੋਏ ਇੱਕ ਨਵੇਂ ਅਧਿਐਨ ਨੇ ਇਸ ਸਥਿਤੀ ਤੋਂ ਨਿਕਲਣ ਦਾ ਰਾਹ ਦਿਖਾਇਆ ਹੈ।

ਚਲਦੇ ਟਿੱਡੇ ਇੰਨੇ ਛੋਟੇ ਹੁੰਦੇ ਹਨ ਕਿ ਉਹ ਹਾਲੇ ਉੱਡਣਾ ਨਹੀਂ ਜਾਣਦੇ, ਇਸ ਲਈ ਉਹ ਤੁਰਦੇ ਹਨ। ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਬਾਥ ਦੇ ਗਣਿਤਕ ਜੀਵ ਵਿਗਿਆਨ ਦੇ ਪ੍ਰੋਫੈਸਰ ਕ੍ਰਿਸਚੀਅਨ (ਕਿਟ) ਯੇਟਸ ਨੇ ਆਪਣੇ ਪ੍ਰਯੋਗ ਵਿੱਚ ਟਿੱਡਿਆਂ ਦੇ ਸਮੂਹਾਂ ਨੂੰ ਗੋਲ ਮੈਦਾਨ ਵਿੱਚ ਰੱਖਿਆ ਅਤੇ ਦੇਖਿਆ ਕਿ ਉਹ ਮਿਲ ਕੇ ਕਿਹੜੀ ਦਿਸ਼ਾ ਚੁਣਦੇ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਕੁਝ ਸਮੇਂ ਦੀ ਰੁਕਾਵਟ ਤੋਂ ਬਾਅਦ ਉਹ ਅਕਸਰ ਦਿਸ਼ਾ ਬਦਲ ਦਿੰਦੇ ਹਨ।

ਪਤਾ ਲੱਗਾ ਕਿ ਇਹ ਛੋਟਾ ਜਿਹਾ ਠਹਿਰਾਅ, ਜਦੋਂ ਵੱਧ ਤੋਂ ਵੱਧ ਟਿੱਡੇ ਤੁਰਨਾ ਛੱਡ ਕੇ ਨਿਊਟਰਲ ਹੋ ਜਾਂਦੇ ਹਨ, ਸਮੂਹ ਨੂੰ ਇੱਕ ਸਹਿਮਤੀ ਤੋਂ ਦੂਜੀ ਸਹਿਮਤੀ ਵੱਲ ਜਾਣ ਵਿੱਚ ਮਦਦ ਕਰਦਾ ਹੈ।

ਇਸ ਪ੍ਰਯੋਗ ਵਿੱਚ ਯੇਟਸ ਨੇ 19 ਮਨੁੱਖਾਂ 'ਤੇ ਵੀ ਇਸੇ ਤਰ੍ਹਾਂ ਦਾ ਟੈਸਟ ਕੀਤਾ। ਉਨ੍ਹਾਂ ਨੇ ਇੱਕ ਖੇਡ ਤਿਆਰ ਕੀਤੀ, ਜਿਸ ਵਿੱਚ ਭਾਗੀਦਾਰ X ਜਾਂ Y ਵਿੱਚੋਂ ਇੱਕ ਦੀ ਚੋਣ ਕਰ ਸਕਦੇ ਸਨ ਜਾਂ ਫ਼ੈਸਲੇ ਤੋਂ ਪਰਹੇਜ਼ ਕਰ ਸਕਦੇ ਸਨ। ਟਿੱਡਿਆਂ ਵਾਂਗ ਹੀ ਇਹ ਵੀ ਸਾਹਮਣੇ ਆਇਆ ਕਿ ਜਦੋਂ ਲੋਕਾਂ ਕੋਲ ਤਟਸਥ ਯਾਨੀ ਨਿਊਟਰਲ ਰਹਿਣ ਦਾ ਵਿਕਲਪ ਹੁੰਦਾ ਹੈ, ਤਾਂ ਸਮੂਹ X ਜਾਂ Y ਵਿੱਚੋਂ ਕਿਸੇ ਇੱਕ ਨਤੀਜੇ 'ਤੇ ਹੋਰ ਤੇਜ਼ੀ ਅਤੇ ਸਾਫ਼-ਸੁਥਰੇ ਢੰਗ ਨਾਲ ਪਹੁੰਚ ਜਾਂਦਾ ਹੈ।

ਯੇਟਸ ਦੇ ਮੁਤਾਬਕ, ਵੱਡੇ ਅਤੇ ਬਹੁਤ ਸਰਗਰਮ ਸਮੂਹਾਂ ਵਿੱਚ ਕਈ ਛੋਟੇ ਸੁਤੰਤਰ ਪ੍ਰਭਾਵ ਇੱਕ-ਦੂਜੇ ਨੂੰ ਸੰਤੁਲਿਤ ਕਰ ਦਿੰਦੇ ਹਨ, ਜਿਸ ਕਾਰਨ ਸਮੂਹ ਦੀ ਕੁੱਲ ਦਿਸ਼ਾ ਬਦਲਣਾ ਮੁਸ਼ਕਲ ਹੋ ਜਾਂਦਾ ਹੈ। ਪਰ ਜੇ ਬਹੁਤ ਸਾਰੇ ਵਿਅਕਤੀ ਕੁਝ ਸਮੇਂ ਲਈ ਤਟਸਥ ਹੋ ਜਾਣ, ਤਾਂ ਫ਼ੈਸਲਾ ਲੈਣ ਵਾਲੇ ਸਰਗਰਮ ਲੋਕਾਂ ਦੀ ਗਿਣਤੀ ਘੱਟ ਜਾਂਦੀ ਹੈ।

ਯੇਟਸ ਕਹਿੰਦੇ ਹਨ, "ਜਦੋਂ ਸਰਗਰਮ ਵੋਟਾਂ ਘੱਟ ਹੁੰਦੀਆਂ ਹਨ, ਤਾਂ ਉਹੀ ਛੋਟਾ ਜਿਹਾ ਪ੍ਰਭਾਵ ਸਮੂਹ ਦੀ ਦਿਸ਼ਾ 'ਤੇ ਵੱਡਾ ਅਸਰ ਪਾਉਂਦਾ ਹੈ।"

ਆਖ਼ਿਰਕਾਰ ਟਿੱਡੇ ਸਾਨੂੰ ਸਿਖਾਉਂਦੇ ਹਨ ਕਿ ਤਟਸਥਤਾ ਹਰ ਕਿਸੇ ਨੂੰ ਆਪਣੇ ਵਿਚਾਰਾਂ ਦਾ ਮੁੜ ਮੁਲਾਂਕਣ ਕਰਨ ਅਤੇ ਸਹਿਮਤੀ ਤੱਕ ਪਹੁੰਚਣ ਲਈ ਲੋੜੀਂਦਾ ਠਹਿਰਾਅ ਦੇ ਸਕਦੀ ਹੈ। ਇਸ ਦਾ ਸਾਰ ਇਹ ਹੈ ਕਿ ਜੇ ਤੁਸੀਂ ਮੌਜੂਦਾ ਸਥਿਤੀ ਨੂੰ ਬਦਲਣਾ ਚਾਹੁੰਦੇ ਹੋ, ਤਾਂ ਅਣ-ਨਿਰਣਾਇਕ ਲੋਕਾਂ ਦੀ ਚਿੰਤਾ ਨਾ ਕਰੋ, ਸਗੋਂ ਹੋਰ ਲੋਕਾਂ ਨੂੰ ਵੀ ਤਟਸਥ ਹੋਣ ਲਈ ਉਤਸ਼ਾਹਿਤ ਕਰੋ।

ਸ਼ਖ਼ਸੀਅਤ ਵਾਲੇ ਕਾਕਰੋਚ

ਦੋ ਕੋਕਰੋਚ

ਤਸਵੀਰ ਸਰੋਤ, Soumyabrata Roy/NurPhoto via Getty Images

ਤਸਵੀਰ ਕੈਪਸ਼ਨ, ਕਾਕਰੋਚਾਂ 'ਤੇ ਹੋਏ ਇੱਕ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਸਮੂਹ ਵਿੱਚ ਮਜ਼ਬੂਤ ਵਿਅਕਤੀਗਤ ਸ਼ਖ਼ਸੀਅਤਾਂ ਅਸਲ ਵਿੱਚ ਫ਼ੈਸਲਾ-ਪ੍ਰਕਿਰਿਆ ਨੂੰ ਤੇਜ਼ ਕਰ ਸਕਦੀਆਂ ਹਨ।

ਜਦੋਂ ਬਹਿਸ ਵਿੱਚ ਕਈ ਮਜ਼ਬੂਤ ਸ਼ਖ਼ਸੀਅਤਾਂ ਸ਼ਾਮਲ ਹੁੰਦੀਆਂ ਹਨ, ਤਾਂ ਸਮੂਹਕ ਨਤੀਜੇ ਤੱਕ ਪਹੁੰਚਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਬਹਿਸ ਨੂੰ ਆਪਣੀ ਦਿਸ਼ਾ ਵੱਲ ਮੋੜ ਸਕਦੇ ਹਨ ਅਤੇ ਸਮੂਹਕ ਰਾਏ 'ਤੇ ਹਾਵੀ ਹੋ ਸਕਦੇ ਹਨ।

ਪਰ ਕਾਕਰੋਚਾਂ 'ਤੇ ਹੋਏ ਇੱਕ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਸਮੂਹ ਵਿੱਚ ਮਜ਼ਬੂਤ ਵਿਅਕਤੀਗਤ ਸ਼ਖ਼ਸੀਅਤਾਂ ਅਸਲ ਵਿੱਚ ਫ਼ੈਸਲਾ-ਪ੍ਰਕਿਰਿਆ ਨੂੰ ਤੇਜ਼ ਕਰ ਸਕਦੀਆਂ ਹਨ।

ਕੁਝ ਕਾਕਰੋਚ ਦਲੇਰ ਹੁੰਦੇ ਹਨ, ਜਦਕਿ ਕੁਝ ਡਰਪੋਕ। ਜਪਾਨ ਦੀ ਟੋਕੀਓ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਆਈਜ਼ੈਕ ਪਲਾਨਾਸ-ਸਿਟਜਾ ਨੇ ਕੰਪਿਊਟਰ ਸਿਮੂਲੇਸ਼ਨ ਰਾਹੀਂ ਇਹ ਅਧਿਐਨ ਕੀਤਾ ਕਿ ਕਾਕਰੋਚ ਕਿਵੇਂ ਇਕੱਠੇ ਹੁੰਦੇ ਹਨ, ਜਿਵੇਂ ਕਿ ਫਰਿੱਜ ਦੇ ਪਿੱਛੇ ਕਿਸੇ ਹਨੇਰੇ ਕੋਨੇ ਵਿੱਚ ਲੁਕਣਾ।

ਉਨ੍ਹਾਂ ਨੇ ਤਿੰਨ ਤਰ੍ਹਾਂ ਦੇ ਮਾਡਲ ਤਿਆਰ ਕੀਤੇ: ਇੱਕ ਜਿਸ ਵਿੱਚ ਸ਼ਖ਼ਸੀਅਤ ਪੱਖੋਂ ਕੋਈ ਫ਼ਰਕ ਨਹੀਂ ਸੀ, ਇੱਕ ਜਿਸ ਵਿੱਚ ਕੁਝ ਫ਼ਰਕ ਸੀ ਅਤੇ ਇੱਕ ਜਿਸ ਵਿੱਚ ਬਹੁਤ ਜ਼ਿਆਦਾ ਫ਼ਰਕ ਸੀ।

ਨਤੀਜੇ ਦੱਸਦੇ ਹਨ ਕਿ ਜਿੱਥੇ ਹਰ ਕਾਕਰੋਚ ਇਕੋ ਜਿਹਾ ਵਰਤਾਅ ਕਰਦਾ ਸੀ, ਉਹ ਮਾਡਲ ਅਸਲ ਦੁਨੀਆ ਵਿੱਚ ਕਾਕਰੋਚਾਂ ਦੇ ਫ਼ੈਸਲੇ ਲੈਣ ਦੀ ਸਮਰੱਥਾ ਦੇ ਨੇੜੇ ਵੀ ਨਹੀਂ ਪਹੁੰਚੇ। ਦੂਜੇ ਪਾਸੇ, ਜਿਨ੍ਹਾਂ ਸਮੂਹਾਂ ਵਿੱਚ ਸ਼ਖ਼ਸੀਅਤਾਂ ਵਿੱਚ ਵਧੇਰੇ ਫ਼ਰਕ ਸੀ, ਉਹ ਤੇਜ਼ੀ ਨਾਲ ਸਮੂਹਕ ਫ਼ੈਸਲੇ ਕਰਦੇ ਸਨ ਕਿਉਂਕਿ ਉਨ੍ਹਾਂ ਵਿੱਚ ਸਮਾਜਿਕ ਸੰਪਰਕ ਵੱਧ ਹੁੰਦਾ ਸੀ।

ਪਲਾਨਾਸ-ਸਿਟਜਾ ਕਹਿੰਦੇ ਹਨ, "ਮੈਂ ਬਹੁਤ ਹੈਰਾਨ ਹੋਇਆ। ਮੈਨੂੰ ਕਿਸੇ ਰੁਝਾਨ ਦੀ ਉਮੀਦ ਸੀ, ਪਰ ਇੰਨਾ ਸਪਸ਼ਟ ਅਤੇ ਮੁੜ-ਮੁੜ ਮਿਲਣ ਵਾਲਾ ਪੈਟਰਨ ਨਹੀਂ।"

ਉਨ੍ਹਾਂ ਦੇ ਮੁਤਾਬਕ, ਜੇ ਕਿਸੇ ਸਮੂਹ ਵਿੱਚ ਸਾਰੇ ਹੀ ਦਲੇਰ ਜਾਂ ਖੋਜੀ ਸੁਭਾਅ ਵਾਲੇ ਕਾਕਰੋਚ ਹੋਣ, ਤਾਂ ਉਨ੍ਹਾਂ ਲਈ ਇਕੱਠੇ ਹੋ ਕੇ ਉਚਿਤ ਟਿਕਾਉਣਾ ਚੁਣਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਹਿਲਦੇ-ਡੁਲਦੇ ਰਹਿੰਦੇ ਹਨ। ਜਦਕਿ ਬੇਹੱਦ ਸ਼ਰਮੀਲੇ ਕਾਕਰੋਚਾਂ ਵਾਲੇ ਸਮੂਹ ਜਲਦੀ ਤਾਂ ਟਿਕ ਜਾਂਦੇ ਹਨ, ਪਰ ਗਲਤ ਟਿਕਾਣਾ ਚੁਣਨ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਉਹ ਕਹਿੰਦੇ ਹਨ, "ਸਹਿਯੋਗ ਦੀ ਮਾਤਰਾ ਅਤੇ ਵਿਹਾਰਕ ਵਿਭਿੰਨਤਾ ਵਿਚਕਾਰ ਸੰਤੁਲਨ ਹੀ ਆਖ਼ਰਕਾਰ ਸਮੂਹਕ ਬੁੱਧੀ ਨੂੰ ਜਨਮ ਦਿੰਦਾ ਹੈ। ਜੇ ਇਹ ਛੋਟੇ ਜੀਵਾਂ ਵਿੱਚ ਸ਼ਖ਼ਸੀਅਤ ਮਹੱਤਵ ਰੱਖਦੀ ਹੈ, ਤਾਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਹੋਰ ਜਟਿਲ ਸਮਾਜਾਂ ਵਿੱਚ ਰਹਿਣ ਵਾਲੇ ਜੀਵਾਂ 'ਤੇ ਇਸ ਦਾ ਕਿੰਨਾ ਵੱਡਾ ਪ੍ਰਭਾਵ ਹੋ ਸਕਦਾ ਹੈ।"

ਆਤਮ-ਮੰਥਨ ਕਰਨ ਵਾਲੀਆਂ ਮੱਖੀਆਂ

ਮੱਖੀ

ਤਸਵੀਰ ਸਰੋਤ, Joao Paulo Burini via Getty Images

ਤਸਵੀਰ ਕੈਪਸ਼ਨ, ਫਲਾਂ ਵਾਲੀਆਂ ਮੱਖੀਆਂ ਸਾਨੂੰ ਫ਼ੈਸਲੇ ਕਰਦੇ ਸਮੇਂ ਵਧੇਰੇ ਸਵੈ-ਜਾਗਰੂਕ ਹੋਣ ਬਾਰੇ ਬਹੁਤ ਕੁਝ ਸਿਖਾ ਸਕਦੀਆਂ ਹਨ।

ਕਈ ਵਾਰ ਅਸੀਂ ਅਜਿਹੇ ਫ਼ੈਸਲੇ ਕਰਨ ਲਈ ਆਪਣੇ ਅੰਦਰੂਨੀ ਅਹਿਸਾਸਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਸਾਨੂੰ ਤਰਕਸੰਗਤ ਲੱਗਦੇ ਹਨ, ਭਾਵੇਂ ਅੰਦਰੋਂ ਉਹ ਗਲਤ ਮਹਿਸੂਸ ਹੁੰਦੇ ਹੋਣ। ਹੋਰ ਮੌਕਿਆਂ 'ਤੇ ਅਸੀਂ ਆਪਣੀਆਂ ਪੱਕੀਆਂ ਧਾਰਨਾਵਾਂ ਦਾ ਪਾਲਣ ਕਰਦੇ ਹਾਂ, ਪਰ ਆਪਣੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਦੇ।

ਪਤਾ ਲੱਗਦਾ ਹੈ ਕਿ ਫਲਾਂ ਵਾਲੀਆਂ ਮੱਖੀਆਂ ਸਾਨੂੰ ਫ਼ੈਸਲੇ ਕਰਦੇ ਸਮੇਂ ਵਧੇਰੇ ਸਵੈ-ਜਾਗਰੂਕ ਹੋਣ ਬਾਰੇ ਬਹੁਤ ਕੁਝ ਸਿਖਾ ਸਕਦੀਆਂ ਹਨ।

ਖੋਜ ਦਰਸਾਉਂਦੀ ਹੈ ਕਿ ਫਲ-ਮੱਖੀਆਂ ਬਾਹਰੀ ਅਤੇ ਅੰਦਰੂਨੀ ਜਾਣਕਾਰੀ ਨੂੰ ਆਪਣੇ ਹਰ ਕਦਮ ਵਿੱਚ ਸ਼ਾਮਲ ਕਰਨ ਦੇ ਮਾਮਲੇ ਵਿੱਚ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਉਦਾਹਰਨ ਵਜੋਂ, ਜਦੋਂ ਉਨ੍ਹਾਂ ਨੂੰ ਦੋ ਵੱਖਰੀਆਂ ਮਹਿਕਾਂ ਵਿੱਚੋਂ ਚੋਣ ਕਰਨੀ ਪੈਂਦੀ ਹੈ, ਤਾਂ ਜਿੰਨੀਆਂ ਮਹਿਕਾਂ ਇੱਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ, ਓਨਾਂ ਹੀ ਵੱਧ ਸਮਾਂ ਮੱਖੀਆਂ ਹਿਚਕਚਾਉਂਦੀਆਂ ਹਨ, ਜਿਵੇਂ ਉਹ ਫ਼ਾਇਦੇ ਅਤੇ ਨੁਕਸਾਨ ਤੋਲ ਰਹੀਆਂ ਹੋਣ।

ਜੇ ਉਨ੍ਹਾਂ ਨੂੰ ਇੱਕ ਸੁਆਦਲੀ ਪਰ ਪੋਸ਼ਣ-ਰਹਿਤ ਚੀਜ਼ ਅਤੇ ਇੱਕ ਕੌੜੇ ਸੁਆਦ ਵਾਲੀ ਪਰ ਪੌਸ਼ਟਿਕ ਮਿੱਠੀ ਚੀਜ਼ ਵਿੱਚੋਂ ਚੋਣ ਕਰਨੀ ਹੋਵੇ, ਤਾਂ ਉਹ ਇਸ ਦੇ ਕੁੱਲ ਲਾਭ ਦਾ ਹਿਸਾਬ ਲਗਾ ਸਕਦੀਆਂ ਹਨ ਅਤੇ ਪੋਸ਼ਣ ਲਈ ਮਾੜੇ ਸੁਆਦ ਨੂੰ ਵੀ ਸਹਿ ਜਾਂਦੀਆਂ ਹਨ।

ਉਹ ਆਮ ਤੌਰ 'ਤੇ ਵੱਡੇ ਇਨਾਮ ਨਾਲ ਜੁੜੇ ਖ਼ਤਰੇ ਦੀ ਥਾਂ ਛੋਟੇ ਪਰ ਯਕੀਨੀ ਇਨਾਮ ਨੂੰ ਤਰਜੀਹ ਦਿੰਦੀਆਂ ਹਨ। ਹਾਲਾਂਕਿ, ਜੇ ਉਹ ਬਹੁਤ ਭੁੱਖੀਆਂ ਜਾਂ ਤਣਾਅ ਵਿੱਚ ਹੋਣ ਤਾਂ ਸਥਿਤੀ ਬਦਲ ਸਕਦੀ ਹੈ। ਜਦੋਂ ਉਨ੍ਹਾਂ ਨੂੰ ਕਿਸੇ ਮਹਿਕ ਨੂੰ ਇਨਾਮ ਜਾਂ ਸਜ਼ਾ ਨਾਲ ਜੋੜ ਕੇ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਸਿਹਤਮੰਦ ਮੱਖੀਆਂ ਅਕਸਰ ਅਸਪਸ਼ਟ ਮਹਿਕ ਵੱਲ ਵਧਣ ਅਤੇ ਉਸਦਾ ਨਤੀਜਾ ਵੇਖਣ ਲਈ ਤਿਆਰ ਹੁੰਦੀਆਂ ਹਨ, ਜਦਕਿ ਤਣਾਅਗ੍ਰਸਤ ਮੱਖੀਆਂ ਖ਼ਤਰਾ ਲੈਣ ਤੋਂ ਕਤਰਾਉਂਦੀਆਂ ਹਨ।

ਮੱਖੀਆਂ ਵਾਂਗ, ਕਈ ਵਾਰ ਸਾਡੀਆਂ ਅੰਦਰੂਨੀ ਸਥਿਤੀਆਂ ਵੀ ਸਾਡੇ ਫ਼ੈਸਲਿਆਂ ਨੂੰ ਧੁੰਦਲਾ ਕਰ ਦਿੰਦੀਆਂ ਹਨ। ਪਰ ਉਹ ਸਾਨੂੰ ਇਹ ਵੀ ਯਾਦ ਦਿਵਾਉਂਦੀਆਂ ਹਨ ਕਿ ਇਹ ਅੰਦਰੂਨੀ ਅਹਿਸਾਸ ਅਤੇ ਤਜਰਬੇ, ਜੋ ਸਾਡੇ ਆਪਣੇ ਅਤੇ ਹੋਰਨਾਂ ਬਾਰੇ ਬਣੀਆਂ ਅਣਗਿਣਤ ਛੋਟੀਆਂ ਧਾਰਣਾਵਾਂ ਦਾ ਮਿਲਾਪ ਹੁੰਦੇ ਹਨ, ਕਈ ਵਾਰ ਸਹੀ ਫ਼ੈਸਲਾ ਕਰਨ ਵਿੱਚ ਸਾਡੀ ਮਦਦ ਵੀ ਕਰ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)