ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਭਾਜਪਾ ਵਿੱਚ ਸ਼ਾਮਲ, ਚੋਣਾਂ ਤੋਂ ਪਹਿਲਾਂ 'ਆਪ' ਛੱਡਣ ਦੇ ਕੀ ਹਨ ਮਾਅਨੇ

ਤਸਵੀਰ ਸਰੋਤ, bjp/yt
- ਲੇਖਕ, ਜੋਤੀ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।
ਦੋਵਾਂ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਫਿਲਹਾਲ ਹਰਮੀਤ ਸਿੰਘ ਪਠਾਣਮਾਜਰਾ ਅਸਤੀਫ਼ਾ ਮਨਜ਼ੂਰ ਹੋ ਗਿਆ ਹੈ।
ਚੇਤਨ ਸਿੰਘ ਜੌੜਾਮਾਜਰਾ ਸਮਾਣਾ ਤੋਂ ਜਦੋਂਕਿ ਹਰਮੀਤ ਸਿੰਘ ਪਠਾਣਮਾਜਰਾ ਸਨੌਰ ਤੋਂ ਵਿਧਾਇਕ ਹਨ।
ਭਾਜਪਾ 'ਚ ਸ਼ਾਮਿਲ ਹੋਣ ਮਗਰੋਂ ਕੀ ਬੋਲੇ ਦੋਵੇਂ ਆਗੂ

ਤਸਵੀਰ ਸਰੋਤ, Bharatiya Janata Party / YT
ਭਾਜਪਾ 'ਚ ਸ਼ਾਮਿਲ ਹੋਣ ਮੌਕੇ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਸ਼ੁਰੂਆਤ 'ਚ ਆਮ ਆਦਮੀ ਪਾਰਟੀ ਨੇ ਬੜੇ ਚੰਗੇ ਵਿਚਾਰ ਦੱਸੇ ਸਨ ਤੇ ਫਿਰ ਸਰਕਾਰ ਵੀ ਬਣਾਈ ਪਰ ''ਹੌਲੀ-ਹੌਲੀ ਇਨ੍ਹਾਂ ਨੇ ਜਿਹੜਾ ਵੀ ਬੰਦਾ ਬੋਲਦਾ ਸੀ ਉਸਦੇ ਖੰਭ ਵੱਢਣੇ ਸ਼ੁਰੂ ਕਰ ਦਿੱਤੇ।''
ਆਮ ਆਦਮੀ ਪਾਰਟੀ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ''ਅੱਜ ਸਾਡਾ ਮਕਸਦ ਪੰਜਾਬ 'ਚੋਂ ਨਸ਼ਾ ਅਤੇ ਭ੍ਰਿਸ਼ਟਾਚਾਰ ਖਤਮ ਕਰਨਾ ਹੈ।''
ਚੇਤਨ ਸਿੰਘ ਜੋੜਾਮਾਜਰਾ ਨੇ ਵੀ ਸੂਬੇ 'ਚ ਵਧਦੇ ਅਪਰਾਧ ਦਾ ਜ਼ਿਕਰ ਕੀਤਾ। ਉਨ੍ਹਾਂ ਹਾਲ ਹੀ ਹੋਏ ਕਤਲਾਂ ਅਤੇ ਹੋਰ ਅਪਰਾਧਿਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੋਈ ਵੀ ਮੰਤਰੀ ਕਦੇ ਵੀ ਕਿਸੇ ਮੁੱਦੇ ਨੂੰ ਲੈਕੇ ਕੇਂਦਰ ਕੋਲ ਗਿਆ ਹੀ ਨਹੀਂ। ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ 'ਤੇ ਵੀ ਸਵਾਲ ਚੁੱਕੇ।

ਤਸਵੀਰ ਸਰੋਤ, Bharatiya Janata Party / YT
'ਆਪ' ਨੇ ਇੱਕ ਦਿਨ ਪਹਿਲਾਂ ਹੀ 40 ਉਮੀਦਵਾਰ ਐਲਾਨੇ ਹਨ
ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਕੁੱਲ 40 ਉਮੀਦਵਾਰ ਸ਼ਾਮਿਲ ਹਨ ਅਤੇ ਇਹ ਸਾਰੇ ਮੌਜੂਦਾ ਵਿਧਾਇਕ ਹਨ।
ਇਸ ਸੂਚੀ ਵਿੱਚ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਦਾ ਨਾਂਅ ਸ਼ਾਮਿਲ ਨਹੀਂ ਹੈ। ਹਾਲਾਂਕਿ ਪਹਿਲੀ ਸੂਚੀ ਵਿੱਚ ਸਮਾਣਾ ਅਤੇ ਸਨੌਰ ਤੋਂ ਕਿਸੇ ਹੋਰ ਉਮੀਦਵਾਰ ਦਾ ਐਲਾਨ ਵੀ ਅਜੇ ਨਹੀਂ ਹੋਇਆ ਹੈ।

ਤਸਵੀਰ ਸਰੋਤ, Chetan Singh Jouramajra/FB/IG/harmeetsinghpathanmajra
ਆਮ ਆਦਮੀ ਪਾਰਟੀ ਨੇ ਕੀ ਕਿਹਾ ?
ਉਧਰ ਇਨ੍ਹਾਂ ਅਸਤੀਫਿਆਂ ਉੱਤੇ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਦਾ ਪ੍ਰਤੀਕਰਮ ਸਾਹਮਣੇ ਆਇਆ।
ਅਮਨ ਅਰੋੜਾ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਨੂੰ ਪਹਿਲ ਦਿੱਤੀ ਹੈ। ਸਾਡੇ ਕਿਸੇ ਵੀ ਆਗੂ ਨੇ ਜੇਕਰ ਕਦੇ ਭ੍ਰਿਸ਼ਟਾਚਾਰ ਕੀਤਾ ਜਾਂ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਬਿਨਾਂ ਕਿਸੇ ਝਿਜਕ ਦੇ ਉਸ ਖ਼ਿਲਾਫ਼ ਕਾਰਵਾਈ ਕੀਤੀ ਅਤੇ ਅਜਿਹੇ ਲੋਕਾਂ ਨੂੰ ਪਾਰਟੀ ਤੋਂ ਲਾਂਭੇ ਕੀਤਾ।"
ਪਠਾਣਮਾਜਰਾ ਅਤੇ ਜੌੜਾਮਾਜਰਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਾਰਨ
ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਪਾਰਟੀ ਦੀ ਲੀਡਰਸ਼ਿਪ ਅਤੇ ਭਗਵੰਤ ਮਾਨ ਸਰਕਾਰ 'ਤੇ ਗੰਭੀਰ ਸਵਾਲ ਚੁੱਕੇ।
ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਵਿਭਵ ਕੁਮਾਰ ਦੀ ਭੂਮਿਕਾ 'ਤੇ ਵੀ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਪ੍ਰਸ਼ਾਸਨਿਕ ਹਾਲਾਤ ਲਈ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ।
ਜੌੜਾਮਾਜਰਾ ਨੇ ਕਿਹਾ, "ਸਾਢੇ ਚਾਰ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਗਾਰੰਟੀ ਪੂਰੀ ਨਹੀਂ ਹੋਈ।"
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਹਵਾਲਾ ਦਿੰਦਿਆਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕਾਰਕੁਨਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ 'ਤੇ ਵੀ ਸਵਾਲ ਕੀਤੇ।
ਉਨ੍ਹਾਂ ਨੇ ਪੰਜਾਬ ਵਿੱਚ ਚੇਨ ਸਨੈਚਿੰਗ, ਫਿਰੌਤੀ ਦੀਆਂ ਕਾਲਾਂ, ਗੈਂਗਸਟਰਵਾਦ ਅਤੇ ਕਤਲ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਘਟਦਾ ਦਿਖਾਈ ਦੇ ਰਿਹਾ ਹੈ।


ਕਿਸਾਨਾਂ ਦੇ ਮੁੱਦੇ 'ਤੇ ਵਿਧਾਇਕਾਂ ਨੇ ਸਾਰੀਆਂ ਫ਼ਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ, ਮੱਕੀ ਅਤੇ ਮੂੰਗੀ ਦੀ ਖ਼ਰੀਦ, ਯੂਰੀਆ ਦੀ ਉਪਲਬਧਤਾ ਅਤੇ ਕਿਸਾਨ ਸਨਮਾਨ ਨਿਧੀ ਨਾਲ ਜੁੜੇ ਮੁੱਦੇ ਚੁੱਕੇ।
ਬੇਅਦਬੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਅਦੇ 'ਤੇ ਵੀ ਸਰਕਾਰ ਨੂੰ ਘੇਰਦਿਆਂ ਦੋਵਾਂ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਾਰੰਟੀਆਂ ਦਾ ਹਿਸਾਬ ਮਿਲਣਾ ਚਾਹੀਦਾ ਹੈ।
ਪਠਾਣਮਾਜਰਾ ਨੇ ਆਪਣੇ ਹਲਕਿਆਂ ਵਿੱਚ ਪਾਣੀਆਂ ਦਾ ਮੁੱਦਾ ਚੁੱਕਿਆ ਸੀ। ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਇਸ ਕਰਕੇ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਪਰਚੇ ਪਵਾ ਦਿੱਤੇ।"
ਪਠਾਣਮਾਜਰਾ ਅਤੇ ਜੌੜਾਮਾਜਰਾ ਨਾਲ ਕਿਹੜੇ ਵਿਵਾਦ ਜੁੜੇ ਰਹੇ ?

ਤਸਵੀਰ ਸਰੋਤ, IG/harmeetsinghpathanmajra
ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਉੱਤੇ ਇੱਕ ਕਥਿਤ ਪੁਰਾਣੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਐੱਫਆਈਆਰ ਹੋਈ ਸੀ। ਹਾਲਾਂਕਿ ਉਦੋਂ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਕੁਝ ਮਿੰਟਾਂ ਬਾਅਦ ਹੀ ਪਠਾਨਮਾਜਰਾ ਪੁਲਿਸ ਹਿਰਾਸਤ 'ਚੋ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਉਹ ਕਈ ਮਹੀਨਿਆਂ ਤੱਕ ਫਰਾਰ ਰਹੇ। ਪਟਿਆਲਾ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।
ਮਾਰਚ 2026 ਵਿੱਚ ਪਟਿਆਲਾ ਪੁਲਿਸ ਵੱਲੋਂ ਪਠਾਨਮਾਜਰਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਠਾਨਮਾਜਰਾ ਖ਼ਿਲਾਫ 1 ਸਤੰਬਰ 2025 ਨੂੰ ਆਈਪੀਸੀ ਦੀ ਧਾਰਾ 376, 420 ਅਤੇ 506 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ।
ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਮਾਮਲਾ ਕੁਝ ਸਾਲ ਪੁਰਾਣਾ ਹੈ, ਇੱਕ ਮਹਿਲਾ ਜੋ ਸਾਲ 2013-14 ਵਿੱਚ ਪਠਾਨਮਾਜਰਾ ਦੇ ਸਪੰਰਕ ਵਿੱਚ ਆਈ ਉਸ ਨੇ ਪਠਾਨਮਾਜਰਾ ਉੱਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਤਸਵੀਰ ਸਰੋਤ, Bharat bhushan azad/bbc
ਸਿਹਤ ਮੰਤਰੀ ਰਹਿੰਦਿਆਂ ਚੇਤਨ ਸਿੰਘ ਜੌੜਾਮਾਜਰਾ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਹੋਏ ਵਿਵਾਦ ਕਾਰਨ ਚਰਚਾ ਵਿੱਚ ਰਹੇ ਸਨ।
ਇਹ ਮਾਮਲਾ ਸਾਲ 2022 ਹੈ ਜਦੋਂ ਬਤੌਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਸਨ। ਇਹ ਮੈਡੀਕਲ ਕਾਲਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਧੀਨ ਆਉਂਦਾ ਹੈ।
ਇਲਾਕੇ ਦੇ ਲੋਕਾਂ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੀਆਂ ਸ਼ਿਕਾਇਤਾਂ ਨੂੰ ਲੈ ਕੇ ਉਹ ਚੈਕਿੰਗ ਲਈ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਪਾਇਆ ਕਿ ਚਮੜੀ ਵਿਭਾਗ 'ਚ ਮਰੀਜ਼ਾਂ ਦੇ ਸੌਣ ਲਈ ਰੱਖੇ ਬੈੱਡਾਂ ਦੇ ਗੱਦੇ ਗਲੇ (ਖ਼ਰਾਬ) ਹੋਏ ਸਨ। ਇਸ ਦੌਰਾਨ ਜੌੜਾਮਾਜਰਾ ਵੱਲੋਂ ਨਰਾਜ਼ਗੀ ਜ਼ਾਹਰ ਕਰਦਿਆਂ ਵੀਸੀ ਨੂੰ ਉਸ ਗੱਦੇ ਉੱਤੇ ਲੇਟਣ ਲਈ ਕਿਹਾ ਗਿਆ ਅਤੇ ਵੀਸੀ ਨੂੰ ਅਜਿਹਾ ਕਰਨਾ ਪਿਆ।
ਜੌੜਾਮਾਜਰਾ ਵੱਲੋਂ ਕੀਤੇ ਵਿਵਹਾਰ ਕਾਰਨ ਵੀਸੀ ਡਾ. ਰਾਜ ਬਹਾਦਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਮਾਮਲੇ ਕਾਰਨ ਜੌੜਾਮਾਜਰਾ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਆਪ ਵਿਧਾਇਕਾਂ ਦੇ ਅਸਤੀਫ਼ੇ ਦੇ ਕੀ ਮਾਇਨੇ?
'ਆਪ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਇੱਕ ਦਿਨ ਬਾਅਦ ਹੀ ਦੋ ਵਿਧਾਇਕਾਂ ਦੇ ਅਸਤੀਫ਼ੇ ਬਾਰੇ ਗੱਲ ਕਰਦਿਆਂ ਸਿਆਸੀ ਮਾਹਰ ਪ੍ਰੋ. ਮੁਹੰਮਦ ਖਾਲਿਦ ਕਹਿੰਦੇ ਹਨ ਕਿ ਅਜਿਹੇ ਰੁਝਾਨ ਆਮ ਤੌਰ ਉੱਤੇ ਚੋਣਾਂ ਭਾਵੇਂ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ ਹੋਵੇ, ਤੋਂ ਪਹਿਲਾਂ ਦੇਖਣ ਨੂੰ ਮਿਲਦੇ ਹਨ।
ਪ੍ਰੋ. ਖਾਲਿਦ ਕਹਿੰਦੇ ਹਨ, "ਜਦੋਂ ਕਿਸੇ ਮੌਜੂਦਾ ਵਿਧਾਇਕ ਜਾਂ ਸੰਸਦ ਮੈਂਬਰ ਨੂੰ ਲੱਗਦਾ ਹੈ ਕਿ ਉਸ ਦੀ ਟਿਕਟ ਕੱਟੀ ਜਾਵੇਗੀ ਤਾਂ ਉਹ ਪਾਰਟੀ ਬਦਲ ਕੇ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਜਿਹਾ ਸਿਰਫ਼ ਆਮ ਆਦਮੀ ਪਾਰਟੀ ਨਹੀਂ ਬਲਕਿ ਬਾਕੀ ਪਾਰਟੀਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।"
ਉਹ ਕਹਿੰਦੇ ਹਨ, "ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਇੰਨੇ ਦਿਨ ਪਹਿਲਾਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਜਿਹਾ ਪਹਿਲਾਂ ਕਿਸੇ ਪਾਰਟੀ ਵੱਲੋਂ ਨਹੀਂ ਕੀਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਕੋਈ ਪਾਰਟੀ ਨਾ ਛੱਡੇ।"

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋ. ਆਸ਼ੂਤੋਸ਼ ਕੁਮਾਰ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੇ ਬਾਕੀ ਪਾਰਟੀਆਂ ਨਾਲੋਂ ਪਹਿਲਾਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਤੇਜ਼ੀ ਦਿਖਾਈ ਪਰ ਅਗਲੇ ਹੀ ਦਿਨ ਦੋ ਵਿਧਾਇਕਾਂ ਦੇ ਅਸਤੀਫਿਆਂ ਨਾਲ ਸੈੱਟਬੈਕ ਵੀ ਲੱਗ ਗਿਆ।
ਉਨ੍ਹਾਂ ਕਿਹਾ ਕਿ ਪਹਿਲੀ ਸੂਚੀ ਤੋਂ ਬਾਅਦ ਜਿਹੜੇ ਵਿਧਾਇਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਟਿਕਟ ਕੱਟੀ ਜਾ ਸਕਦੀ ਹੈ ਉਹ ਹੁਣ ਬਦਲ ਤਲਾਸ਼ ਰਹੇ ਹਨ। ਅਸਤੀਫਾ ਦੇਣ ਵਾਲੇ ਵਿਧਾਇਕਾਂ ਨੂੰ ਜੇਕਰ ਕੋਈ ਹੋਰ ਪਾਰਟੀ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਕੋਲ ਚੋਣਾਂ ਤੋਂ ਪਹਿਲਾਂ ਲੋਕਾਂ ਵਿੱਚ ਜਾਣ ਦਾ ਸਮਾਂ ਹੋਵੇਗਾ।
ਚੋਣਾਂ ਤੋਂ ਪਹਿਲਾਂ ਹੋਏ ਇਨ੍ਹਾਂ ਅਸਤੀਫ਼ਿਆਂ ਨਾਲ ਪਾਰਟੀ ਉੱਤੇ ਕਿੰਨਾ ਅਸਰ ਪਵੇਗਾ, ਇਸ ਬਾਰੇ ਗੱਲ ਕਰਦਿਆਂ ਪ੍ਰੋ. ਖਾਲਿਦ ਕਹਿੰਦੇ ਹਨ ਕਿ ਇੱਕ-ਦੋ ਅਸਤੀਫ਼ੇ ਨਾਲ ਪਾਰਟੀ ਉੱਤੇ ਜ਼ਿਆਦਾ ਅਸਰ ਨਹੀਂ ਪੈਂਦਾ। ਜੇਕਰ ਵੱਡੀ ਗਿਣਤੀ ਵਿੱਚ ਅਸਤੀਫ਼ੇ ਹੁੰਦੇ ਹਨ ਤਾਂ ਲੋਕਾਂ ਵਿੱਚ ਪਾਰਟੀ ਦੇ ਅਕਸ ਉੱਤੇ ਅਸਰ ਜ਼ਰੂਰ ਪੈ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































