ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਪੰਜਾਬ ਬੰਦ, ਕਈ ਥਾਈਂ ਪ੍ਰਦਰਸ਼ਨਕਾਰੀ ਹਿਰਾਸਤ 'ਚ, ਐੱਸਐੱਚਓ ਬੇਅੰਤ ਕੌਰ ਨੂੰ ਕੀਤਾ ਗਿਆ ਸਸਪੈਂਡ

ਤਸਵੀਰ ਸਰੋਤ, pradeep sharma/bbc
ਪਰਵਿੰਦਰ ਸਿੰਘ ਝੋਟਾ ਕਤਲ ਕੇਸ ਦੇ ਸਬੰਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਜਲੰਧਰ ਤੇ ਮੋਗਾ ਸਣੇ ਕਈ ਥਾਵਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਜਲੰਧਰ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਮੌਕੇ 'ਤੇ ਐੱਮਪੀ ਸਿੰਘ ਅਤੇ ਮਾਨ ਸਿੰਘ ਅਕਾਲੀ ਨੂੰ ਹਿਰਾਸਤ ਵਿੱਚ ਲੈ ਲਿਆ।
ਇਸੇ ਤਰ੍ਹਾਂ, ਮੋਗਾ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਬਾਅਦ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਵੱਖ-ਵੱਖ ਥਾਵਾਂ 'ਤੇ ਬੰਦ ਦਾ ਖਾਸਾ ਅਸਰ ਨਜ਼ਰ ਆ ਰਿਹਾ ਹੈ। ਕਈ ਥਾਵਾਂ 'ਤੇ ਰੋਸ ਜ਼ਹਿਰ ਕਰ ਰਹੇ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤੇ ਹਨ।
ਸੂਬੇ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਬਾਜ਼ਾਰ ਵੀ ਬੰਦ ਨਜ਼ਰ ਆ ਰਹੇ ਹਨ ਅਤੇ ਆਵਾਜਾਈ ਵੀ ਬਹੁਤ ਘੱਟ ਹੈ।

ਤਸਵੀਰ ਸਰੋਤ, Pradeep Sharma/BBC
ਇਸ ਵਿਚਕਾਰ ਮਾਨਸਾ ਦੇ ਸਿਟੀ-2 ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ, ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਦੋ ਦਿਨ ਬਾਅਦ, ਪ੍ਰਦਰਸ਼ਨਕਾਰੀਆਂ ਦੇ ਭਾਰੀ ਰੋਹ ਨੂੰ ਦੇਖਦਿਆਂ ਮਾਨਸਾ ਸਿਟੀ-2 ਦੇ ਐੱਸਐੱਚਓ ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ 'ਤੇ ਇਲਾਕੇ ਵਿੱਚ ਨਸ਼ਿਆਂ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਸਨ।

ਤਸਵੀਰ ਸਰੋਤ, Pradeep Sharma/BBC
ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਏ ਜਾਣ ਬਾਰੇ ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Pradeep Sharma/BBC
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਹਾਈਵੇਅ ਜਾਮ ਨਹੀਂ ਹੋਇਆ, ਕਿਸਾਨ ਮੂਵਮੈਂਟ ਕਰ ਰਹੇ ਸਨ ਅਤੇ ਪੁਲਿਸ ਨੇ ਆਉਂਦਿਆਂ ਹੀ ਉਨ੍ਹਾਂ ਨੂੰ ਸਾਈਡ 'ਤੇ ਕਰ ਦਿੱਤਾ ਹੈ। ਆਵਾਜਾਈ ਨਾਰਮਲ ਢੰਗ ਨਾਲ ਚੱਲ ਰਹੀ ਹੈ।''
''ਸ਼ਹਿਰ ਵੀ ਖੁੱਲ੍ਹਾ ਹੈ। ਜਿੰਨੇ ਵੀ ਲੋਕ ਅਤੇ ਜਥੇਬੰਦੀਆਂ ਹਨ, ਉਹ ਸਾਨੂੰ ਸਹਿਯੋਗ ਕਰ ਰਹੇ ਹਨ।''
ਸ਼ਹਿਰ ਦੇ ਇੱਕ ਚੌਕ ਵਿੱਚੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਬਾਰੇ ਉਨ੍ਹਾਂ ਕਿਹਾ ਜੇ ''ਕੋਈ ਲਾਅ ਐਂਡ ਆਰਡਰ ਦਾ ਮੁੱਦਾ ਹੁੰਦਾ ਹੈ ਤਾਂ ਕੁਝ ਦੇਰ ਲਈ ਅਸੀਂ ਅਜਿਹਾ ਕਰਦੇ ਹਾਂ, ਪਰ ਸਭ ਕੁਝ ਸ਼ਾਂਤਮਈ ਹੈ। ਬਾਜ਼ਾਰ ਵੀ ਕਾਫੀ ਹੱਦ ਤੱਕ ਖੁੱਲ੍ਹ ਚੁੱਕਿਆ ਹੈ।''

ਤਸਵੀਰ ਸਰੋਤ, Harmandeep Singh/BBC
ਬੀਤੇ ਮੰਗਲਵਾਰ ਨੂੰ ਮਾਨਸਾ ਦੇ ਬਜ਼ਾਰ ਵਿੱਚ ਸ਼ਰੇਆਮ ਗੋਲੀਆਂ ਚਲਾ ਕੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ ਸੀ ਜਦਕਿ ਚਾਰ ਹੋਰ ਲੋਕ ਜ਼ਖਮੀ ਹੋ ਗਏ ਸਨ।
ਕਤਲ ਦਾ ਇਲਜ਼ਾਮ ਮਾਨਸਾ ਦੇ ਹੀ ਇੱਕ ਮੈਡੀਕਲ ਸਟੋਰ ਦੇ ਮਾਲਿਕ 'ਤੇ ਲੱਗਿਆ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਿਲਸਿਲੇ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਬੰਦ ਦੇ ਹਾਲਾਤਾਂ 'ਤੇ ਨਜ਼ਰ ਰੱਖਦੇ ਹੋਏ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਅਤੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ, ਚਰਨਜੀਵ ਕੌਸ਼ਲ, ਕੁਲਵੀਰ ਸਿੰਘ, ਨਵਕਿਰਨ, ਮਨੋਜ ਸ਼ਰਮਾ, ਪ੍ਰਦੀਪ ਪੰਡਿਤ, ਗੁਰਵਿੰਦਰ ਗਰੇਵਾਲ, ਅਤੇ ਗੁਰਪੀਤ ਸਿੰਘ ਵੱਖ-ਵੱਖ ਸ਼ਹਿਰਾਂ ਤੋਂ ਰਿਪੋਰਟ ਕਰ ਰਹੇ ਹਨ।
ਪ੍ਰਦਰਸ਼ਨ 'ਚ ਸ਼ਾਮਿਲ ਹੋਏ ਲੋਕ ਇੰਝ ਜ਼ਾਹਿਰ ਕਰ ਰਹੇ ਰੋਹ

ਮਾਨਸਾ ਵਿਖੇ ਚੱਲ ਰਹੇ ਪ੍ਰਦਰਸ਼ਨ 'ਚ ਵੱਡੀ ਮਾਤਰਾ 'ਚ ਲੋਕ ਜੁੜ ਰਹੇ ਹਨ। ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਉੱਥੇ ਪਹੁੰਚੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ।
ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਲਈ ਬੁਰਜ ਢਿੱਲਵਾਂ ਤੋਂ ਮਾਨਸਾ ਪਹੁੰਚੇ ਬਲਬੀਰ ਕੌਰ ਨਾਮ ਦੇ ਇੱਕ ਬਜ਼ੁਰਗ ਮਹਿਲਾ ਕਹਿੰਦੇ ਹਨ, ''ਕਣਕਾਂ ਨੀ ਛੱਡਦੇ, ਕੋਈ ਚੀਜ਼ ਨਹੀਂ ਛੱਡਦੇ, ਨਸ਼ਾ ਕਰਦੇ ਨੇ। ਅਸੀਂ ਮਾਵਾਂ ਕੀ ਕਰੀਏ? ਜਿਹੜੇ ਇਹ ਲਾਉਂਦੇ ਨੇ (ਨਸ਼ੇ 'ਤੇ ਲਾਉਂਦੇ ਨੇ) ਉਨ੍ਹਾਂ ਨੂੰ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ।''
ਉਨ੍ਹਾਂ ਸਰਕਾਰ 'ਤੇ ਤੰਜ ਕਰਦਿਆਂ ਕਿਹਾ, ''ਅਸੀਂ ਤਾਂ ਲੈਣੇ ਨਹੀਂ 1500, ਉਨ੍ਹਾਂ ਦੁਕਾਨਾਂ ਵਾਲਿਆਂ ਨੂੰ ਰੋਕਣ, ਧੁਰੋਂ ਰੋਕਣ ਜਿਥੋਂ ਨਸ਼ਾ ਆਉਂਦਾ ਹੈ।''

ਇਸੇ ਤਰ੍ਹਾਂ, ਹਰਪ੍ਰੀਤ ਕੌਰ ਕਹਿੰਦੇ ਹਨ ਕਿ ''ਅਸੀਂ ਝੋਟੇ ਦੇ ਇਨਸਾਫ ਲਈ ਆਏ ਹਾਂ, ਆਪਣੇ ਬੱਚਿਆਂ ਲਈ, ਸਾਡੇ ਵੀਰਾਂ ਲਈ ਆਏ ਹਾਂ। ਘਰ-ਘਰ ਨਸ਼ਾ ਪਹੁੰਚ ਗਿਆ ਹੈ। ਅਸੀਂ ਨਿੱਕੇ-ਨਿੱਕੇ ਜਵਾਕ ਕਿਹੜੇ ਖਾਨਿਆਂ 'ਚ ਰੱਖੀਏ?''
''ਅਸੀਂ ਤਾਂ ਸਰਕਾਰਾਂ ਤੋਂ ਅੱਕੇ ਪਏ ਹਾਂ। ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ, ਸਾਡੇ ਬੱਚੇ ਬਚਣੇ ਚਾਹੀਦੇ ਹਨ, ਇਹੀ ਸਾਡੀ ਅਪੀਲ ਹੈ।''
ਬੀਕੇਯੂ ਡਕੌਂਦਾ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਅਸੀਂ ਪਟਿਆਲਾ-ਬਠਿੰਡਾ ਹਾਈਵੇਅ ਜਾਮ ਕੀਤਾ ਹੈ। ਅਸੀਂ ਮਾਨਸਾ ਜ਼ਿਲ੍ਹੇ 'ਚ 18 ਥਾਵਾਂ 'ਤੇ ਮੁੱਖ ਸੜਕਾਂ 'ਤੇ 5 ਵਜੇ ਤੱਕ ਬੈਠੇ ਹਾਂ। ਜੇਕਰ ਕਮੇਟੀ ਵੱਲੋਂ ਇਸ ਤੋਂ ਤਿੱਖੇ ਸੰਘਰਸ਼ ਦਾ ਸੱਦਾ ਆਉਂਦਾ ਹੈ, ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।''
ਕਿੱਥੇ-ਕਿੱਥੇ ਨਜ਼ਰ ਆ ਰਿਹਾ ਬੰਦ ਦਾ ਅਸਰ

ਤਸਵੀਰ ਸਰੋਤ, Ravinder Singh Robin/BBC
ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਅਗਵਾਈ ਹੇਠ ਸਥਾਨਕ ਲੋਕਾਂ ਨੇ ਕੋਟ ਸ਼ਮੀਰ ਪਿੰਡ ਨੇੜੇ ਸੁਨਾਮ-ਬਠਿੰਡਾ ਸੜਕ ਜਾਮ ਕਰ ਦਿੱਤੀ ਹੈ।
ਜਦਕਿ ਅੰਮ੍ਰਿਤਸਰ ਵਿਖੇ, ਕਿਸਾਨ ਜਥੇਬੰਦੀਆਂ ਨੇ ਭਗਵੰਤ ਮਾਨ ਖ਼ਿਲਾਫ਼ ਜੰਮ ਕੇ ਰੋਸ-ਮੁਜ਼ਾਹਰਾ ਕੀਤਾ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਅੰਮ੍ਰਿਤਸਰ ਵਿੱਚ ਗੱਲ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ, ''ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦੇ ਰਹੇ ਹਾਂ। ਅਸੀਂ ਐਮਰਜੈਂਸੀ ਸੇਵਾਵਾਂ ਬੰਦ ਰੱਖਾਂਗੇ ਅਤੇ ਅਰਥੀ ਫੂਕ ਮੁਜ਼ਾਹਰੇ ਤੋਂ ਬਾਅਦ ਸ਼ਹਿਰ 'ਚ ਮਾਰਚ ਕੱਢਾਂਗੇ।''
ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ''ਨੈਤਿਕਤਾ ਦੇ ਆਧਾਰ 'ਤੇ ਭਗਵੰਤ ਮਾਨ ਅਸਤੀਫ਼ਾ ਦੇਣ ਅਤੇ ਡੀਜੀਪੀ ਆਪਣਾ ਅਹੁਦਾ ਛੱਡਣ ਤੇ ਨਸ਼ਾ ਮਾਫੀਆ ਨੂੰ ਨੱਥ ਪਾਈ ਜਾਵੇ।''


ਤਸਵੀਰ ਸਰੋਤ, Gurminder Grewal/BBC
ਖੰਨਾ ਸ਼ਹਿਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬਾਜ਼ਾਰ ਬੰਦ ਕਰਵਾਏ ਗਏ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਤਲ ਦੀ ਘਟਨਾ ਦੀ ਨਿੰਦਾ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।

ਤਸਵੀਰ ਸਰੋਤ, Ravinder Singh Robin/BBC
ਜ਼ਿਲ੍ਹਾ ਗੁਰਦਾਸਪੁਰ ਅਤੇ ਜਲੰਧਰ 'ਚ ਨਿੱਜੀ ਸਕੂਲਾਂ ਵੱਲੋਂ ਛੁੱਟੀ ਕਰ ਦਿੱਤੀ ਗਈ ਹੈ।
ਪੰਜਾਬ ਬੰਦ ਦੇ ਸੱਦੇ 'ਤੇ ਪਠਾਨਕੋਟ ਵਿੱਚ ਪੁਲਿਸ ਨੇ ਵੱਖ-ਵੱਖ ਜਥੇਬੰਦੀਆਂ ਨੂੰ ਇਕੱਠੇ ਹੋਣ ਤੋਂ ਰੋਕਿਆ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਰੋਕਿਆ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਵੀ ਆਵਾਜ਼ ਬੁਲੰਦ ਨਹੀਂ ਕਰਨ ਦਿੱਤੀ ਜਾ ਰਹੀ।

ਤਸਵੀਰ ਸਰੋਤ, Gurpreet Singh/BBC
ਇਸ ਤੋਂ ਇਲਾਵਾ, ਭੀਖੀ, ਸੁਨਾਮ, ਧੂਰੀ ਵਿੱਚ ਦੁਕਾਨਾਂ ਦੇ ਸ਼ਟਰ ਬੰਦ ਨਜ਼ਰ ਆਏ। ਬਰਨਾਲਾ ਵਿੱਚ ਵੀ ਪੂਰਾ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ।
ਬੰਦ ਦੇ ਸੱਦੇ ਦਾ ਬਠਿੰਡਾ ਵਿੱਚ ਅਸਰ ਦੇਖਣ ਨੂੰ ਮਿਲਿਆ। ਇੱਥੇ ਮੁੱਖ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹੀਆਂ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ।

ਤਸਵੀਰ ਸਰੋਤ, Gurpreet Singh/BBC
ਪੰਜਾਬ ਬੰਦ ਦਾ ਸੂਬੇ ਭਰ ਵਿੱਚ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੈ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਨਾਲ ਗੱਲ ਕਰਦਿਆਂ ਵੀਰਪਾਲ ਸਿੰਘ ਨਾਮ ਦੇ ਇੱਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਲਾਨੌਰ ਜਾਣਾ ਸੀ ਪਰ ਨਾ ਕੋਈ ਬੱਸ ਹੈ ਤੇ ਨਾ ਹੀ ਕੋਈ ਕੁਝ ਦੱਸਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਹੁਤ ਦਿੱਕਤ ਹੋ ਰਹੀ ਹੈ।
ਬਟਾਲਾ ਦੇ ਬੱਸ ਅੱਡਾ ਇੰਚਾਰਜ ਸ਼ਰਨਜੀਤ ਸਿੰਘ ਨੇ ਦੱਸਿਆ ਕਿ ''ਸਵੇਰੇ ਤਾਂ ਥੋੜ੍ਹਾ ਸਮਾਂ ਚੱਲੀਆਂ ਬੱਸਾਂ ਪਰ ਨਿੱਜੀ ਬੱਸ ਕੋਈ ਨਹੀਂ ਚੱਲੀ। ਸਰਕਾਰੀ ਬੱਸਾਂ ਚੱਲ ਰਹੀਆਂ ਹਨ ਪਰ ਸਵਾਰੀ ਘੱਟ ਹੈ।''
ਕਿੱਥੇ-ਕਿਥੇ ਹਾਈਵੇਅ ਤੇ ਸੜਕਾਂ ਜਾਮ

ਤਸਵੀਰ ਸਰੋਤ, Pradeep Sharma/BBC
ਭੀਖੀ, ਮਾਨਸਾ ਵਿਖੇ ਪ੍ਰਦਰਸ਼ਨਕਾਰੀਆਂ ਵੱਲੋਂ ਸੁਨਾਮ-ਮਾਨਸਾ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ।
ਸੰਗਰੂਰ 'ਚ ਵੀ ਮਸਤੂਆਣਾ ਸਾਹਿਬ ਗੁਰਦੁਆਰੇ ਕੋਲ ਵੱਡੀ ਗਿਣਤੀ 'ਚ ਲੋਕਾਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 7 ਜਾਮ ਕਰ ਦਿੱਤਾ ਹੈ। ਗੁਰਦੁਆਰਾ ਮਸਤੂਆਣਾ ਸਾਹਿਬ ਦੇ ਨੇੜੇ ਸਰਵਿਸ ਰੋਡ ਉੱਪਰ ਵੀ ਲੋਕਾਂ ਨੇ ਬੈਰੀਕੇਡਸ ਲਗਾ ਦਿੱਤੇ ਹਨ।

ਤਸਵੀਰ ਸਰੋਤ, Kulveer Singh/BBC
ਚੀਮਾ ਮੰਡੀ ਵਿਖੇ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣ ਕਰਕੇ ਟਰੈਫਿਕ ਮੁਕੰਮਲ ਤੌਰ 'ਤੇ ਬੰਦ ਹੈ। ਇੱਥੇ ਨੈਸ਼ਨਲ ਹਾਈਵੇਅ ਦੇ ਨਾਲ ਨਾਲ ਪਿੰਡਾਂ ਵੱਲ ਜਾਣ ਵਾਲੇ ਰਸਤੇ ਵੀ ਬੰਦ ਕੀਤੇ ਗਏ ਹਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਪੰਜਾਬ ਬੰਦ ਨੂੰ ਲੈ ਕੇ ਸਾਡੇ ਵੱਲੋਂ ਅੱਜ ਸ਼ਾਮ ਤੱਕ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ ਅਤੇ ਇਸ ਦੌਰਾਨ ਨਾ ਕਿਸੇ ਨੂੰ ਆਉਣ ਦਿੱਤਾ ਜਾਵੇਗਾ ਨਾ ਕਿਸੇ ਨੂੰ ਜਾਣ ਦਿੱਤਾ ਜਾਵੇਗਾ।

ਤਸਵੀਰ ਸਰੋਤ, Charanjeev Kaushal/BBC
ਕੋਟ ਸ਼ਮੀਰ ਪਿੰਡ ਨੇੜੇ ਸੁਨਾਮ-ਬਠਿੰਡਾ ਸੜਕ ਵੀ ਲੋਕਾਂ ਵੱਲੋਂ ਜਾਮ ਕਰ ਦਿੱਤੀ ਹੈ।
ਜਦਕਿ, ਜਲੰਧਰ ਮੋਗਾ ਰਾਜ ਮਾਰਗ ਤੇ ਨਕੋਦਰ ਦੇ ਕੋਲ ਜਾਮ ਲਗਾਇਆ ਗਿਆ ਹੈ।

ਤਸਵੀਰ ਸਰੋਤ, Sourced by Navjot Kaur
ਬੀਬੀਸੀ ਪੱਤਰਕਾਰ ਨਵਜੋਤ ਕੌਰ ਮੁਤਾਬਕ, ਮੋਹਾਲੀ ਵਿੱਚ ਸੋਹਾਣਾ ਗੁਰਦੁਆਰਾ ਸਾਹਿਬ ਨੇੜੇ ਵੀ ਏਅਰਪੋਰਟ ਨੂੰ ਜਾਂਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ

ਤਸਵੀਰ ਸਰੋਤ, Gurwinder Grewal/BBC
ਇਸ ਕਤਲ ਕੇਸ ਨੂੰ ਲੈਕੇ ਸੂਬੇ ਦੇ ਵਿਦਿਆਰਥੀਆਂ ਵਿੱਚ ਵੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਸਿਲਸਿਲੇ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨਾਲ ਗੱਲ ਕਰਦਿਆਂ ਕੁਲਦੀਪ ਸਿੰਘ ਝਿੰਜਰ ਨਾਮ ਦੇ ਇੱਕ ਵਿਦਿਆਰਥੀ ਨੇ ਕਿਹਾ, ਪਿਛਲੇ ਦਿਨੀਂ ਹੋਈ ਕਤਲ ਦੀ ਇਸ ਘਟਨਾ ਨੇ ਪੰਜਾਬ ਸਰਕਾਰ ਅਤੇ ਇਸਦੀਆਂ ਨਸ਼ਿਆਂ ਵਿਰੁੱਧ ਮੁਹਿੰਮਾਂ ਦੀ ਪੋਲ ਖੋਲ੍ਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਬੰਦ ਦਾ ਪੂਰਾ ਸਮਰਥਨ ਕਰ ਰਹੇ ਹਾਂ ਅਤੇ ਅੱਜ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਰੱਖਿਆ ਜਾਵੇਗਾ।
ਯਾਦਵਿੰਦਰ ਸਿੰਘ ਯਾਦੂ ਨਾਮ ਦੇ ਇੱਕ ਹੋਰ ਵਿਦਿਆਰਥੀ ਨੇ ਕਿਹਾ, ਜੋ ਕਮੇਟੀ ਬਣੀ ਹੈ ਉਸਦੀਆਂ ਮੰਗਾਂ ਮੰਨੀਆ ਜਾਣ, ਅਸੀਂ ਵੀ ਉਸ ਦੇ ਸਮਰਥਨ 'ਚ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਹਨ।
ਸਿਆਸੀ ਪਾਰਟੀਆਂ ਦਾ ਵੀ ਬੰਦ ਨੂੰ ਸਮਰਥਨ

ਪੰਜਾਬ ਦੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਬੰਦ ਬਾਰੇ ਸਮਰਥਨ ਦਿੰਦਿਆਂ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਬੇਹੱਦ ਦੁਖਦਾਈ ਘਟਨਾ ਹੈ। ਭਾਰਤੀ ਜਨਤਾ ਪਾਰਟੀ ਇਨਸਾਫ਼ ਦਿਵਾਉਣ ਲਈ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਪੂਰਾ ਸਮਰਥਨ ਕਰਦੀ ਹੈ।"
ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ 'ਆਪ' ਸਰਕਾਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਹਾਲ ਰੱਖਣ 'ਚ ਨਾਕਮਯਾਬ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਚਿੱਠੀ ਲਿੱਖ ਕੇ ਸਮੂਹ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ 15 ਅਕਤੂਬਰ 2026, ਵੀਰਵਾਰ ਨੂੰ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ।
ਮਾਮਲੇ ਵਿੱਚ ਹੁਣ ਤੱਕ ਹੋਰ ਕੀ ਕੁਝ ਹੋਇਆ?

ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅਤੇ ਸਮਰਥਕ ਮਾਨਸਾ ਵਿੱਚ ਧਰਨੇ 'ਤੇ ਬੈਠ ਗਏ ਹਨ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਲਾਈ ਰੱਖਣ ਦਾ ਐਲਾਨ ਕੀਤਾ ਹੈ।
ਮਾਨਸਾ ਦੇ ਸਿਵਲ ਹਸਪਤਾਲ ਵਿੱਚ ਅਤੇ ਤਿੰਨਕੋਣੀ ਚੌਂਕ, ਦੋ ਥਾਂਵਾਂ 'ਤੇ ਧਰਨਾ ਲੱਗਿਆ ਹੋਇਆ ਹੈ।
ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖੀ ਗਈ ਹੈ।
ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਈ ਜਥੇਬੰਦੀਆਂ ਨੇ ਇਸ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੀਤੇ ਦਿਨੀਂ, ਗੁੱਸੇ ਵਿੱਚ ਆਏ ਲੋਕਾਂ ਨੇ ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਅੱਗ ਲਗਾ ਦਿੱਤੀ।
ਇਸ ਤੋਂ ਇਲਾਵਾ, ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਉਸਾਰੀ ਦੇ ਆਧਾਰ 'ਤੇ ਮੁਲਜ਼ਮ ਦੇ ਘਰ 'ਤੇ ਬੋਲਡੋਜ਼ਰ ਕਾਰਵਾਈ ਵੀ ਕੀਤੀ ਗਈ।
ਪਰਿਵਾਰ ਦੀਆਂ ਕੀ ਹਨ ਮੰਗਾਂ?

ਤਸਵੀਰ ਸਰੋਤ, Kulveer Singh/BBC
ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਘਟਨਾ ਤੋਂ ਬਾਅਦ ਰੋਸ ਜ਼ਾਹਿਰ ਕਰਦਿਆਂ 'ਅਸਫਲ' ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਸਸਕਾਰ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਪਰਿਵਾਰ ਦੀਆਂ ਮੰਗਾਂ ਇਹ ਹਨ:
- ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ
- ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮੁਅੱਤਲ ਕੀਤਾ ਜਾਵੇ
- ਡਾਕਟਰਾਂ ਦਾ ਪੈਨਲ ਬਣਾ ਕੇ ਪੀਜੀਆਈ ਤੋਂ ਪੋਸਟਮਾਰਟਮ ਕਰਵਾਇਆ ਜਾਵੇ
- ਜ਼ਿਲ੍ਹੇ ਦੇ ਕਈ ਪੁਲਿਸ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਬਰਖਾਸਤ ਕੀਤਾ ਜਾਵੇ
- ਪਰੀ-ਗੈਬਲਿਨ ਯਾਨੀ ਸਿਗਨੇਚਰ ਕੈਪਸੂਲ ਨੂੰ ਐੱਨਡੀਪੀਐੱਸ ਦੇ ਅਧੀਨ ਲਿਆਂਦਾ ਜਾਵੇ
ਮੰਗਾਂ ਨਾ ਮੰਨੇ ਜਾਣ ਤੱਕ ਮਾਨਸਾ ਵਿੱਚ ਲੱਗਿਆ ਧਰਨਾ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
ਕਿਵੇਂ ਹੋਇਆ ਪਰਵਿੰਦਰ ਸਿੰਘ ਝੋਟਾ ਦਾ ਕਤਲ?

ਤਸਵੀਰ ਸਰੋਤ, Parvinder singh jhota / fb
ਮੰਗਲਵਾਰ ਨੂੰ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਦੀ ਮੈਡੀਕਲ ਸਟੋਰ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਬਾਰੇ ਬਹਿਸ ਹੋ ਰਹੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਨਾਮ ਦੇ ਵਿਅਕਤੀ ਖਿਲਾਫ਼ ਪੁਲਿਸ ਨੂੰ ਫੋਨ ਕਰਨ ਦੀ ਗੱਲ ਕਹਿ ਰਹੇ ਹਨ।
ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਸ ਵਿੱਚ ਝੋਟਾ, ਦੁਕਾਨ ਮਾਲਿਕ ਨੂੰ ਪਿਸਤੌਲ ਨਾਲ ਫਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦੇ ਰਹੇ ਹਨ।
ਕੁਝ ਸਮੇਂ ਬਾਅਦ ਫਾਇਰ ਹੁੰਦਾ ਹੈ ਜੋ ਕਿ ਪਰਮਿੰਦਰ ਸਿੰਘ ਝੋਟਾ ਨੂੰ ਲੱਗਦਾ ਹੈ। ਉਹ ਮੈਡੀਕਲ ਸਟੋਰ ਤੋਂ ਬਾਹਰ ਹੋ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਜਾਂਦੇ ਹਨ। ਇੱਕ ਹੋਰ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਅਸ਼ਵਨੀ ਨਾਮ ਦਾ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਬਜ਼ਾਰ ਵਿੱਚ ਪਿੱਛੇ ਜਾਂਦਾ ਹੈ। ਇੱਕ ਹੋਰ ਫਾਇਰ ਹੋਣ ਦੀ ਅਵਾਜ਼ ਇਸ ਵੀਡੀਓ ਵਿਚ ਸੁਣਾਈ ਦਿੰਦੀ ਹੈ ਅਤੇ ਫਿਰ ਉਹ ਸ਼ਖਸ ਪਿਸਤੌਲ ਲੈ ਕੇ ਵਾਪਸ ਸਟੋਰ ਵੱਲ ਮੁੜ ਜਾਂਦਾ ਹੈ।
ਜਾਣਕਾਰੀ ਮੁਤਾਬਕ, ਜ਼ਖਮੀ ਹਾਲਤ ਵਿਚ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲੇ ਸਨ। ਉਹ ਫ਼ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ।
ਉਹ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਨਾਲ ਕੁਝ ਸਾਲ ਪਹਿਲਾਂ ਚਰਚਾ ਵਿਚ ਆਏ ਸਨ, ਜਦੋਂ ਆਪਣਾ ਸੰਗਠਨ ਬਣਾ ਕੇ ਕਥਿਤ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ ਤੇ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































