You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਆਰਿਅਨ ਗੁਪਤਾ ਬਣੇ ਨੀਟ-ਯੂਜੀ ਦੇ ਟਾਪਰ, ਕਿਹਾ, 'ਕੈਂਸਰ ਕਾਰਨ ਦਾਦੀ ਚਲੇ ਗਏ, ਉਸੇ ਸਮੇਂ ਸੋਚ ਲਿਆ ਸੀ ਕਿ ਕੈਂਸਰ ਦਾ ਇਲਾਜ ਕਰਨਾ ਹੈ'
ਨੇਸ਼ਨਲ ਟੈਸਟਿੰਗ ਏਜੰਸੀ ਵੱਲੋਂ ਵੀਰਵਾਰ ਨੂੰ ਨੀਟ-ਯੂਜੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਆਰਿਅਨ ਗੁਪਤਾ ਅਤੇ ਹਰਿਆਣਾ ਦੇ ਪਾਂਸ਼ੁਲ ਬੰਸਲ ਦੋਵਾਂ ਨੇ ਟਾਪ ਕੀਤਾ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਲੁਧਿਆਣਾ ਦੇ ਆਰਿਅਨ ਗੁਪਤਾ ਨੇ 99.9999 ਪਰਸੇਂਟਾਈਲ ਦੇ ਨਾਲ ਆਲ ਇੰਡੀਆ ਰੈਂਕ 1 ਹਾਸਿਲ ਕੀਤਾ, ਜਦਕਿ ਹਰਿਆਣਾ ਦੇ ਪਾਂਸ਼ੁਲ ਬੰਸਲ ਨੇ ਇਸੇ ਪਰਸੇਂਟਾਈਲ ਦੇ ਨਾਲ ਆਲ ਇੰਡੀਆ ਰੈਂਕ 2 ਹਾਸਿਲ ਕੀਤਾ ਹੈ।
ਆਰਿਅਨ ਗੁਪਤਾ ਅਤੇ ਬੰਸਲ ਦੋਵਾਂ ਨੇ 720 ਵਿੱਚੋਂ 715 ਅੰਕ ਹਾਸਲ ਕੀਤੇ। ਉਨ੍ਹਾਂ ਦਾ ਸਕੋਰ 2025 ਦੇ ਟਾਪਰ ਦੇ 686 ਅੰਕਾਂ ਨਾਲੋਂ 29 ਅੰਕ ਵੱਧ ਸੀ, ਉਸ ਸਾਲ ਇੱਕ ਵੀ ਉਮੀਦਵਾਰ 700 ਦਾ ਅੰਕੜਾ ਪਾਰ ਨਹੀਂ ਕਰ ਸਕਿਆ ਸੀ।
ਰਾਜਸਥਾਨ ਦੇ ਉਪਲਕਸ਼ਯ ਗੋਇਲ 99.99985 ਪਰਸੇਂਟਾਈਲ ਦੇ ਨਾਲ 3 ਤੀਜੇ ਸਥਾਨ 'ਤੇ ਰਹੇ ਹਨ।
ਮੈਡੀਕਲ ਦਾਖ਼ਲਿਆਂ ਲਈ ਹੋਣ ਵਾਲੀ ਨੀਟ-ਯੂਜੀ ਪ੍ਰੀਖਿਆ ਨੂੰ ਇਸ ਸਾਲ 11.21 ਲੱਖ ਉਮੀਦਵਾਰਾਂ ਨੇ ਪਾਸ ਕੀਤਾ ਹੈ।
ਦੇਸ਼ ਭਰ 'ਚ ਪਹਿਲਾਂ ਰੈਂਕ ਪ੍ਰਾਪਤ ਕਰਨ ਕੀ ਬੋਲੇ ਆਰਿਅਨ
ਆਰਿਅਨ ਗੁਪਤਾ ਦਾ ਕਹਿਣਾ ਹੈ ਕਿ ਉਹ ਜਿੰਨੀ ਮਿਹਨਤ ਕਰ ਸਕਦੇ ਸਨ, ਉਨ੍ਹਾਂ ਨੇ ਇਸ ਪ੍ਰੀਖਿਆ ਲਈ ਕੀਤੀ।
ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਮਿਹਨਤ ਤਾਂ ਕੀਤੀ ਹੈ ਦੇਖੋ। ਮੈਂ ਜਿੰਨੀ ਮਿਹਨਤ ਕਰ ਸਕਦਾ ਸੀ ਓਨੀ ਕੀਤੀ। ਕਿੰਨੀਆਂ ਹੀ ਰਾਤਾਂ 'ਚ ਨੀਂਦ ਨਹੀਂ ਆਉਂਦੀ ਸੀ।''
ਉਨ੍ਹਾਂ ਅੱਗੇ ਕਿਹਾ, ''ਅਜੇ ਤਾਂ ਸਭ ਕੁਝ ਸੁਪਨੇ ਵਾਂਗ ਲੱਗ ਰਿਹਾ ਹੈ। ਪਰ ਸਾਰੇ ਬਹੁਤ ਖੁਸ਼ ਹਨ, ਪਰਿਵਾਰ ਬਹੁਤ ਖੁਸ਼ ਹੈ, ਅਧਿਆਪਕ ਬਹੁਤ ਖੁਸ਼ ਹਨ। 16-17 ਘੰਟੇ ਵੀ ਪੜ੍ਹਿਆ ਹਾਂ ਦਿਨ 'ਚ, ਆਖਿਰ 'ਚ ਮਿਹਨਤ ਰੰਗ ਲੈ ਆਈ।''
ਉਨ੍ਹਾਂ ਦੱਸਿਆ ਕਿ ''ਮੈਂ ਓਂਕੋਲੋਜਿਸਟ (ਕੈਂਸਰ ਦਾ ਇਲਾਜ ਕਰਨ ਵਾਲਾ ਡਾਕਟਰ) ਬਣਨਾ ਚਾਹੁੰਦਾ ਹਾਂ।''
ਆਰਿਅਨ ਮੁਤਾਬਕ, ਜਦੋਂ ਉਹ ਨਿੱਕੇ ਸਨ ਤਾਂ ਉਨ੍ਹਾਂ ਦੇ ਦਾਦੀ ਜੀ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਉਹ ਕਹਿੰਦੇ ਹਨ ਕਿ ਉਸੇ ਵੇਲੇ ਉਨ੍ਹਾਂ ਨੇ ਮਨ ਬਣਾ ਲਿਆ ਸੀ ਕਿ ਉਹ ਇਸ ਖੇਤਰ ਵਿੱਚ ਅੱਗੇ ਜਾਣਗੇ।
ਪਹਿਲਾ ਪੇਪਰ ਲੀਕ ਹੋਣ ਤੋਂ ਬਾਅਦ ਦੁਬਾਰਾ ਹੋਈ ਸੀ ਪ੍ਰੀਖਿਆ
ਪਹਿਲਾਂ ਇਹ ਪ੍ਰੀਖਿਆ 9 ਮਈ ਨੂੰ ਹੋਈ ਸੀ ਪਰ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਕਥਿਤ ਗੜਬੜੀਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਐਨਟੀਏ ਨੇ 12 ਮਈ ਨੂੰ ਇਸਨੂੰ ਰੱਦ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ।
ਫਿਰ ਇਹ ਪ੍ਰੀਖਿਆ ਦੁਬਾਰਾ 21 ਜੂਨ ਨੂੰ ਕਰਵਾਈ ਗਈ ਸੀ।
ਖਬਰ ਏਜੰਸੀ ਪੀਟੀਆਈ ਮੁਤਾਬਕ, ਵੀਰਵਾਰ ਨੂੰ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ, ਇਸ ਪ੍ਰੀਖਿਆ ਵਿੱਚ 19 ਉਮੀਦਵਾਰਾਂ ਨੇ 700 ਅੰਕ ਹਾਸਲ ਕੀਤੇ ਹਨ।
ਇਸ ਤੋਂ ਇਲਾਵਾ, 138 ਉਮੀਦਵਾਰਾਂ ਨੂੰ 690 ਅੰਕ ਮਿਲੇ ਹਨ। ਇਨ੍ਹਾਂ 138 ਉਮੀਦਵਾਰਾਂ (ਜਿਨ੍ਹਾਂ ਨੇ 690 ਤੋਂ ਵੱਧ ਅੰਕ ਪ੍ਰਾਪਤ ਕੀਤੇ) ਵਿੱਚੋਂ 93% ਅਜਿਹੇ ਸਨ, ਜਿਨ੍ਹਾਂ ਨੇ ਪਹਿਲੀ ਵਾਰ ਇਹ ਪ੍ਰੀਖਿਆ ਦਿੱਤੀ ਸੀ।
ਐਨਟੀਏ ਦੇ ਅਨੁਸਾਰ, ਕੁੱਲ 1,492 ਉਮੀਦਵਾਰਾਂ ਨੇ 650 ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ, ਜਦਕਿ 10,160 ਉਮੀਦਵਾਰਾਂ ਨੇ 600 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ।
ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਵਿੱਚ 58 ਫ਼ੀਸਦੀ ਤੋਂ ਵੱਧ ਕੁੜੀਆਂ ਹਨ।
ਪ੍ਰੀਖਿਆ 'ਚ ਦੇਰੀ ਅਤੇ ਨਤੀਜਿਆਂ ਬਾਰੇ ਐਨਟੀਏ ਵੱਲੋਂ ਕੀ ਕਿਹਾ ਗਿਆ
ਹਾਲਾਂਕਿ ਇਸ ਸਾਲ ਪ੍ਰੀਖਿਆ ਵਿੱਚ ਕੁਝ ਦੇਰੀ ਹੋਈ ਹੈ ਪਰ ਨਤੀਜੇ ਸਮੇਂ ਸਿਰ ਐਲਾਨੇ ਗਏ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਐਨਟੀਏ ਨੇ ਕਿਹਾ, "ਪ੍ਰਕਿਰਿਆ ਵਿੱਚ ਬਦਲਾਅ ਕਰਕੇ ਨਤੀਜੇ ਸਮੇਂ ਸਿਰ ਐਲਾਨੇ ਗਏ। ਇਸ ਵਿੱਚ ਵੱਖ-ਵੱਖ ਪੜਾਵਾਂ ਨੂੰ ਇੱਕ ਤੋਂ ਬਾਅਦ ਇੱਕ ਕਰਨ ਦੀ ਬਜਾਏ ਇੱਕੋ ਸਮੇਂ ਚਲਾਇਆ ਗਿਆ ਅਤੇ ਓਐਮਆਰ ਸ਼ੀਟ 'ਤੇ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਨੂੰ ਆਂਸਰ ਕੀਅ ਜਾਰੀ ਕਰਨ ਤੋਂ ਵੱਖ ਰੱਖਿਆ ਗਿਆ। ਹਰ ਪੜਾਅ ਨੂੰ ਪੂਰਾ ਕੀਤਾ ਗਿਆ ਅਤੇ ਉਮੀਦਵਾਰ ਇਨ੍ਹਾਂ ਨੂੰ ਦੇਖ ਸਕਦੇ ਸਨ।"
ਨੀਟ-ਯੂਜੀ ਟੈਸਟ
ਨੇਸ਼ਨਲ ਐਲਿਜਿਬਿਲਿਟੀ ਕਮ ਐਂਟਰੈਂਸ ਟੈਸਟ-ਅੰਡਰਗ੍ਰੈਜੂਏਟ (NEET-UG) ਦੇਸ਼ ਦੀ ਸਭ ਤੋਂ ਵੱਡੀ ਅੰਡਰਗ੍ਰੈਜੂਏਟ ਦਾਖ਼ਲਾ ਪ੍ਰੀਖਿਆ ਹੈ, ਜਿਸ ਵਿੱਚ ਲਗਭਗ 25 ਲੱਖ ਉਮੀਦਵਾਰ ਵਿੱਚ ਸ਼ਾਮਲ ਹੁੰਦੇ ਹਨ।
ਐਨਟੀਏ ਹਰ ਸਾਲ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਲਈ ਨੀਟ ਕਰਵਾਉਂਦੀ ਹੈ। ਐੱਮਬੀਬੀਐੱਸ ਕੋਰਸ ਲਈ ਕੁੱਲ 1,08,000 ਸੀਟਾਂ ਉਪਲੱਬਧ ਹਨ। ਇਨ੍ਹਾਂ ਵਿੱਚੋਂ ਲਗਭਗ 56,000 ਸੀਟਾਂ ਸਰਕਾਰੀ ਹਸਪਤਾਲਾਂ ਵਿੱਚ ਅਤੇ ਲਗਭਗ 52,000 ਸੀਟਾਂ ਪ੍ਰਾਈਵੇਟ ਕਾਲਜਾਂ ਵਿੱਚ ਹਨ।
ਡੈਂਟਿਸਟਰੀ, ਆਯੁਰਵੇਦ, ਯੂਨਾਨੀ ਅਤੇ ਸਿੱਧਾ ਵਰਗੇ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਇਸ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ 'ਤੇ ਹੁੰਦੇ ਹਨ।
ਪੇਪਰ ਲੀਕ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਕਥਿਤ ਗੜਬੜੀਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ, ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਇਹ ਪ੍ਰੀਖਿਆ ਪੈਨ-ਐਂਡ-ਪੇਪਰ ਮੋਡ ਦੀ ਬਜਾਏ ਕੰਪਿਊਟਰ-ਅਧਾਰਿਤ ਟੈਸਟ (CBT) ਦੇ ਰੂਪ ਵਿੱਚ ਕਰਵਾਈ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ