ਐਂਟੀਸੈਪਟਿਕ ਜਿਸ ਨਾਲ ਦੁਨੀਆਂ ਭਰ ਦੇ ਲੱਖਾਂ ਬੱਚਿਆਂ ਦੇ ਜ਼ਖ਼ਮਾਂ ਦਾ ਇਲਾਜ ਕੀਤਾ ਗਿਆ, ਉਸ ਨੂੰ ਬੈਨ ਕਿਉਂ ਕਰਨਾ ਪਿਆ

    • ਲੇਖਕ, ਏਡੀਸਨ ਵੀਅਗਾ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਵੀਹਵੀਂ ਸ਼ਤਾਬਦੀ ਵਿੱਚ ਲਾਤਿਨ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਕਈ ਪੀੜ੍ਹੀਆਂ ਲਈ ਬਾਲ ਨਾਲ ਖੇਡਦਿਆਂ ਆਪਣੇ ਗੋਡਿਆਂ ਨੂੰ ਖੁਰਚਣ ਦੀ ਯਾਦ ਨੂੰ ਇਕ ਲਾਲ ਰੰਗ ਦਾ ਤਰਲ ਲਗਾਉਣ ਦੀ ਪੀੜ੍ਹ ਸਹਿਣ ਕਰਨ ਨਾਲ ਜੋੜਿਆ ਗਿਆ ਸੀ ਜੋ ਜ਼ਖ਼ਮ 'ਤੇ ਡੰਗ ਮਾਰ ਕੇ ਇਸ ਨੂੰ ਕੀਟਾਣੂ ਰਹਿਤ ਕਰਦਾ ਸੀ।

ਮਕ੍ਰੋਮਾਈਨ ਜਾਂ ਮਰਕੁਰੋਕ੍ਰੋਮ ਦੇ ਨਾਲ ਪ੍ਰਚਾਰਿਤ ਕੀਤਾ ਗਿਆ ਇਹ ਇੱਕ ਬਹੁਤ ਹਰਮਨ ਪਿਆਰਾ ਐਟੀਸੈਪਟਿਕ ਸੀ। ਇਹ ਖੇਤਰ ਦੇ ਜ਼ਿਆਦਾਤਰ ਘਰਾਂ ਵਿੱਚ ਇੱਕ ਆਮ ਚੀਜ਼ ਸੀ ਅਤੇ ਬਚਪਨ ਦੀਆਂ ਛੋਟੀਆਂ ਸੱਟਾਂ ਲਈ ਪਹਿਲੀ ਸਹਾਇਤਾ ਦਾ ਉਪਾਅ ਸੀ।

ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ 1998 ਵਿੱਚ ਮਰਕੁਰੋਕ੍ਰੋਮ ਅਤੇ ਮਰਥੀਓਲੇਟ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਨ੍ਹਾਂ ਦੇ ਫਾਰਮੂਲੇ ਵਿੱਚ ਪਾਰਾ (ਮਰਕਰੀ) ਦੀ ਮੌਜੂਦਗੀ ਬਾਰੇ ਚਿੰਤਾਵਾਂ ਸਨ।

ਹਾਲਾਂਕਿ ਇਹ ਧਾਤ ਬਹੁਤ ਜ਼ਿਆਦਾ ਜ਼ਹਿਰੀਲੀ ਹੈ ਪਰ ਸਿਧਾਂਤਕ ਤੌਰ 'ਤੇ ਇਹ ਖਾਸ ਫਾਰਮੂਲੇ ਮਰੀਜ਼ ਲਈ ਸਿੱਧਾ ਖ਼ਤਰਾ ਨਹੀਂ ਸਨ।

ਸਾਹ ਯੌਲੋ ਯੁਨੀਵਰਸਿਟੀ ਦੇ ਪ੍ਰੈਫੈਸਰ ਅਤੇ ਬ੍ਰਾਜ਼ੀਲੀਅਨ ਅਕੈਡਮੀ ਆਫ ਸਾਇੰਸਜ਼ ਦੇ ਮੈਂਬਰ, ਰਸਾਇਣ ਵਿਗਿਆਨੀ ਐਡਰੀਅਨੋ ਐਂਡਰੀਕੋਪੁਲੋ ਦੱਸਦੇ ਹਨ, "ਮੂਲ ਮਰਕੁਰੋਕ੍ਰੋਮ ਦਾ ਕਿਰਿਆਸ਼ੀਲ ਤੱਤ ਮਰਬਰੋਮਿਨ ਸੀ, ਜੋ ਕਿ ਇੱਕ ਆਗਰੇਮੋਮਿਕਿਉਰਿਕ ਮਿਸ਼ਰਨ ਹੈ। ਇਸ ਲਈ ਇਸ ਵਿੱਚ ਪਾਰਾ ਸੀ ਪਰ ਪੁਰਾਣੇ ਥਰਮਾਮੀਟਰਾਂ ਵਾਂਗ ਮੁਕਤ ਧਾਤੂ ਪਾਰੇ ਦੇ ਰੂਪ ਵਿਚ ਨਹੀਂ। ਪਾਰਾ ਅਣੂ ਦੀ ਰਸਾਇਣਕ ਬਣਤਰ ਦਾ ਹੀ ਹਿੱਸਾ ਸੀ।"

ਪ੍ਰੋਫੈਸਰ ਦੱਸਦੇ ਹਨ ਕਿ ਇਸ ਕਿਸਮ ਦੀ ਦਵਾਈ ਨੂੰ ਬਜ਼ਾਰ ਤੋਂ ਵਾਪਸ ਲੈਣ ਦਾ ਫੈਸਲਾ ਇੱਕ ਨੀਤੀ ਦਾ ਹਿੱਸਾ ਸੀ ਜਿਸ ਦਾ ਮਕਸਦ ਅਬਾਦੀ ਵਿੱਚ ਪਾਰੇ ਦੇ ਸੰਪਰਕ ਨੂੰ ਘਟਾਉਣਾ ਸੀ।

ਰਸਾਇਣ ਵਿਗਿਆਨੀ ਦੱਸਦਾ ਹੈ, "ਚਿੰਤਾ ਖਾਸ ਤੌਰ 'ਤੇ ਉਦੋਂ ਜਾਇਜ਼ ਸੀ ਜਦੋਂ ਉਤਪਾਦ ਨੂੰ ਵਾਰ ਵਾਰ ਜਾਂ ਖ਼ਰਾਬ ਚਮੜੀ ਦੇ ਵੱਡੇ ਹਿੱਸਿਆਂ 'ਤੇ ਲਗਾਇਆ ਜਾਂਦਾ ਸੀ ਜਾਂ ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਚਮੜੀ ਵਿੱਚ ਉਤਪਾਦ ਦਾ ਸਮਾਉਣਾ ਜ਼ਿਆਦਾ ਹੋ ਸਕਦੀ ਹੈ।"

ਹਾਲਾਂਕਿ ਉਹ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਜ਼ਖ਼ਮ 'ਤੇ ਪਾਰਾ ਵਰਤਿਆ ਸੀ, ਉਨ੍ਹਾਂ ਲਈ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਸਧਾਰਨ ਸੰਪਰਕ ਜ਼ਹਿਰੀਲੇ ਸੰਪਰਕ ਦੇ ਬਰਾਬਰ ਨਹੀਂ ਹੈ।

ਤਕਨੀਕੀ ਫ਼ੈਸਲਾ 'ਲਾਭ, ਪ੍ਰਭਾਵਸ਼ੀਲਤਾ ਅਤੇ ਸੁਰੱਖਿਆ' ਵਿਚਕਾਰ ਸੰਬੰਧਾਂ ਦੇ ਅਧਿਐਨਾਂ ਦੇ ਅਧਾਰ 'ਤੇ ਇੱਕ ਰੋਕਥਾਮ ਉਪਾਅ ਸੀ। ਇਸ ਤੋਂ ਇਲਾਵਾ, ਛੋਟੀਆਂ ਸੱਟਾਂ ਦੇ ਇਲਾਜ ਲਈ ਪਾਰਾ ਮੁਕਤ ਵਿਕਲਪ ਪਹਿਲਾਂ ਹੀ ਮੌਜੂਦ ਸਨ।

ਐਂਟੀਬਾਇਓਟਿਕਸ ਦੀ ਕਾਢ ਤੋਂ ਪਹਿਲਾਂ

ਮਰਕੁਰੋਕ੍ਰੋਮ 1919 ਵਿੱਚ ਅਮਰੀਕਾ 'ਚ ਵਿਕਸਤ ਕੀਤਾ ਗਿਆ ਸੀ ਅਤੇ ਉੱਥੋਂ ਇਹ ਛੋਟੇ ਜ਼ਖ਼ਮਾਂ ਲਈ ਇਕ ਵਿਹਾਰਕ ਅਤੇ ਸਸਤੇ ਐਂਟੀਸੈਪਟਿਕ ਵਜੋਂ ਦੁਨੀਆਂ ਭਰ ਵਿੱਚ ਫੈਲ ਗਿਆ।

ਇਸ ਦਾ ਅਧਿਕਾਰਤ ਨਾਮ ਮਰਬਰੋਮਿਨ ਹੈ।

ਇਸ ਪਾਰਾ ਅਧਾਰਿਤ ਮਿਸ਼ਰਨ ਨੂੰ 98% ਅਲਕੋਹਲ ਜਾਂ ਪਾਣੀ ਵਿੱਚ 2% ਪਤਲਾ ਕੀਤਾ ਜਾਂਦਾ ਸੀ।

ਇਸ ਮਿਸ਼ਰਨ ਦੀ ਕਾਢ ਦਾ ਸਿਹਰਾ ਅਮਰੀਕੀ ਹਿਊ ਹੈਂਪਟਨ ਯੰਗ ਦੇ ਸਿਰ ਬੰਨਿਆ ਗਿਆ ਹੈ। ਉਹ ਇੱਕ ਸਰਜਨ ਅਤੇ ਖੋਜਕਰਤਾ ਸਨ ਜਿਨ੍ਹਾਂ ਨੇ ਮੈਰੀਲੈਂਡ ਦੀ ਜੌਨਸ ਹੌਪਕਿੰਸ ਯੁਨੀਵਰਸਿਟੀ ਵਿੱਚ ਪੜ੍ਹਾਇਆ ਅਤੇ ਆਪਣੀ ਟੀਮ ਦੇ ਨਾਲ ਉਸ ਨੇ ਮਰਬਰੋਮਿਨ ਦੇ ਐਟੀਸੈਪਟਿਕ ਗੁਣਾਂ ਦੀ ਖੋਜ ਕੀਤੀ।

ਇਸ ਦੀ ਸਾਦਗੀ ਅਤੇ ਘੱਟ ਕੀਮਤ ਕਾਰਨ ਦੁਨੀਆਂ ਭਰ ਦੇ ਡਾਕਟਰਾਂ ਵੱਲੋਂ ਇਸ ਘੋਲ ਦੀ ਸਿਫਾਰਸ਼ ਕੀਤੀ ਜਾਣ ਲੱਗੀ।

ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਪੈਨੇਸਿਲਿਨ ਦੀ ਖੋਜ (ਜੋ ਕਿ 1928 ਵਿੱਚ ਹੋਵੇਗੀ) ਤੋਂ ਪਹਿਲਾਂ ਹੋਇਆ ਸੀ ਅਤੇ ਆਧੁਨਿਕ ਐਂਟੀਬਾਇਓਟਿਕਸ ਤੋਂ ਬਹੁਤ ਪਹਿਲਾਂ। ਉਸ ਵੇਲੇ ਛੋਟੇ ਜ਼ਖ਼ਮਾਂ ਵਿੱਚ ਇਨਫੈਕਸ਼ਨਜ਼ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਸੀ ਅਤੇ ਮਰਬਰੋਮਿਨ ਇੱਕ ਮਹੱਤਵਪੂਰਨ ਨਵੀਨਤਾ ਨੂੰ ਦਰਸਾਉਂਦਾ ਸੀ, ਰਸਾਇਣ ਵਿਗਿਆਨੀ ਐਂਡਰੀਕੋਪੁਲੋ ਦੱਸਦੇ ਹਨ।

ਪਰ 1990 ਦੇ ਦਹਾਕੇ ਤੋਂ ਇਸ ਦੀ ਵਰਤੋਂ 'ਤੇ ਸਵਾਲ ਉਠਾਏ ਜਾਣ ਲੱਗੇ। ਡਾਕਟਰੀ ਭਾਈਚਾਰਾ ਖੁਦ ਸਮਝਣ ਲੱਗ ਪਿਆ ਕਿ ਛੋਟੇ ਜ਼ਖ਼ਮਾਂ ਨੂੰ ਕੀਟਾਣੂ ਰਹਿਤ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਹੱਲ ਹਨ, ਸਾਬਣ ਅਤੇ ਪਾਣੀ।

2011 ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਡਾ. ਡ੍ਰੋਜ਼ੀਓ ਵਾਰੇਲਾ ਯਾਦ ਕਰਦੇ ਹਨ ਕਿ ਉਨ੍ਹਾਂ ਦੀ ਦਾਦੀ ਨੇ ਪ੍ਰਸਿੱਧ ਕਹਾਵਤ "ਜੋ ਸੜਦਾ ਹੈ, ਉਹ ਠੀਕ ਕਰਦਾ ਹੈ" ਦੀ ਪਾਲਣਾ ਕੀਤੀ ਸੀ ਅਤੇ ਉਨ੍ਹਾਂ ਦੀਆਂ ਯਾਦਾਂ ਆਪਣੇ ਬਚਪਨ ਦੇ ਦੋਸਤਾਂ ਨਾਲ ਫ਼ੁਟਬਾਲ ਖੇਡਣ ਕਾਰਨ ਲਾਲ ਹੋਏ ਗੋਡਿਆਂ ਅਤੇ ਬਰਨਿੰਗ ਸੈਂਸੇਸ਼ਨ ਨਾਲ ਭਰੀਆਂ ਹੋਈਆਂ ਹਨ। ਹਰ ਸਕ੍ਰੈਪ ਲਈ ਉਨ੍ਹਾਂ ਨੇ ਮਰਕੁਰੋਕ੍ਰੋਮ ਦੀ ਵਰਤੋਂ ਕੀਤੀ।

ਵਾਰੇਲਾ ਲਿਖਦੀ ਹੈ, "ਕਿਸੇ ਵੀ ਦਾਦੀ ਦੀ ਸਿਆਣਪ ਨੂੰ ਘੱਟ ਆਂਕਣ ਦੀ ਇੱਛਾ ਤੋਂ ਬਿਨ੍ਹਾਂ, ਇਹ ਕਿਹਾ ਜਾਣਾ ਜ਼ਰੂਰੀ ਹੈ ਕਿ ਸਾਨੂੰ ਪਿਆਰ ਨਾਲ ਭਰ ਦੇਣ ਵਾਲੀਆਂ ਪ੍ਰਤਿਭਾਸ਼ਾਲੀ ਅਤੇ ਮਦਦਗਾਰ ਔਰਤਾਂ ਹੋਣ ਦੇ ਬਾਵਜੂਦ ਉਹ ਬੈਕਟੀਰੀਆ ਵਿਗਿਆਨ ਬਾਰੇ ਕੁਝ ਨਹੀਂ ਸਮਝਦੀਆਂ ਸਨ।"

ਡਾਕਟਰ ਦੱਸਦੇ ਹਨ ਕਿ ਸਭ ਤੋਂ ਵੱਧ ਹਮਲਾਵਰ ਬੈਕਟੀਰੀਆ ਪਾਰਾ ਘੋਲ ਨਾਲ ਡੱਬੇ ਦੇ ਅੰਦਰ ਵੀ ਵਧ ਸਕਦੇ ਹਨ ਅਤੇ ਉਹ ਛੋਟਾ ਪਲਾਸਟਿਕ ਸਪੈਚੁਲਾ ਜ਼ਖਮ ਨੂੰ ਘਸੀਟ ਕੇ ਬੈਕਟੀਰੀਆ ਨੂੰ ਸ਼ੀਸ਼ੀ ਵਿੱਚ ਤਬਦੀਲ ਕਰ ਦਿੰਦਾ ਸੀ ਜੋ ਉਥੇ ਅਗਲੇ ਜ਼ਖ਼ਮ ਨੂੰ ਸੰਕ੍ਰਿਮਤ ਕਰਨ ਲਈ ਤਿਆਰ ਹੋ ਜਾਂਦੇ ਸਨ।

ਵਾਰੇਲਾ ਨੇ ਲਿਖਿਆ, "ਸਕ੍ਰੈਚਾਂ, ਝਰੀਟਾਂ ਅਤੇ ਸਤਹੀ ਜਾਂ ਡੂੰਘੇ ਕੱਟਾਂ ਲਈ ਮੌਜੂਦਾ ਇਲਾਜ ਨੂੰ ਦੋ ਸ਼ਬਦਾਂ ਵਿੱਚ ਸੰਖੇਪ ਕੀਤਾ ਜਾ ਸਕਦਾ ਹੈ - ਸਾਬਣ ਤੇ ਪਾਣੀ ਅਤੇ ਹੋਰ ਕੁਝ ਨਹੀਂ।"

ਅਤੇ ਇਹ ਅੱਜ ਸਭ ਤੋਂ ਆਮ ਇਲਾਜ ਹੈ।

ਬਾਲ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਅਤੇ ਬ੍ਰਾਜ਼ੀਲੀਅਨ ਸੁਸਾਇਟੀ ਆਫ ਪੀਡੀਆਟ੍ਰਿਕਸ ਦੇ ਡਾਇਰੈਕਟਰ ਰੇਨਾਟੋ ਕਫੌਰੀ ਕਹਿੰਦੇ ਹਨ, "ਪਾਣੀ ਅਤੇ ਸਾਬਣ ਅਕਸਰ ਇਨ੍ਹਾਂ ਸਤਹੀ ਐਂਟੀਸੈਪਟਿਕਸ ਵਾਂਗ ਪ੍ਰਭਾਵਸ਼ਾਲੀ ਸਾਬਤ ਹੋਏ ਹਨ। ਅਸੀਂ ਜਾਣਦੇ ਹਾਂ ਕਿ ਕਿਸੇ ਵੀ ਪਦਾਰਥ ਦੀ ਵਰਤੋਂ ਕਰਨ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਸ ਨਾਲ ਜਲਣ ਹੋਣ ਦੀ ਸੰਭਾਵਨਾ ਹੁੰਦੀ ਹੈ।"

ਇਸ ਦੀ ਵਰਤੋਂ 'ਤੇ ਪਾਬੰਦੀ

ਬੋਸਟਨ ਚਿਲਡਰਨਜ਼ ਹਸਪਤਾਲ ਦੀ ਇੱਕ ਖੋਜਕਰਤਾ ਬਾਲ ਰੋਗ ਵਿਗਿਆਨੀ ਗਿਉਲੀਆ ਲੀਮਾ ਕਹਿੰਦੀ ਹੈ ਕਿ ਇਨ੍ਹਾਂ ਦੀ ਪ੍ਰਸਿੱਧੀ ਦੇ ਬਾਵਜੂਦ ਇਨ੍ਹਾਂ ਪਦਾਰਥਾਂ ਦੀ ਵਰਤੋਂ ਜ਼ਖ਼ਮਾਂ ਵਿੱਚ ਲਾਗ ਨੂੰ ਰੋਕਣ ਲਈ ਕਦੇ ਵੀ ਸਾਬਿਤ ਨਹੀਂ ਹੋਈ ਹੈ।

ਉਹ ਅੱਗੇ ਕਹਿੰਦਾ ਹੈ ਕਿ ਲਾਲ ਰੰਗ, ਜ਼ਖ਼ਮ ਨੂੰ ਢਕ ਕੇ ਬਾਅਦ ਦੀਆਂ ਸੰਭਾਵਿਤ ਪੇਚੀਦਗੀਆਂ ਲਈ ਦ੍ਰਿਸ਼ਟੀਗਤ ਜਾਂਚ ਮੁਸ਼ਕਲ ਬਣਾਉਂਦਾ ਹੈ।

ਐਂਡਰੀਕੋਪੁਲੋ ਅੱਗੇ ਕਹਿੰਦਾ ਹੈ ਕਿ ਹੁਣ ਮਾਮੂਲੀ ਘਬਰਾਹਟ ਲਈ ਮਜ਼ਬੂਤ ਐਂਟੀਸੈਪਟਿਕਸ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਜਦੋਂ ਕਿ ਇਹ ਸੂਖਮ ਜੀਵਾਂ ਨੂੰ ਖਤਮ ਕਰਦੇ ਹਨ ਉਹ ਇਲਾਜ ਲਈ ਮਹੱਤਵਪੂਰਨ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਚਮੜੀ ਦੀ ਮੁਰੰਮਤ ਵਿੱਚ ਦੇਰੀ ਕਰ ਸਕਦੇ ਹਨ।

ਯੂਐਸਪੀ ਪ੍ਰੋਫੈਸਰ ਕਹਿੰਦੇ ਹਨ, "ਦਵਾਈ ਕੀਟਾਣੂ ਰਹਿਤ ਕਰਨ 'ਤੇ ਕੇਂਦਰਿਤ ਹੋਣ ਤੋਂ ਲੈ ਕੇ ਜ਼ਖ਼ਮਾਂ ਦੀ ਸਹੀ ਸਫਾਈ ਅਤੇ ਕੁਦਰਤੀ ਇਲਾਜ ਪ੍ਰਕਿਰਿਆ ਤੱਕ ਵਿਕਸਿਤ ਹੋਈ ਹੈ।"

ਜ਼ਹਿਰੀਲੇਪਨ ਦਾ ਖਤਰਾ ਕਦੇ ਵੀ ਕੋਈ ਸਮੱਸਿਆ ਨਹੀਂ ਰਿਹਾ ਜਦੋਂ ਤੱਕ ਕਿ ਕੋਈ ਬੱਚਾ ਗਲਤੀ ਨਾਲ ਬੋਤਲ ਅੰਦਰਲੀ ਸਮੱਗਰੀ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਿਗਲ ਨਹੀਂ ਲੈਂਦਾ।

ਐਂਡਰੀਕੋਪੁਲੋ ਕਹਿੰਦਾ ਹੈ ਕਿ ਪਦਾਰਥ ਦੇ ਬਹੁਤ ਉੱਚ ਪੱਧਰਾਂ ਦੇ ਸੰਪਰਕ ਵਿੱਚ ਆਉਣ ਨਾਲ ਹੀ ਸਰੀਰ, ਮੁੱਖ ਤੌਰ 'ਤੇ ਗੁਰਦਿਆਂ ਅਤੇ ਦਿਮਾਗੀ ਪ੍ਰਣਾਲੀ 'ਤੇ ਅਸਰ ਪੈ ਸਕਦਾ ਹੈ।

ਪਰ ਵਾਤਾਵਰਣ ਵਿੱਚ ਪਾਰੇ ਦੇ ਲਗਾਤਾਰ ਇਕੱਠੇ ਹੋਣ ਦੀ ਸੰਭਾਵਨਾ 'ਤੇ ਵੀ ਵਿਚਾਰ ਕੀਤਾ ਜਾਣ ਲੱਗਾ ਅਤੇ ਸਦੀ ਦੀ ਸ਼ੁਰੂਆਤ ਇੱਕ ਅਜਿਹਾ ਦੌਰ ਸੀ ਜਿਸ ਵਿਚ ਵਿਗਿਆਨਕ ਭਾਈਚਾਰਾ ਇਸ ਧਾਤੂ ਦੇ ਮਿੱਟੀ ਅਤੇ ਨਦੀਆਂ ਰਾਹੀਂ ਫੈਲਣ ਦੀ ਸੰਭਾਵਨਾ ਨੂੰ ਘੱਟ ਤੋਂ ਘੱਟ ਕਰਨ ਦੀ ਲੋੜ ਬਾਰੇ ਵਧੇਰੇ ਜਾਗਰੂਕ ਹੋਇਆ।

ਲੀਮਾ ਨੇ ਇਸ਼ਾਰਾ ਕਰਦਿਆਂ ਕਿਹਾ, "ਪਾਰੇ ਵਾਲੀਆਂ ਦਵਾਈਆਂ ਦਾ ਨਿਪਟਾਰਾ ਕਰਨ ਨਾਲ ਮਿੱਟੀ, ਪਾਣੀ ਅਤੇ ਹੋਰ ਜੀਵ ਜੰਤੂ ਦੂਸ਼ਿਤ ਹੋ ਸਕਦੇ ਹਨ ਜਿਸ ਨਾਲ ਵਾਤਾਵਰਣ ਵਿੱਚ ਪਾਰੇ ਦੀ ਮਾਤਰਾ ਵਧ ਸਕਦੀ ਹੈ ਜੋ ਬਾਅਦ ਵਿੱਚ ਭੋਜਨ ਰਾਹੀਂ ਮਨੁੱਖਾਂ ਵਿੱਚ ਵਾਪਸ ਆ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਦਾ ਕੋਈ ਫ਼ਾਇਦਾ ਨਹੀਂ ਸੀ। "

1998 ਵਿੱਚ ਐਫ.ਡੀ.ਏ ਨੇ ਮਰਕੁਰੋਕ੍ਰੋਮ ਨੂੰ ਇੱਕ ਅਜਿਹੇ ਪਦਾਰਥ ਵਜੋਂ ਦੁਬਾਰਾ ਵਰਗੀ੍ਕ੍ਰਿਤ ਕੀਤਾ ਜਿਸ ਨੂੰ ਹੁਣ ਵਰਤੋਂ ਲਈ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਸੀ।

ਥੋੜ੍ਹੀ ਦੇਰ ਬਾਅਦ, ਅਮਰੀਕੀ ਫਾਰਮੇਸੀਆਂ ਵਿੱਚ ਇਸ ਦਵਾਈ 'ਤੇ ਪਾਬੰਦੀ ਲਗਾ ਦਿੱਤੀ ਗਈ। ਦੂਜੇ ਦੇਸ਼ਾਂ ਨੇ ਵੀ ਇਸੇ ਤਰ੍ਹਾਂ ਦੇ ਉਪਾਅ ਅਪਣਾਏ।

ਸਿਕੇਰਾ ਮੁਤਾਬਕ, ਵਿਸ਼ਵ ਸਿਹਤ ਸੰਗਠਨ ਸਮੱਸਿਆ ਨੂੰ ਵਿਅਕਤੀਗਤ ਨਾਲੋਂ ਸਮੂਹਿਕ ਵਧੇਰੇ ਸਮਝਦਾ ਸੀ। ਇਹ ਮਿਸ਼ਰਣਾਂ ਦੇ ਸਿੱਧੀ ਜ਼ਹਿਰੀਲੇਪਣ ਕਾਰਨ ਵਿਅਕਤੀਗਤ ਅਤੇ ਵਾਤਾਵਰਣ ਦੋਵਾਂ ਦੀ ਰੱਖਿਆ ਕਰਨ ਦੀ ਇੱਕ ਰਣਨੀਤੀ ਸੀ ਕਿਉਂਕਿ ਪਾਰਾ ਬਾਇਓਐਕਿਉਮੁਲੈਟ ਹੋ ਸਕਦਾ ਹੈ ਅਤੇ ਭੋਜਨ ਲੜੀ ਰਾਹੀਂ ਸੰਚਾਰਿਤ ਹੋ ਸਕਦਾ ਹੈ।

"ਦਿ ਓਲਡ ਫੈਸ਼ਨਡ ਫਾਰਮਾਸਿਸਟ" ਯਾਦਗਾਰੀ ਪ੍ਰੌਜੈਕਟ ਦੇ ਲੇਖਕ ਫਾਰਮਾਸਿਸਟ ਫੈਬਿਓ ਲਿਓਨਾਰਡੋ ਮੋਰਾ ਕਹਿੰਦੇ ਹਨ ਕਿ ਪਾਬੰਦੀ ਤੋਂ ਬਾਅਦ ਹੁਣ ਸਿਰਫ਼ ਉਸ ਪਿਆਰ ਦੀ ਯਾਦ ਅਤੇ ਜਲਣ ਦੇ ਅਹਿਸਾਸ ਨੂੰ ਘੱਟ ਕਰਨ ਲਈ ਮਾਪਿਆਂ ਵੱਲੋਂ ਮਾਰੀਆਂ ਜਾਣ ਵਾਲੀਆਂ ਫੂਕਾਂ ਹੀ ਬਾਕੀ ਰਹਿ ਗਈਆਂ ਹਨ।"

ਇਨ੍ਹਾਂ ਹੱਲਾਂ ਨੇ ਪੀੜ੍ਹੀਆਂ 'ਤੇ ਸਕੂਲ ਦੇ ਖੇਡ ਦੇ ਮੈਦਾਨਾਂ ਅਤੇ ਫੋਸਟਰ ਘਰਾਂ ਵਿੱਚ ਆਪਣੀ ਛਾਪ ਛੱਡੀ।

ਸਮਕਾਲੀ ਵਿਕਲਪ

ਮੈਡੀਕਲ ਰਸਾਇਣ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਮਰਕੁਰੋਕ੍ਰੋਮ ਇੱਕ ਸ਼ਾਨਦਾਰ ਉਦਾਹਰਨ ਹੈ ਕਿ ਕਿਵੇਂ ਇੱਕ ਸਮੇਂ ਇੱਕ ਦਵਾਈ ਨੂੰ ਨਵੀਨਤਾਕਾਰੀ ਮੰਨਿਆ ਜਾ ਸਕਦਾ ਹੈ ਅਤੇ ਦਹਾਕਿਆਂ ਤੋਂ ਬਾਅਦ ਵਿਗਿਆਨਕ ਗਿਆਨ ਦੇ ਵਿਕਾਸ ਅਤੇ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਵਿਚਕਾਰ ਬਿਹਤਰ ਸੰਤੁਲਨ ਵਾਲੇ ਉਤਪਾਦਾਂ ਦੇ ਵਿਕਸਿਤ ਹੋਣ ਨਾਲ ਬਦਲਿਆ ਜਾ ਸਕਦਾ ਹੈ।

ਅੱਜ ਬਜ਼ਾਰ ਵਿੱਚ ਪੁਰਾਣੇ ਮਰਕੁਰੋਕ੍ਰੇਮ ਦੇ ਵਿਕਲਪ ਉਪਲਬਧ ਹਨ। ਸਮੱਸਿਆ ਵਾਲੇ ਸਪੈਚੁਲਾ ਦੀ ਬਜਾਏ ਹੁਣ ਇਹ ਦਵਾਈਆਂ ਆਮ ਤੌਰ 'ਤੇ ਸਪ੍ਰੇਅਰ ਨਾਲ ਲਗਾਈਆਂ ਜਾਂਦੀਆਂ ਹਨ, ਇਸ ਤਰ੍ਹਾਂ ਆਪਸੀ ਸੰਕ੍ਰਮਣ ਦੇ ਜੋਖਮਾਂ ਤੋਂ ਬਚਿਆ ਜਾ ਸਕਦਾ ਹੈ।

ਆਪਣੇ ਫਾਰਮੂਲੇ ਵਿੱਚ ਪਾਰਾ ਰੱਖਣ ਵਾਲੇ ਪੁਰਾਣੇ ਬਰਾਂਡਾ ਵਿੱਚੋਂ ਹੁਣ ਸਿਰਫ਼ ਮਰਥੀਓਲੇਟ ਦਾ ਵਪਾਰਕ ਨਾਮ ਹੀ ਬਾਕੀ ਬਚਿਆ ਹੈ ਜੋ ਕਿ ਪਿਛਲੀ ਸਦੀ ਵਿੱਚ ਘਰਾਂ ਦੀਆਂ ਦਵਾਈਆਂ ਵਾਲੀਆਂ ਅਲਮਾਰੀਆਂ ਵਿੱਚ ਇੱਕ ਆਮ ਚੀਜ਼ ਹੁੰਦੀ ਸੀ।

1927 ਵਿੱਚ ਤਿਆਰ ਕੀਤੇ ਗਏ ਇਸ ਘੋਲ ਦਾ ਫ਼ਾਰਮੂਲਾ ਮਰਕੁਰੋਕ੍ਰੋਮ ਨਾਲੋਂ ਵੱਖਰਾ ਸੀ ਪਰ ਇਸ ਵਿੱਚ ਵੀ ਪਾਰਾ ਹੁੰਦਾ ਸੀ।

ਐਂਡ੍ਰੀਕੋਪੁਲੋ ਨੇ ਸਮਝਾਉਂਦੇ ਹੋਏ ਕਿਹਾ, " ਭਾਵੇਂ ਬਹੁਤ ਸਾਰੇ ਲੋਕ ਇਨ੍ਹਾਂ ਵਿੱਚ ਭੁਲੇਖਾ ਖਾ ਜਾਂਦੇ ਹਨ ਪਰ ਇਹ ਵੱਖੋ ਵੱਖਰੀਆਂ ਦਵਾਈਆਂ ਸਨ। ਮਰਕੁਰੋਕ੍ਰੋਮ ਵਿੱਚ ਮਰਬਰੋਮਿਨ ਇਸ ਦਾ ਮੁੱਖ ਸਰਗਰਮ ਤੱਤ ਸੀ ਜਦੋਂ ਕਿ ਮਰਥੀਓਲੇਟ ਵਿੱਚ ਥਾਈਮੇਰੋਸਲ ਹੁੰਦਾ ਸੀ, ਜਿਸ ਨੂੰ ਥਾਈਓਮਰਸਲ ਵੀ ਕਿਹਾ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ, "ਦੋਵੇਂ ਹੀ ਐਰਗੈਨੋਮਰਕਿਉਰੀਕਲ ਯੌਗਿਕ ਸਨ ਯਾਨੀ ਕਿ ਅਜਿਹੇ ਅਣੂ ਜਿਨ੍ਹਾਂ ਦੀ ਰਸਾਇਣਕ ਸੰਰਚਨਾ ਵਿੱਚ ਪਾਰਾ ਹੁੰਦਾ ਸੀ। ਮਰਥੀਓਲੇਟ ਵੀਹਵੀਂ ਸਦੀ ਦੇ ਬਹੁਤ ਸਾਰੇ ਹਿੱਸੇ ਵਿੱਚ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਐਂਟੀਸੈਪਟਿਕਸ ਵਿੱਚੋਂ ਇੱਕ ਬਣ ਗਿਆ।"

ਭਾਵੇਂ ਕਿ ਬ੍ਰਾਂਡ ਦਾ ਨਾਮ ਹਾਲੇ ਵੀ ਮੌਜੂਦ ਹੈ ਪਰ ਹੁਣ ਇਸ ਦਾ ਫ਼ਾਰਮੂਲਾ ਬਦਲ ਗਿਆ ਹੈ। ਇਸ ਉਤਪਾਦ ਵਿੱਚ ਹੁਣ ਕਲੋਰਹੈਕਸੀਡੀਨ ਨਾਮੀ ਐਂਟੀਸੈਪਟਿਕ ਹੁੰਦਾ ਹੈ ਜੋ ਕਿ ਇੱਕ ਸਿੰਥੈਟਿਕ ਰਸਾਇਣਕ ਯੌਗਿਕ ਹੈ।

ਫਾਰਮਾਸਿਸਟ ਤਾਨੀਆ ਐਲਵਸ ਅਮਾਡੋਰ ਸੂਚੀਬੱਧ ਕਰਦਿਆਂ ਦੱਸਦੀ ਹੈ, "ਦਹਾਕਿਆਂ ਤੱਕ ਥਾਈਮੇਰੋਸਲ ਨੂੰ ਵਿਆਪਕ ਤੌਰ 'ਤੇ ਵੱਖ ਵੱਖ ਉਤਪਾਦਾਂ ਵਿੱਚ ਇੱਕ ਰੋਗਾਣੂ ਨਾਸ਼ਕ ਤੱਤ ਵਜੋਂ ਮਾਰਕੀਟ ਕੀਤਾ ਗਿਆ ਸੀ ਜਿਸ ਵਿਚ ਚਮੜੀ 'ਤੇ ਲਗਾਉਣ ਵਾਲੇ ਐਟੀਸੈਪਟਿਕ ਘੋਲ, ਕੱਟ ਲੱਗਣ ਵਾਲੀਆਂ ਮਲ੍ਹਮਾਂ, ਨੱਕ ਦੇ ਸਪ੍ਰੇਅ, ਅੱਖਾਂ ਦੇ ਡ੍ਰੌਪਸ, ਵੈਜਾਈਨਲ ਸਪਰਮੀਸਾਈਡਸ ਅਤੇ ਡਾਇਪਰ ਦੇ ਰੈਸ਼ੇਜ਼ ਦੇ ਇਲਾਜ ਸ਼ਾਮਲ ਸਨ।"

ਹਾਲਾਂਕਿ ਉਹ ਅੱਗੇ ਕਹਿੰਦੇ ਹਨ ਕਿ 1930 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੀ ਅਧਿਆਨਾਂ ਨੇ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਪਦਾਰਥ ਨਾ ਸਿਰਫ਼ ਇੱਕ ਰੋਗਾਣੂ ਨਾਸ਼ਕ ਤੱਤ ਵਜੋਂ ਬੇਅਸਰ ਸੀ, ਬਲਕਿ ਮਨੁੱਖਾਂ ਲਈ ਜ਼ਹਿਰੀਲੇਪਣ ਦੇ ਗੰਭੀਰ ਜੋਖਮ ਵੀ ਪੈਦਾ ਕਰਦਾ ਸੀ।

ਕਫੂਰੀ ਨੇ ਸਮਝਾਉਂਦਿਆਂ ਕਿਹਾ, "ਸਮੇਂ ਦੇ ਨਾਲ ਚੀਜ਼ਾਂ ਵਿਕਸਿਤ ਹੋਈਆਂ ਹਨ। ਪਾਰੇ 'ਤੇ ਅਧਾਰਿਤ ਐਂਟੀਸੈਪਟਿਕਸ ਦੀ ਵਰਤੋਂ ਬੰਦ ਕਰ ਦਿੱਤੀ ਗਈ ਅਤੇ ਕਲੋਰਹੈਕਸੀਡੀਨ ਇੱਕ ਸੁਰੱਖਿਅਤ ਬਦਲ ਵਜੋਂ ਉੱਭਰ ਕੇ ਸਾਹਮਣੇ ਆਇਆ, ਜੋ ਵਾਤਾਵਰਣ ਲਈ ਘੱਟ ਪ੍ਰਦੂਸ਼ਣ ਫੈਲਾਉਣ ਵਾਲਾ ਅਤੇ ਮਰੀਜ਼ ਲਈ ਘੱਟ ਜਲਣ ਪੈਦਾ ਕਰਨ ਵਾਲਾ ਹੈ।"

ਪਰ ਮਾਹਿਰ ਸਹਿਮਤ ਹੁੰਦੇ ਹਨ ਕਿ ਆਮ ਝਰੀਟਾਂ ਅਤੇ ਜ਼ਖ਼ਮਾਂ ਲਈ ਸਾਬਣ ਅਤੇ ਪਾਣੀ ਕਾਫ਼ੀ ਹੁੰਦਾ ਹੈ।

ਲੀਮਾ ਨੇ ਕਿਹਾ, "ਕੋਈ ਵੀ ਸਾਬਣ ਚੱਲੇਗੀ। ਇਸ ਦੇ ਐਟੀਬੈਕਟੀਰੀਅਲ ਜਾਂ ਕੁਝ ਖਾਸ ਹੋਣ ਦੀ ਲੋੜ ਨਹੀਂ। ਇਹ ਮਾਇਨੇ ਨਹੀਂ ਰੱਖਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)