ਸੋਨਮ ਵਾਂਗਚੁਕ ਨੂੰ ਪੁਲਿਸ ਚੁੱਕ ਕੇ ਹਸਪਤਾਲ ਲੈ ਗਈ, ਪਤਨੀ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਦੀ ਕੀਤੀ ਮੰਗ

ਤਸਵੀਰ ਸਰੋਤ, Reuters
ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸ਼ਨੀਵਾਰ ਤੜਕੇ ਜੰਤਰ-ਮੰਤਰ ਤੋਂ ਹਟਾ ਕੇ ਹਸਪਤਾਲ ਲੈਕੇ ਜਾਇਆ ਗਿਆ।
ਨੀਟ ਪ੍ਰੀਖਿਆ ਵਿੱਚ ਕਥਿਤ ਗੜਬੜੀਆਂ ਦੇ ਖ਼ਿਲਾਫ਼ ਉਨ੍ਹਾਂ ਦੀ ਭੁੱਖ ਹੜਤਾਲ 21ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ, ਪਿਛਲੇ 20 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਜੰਤਰ-ਮੰਤਰ 'ਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹੈ।
ਸੋਨਮ ਵਾਂਗਚੁਕ ਦੇ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਕਿਹਾ ਹੈ ਕਿ ਬਿਨਾਂ ਸਹਿਮਤੀ ਦੇ ਉਨ੍ਹਾਂ ਨੂੰ ਮੂੰਹ ਜਾਂ ਨਸਾਂ ਰਾਹੀਂ ਕੁਝ ਵੀ ਨਾ ਦਿੱਤਾ ਜਾਵੇ।
ਗੀਤਾਂਜਲੀ ਨੇ ਐਕਸ 'ਤੇ ਲਿਖਿਆ, "ਮੈਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਹਾਂ, ਜਿੱਥੇ ਸੋਨਮ ਵਾਂਗਚੁਕ ਨੂੰ ਦਾਖ਼ਲ ਕਰਵਾਇਆ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਮੂੰਹ ਰਾਹੀਂ ਜਾਂ ਨਸਾਂ ਦੇ ਜ਼ਰੀਏ ਕੋਈ ਵੀ ਦਵਾਈ ਜਾਂ ਤਰਲ ਪਦਾਰਥ ਉਦੋਂ ਤੱਕ ਨਾ ਦਿੱਤਾ ਜਾਵੇ, ਜਦੋਂ ਤੱਕ ਮੇਰੇ ਤੋਂ, ਉਨ੍ਹਾਂ ਦੇ ਪਰਿਵਾਰ ਤੋਂ ਅਤੇ ਪਿਛਲੇ 20 ਦਿਨਾਂ ਤੋਂ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਡਾਕਟਰਾਂ ਤੋਂ ਸਹਿਮਤੀ ਨਾ ਲੈ ਲਈ ਜਾਵੇ।"
ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਇੱਕ ਵੀਡੀਓ ਜਾਰੀ ਕਰਕੇ ਸਰਕਾਰ ਨੂੰ ਗੱਲਬਾਤ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਸਰਕਾਰ ਨੂੰ ਕਿਸੇ ਦੁਖਦ ਸਥਿਤੀ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਅਤੇ ਗੱਲਬਾਤ ਕਰਨ ਵਿੱਚ ਕੋਈ ਹਰਜ਼ ਨਹੀਂ ਹੈ।"
ਇਸ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਐਕਸ ਅਕਾਊਂਟ ਤੋਂ ਐਲਾਨ ਕੀਤਾ ਗਿਆ ਹੈ ਕਿ ਅਭਿਜੀਤ ਦਿਪਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠਣਗੇ।
ਸੋਨਮ ਵਾਂਗਚੁਕ ਨੇ ਸਫਦਰਜੰਗ ਹਸਪਤਾਲ ਵਿੱਚ ਵੀ ਡ੍ਰਿਪ ਜਾਂ ਮੂੰਹ ਦੇ ਰਾਹੀਂ ਕੋਈ ਵੀ ਤਰਲ ਪਦਾਰਥ ਜਾਂ ਦਵਾਈ ਲੈਣ ਤੋਂ ਮਨਾਂ ਕਰ ਦਿੱਤਾ ਹੈ।
ਸੀਜੇਪੀ ਨੇ ਕਿਹਾ ਹੈ, "20 ਜੁਲਾਈ ਨੂੰ ਪ੍ਰਸਤਾਵਿਤ 'ਚਲੋ ਸੰਸਦ' ਮਾਰਚ ਤੈਅ ਪ੍ਰੋਗਰਾਮ ਅਨੁਸਾਰ ਕੱਢਿਆ ਜਾਵੇਗਾ।"
ਖ਼ਬਰ ਏਜੰਸੀ ਏਐਨਆਈ ਮੁਤਾਬਕ, ਸਫ਼ਦਰਜੰਗ ਹਸਪਤਾਲ ਵੱਲੋਂ ਸੋਨਮ ਵਾਂਗਚੁਕ ਦੀ ਸਿਹਤ ਬਾਰੇ ਅਪਡੇਟ ਜਾਰੀ ਕੀਤਾ ਗਿਆ ਹੈ।
ਜਾਰੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ ''ਸੋਨਮ ਵਾਂਗਚੁਕ ਨੂੰ ਲੋੜੀਂਦੇ ਇਲਾਜ ਲਈ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲੰਬੇ ਸਮੇਂ ਤੱਕ ਵਰਤ ਰੱਖਣ ਅਤੇ ਡੀਹਾਈਡ੍ਰੇਸ਼ਨ ਕਾਰਨ ਉਹ ਕਮਜ਼ੋਰ ਹੋ ਗਏ ਹਨ। ਹਾਲਾਂਕਿ ਇਸ ਵੇਲੇ ਉਨ੍ਹਾਂ ਦੀ ਹਾਲਤ ਸਥਿਰ ਹੈ, ਪਰ ਉਨ੍ਹਾਂ ਦੇ ਸਰੀਰ ਦੇ ਪੈਰਾਮੀਟਰਾਂ ਨੂੰ ਨਾਰਮਲ ਕਰਨ ਲਈ ਲਗਾਤਾਰ ਨਿਗਰਾਨੀ ਅਤੇ ਇਲਾਜ ਦੀ ਲੋੜ ਹੈ।"
ਪਤਨੀ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਦੀ ਕੀਤੀ ਮੰਗ

ਤਸਵੀਰ ਸਰੋਤ, Getty Images
ਸਫ਼ਦਰਜੰਗ ਹਸਪਤਾਲ ਨੇ ਦੁਪਹਿਰ 3:30 ਵਜੇ 21 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਦਾ ਹੈਲਥ ਬੁਲੇਟਿਨ ਜਾਰੀ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਐਕਸ ਉੱਤੇ ਇੱਕ ਪੋਸਟ ਪਾਈ।
ਸੋਨਮ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਕਿਹਾ, "ਸਫ਼ਦਰਜੰਗ ਹਸਪਤਾਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਨਮ ਵਾਂਗਚੁਕ ਦਾ ਪੋਟਾਸ਼ੀਅਮ ਪੱਧਰ 2.9 ਹੈ, ਜਦਕਿ ਕੱਲ੍ਹ ਹੀ ਇਹ 4.3 ਸੀ। ਉਹ ਨਾ ਤਾਂ ਸਾਨੂੰ ਕਿਸੇ ਹੋਰ ਲੈਬ ਵਿੱਚ ਜਾ ਕੇ ਦੂਜੀ ਰਾਇ ਲੈਣ ਦੀ ਇਜਾਜ਼ਤ ਦੇ ਰਹੇ ਹਨ ਅਤੇ ਨਾ ਹੀ ਸਾਡੀ ਮੌਜੂਦਗੀ ਵਿੱਚ ਉਨ੍ਹਾਂ ਦਾ ਖੂਨ ਦਾ ਨਮੂਨਾ ਦੇ ਰਹੇ ਹਨ, ਤਾਂ ਜੋ ਅਸੀਂ ਉਸ ਦੀ ਕਿਸੇ ਹੋਰ ਥਾਂ ਜਾਂਚ ਕਰਵਾ ਸਕੀਏ।"
"ਪਾਰਦਰਸ਼ਤਾ ਦੀ ਇਸ ਘਾਟ ਕਾਰਨ ਸਾਨੂੰ ਸ਼ੱਕ ਹੋ ਰਿਹਾ ਹੈ। ਅਸੀਂ ਉਨ੍ਹਾਂ ਨੂੰ ਤੁਰੰਤ ਡਿਸਚਾਰਜ ਕਰਨ ਲਈ ਕਿਹਾ ਹੈ, ਤਾਂ ਜੋ ਅਸੀਂ ਉਨ੍ਹਾਂ ਨੂੰ ਅਜਿਹੇ ਹਸਪਤਾਲ ਲੈ ਜਾ ਸਕੀਏ, ਜਿੱਥੇ ਸਾਨੂੰ ਵੱਧ ਭਰੋਸਾ ਹੋਵੇ।"
ਪੂਰੇ ਘਟਨਾਕ੍ਰਮ ਬਾਰੇ ਅਭਿਜੀਤ ਦੀਪਕੇ ਨੇ ਕੀ ਦੱਸਿਆ

ਤਸਵੀਰ ਸਰੋਤ, @abhijeet_dipke
ਪੂਰੇ ਘਟਨਾਕ੍ਰਮ 'ਤੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਕਿ ਉਹ ਥੋੜ੍ਹੀ ਦੇਰ ਲਈ ਧਰਨਾ ਸਥਾਨ ਤੋਂ ਬਾਹਰ ਗਏ ਸਨ।
ਉਨ੍ਹਾਂ ਦੱਸਿਆ, "ਜਦੋਂ ਮੈਂ ਇੱਥੋਂ ਸਵੇਰੇ ਸੱਤ ਵਜੇ ਫ੍ਰੈਸ਼ ਹੋਣ ਲਈ ਨਿੱਕਲਿਆ, ਉਸੇ ਸਮੇਂ ਪੁਲਿਸ ਦੇ ਲੋਕ ਆਏ ਅਤੇ ਸੋਨਮ ਸਰ ਨੂੰ ਘੜੀਸ ਕੇ ਲੈ ਗਏ। ਭੁੱਖ ਹੜਤਾਲ 'ਤੇ ਬੈਠੇ 60 ਸਾਲ ਦੇ ਵਿਅਕਤੀ ਨੂੰ ਪੁਲਿਸ ਜ਼ਬਰਦਸਤੀ ਲੈ ਗਈ। ਸਾਨੂੰ ਨਹੀਂ ਪਤਾ ਕਿ ਉਹ ਉਨ੍ਹਾਂ ਨੂੰ ਕਿੱਥੇ ਲੈ ਗਏ। ਜਦੋਂ ਮੈਂ ਆਪਣੇ ਦੋਸਤ ਦੇ ਘਰੋਂ ਜੰਤਰ-ਮੰਤਰ ਵੱਲ ਆ ਰਿਹਾ ਸੀ, ਉਸ ਵੇਲੇ ਮੈਨੂੰ ਖ਼ਬਰ ਮਿਲੀ ਕਿ ਸੋਨਮ ਸਰ ਨੂੰ ਪੁਲਿਸ ਲੈ ਗਈ।"
ਉਨ੍ਹਾਂ ਕਿਹਾ, "ਪੁਲਿਸ ਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ। ਮੈਂ ਵਿਦੇਸ਼ ਤੋਂ ਆਪਣੇ ਦੇਸ਼ ਵਾਪਸ ਆਇਆ ਹਾਂ। ਕੀ ਮੈਂ ਅਪਰਾਧੀ ਹਾਂ?"
ਦਿੱਲੀ ਪੁਲਿਸ ਨੇ ਕੀ ਕਿਹਾ
ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਕਸ 'ਤੇ ਜਾਣਕਾਰੀ ਦਿੰਦਿਆਂ ਲਿਖਿਆ ਹੈ, "ਦਿੱਲੀ ਹਾਈ ਕੋਰਟ ਦੇ ਹੁਕਮ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ, ਸੋਨਮ ਵਾਂਗਚੁਕ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਲਈ ਹਸਪਤਾਲ ਲੈ ਜਾਇਆ ਗਿਆ ਹੈ।"
ਨਵੀਂ ਦਿੱਲੀ ਦੇ ਡੀਸੀਪੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਕਸ 'ਤੇ ਲਿਖਿਆ ਹੈ, "ਦਿੱਲੀ ਹਾਈ ਕੋਰਟ ਦੇ ਹੁਕਮ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਮੁਤਾਬਕ, ਸੋਨਮ ਵਾਂਗਚੁਕ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਲਈ ਹਸਪਤਾਲ ਲਿਜਾਇਆ ਗਿਆ ਹੈ।"
ਦਿੱਲੀ ਪੁਲਿਸ ਨੇ ਕਿਹਾ, "ਹਾਈ ਕੋਰਟ ਦੇ ਹੁਕਮ ਦੀ ਪਾਲਣਾ ਕਰਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਹਲਕੀ ਹਫੜਾ-ਦਫੜੀ ਦੀ ਸਥਿਤੀ ਬਣ ਗਈ। ਹਾਲਾਂਕਿ ਪੁਲਿਸ ਨੇ ਵੱਧ ਤੋਂ ਵੱਧ ਸੰਜਮ ਵਰਤਿਆ ਅਤੇ ਪੂਰੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ। ਅਸੀਂ ਜੰਤਰ-ਮੰਤਰ 'ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਸ਼ਾਂਤੀਪੂਰਵਕ ਤਰੀਕੇ ਨਾਲ ਥਾਂ ਖਾਲੀ ਕਰ ਦੇਣ।"

ਤਸਵੀਰ ਸਰੋਤ, PTI
ਦਿੱਲੀ ਹਾਈ ਕੋਰਟ ਨੇ ਸਰਕਾਰ ਨੂੰ ਸੋਨਮ ਵਾਂਗਚੁਕ ਦੀ ਸਿਹਤ 'ਤੇ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤਾ ਸੀ।
ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਅਦਾਲਤ ਨੇ ਇਸ ਪ੍ਰਦਰਸ਼ਨ ਵਿੱਚ ਦਖ਼ਲ ਦਿੱਤਾ ਸੀ।
ਅਦਾਲਤ ਦੇ ਨਿਰਦੇਸ਼ ਦਾ ਮਤਲਬ ਸੀ ਕਿ ਜੇਕਰ ਉਨ੍ਹਾਂ ਦੀ ਹਾਲਤ ਖ਼ਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਸਕਦਾ ਹੈ।
ਦਿੱਲੀ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਉਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ, ਜਿਸ ਵਿੱਚ ਵਾਂਗਚੁਕ ਦੀ ਹਾਲਤ ਗੰਭੀਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਬਰਦਸਤੀ ਭੋਜਨ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ, ਅਧਿਕਾਰੀਆਂ ਨੂੰ ਕਿਹਾ ਕਿ ਉਹ ਡਾਕਟਰਾਂ ਦੀ ਰਾਇ ਦੇ ਆਧਾਰ 'ਤੇ ਲੋੜੀਂਦੇ ਕਦਮ ਚੁੱਕਣ।
ਅਦਾਲਤ ਦਾ ਇਹ ਹੁਕਮ 20 ਜੁਲਾਈ ਨੂੰ ਪ੍ਰਸਤਾਵਿਤ ਉਸ ਮਾਰਚ ਤੋਂ ਕੁਝ ਦਿਨ ਪਹਿਲਾਂ ਆਇਆ ਸੀ, ਜਿਸ ਨੂੰ ਸੀਜੇਪੀ ਨੇ ਭੁੱਖ ਹੜਤਾਲ ਵਾਲੀ ਥਾਂ ਤੋਂ ਸੰਸਦ ਤੱਕ ਕੱਢਣ ਦਾ ਸੱਦਾ ਦਿੱਤਾ ਹੈ। ਇਸ ਮਾਰਚ ਦਾ ਉਦੇਸ਼ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਨੂੰ ਹੋਰ ਤੇਜ਼ ਕਰਨਾ ਸੀ।
ਸੋਨਮ ਵਾਂਗਚੁਕ ਨੂੰ ਹਟਾਏ ਜਾਣ 'ਤੇ ਲੋਕ ਕੀ ਕਹਿ ਰਹੇ ਹਨ?

ਤਸਵੀਰ ਸਰੋਤ, Reuters
ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਪੁਲਿਸ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਸੰਜੇ ਸਿੰਘ ਨੇ ਐਕਸ 'ਤੇ ਲਿਖਿਆ ਹੈ, "ਇਹ ਕੀ ਗੁੰਡਾਗਰਦੀ ਚੱਲ ਰਹੀ ਹੈ? ਮੋਦੀ ਜੀ, ਸੱਤਾ ਦਾ ਇਹ ਹੰਕਾਰ ਲੰਬੇ ਸਮੇਂ ਤੱਕ ਨਹੀਂ ਚੱਲਦਾ। ਜਿਸ ਨੌਜਵਾਨ 'ਤੇ ਤੁਸੀਂ ਲਾਠੀ ਚਲਾ ਰਹੇ ਹੋ, ਇਹੀ ਤੁਹਾਡਾ ਤਖ਼ਤ ਉਖਾੜੇਗਾ। ਸੋਨਮ ਵਾਂਗਚੁਕ, ਜੋ ਪਿਛਲੇ 21 ਦਿਨਾਂ ਤੋਂ ਮਰਨ ਵਰਤ 'ਤੇ ਹਨ, ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਨ੍ਹਾਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ।"
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਡਿੰਪਲ ਯਾਦਵ ਨੇ ਵੀ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਹਸਪਤਾਲ ਲਿਜਾਣ ਦਾ ਵਿਰੋਧ ਕੀਤਾ ਹੈ।
ਡਿੰਪਲ ਯਾਦਵ ਨੇ ਕਿਹਾ, "ਸੋਨਮ ਵਾਂਗਚੁਕ ਜੀ ਨੂੰ ਜ਼ਬਰਦਸਤੀ ਹਟਾਉਣਾ ਸਿਰਫ਼ ਇੱਕ ਕਾਰਵਾਈ ਨਹੀਂ, ਸਗੋਂ ਲੋਕਤੰਤਰ ਅਤੇ ਸੰਵਿਧਾਨ ਨੂੰ ਕੁਚਲਣਾ ਹੈ। ਭਾਜਪਾ ਸਰਕਾਰ ਨੂੰ ਹੁਣ ਸ਼ਾਂਤੀਪੂਰਵਕ ਵਿਰੋਧ ਵੀ ਬਰਦਾਸ਼ਤ ਨਹੀਂ। ਇਹ ਤਾਨਾਸ਼ਾਹੀ ਹੈ।"

ਤਸਵੀਰ ਸਰੋਤ, PTI
ਜੰਤਰ-ਮੰਤਰ 'ਤੇ ਮੌਜੂਦ ਇੱਕ ਵਿਅਕਤੀ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ, "ਸਵੇਰੇ-ਸਵੇਰੇ ਇਨ੍ਹਾਂ ਲੋਕਾਂ ਨੇ ਡਾਕਟਰਾਂ ਦੀ ਟੀਮ ਦੱਸ ਕੇ 10 ਪੁਲਿਸ ਵਾਲਿਆਂ ਨੂੰ ਅੰਦਰ ਭੇਜਿਆ। ਅਸੀਂ ਸਮਝ ਗਏ ਸੀ ਕਿ ਸ਼ਾਇਦ ਇਹ ਪੁਲਿਸ ਵਾਲੇ ਹਨ, ਕਿਉਂਕਿ ਉਹ ਡਾਕਟਰਾਂ ਵਰਗੇ ਨਹੀਂ ਲੱਗ ਰਹੇ ਸਨ।"
"ਉਨ੍ਹਾਂ ਨੇ ਸਾਰੇ ਵਲੰਟੀਅਰਾਂ ਨੂੰ ਕਿਹਾ ਕਿ ਤੁਸੀਂ ਇਸ ਥਾਂ ਤੋਂ ਹਟ ਜਾਓ। ਵਲੰਟੀਅਰਾਂ ਨੇ ਕਿਹਾ ਕਿ ਪੌਣੇ ਨੌਂ ਵਜੇ ਸੋਨਮ ਜੀ ਦਾ ਚੈਕਅੱਪ ਹੁੰਦਾ ਹੈ, ਤੁਸੀਂ ਉਸੇ ਸਮੇਂ ਆਓ। ਅਚਾਨਕ ਉਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਾਈ ਕੋਰਟ ਦਾ ਹੁਕਮ ਹੈ। ਸੋਨਮ ਜੀ ਨੂੰ ਲੈਕੇ ਜਾਣਾ ਹੋਵੇਗਾ।"
ਉਨ੍ਹਾਂ ਨੇ ਕਿਹਾ, "ਪੁਲਿਸ ਵਾਲਿਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਵਾਲੇ ਸਿਵਲ ਡਰੈੱਸ ਵਿੱਚ ਸਨ ਅਤੇ ਕਹਿ ਰਹੇ ਸਨ ਕਿ ਤੁਸੀਂ ਲੋਕ ਹਟ ਜਾਓ। ਕੁੱਟਮਾਰ ਵਿੱਚ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















