ਜੇਪੀ ਨੱਢਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਮਗਰੋਂ ਧਰਨਾ ਖ਼ਤਮ ਕਰਨ ਦੀ ਕੀਤੀ ਅਪੀਲ, ਸੀਜੇਪੀ ਨੇ ਕਿਹਾ ਪ੍ਰਦਰਸ਼ਨ ਰਹੇਗਾ ਜਾਰੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 11 ਮਿੰਟ

'ਚਲੋ ਸੰਸਦ' ਮਾਰਚ ਦੇ ਸੱਦੇ ਵਿਚਾਲੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਅਜੇ ਵੀ ਜੰਤਰ-ਮੰਤਰ 'ਤੇ ਜਾਰੀ ਹੈ।

ਸੀਜੇਪੀ ਨੇ ਆਪਣੇ ਐਕਸ ਹੈਂਡਲ ਤੋਂ ਇੱਕ ਪੋਸਟ ਵਿੱਚ ਲਿਖਿਆ , "ਅਭਿਜੀਤ ਦੀਪਕੇ, ਸੌਰਵ ਦਾਸ, ਆਸ਼ੁਤੋਸ਼ ਰਾਂਕਾ ਅਤੇ ਗੀਤਾਂਜਲੀ ਮੈਮ (ਸੋਨਮ ਸਰ ਦੀ ਪਤਨੀ) ਅਜੇ ਵੀ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਹਨ।"

"ਉਹ ਇਸ ਸਮੇਂ ਕੇਰਲ ਹਾਊਸ ਦੇ ਸਾਹਮਣੇ ਹਨ। ਇਹ ਸ਼ਾਂਤੀਪੂਰਨ ਵਿਰੋਧ ਖ਼ਤਮ ਨਹੀਂ ਹੋ ਰਿਹਾ।"

ਸੀਜੇਪੀ ਦੇ ਸੌਰਵ ਦਾਸ ਅਤੇ ਆਸ਼ੁਤੋਸ਼ ਰਾਂਕਾ ਨਾਲ ਮੁਲਾਕਾਤ ਤੋਂ ਬਾਅਦ ਸਿਹਤ ਮੰਤਰੀ ਜੇਪੀ ਨੱਢਾ ਨੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲੀ ਵਾਰ ਸਰਕਾਰ ਨਾਲ ਗੱਲਬਾਤ ਦਾ ਪ੍ਰਸਤਾਵ ਆਇਆ ਹੈ ਅਤੇ ਸਵੇਰੇ 11:50 ਵਜੇ ਤੋਂ ਚਰਚਾ ਜਾਰੀ ਹੈ।

ਜੇਪੀ ਨੱਢਾ ਨੇ ਐਕਸ ਉੱਤੇ ਪੋਸਟ ਪਾ ਕੇ ਲਿਖਿਆ, "ਮੀਟਿੰਗ ਇੱਕ ਸੁਹਿਰਦ ਮਾਹੌਲ ਵਿੱਚ ਹੋਈ। ਉਨ੍ਹਾਂ ਦੇ ਵਫ਼ਦ ਨਾਲ ਸ਼ੁਰੂਆਤੀ ਗੱਲਬਾਤ ਵਿਸਥਾਰ ਨਾਲ ਕੀਤੀ ਗਈ ਅਤੇ ਉਨ੍ਹਾਂ ਨੇ ਸ਼ਾਮ ਕਰੀਬ 4 ਵਜੇ ਮੈਨੂੰ ਆਪਣੀਆਂ ਮੰਗਾਂ ਦਾ ਲਿਖਤੀ ਪੱਤਰ ਸੌਂਪਿਆ। ਮੈਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਧਰਨਾ ਖ਼ਤਮ ਕਰਨ ਅਤੇ ਪ੍ਰਸ਼ਾਸਨ ਨੂੰ ਆਮ ਸਥਿਤੀ ਬਹਾਲ ਕਰਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।"

ਇਸ ਤੋਂ ਪਹਿਲਾਂ ਸੀਜੇਪੀ ਦੇ ਬੁਲਾਰੇ ਸੌਰਵ ਦਾਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਤੇ ਸੀਜੇਪੀ ਦੇ ਦੂਜੇ ਬੁਲਾਰੇ ਆਸ਼ੁਤੋਸ਼ ਰਾਂਕਾ ਨੇ ਸਿਹਤ ਮੰਤਰੀ ਜੇਪੀ ਨੱਢਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ ਹੈ।

ਸੀਜੇਪੀ ਦੇ ਬੁਲਾਰੇ ਨੇ ਕਿਹਾ ਸੀ, "ਜਦੋਂ ਅਸੀਂ ਆਪਣੀਆਂ ਮੰਗਾਂ ਦਾ ਪੱਤਰ ਉਨ੍ਹਾਂ ਨੂੰ ਦੇ ਰਹੇ ਸੀ ਤਾਂ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ 'ਤੇ ਅੰਦਰੂਨੀ ਤੌਰ 'ਤੇ ਗੱਲਬਾਤ ਕਰਨਗੇ।"

ਸੌਰਵ ਦਾਸ ਨੇ ਐਕਸ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਲਈ ਸੰਪਰਕ ਕੀਤਾ ਸੀ ਅਤੇ ਦੋ ਘੰਟਿਆਂ ਤੋਂ ਵੱਧ ਸਮੇਂ ਦੀ ਉਡੀਕ ਤੋਂ ਬਾਅਦ ਉਨ੍ਹਾਂ ਦੀ ਜੇਪੀ ਨੱਢਾ ਨਾਲ 10 ਮਿੰਟ ਲਈ ਮੁਲਾਕਾਤ ਹੋਈ।

ਪੁਲਿਸ ਨੇ ਹੰਝੂ ਗੈਸ ਛੱਡੀ

'ਚਲੋ ਸੰਸਦ' ਮਾਰਚ ਦੇ ਸੱਦੇ ਵਿਚਾਲੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਬੁਲਾਰੇ ਸੌਰਵ ਦਾਸ ਨੇ ਦਾਅਵਾ ਕੀਤਾ ਸੀ ਕਿ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਦਿੱਲੀ ਪੁਲਿਸ ਆਪਣੇ ਨਾਲ ਲੈ ਗਈ ਹੈ, ਜਿਸ ਨੂੰ ਦਿੱਲੀ ਪੁਲਿਸ ਨੇ ਖ਼ਾਰਜ ਕਰ ਦਿੱਤਾ ਸੀ।

ਇਸ ਤੋਂ ਬਾਅਦ ਸੀਜੇਪੀ ਦੇ ਬੁਲਾਰੇ ਨੇ ਆਪਣੇ ਐਕਸ ਪੋਸਟ ਵਿੱਚ ਕਿਹਾ ਹੈ ਕਿ ਅਭਿਜੀਤ ਦੀਪਕੇ ਨਾ ਤਾਂ ਹਿਰਾਸਤ ਵਿੱਚ ਹਨ ਅਤੇ ਨਾ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸੀਜੇਪੀ ਨੇ ਕਿਹਾ ਸੀ ਕਿ ਦੀਪਕੇ ਨੂੰ ਪੁਲਿਸ ਲੈ ਗਈ ਹੈ, ਪਰ ਦਿੱਲੀ ਪੁਲਿਸ ਨੇ ਸੀਜੇਪੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ।

ਦਿੱਲੀ ਪੁਲਿਸ ਨੇ ਐਕਸ 'ਤੇ ਲਿਖਿਆ, "ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗੁੰਮਰਾਹ ਕਰਨ ਵਾਲੀਆਂ ਖ਼ਬਰਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਭਿਜੀਤ ਦੀਪਕੇ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।"

"ਇਹ ਅਧਿਕਾਰਕ ਤੌਰ 'ਤੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਹਨ ਅਤੇ ਉਹ ਮੰਚ (ਸਟੇਜ) 'ਤੇ ਮੌਜੂਦ ਹਨ।"

ਇਸ ਤੋਂ ਪਹਿਲਾਂ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ ਆਂਗਮੋ ਨੇ ਸੋਮਵਾਰ ਨੂੰ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ।

ਇਸ ਤੋਂ ਪਹਿਲਾਂ ਸੀਜੇਪੀ ਦੇ ਮਾਰਚ ਵਿੱਚ ਹਜ਼ਾਰਾਂ ਲੋਕ ਸ਼ਾਮਲ ਸਨ। ਸ਼ੁਰੂ ਵਿੱਚ ਪੁਲਿਸ ਵੱਲੋਂ ਥੋੜ੍ਹਾ ਜਿਹਾ ਬਲ ਵਰਤਦਿਆਂ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕਿਆ ਜਾ ਰਿਹਾ ਸੀ। ਭਾਰੀ ਗਰਮੀ ਕਾਰਨ ਕੁਝ ਲੋਕ ਬੇਹੋਸ਼ ਵੀ ਹੋ ਗਏ। ਕੁਝ ਲੋਕ ਉੱਥੋਂ ਬਾਹਰ ਨਿਕਲਦੇ ਵੀ ਨਜ਼ਰ ਆਏ।

ਪਰ ਇਕ ਥਾਂ ਜਦੋਂ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ।

ਇਸ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਐਕਸ 'ਤੇ ਲਿਖਿਆ, "ਮੈਂ ਅਤੇ ਆਸ਼ੁਤੋਸ਼ ਰਾਂਕਾ, ਸੀਜੇਪੀ ਵੱਲੋਂ ਜੇਪੀ ਨੱਢਾ ਨਾਲ ਮਿਲਣ ਜਾ ਰਹੇ ਹਾਂ। ਸਰਕਾਰ ਨੇ ਸਵੇਰੇ ਗੱਲਬਾਤ ਲਈ ਸੰਪਰਕ ਕੀਤਾ ਸੀ। ਸਾਡੀਆਂ ਮੰਗਾਂ ਸਪੱਸ਼ਟ ਹਨ। ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਏ ਹਨ।"

ਕਾਕਰੋਚ ਜਨਤਾ ਪਾਰਟੀ ਨੇ ਕਿਹਾ ਸੀ ਕਿ ਉਸ ਦੇ ਸਮਰਥਕ ਹਰ ਹਾਲ ਵਿੱਚ ਸੰਸਦ ਤੱਕ ਸ਼ਾਂਤਮਈ ਮਾਰਚ ਕਰਨਗੇ।

ਸੀਜੇਪੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਤੇਜ਼ ਮੀਂਹ ਅਤੇ ਸਖ਼ਤ ਸੁਰੱਖਿਆ ਪ੍ਰਬੰਧ... ਪਰ ਅੱਜ ਕਾਕਰੋਚ ਨੂੰ ਕੋਈ ਨਹੀਂ ਰੋਕ ਸਕੇਗਾ।"

ਸੋਸ਼ਲ ਮੀਡੀਆ 'ਤੇ ਸੁਰੱਖਿਆ ਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਅਭਿਜੀਤ ਦੀਪਕੇ ਨੇ ਤੋੜੀ ਭੁੱਖ ਹੜਤਾਲ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਮਵਾਰ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।

ਨਿਊਜ਼ ਏਜੰਸੀ ਏਐਨਆਈ ਦੁਆਰਾ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਅਭਿਜੀਤ ਦੀਪਕੇ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਦੇ ਹੋਏ ਦਿਖਾਇਆ ਗਿਆ ਹੈ।

ਦਰਅਸਲ, ਅਭਿਜੀਤ ਦੀਪਕੇ ਨੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਦਿੱਲੀ ਪੁਲਿਸ ਦੁਆਰਾ ਜੰਤਰ-ਮੰਤਰ ਤੋਂ ਹਟਾਏ ਜਾਣ ਅਤੇ ਸ਼ਨੀਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ।

ਦੂਜੇ ਪਾਸੇ, ਸੋਨਮ ਵਾਂਗਚੁਕ ਨੇ ਸਫਦਰਜੰਗ ਹਸਪਤਾਲ ਨੂੰ ਪੱਤਰ ਲਿਖ ਕੇ ਸੰਸਦ ਮਾਰਚ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ।

ਇਸ ਤੋਂ ਪਹਿਲਾਂ, ਅਭਿਜੀਤ ਦੀਪਕੇ ਦੇ ਪਿਤਾ, ਭਗਵਾਨ ਦੀਪਕੇ ਨੇ ਬੀਬੀਸੀ ਮਰਾਠੀ ਨਾਲ ਗੱਲਬਾਤ ਵਿੱਚ ਆਪਣੇ ਪੁੱਤਰ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ ਸੀ।

ਭਗਵਾਨ ਦੀਪਕੇ ਨੇ ਕਿਹਾ, "ਅਭੀਜੀਤ ਨੇ ਪਹਿਲਾਂ ਕਦੇ ਭੁੱਖ ਹੜਤਾਲ ਨਹੀਂ ਕੀਤੀ। ਜੇਕਰ ਉਹ ਲੰਬੇ ਸਮੇਂ ਤੱਕ ਨਹੀਂ ਖਾਂਦਾ, ਤਾਂ ਉਸਨੂੰ ਚੱਕਰ ਆਉਂਦੇ ਹਨ। ਜੇਕਰ ਮੈਂ ਬਹੁਤ ਦੇਰ ਤੱਕ ਭੁੱਖਾ ਰਹਿੰਦਾ ਹਾਂ, ਤਾਂ ਮੈਨੂੰ ਵੀ ਚੱਕਰ ਆਉਂਦੇ ਹਨ। ਇਹ ਸਾਡੇ ਪਰਿਵਾਰ ਵਿੱਚ ਪੀੜ੍ਹੀਆਂ ਤੋਂ ਹੈ। ਉਸਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਬਹੁਤ ਚਿੰਤਤ ਹਾਂ।"

ਆਰਏਐਫ਼ ਜਵਾਨਾਂ ਦਾ ਸਮਰਥਕਾਂ 'ਤੇ ਲਾਠੀਚਾਰਜ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਬੁਲਾਰੇ ਸੌਰਭ ਦਾਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ।

ਸੀਜੇਪੀ ਦੇ ਬੁਲਾਰੇ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ, ਜਦੋਂ ਦਿੱਲੀ ਸਥਿੱਤ ਜੰਤਰ-ਮੰਤਰ 'ਤੇ ਪ੍ਰਦਰਸ਼ਨ ਜਾਰੀ ਹੈ ਅਤੇ ਪ੍ਰਦਰਸ਼ਨਕਾਰੀ ਸੰਸਦ ਮਾਰਚ ਕਰਨਾ ਚਾਹੁੰਦੇ ਹਨ। ਹਾਲਾਂਕਿ, ਦਿੱਲੀ ਪੁਲਿਸ ਨੇ ਇਸ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ 'ਚਲੋ ਸੰਸਦ' ਮਾਰਚ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸੇ ਦੌਰਾਨ ਆਰਏਐਫ਼ ਜਵਾਨਾਂ ਵੱਲੋਂ ਸਮਰਥਕਾਂ 'ਤੇ ਲਾਠੀਚਾਰਜ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਜੰਤਰ-ਮੰਤਰ 'ਤੇ ਮੌਜੂਦ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਦੱਸਿਆ ਕਿ ਉੱਥੇ ਸਵੇਰ ਤੋਂ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਹੈ।

ਇਸ ਦੌਰਾਨ, ਖ਼ਬਰ ਏਜੰਸੀ ਏਐਨਆਈ ਦੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਰੈਪਿਡ ਐਕਸ਼ਨ ਫੋਰਸ (ਆਰਏਐਫ਼) ਦੇ ਜਵਾਨ ਕੁਝ ਸਮਰਥਕਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕਰ ਰਹੇ ਹਨ।

ਇਸ ਤੋਂ ਇਲਾਵਾ, ਵੀਡੀਓ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਨੋਕ-ਝੋਂਕ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਸੋਮਵਾਰ ਯਾਨੀ 20 ਜੁਲਾਈ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਪ੍ਰਦਰਸ਼ਨਕਾਰੀ ਸੰਸਦ ਭਵਨ ਜਾ ਕੇ ਆਪਣੀਆਂ ਮੰਗਾਂ ਰੱਖਣਾ ਚਾਹੁੰਦੇ ਹਨ।

ਪੁਲਿਸ ਨੇ ਹਿੰਸਾ ਤੇ ਹਿਰਾਸਤ ਬਾਰੇ ਕੀ ਕਿਹਾ

ਦਿੱਲੀ ਪੁਲਿਸ ਨੇ ਆਪਣੇ ਅਧਿਕਾਰਿਤ ਐਕਸ ਅਕਾਊਂਟ 'ਤੇ ਇੱਕ ਪੋਸਟ ਰਾਹੀਂ ਕਿਹਾ ਹੈ ਕਿ ਮੀਡੀਆ ਦੀਆਂ ਕੁਝ ਰਿਪੋਰਟਾਂ ਵਿੱਚ ਜੰਤਰ-ਮੰਤਰ 'ਤੇ ਦਿੱਲੀ ਪੁਲਿਸ ਵੱਲੋਂ ਹਿੰਸਾ ਜਾਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਛਿਟਪੁੱਟ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

''ਇਹ ਸੂਚਿਤ ਕੀਤਾ ਜਾਂਦਾ ਹੈ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ ਅਤੇ ਵਿਰੋਧ-ਪ੍ਰਦਰਸ਼ਨ ਨੂੰ ਪੇਸ਼ੇਵਰ ਢੰਗ ਨਾਲ ਸੰਭਾਲਿਆ ਜਾ ਰਿਹਾ ਹੈ।''

ਅੱਗੇ ਕਿਹਾ ਗਿਆ ਹੈ ਕਿ ''ਸਾਰਿਆਂ ਨੂੰ ਬੇਨਤੀ ਹੈ ਕਿ ਉਹ ਕਿਸੇ ਵੀ ਅਫ਼ਵਾਹ ਜਾਂ ਗਲਤਫਹਿਮੀ 'ਤੇ ਧਿਆਨ ਨਾ ਦੇਣ ਅਤੇ ਉਸ ਥਾਂ ਅਤੇ ਉਸ ਦੇ ਆਲੇ-ਦੁਆਲੇ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਦਿੱਲੀ ਪੁਲਿਸ ਦਾ ਸਹਿਯੋਗ ਕਰਨ।''

ਸੀਜੇਪੀ ਨੇ ਕਿਹਾ- ਅੱਜ ਕੋਈ ਨਹੀਂ ਰੋਕ ਸਕੇਗਾ

ਦਿੱਲੀ ਸਥਿਤ ਜੰਤਰ-ਮੰਤਰ 'ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ, ਜੋ ਸੰਸਦ ਤੱਕ ਮਾਰਚ ਕਰਨਾ ਚਾਹੁੰਦੇ ਹਨ। ਹਾਲਾਂਕਿ, ਦਿੱਲੀ ਪੁਲਿਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।

ਕਾਕਰੋਚ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਉਹ ਹਰ ਹਾਲ ਵਿੱਚ ਸੰਸਦ ਤੱਕ ਸ਼ਾਂਤੀਪੂਰਨ ਮਾਰਚ ਕਰਨਗੇ।

ਸੀਜੇਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਤੇਜ਼ ਮੀਂਹ ਅਤੇ ਭਾਰੀ ਸੁਰੱਖਿਆ... ਪਰ ਅੱਜ ਕਾਕਰੋਚ ਨੂੰ ਕੋਈ ਨਹੀਂ ਰੋਕ ਸਕੇਗਾ।"

ਤਸਵੀਰਾਂ ਵਿੱਚ ਦੇਖੋ ਜੰਤਰ-ਮੰਤਰ ਦਾ ਮਾਹੌਲ

ਜੰਤਰ-ਮੰਤਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਨਜ਼ਰ ਆ ਰਹੇ ਹਨ:

23 ਦਿਨਾਂ ਬਾਅਦ ਆਈਸਾ ਦੇ ਤਿੰਨ ਵਿਦਿਆਰਥੀਆਂ ਦੀ ਭੁੱਖ ਹੜਤਾਲ ਖ਼ਤਮ

ਜੰਤਰ-ਮੰਤਰ 'ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਤਿੰਨ ਮੈਂਬਰਾਂ ਨੇਹਾ, ਆਮੀਨ ਅਤੇ ਮਨੀਸ਼ ਨੇ 23 ਦਿਨਾਂ ਤੱਕ ਚੱਲੀ ਭੁੱਖ ਹੜਤਾਲ ਸੋਮਵਾਰ ਨੂੰ ਸਮਾਪਤ ਕਰ ਦਿੱਤੀ ਹੈ।

ਸੰਗਠਨ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ ਕਾਰਕੁਨਾਂ, ਆਗੂਆਂ ਅਤੇ ਜਨ ਪ੍ਰਤੀਨਿਧੀਆਂ ਦੀ ਅਪੀਲ ਤੋਂ ਬਾਅਦ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਲਿਆ।

ਆਈਸਾ ਦੇ ਮੁਤਾਬਕ, ਭੁੱਖ ਹੜਤਾਲ ਸਮਾਪਤ ਕਰਵਾਉਣ ਲਈ ਸੰਸਦ ਮੈਂਬਰ ਮਨੋਜ ਝਾਅ, ਰਾਜਾਰਾਮ ਸਿੰਘ ਅਤੇ ਅਮਰਾਰਾਮ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧੀ ਮੰਡਲ ਪਹੁੰਚਿਆ। ਇਸ ਤੋਂ ਇਲਾਵਾ ਯੋਗੇਂਦਰ ਯਾਦਵ, ਵਕੀਲ ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ, ਅਦਾਕਾਰ ਪ੍ਰਕਾਸ਼ ਰਾਜ ਅਤੇ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ।

ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਵਿਦਿਆਰਥੀਆਂ ਦੇ ਅੰਦੋਲਨ ਨੇ ਸਰਕਾਰ ਨੂੰ ਕਈ ਮੁੱਦਿਆਂ 'ਤੇ ਜਵਾਬ ਦੇਣ ਲਈ ਮਜਬੂਰ ਕੀਤਾ ਹੈ।

ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ, "ਸਾਡੀ ਪੀੜ੍ਹੀ ਭਾਵੇਂ ਨਵੀਂ ਪੀੜ੍ਹੀ ਲਈ ਬਿਹਤਰ ਰਾਹ ਬਣਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਰਹੀ, ਪਰ ਵਿਦਿਆਰਥੀਆਂ ਦੇ ਸੰਘਰਸ਼ ਨੇ ਅੱਗੇ ਦਾ ਰਾਹ ਦਿਖਾਇਆ ਹੈ।"

ਆਈਸਾ ਦੇ ਅਨੁਸਾਰ, 23 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੇ ਸਰੀਰ ਦਾ ਵਜ਼ਨ 12 ਫ਼ੀਸਦੀ ਤੋਂ ਜ਼ਿਆਦਾ ਘਟ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵੀ ਕਾਫ਼ੀ ਘਟ ਗਿਆ ਸੀ, ਜਿਸ ਨਾਲ ਸਿਹਤ 'ਤੇ ਗੰਭੀਰ ਅਸਰ ਪਿਆ।

ਵਿਦਿਆਰਥੀ ਸੰਗਠਨ ਨੇ ਦੱਸਿਆ ਕਿ ਸੰਸਦ ਸੈਸ਼ਨ ਦੌਰਾਨ ਆਈਸਾ ਧਰਮੇਂਦਰ ਪ੍ਰਧਾਨ, ਐਨਟੀਏ ਅਤੇ ਨਵੀਂ ਸਿੱਖਿਆ ਨੀਤੀ 2020 ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਇੱਕ ਮਹੀਨੇ ਦਾ ਅਭਿਆਨ ਚਲਾਏਗਾ। ਸੰਗਠਨ ਦਾ ਕਹਿਣਾ ਹੈ ਕਿ ਇਹ ਅਭਿਆਨ ਜੰਤਰ-ਮੰਤਰ 'ਤੇ ਹੋਈ ਭੁੱਖ ਹੜਤਾਲ ਦੌਰਾਨ ਉਠਾਈਆਂ ਗਈਆਂ ਮੰਗਾਂ ਨੂੰ ਅੱਗੇ ਵਧਾਉਣ ਦਾ ਕੰਮ ਕਰੇਗਾ।

ਸ਼ਾਂਤੀਪੂਰਨ ਸੰਸਦ ਮਾਰਚ ਦਾ ਸੱਦਾ

ਦੂਜੇ ਪਾਸੇ, ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਸੋਮਵਾਰ ਨੂੰ ਸ਼ਾਂਤੀਪੂਰਨ ਸੰਸਦ ਮਾਰਚ ਦਾ ਸੱਦਾ ਦਿੱਤਾ ਗਿਆ ਹੈ।

ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਤਵਾਰ ਨੂੰ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਵੇਰੇ 9 ਵਜੇ ਸੰਸਦ ਵੱਲ ਕੂਚ ਕਰਾਂਗੇ। ਸਾਡੀਆਂ ਜੋ ਵੀ ਮੰਗਾਂ ਹਨ, ਅਸੀਂ ਉੱਥੇ ਰੱਖਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਡੈਲੀਗੇਸ਼ਨ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੀਆਂ ਮੰਗਾਂ ਉੱਥੇ ਰੱਖ ਸਕੀਏ।"

ਦੀਪਕੇ ਨੂੰ ਭਰੋਸਾ ਹੈ ਕਿ ਉਹ ਸੰਸਦ ਤੱਕ ਮਾਰਚ ਕਰਨ ਵਿੱਚ ਸਫ਼ਲ ਹੋਣਗੇ।

ਦੀਪਕੇ ਨੇ ਕਿਹਾ, "ਇੰਨੀ ਬੈਰੀਕੇਡਿੰਗ ਹੋਣ ਦੇ ਬਾਵਜੂਦ ਵੀ ਅਸੀਂ ਨਿੱਕਲ ਜਾਵਾਂਗੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਰਹੇ ਹਨ। ਪੁਲਿਸ ਸਾਨੂੰ ਕਿਉਂ ਰੋਕੇਗੀ? ਅਸੀਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ।"

ਜਦੋਂ ਦਿੱਲੀ ਪੁਲਿਸ ਨੇ ਸੋਨਮ ਵਾਂਗਚੁੱਕ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਸ਼ਿਫ਼ਟ ਕੀਤਾ ਸੀ, ਉਸ ਤੋਂ ਬਾਅਦ ਪ੍ਰਦਰਸ਼ਨ ਵਾਲੀ ਥਾਂ 'ਤੇ ਅਚਾਨਕ ਭੀੜ ਵਧ ਗਈ।

ਹਾਲਾਂਕਿ, ਪੁਲਿਸ ਨੇ ਇਸ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਬੀਤੇ ਦਿਨੀਂ ਨਵੀਂ ਦਿੱਲੀ ਦੇ ਡੀਸੀਪੀ ਸਚਿਨ ਸ਼ਰਮਾ ਨੇ ਕਿਹਾ ਸੀ, "20 ਜੁਲਾਈ ਨੂੰ ਸੰਸਦ ਤੱਕ ਪ੍ਰਸਤਾਵਿਤ ਮਾਰਚ ਨੂੰ ਲੈਕੇ ਸਾਹਮਣੇ ਆ ਰਹੀਆਂ ਖ਼ਬਰਾਂ ਦੇ ਮੱਦੇਨਜ਼ਰ ਮੈਂ ਇਹ ਸਪਸ਼ਟ ਕਰਦਾ ਹਾਂ ਕਿ ਅਜਿਹੇ ਕਿਸੇ ਵੀ ਮਾਰਚ ਲਈ ਦਿੱਲੀ ਪੁਲਿਸ ਨੂੰ ਕੋਈ ਅਰਜ਼ੀ ਨਹੀਂ ਮਿਲੀ ਹੈ ਅਤੇ ਨਾ ਹੀ ਕੋਈ ਇਜਾਜ਼ਤ ਦਿੱਤੀ ਗਈ ਹੈ।"

"ਨਵੀਂ ਦਿੱਲੀ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਦੀ ਧਾਰਾ 163 ਤਹਿਤ ਪਾਬੰਦੀ ਵਾਲੇ ਪ੍ਰੋਹਿਬਿਟਰੀ ਆਰਡਰ ਲਾਗੂ ਹਨ। ਇਸ ਦੇ ਤਹਿਤ ਜੰਤਰ-ਮੰਤਰ ਸਥਿੱਤ ਨਿਰਧਾਰਤ ਪ੍ਰਦਰਸ਼ਨ ਸਥਾਨ ਨੂੰ ਛੱਡ ਕੇ, ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਵਿਰੋਧ ਮਾਰਚ ਕੱਢਣ ਜਾਂ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਹੈ।"

ਦਿੱਲੀ ਪੁਲਿਸ ਨੇ ਆਮ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਵੀ ਕੀਤੀ ਸੀ।

ਵਾਂਗਚੁਕ ਨੇ ਭੁੱਖ ਹੜਤਾਲ ਖਤਮ ਕਰਨ ਦੀਆਂ ਸ਼ਰਤਾਂ ਦੱਸੀਆਂ

ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਨੂੰ ਖਤਮ ਕਰਨ ਦੀਆਂ ਸ਼ਰਤਾਂ ਜਨਤਕ ਕਰਦਿਆਂ ਕਿਹਾ ਹੈ ਕਿ ਉਹ ਕੁਝ ਨਿਸ਼ਚਿਤ ਹਾਲਾਤਾਂ ਵਿੱਚ ਹੀ ਇਸ ਨੂੰ ਖ਼ਤਮ ਕਰਨਗੇ।

ਉਨ੍ਹਾਂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਲਿਖਤੀ ਸੁਨੇਹਾ ਜਾਰੀ ਕਰਕੇ ਆਪਣੇ ਆਪ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਹੋਣ ਦਾ ਵੀ ਦਾਅਵਾ ਕੀਤਾ।

ਨੀਟ ਪ੍ਰੀਖਿਆ ਵਿੱਚ ਕਥਿਤ ਗੜਬੜੀ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੋਨਮ ਵਾਂਗਚੁਕ ਦਿੱਲੀ ਦੇ ਜੰਤਰ-ਮੰਤਰ 'ਤੇ ਭੁੱਖ ਹੜਤਾਲ 'ਤੇ ਬੈਠੇ ਸਨ।

ਪਰ ਦਿੱਲੀ ਪੁਲਿਸ 18 ਜੁਲਾਈ ਨੂੰ ਵਾਂਗਚੁਕ ਨੂੰ ਜ਼ਬਰਦਸਤੀ ਚੁੱਕ ਕੇ ਸਫ਼ਦਰਜੰਗ ਹਸਪਤਾਲ ਲੈ ਗਈ ਸੀ।

ਹਾਲਾਂਕਿ ਉਨ੍ਹਾਂ ਦੀ ਭੁੱਖ ਹੜਤਾਲ ਉੱਥੇ ਵੀ ਜਾਰੀ ਹੈ।

ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਆਪਣੀ ਭੁੱਖ ਹੜਤਾਲ ਨਹੀਂ ਤੋੜਣਗੇ ਜਦੋਂ ਤੱਕ ਉਨ੍ਹਾਂ ਦੀਆਂ ਤਿੰਨ ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਨਹੀਂ ਹੋ ਜਾਂਦੀ।

ਇਹ ਹਨ ਸੋਨਮ ਵਾਂਗਚੁਕ ਦੀਆਂ ਸ਼ਰਤਾਂ

ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਸਰਕਾਰ ਹਾਲੀਆ ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਸਵੀਕਾਰ ਕਰ ਲੈਂਦੀ ਹੈ ਜਾਂ ਸੰਸਦ ਮੈਂਬਰ ਉਨ੍ਹਾਂ ਨੂੰ ਭਰੋਸਾ ਦਿੰਦੇ ਹਨ ਕਿ ਇਹ ਮੁੱਦਾ ਸੰਸਦ ਵਿੱਚ ਚੁੱਕਿਆ ਜਾਵੇਗਾ, ਤਾਂ ਉਹ ਆਪਣੀ ਅਣਮਿੱਥੇ ਸਮੇਂ ਲਈ ਕੀਤੀ ਜਾ ਰਹੀ ਭੁੱਖ ਹੜਤਾਲ 20 ਜੁਲਾਈ ਨੂੰ ਖ਼ਤਮ ਕਰ ਦੇਣਗੇ।

ਉਨ੍ਹਾਂ ਦੀ ਭੁੱਖ ਹੜਤਾਲ ਦਾ ਸੋਮਵਾਰ ਨੂੰ 23ਵਾਂ ਦਿਨ ਹੈ।

ਵਾਂਗਚੁਕ ਨੇ ਹਸਪਤਾਲ ਤੋਂ ਹੱਥ ਨਾਲ ਲਿਖੇ ਇੱਕ ਪੱਤਰ ਵਿੱਚ ਤਿੰਨ ਅਜਿਹੀਆਂ ਸਥਿਤੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨਗੇ। ਉਨ੍ਹਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਹਸਪਤਾਲ ਵਿੱਚ ਉਨ੍ਹਾਂ ਨੂੰ "ਗੈਰਕਾਨੂੰਨੀ ਹਿਰਾਸਤ" ਵਿੱਚ ਰੱਖਿਆ ਗਿਆ ਹੈ।

ਵਾਂਗਚੁਕ ਦੇ ਐਕਸ ਹੈਂਡਲ ਤੋਂ ਇੱਕ ਪੋਸਟ ਵਿੱਚ ਲਿਖਿਆ ਗਿਆ ਹੈ, "ਪਿਆਰੇ ਮਿੱਤਰੋ ਅਤੇ ਸਮਰਥਕੋ, ਤੁਹਾਡੇ ਵਿੱਚੋਂ ਕਈ ਲੋਕ ਪੁੱਛ ਰਹੇ ਹਨ ਕਿ ਮੈਂ ਆਪਣੀ ਭੁੱਖ ਹੜਤਾਲ ਕਦੋਂ ਖ਼ਤਮ ਕਰਾਂਗਾ? ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ, ਮੈਂ 20 ਜੁਲਾਈ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿਆਂਗਾ, ਜੇਕਰ..."

1. ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਹਾਲੀਆ ਨਾਕਾਮੀਆਂ, ਜਿਵੇਂ ਪ੍ਰਸ਼ਨ ਪੱਤਰ ਲੀਕ ਦੀਆਂ ਘਟਨਾਵਾਂ, ਦੀ ਜ਼ਿੰਮੇਵਾਰੀ ਸਵੀਕਾਰ ਕਰਦੀ ਹੈ...

ਜਾਂ

2. ਜੇਕਰ ਸੰਸਦ ਮੈਂਬਰ ਅਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਆਗੂ ਸੰਸਦ ਪਹੁੰਚਦੇ ਹਨ ਅਤੇ ਸਿਆਸੀ ਪਾਰਟੀਆਂ ਇਹ ਭਰੋਸਾ ਦਿੰਦੀਆਂ ਹਨ ਕਿ ਉਹ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣਗੇ, ਤਾਂ ਮੈਂ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿਆਂਗਾ...

ਜਾਂ

3. ਜੇਕਰ ਸਿਹਤ ਜਾਂ ਹੋਰ ਕਾਰਨਾਂ ਕਰਕੇ ਮੇਰੇ ਲਈ ਭੁੱਖ ਹੜਤਾਲ ਜਾਰੀ ਰੱਖਣਾ ਸੰਭਵ ਨਾ ਰਿਹਾ, ਤਾਂ ਮੈਂ ਉਸ ਸਥਿਤੀ ਵਿੱਚ ਵੀ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿਆਂਗਾ, ਬਸ਼ਰਤੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਅਤੇ ਆਗੂ ਹਸਪਤਾਲ ਆ ਕੇ ਮੈਨੂੰ ਇਹੀ ਭਰੋਸਾ ਦੇਣ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)