'ਆਪ੍ਰੇਸ਼ਨ ਹਾਰਡਬਾਲ': ਐੱਫਬੀਆਈ ਵੱਲੋਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਪੰਜਾਬ ਪੁਲਿਸ ਦੇ ਐੱਸਐੱਚਓ ਸਮੇਤ 37 ਖ਼ਿਲਾਫ਼ ਚਾਰਜਸ਼ੀਟ, ਦੇਖੋ ਕੀ ਇਲਜ਼ਾਮ ਲਾਏ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਸੰਯੁਕਤ ਰਾਜ ਅਮਰੀਕਾ ਦੇ ਸੰਘੀ ਵਕੀਲਾਂ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਆਪਣੇ 'ਆਪ੍ਰੇਸ਼ਨ ਹਾਰਡਬਾਲ' ਵਿੱਚ ਦੁਨੀਆਂ ਭਰ ਵਿੱਚ ਅਪਰਾਧ ਫੈਲਾਉਣ ਦੇ ਮੁਲਜ਼ਮਾਂ ਖਿਲਾਫ਼ ਤਿੰਨ ਦੋਸ਼ ਪੱਤਰ (ਚਾਰਜਸ਼ੀਟ) ਪੇਸ਼ ਕੀਤੇ ਹਨ।

ਇਸ ਵਿੱਚ ਅਮਰੀਕਾ, ਕੈਨੇਡਾ, ਯੂਰਪ ਅਤੇ ਭਾਰਤ ਵਿੱਚ ਮੌਜੂਦ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈੱਟਵਰਕਾਂ ਨਾਲ ਸਬੰਧ ਰੱਖਣ ਵਾਲੇ 37 ਮੁਲਜ਼ਮਾਂ 'ਤੇ ਦੁਨੀਆਂ ਭਰ ਵਿੱਚ ਅਪਰਾਧ ਫੈਲਾਉਣ ਦੇ ਇਲਜ਼ਾਮ ਲਗਾਏ ਗਏ ਹਨ।

ਚਾਰਜਸ਼ੀਟ ਦੇ ਅਧਾਰ 'ਤੇ ਅਮਰੀਕੀ ਲਾਅ ਇੰਫੋਰਸਮੈਂਟ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਮਰੀਕੀ ਅਧਿਕਾਰੀਆਂ ਨੇ ਮੁਖ ਤੌਰ ਉੱਤੇ ਜਿਹੜੇ ਮੁੱਖ ਸਰਗਨਾਵਾਂ ਅਤੇ ਉੱਚ-ਪ੍ਰੋਫਾਈਲ ਵਿਅਕਤੀਆਂ ਦੇ ਨਾਮ ਅਪਰਾਧ ਫੈਲਾਉਣ ਵਾਲਿਆਂ ਵਿੱਚ ਲਏ ਹਨ, ਉਨ੍ਹਾਂ ਵਿੱਚ ਪੰਜਾਬ ਨਾਲ ਸੰਬੰਧਿਤ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਕੈਨੇਡਾ ਨਾਲ ਸੰਬੰਧਿਤ ਰਵਿੰਦਰ ਸਿੰਘ ਢਾਂਡਾ ਅਤੇ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਵੀ ਸ਼ਾਮਲ ਕੀਤਾ ਹੈ।

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ 'ਆਪ੍ਰੇਸ਼ਨ ਹਾਰਡਬਾਲ' ਨੂੰ ਚਲਾਉਣ ਵਾਲੀ ਮੁੱਖ ਏਜੰਸੀ ਹੈ। ਲਾਸ ਏਂਜਲਸ ਵਿੱਚ ਅਮਰੀਕੀ ਅਟਾਰਨੀ ਦਫ਼ਤਰ ਦੇ ਸੰਘੀ ਵਕੀਲਾਂ ਦੇ ਨਾਲ ਕੰਮ ਕਰਦੇ ਹੋਏ ਐੱਫਬੀਆਈ ਨੇ ਭਾਰਤ-ਅਧਾਰਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖਤਮ ਕਰਨ ਲਈ ਚਲ ਰਹੀ ਅੰਤਰਰਾਸ਼ਟਰੀ ਜਾਂਚ ਦੀ ਅਗਵਾਈ ਕੀਤੀ ਹੈ।

ਅਮਰੀਕੀ ਜਾਂਚ ਏਜੰਸੀ ਐੱਫਬੀਆਈ, ਲਾਸ ਏਂਜਲਸ ਪੁਲਿਸ ਵਿਭਾਗ, ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐੱਮਪੀ) ਅਤੇ ਯੂਨਾਈਟਿਡ ਸਟੇਟਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦਾ ਬਫ਼ੈਲੋ ਫੀਲਡ ਆਫਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਹਨ।

25 ਜੂਨ ਨੂੰ ਆਏ ਫੈਡਰਲ ਗ੍ਰੈਂਡ ਜਿਊਰੀ ਦੇ ਸੱਤ ਪੜਾਵੀ ਦੋਸ਼ ਪੱਤਰ ਵਿੱਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਸਿੰਘ ਢਾਂਡਾ 'ਤੇ ਅਪਰਾਧਿਕ ਗਰੋਹ ਚਲਾਉਣ ਦੇ ਇਲਜ਼ਾਮ ਲਗਾਏ ਗਏ ਹਨ ਜੋ ਅਮਰੀਕਾ, ਕੈਨੇਡਾ ਸਮੇਤ ਦੁਨੀਆਂ ਭਰ ਵਿੱਚ ਸੁਪਾਰੀ ਦੇ ਕੇ ਕਤਲ ਕਰਵਾਉਣ, ਨਸ਼ਾ ਤਸਕਰੀ, ਅਗਵਾ, ਫ਼ਿਰੌਤੀ, ਹਥਿਆਰਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਹਨ।

ਚਾਰਜਸ਼ੀਟ ਵਿੱਚ ਲਾਰੈਂਸ ਬਿਸ਼ਨੋਈ ਬਾਰੇ ਕੀ ਲਿਖਿਆ

ਅਮਰੀਕੀ ਫੈਡਰਲ ਗ੍ਰੈਂਡ ਜਿਊਰੀ ਦੀ ਚਾਰਜਸ਼ੀਟ ਮੁਤਾਬਕ, "33 ਸਾਲਾ ਲਾਰੈਂਸ ਬਿਸ਼ਨੋਈ ਪੰਜਾਬ, ਭਾਰਤ ਦਾ ਇੱਕ ਗੈਂਗਸਟਰ ਹੈ ਜੋ ਭਾਰਤ ਵਿੱਚ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ। ਉਹ ਆਪ ਬਣਿਆ ਇੱਕ ਯੂਨੀਵਰਸਿਟੀ ਵਿਦਿਆਰਥੀ ਨੇਤਾ ਸੀ, ਬਾਅਦ ਵਿੱਚ ਰਾਜਨੀਤੀ ਤੋਂ ਥੱਕ ਕੇ ਉਸਨੇ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਅਪਰਾਧ ਵੱਲ ਮੋੜ ਲਿਆ।"

ਦੋਸ਼ ਪੱਤਰ ਵਿੱਚ ਅੱਗੇ ਲਿਖਿਆ ਹੈ, "ਜਨਤਕ ਤੌਰ 'ਤੇ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਨਿਊਜ਼ ਚੈਨਲਾਂ ਨਾਲ ਇੰਟਰਵਿਊਆਂ ਰਾਹੀਂ ਆਪਣੇ ਆਪ ਨੂੰ ਇੱਕ "ਦੇਸ਼ ਭਗਤ", ਇੱਕ "ਰਾਸ਼ਟਰਵਾਦੀ" ਅਤੇ ਇੱਕ ਧਾਰਮਿਕ ਵਿਅਕਤੀ ਵਜੋਂ ਦਰਸਾਇਆ। ਉਸਨੇ ਇਸ ਜਨਤਕ ਅਕਸ ਦੀ ਵਰਤੋਂ ਭਾਰਤ, ਅਮਰੀਕਾ ਅਤੇ ਹੋਰ ਥਾਵਾਂ 'ਤੇ ਆਪਣੇ ਅਪਰਾਧ ਗਿਰੋਹ ਲਈ ਮੈਂਬਰਾਂ ਅਤੇ ਸਹਿਯੋਗੀਆਂ ਦੀ ਭਰਤੀ ਕਰਨ ਲਈ ਕੀਤੀ।"

ਜੇਲ੍ਹ ਵਿੱਚੋਂ ਅਪਰਾਧਿਕ ਗਤੀਵਿਧੀਆਂ ਕਰਦਾ ਬਿਸ਼ਨੋਈ

ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਬੰਦ ਹੈ।

ਐੱਫਬੀਆਈ ਨੇ ਚਾਰਜਸ਼ੀਟ ਵਿੱਚ ਲਿਖਿਆ ਹੈ, "ਬਿਸ਼ਨੋਈ ਨੇ ਇੱਕ ਵਿਸ਼ਾਲ ਅਪਰਾਧਿਕ ਗਿਰੋਹ ਚਲਾਇਆ ਜੋ ਕਈ ਮਹਾਂਦੀਪਾਂ ਵਿੱਚ ਫੈਲਿਆ ਹੋਇਆ ਹੈ।"

ਚਾਰਜਸ਼ੀਟ ਵਿੱਚ ਇਹ ਵੀ ਲਿਖਿਆ ਹੈ ਕਿ ਬਿਸ਼ਨੋਈ ਆਪਣੀ ਜੇਲ੍ਹ ਦੇ ਕਮਰੇ ਵਿੱਚੋਂ ਦੁਨੀਆਂ ਭਰ ਵਿੱਚ ਅਪਰਾਧਿਕ ਗਿਰੋਹਾਂ ਦੀ ਅਗਵਾਈ ਕਰਦਾ ਹੈ। ਜੇਲ੍ਹ ਵਿੱਚ ਉਹ ਤਸਕਰੀ ਕੀਤੇ ਗਏ ਗੈਰ-ਕਾਨੂੰਨੀ ਮੋਬਾਈਲ ਫੋਨ ਅਤੇ ਹੋਰ ਵੌਇਸ-ਓਵਰ-ਇੰਟਰਨੈਟ ਪ੍ਰੋਟੋਕੋਲ ਡਿਵਾਈਸਾਂ ਦੀ ਵਰਤੋਂ ਕਰਦਾ ਹੈ।"

ਇਨ੍ਹਾਂ ਮੋਬਾਈਲ ਫੋਨ ਅਤੇ ਵੌਇਸ-ਓਵਰ-ਇੰਟਰਨੈਟ ਪ੍ਰੋਟੋਕੋਲ ਡਿਵਾਈਸਾਂ ਦੀ ਮਦਦ ਨਾਲ ਬਿਸ਼ਨੋਈ ਨੇ ਨਿੱਜੀ ਤੌਰ 'ਤੇ ਕਤਲ, ਗੋਲੀਬਾਰੀ, ਜਬਰੀ ਵਸੂਲੀ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਅਤੇ ਦੁਨੀਆਂ ਭਰ ਵਿੱਚ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਅਤੇ ਸਾਥੀਆਂ ਦੁਆਰਾ ਕੀਤੇ ਗਏ ਹੋਰ ਅਪਰਾਧਾਂ ਦੀ ਅਗਵਾਈ ਕੀਤੀ।"

ਕੈਨੇਡੀਅਨ ਸਰਕਾਰ ਨੇ ਸਤੰਬਰ 2025 ਵਿੱਚ ਬਿਸ਼ਨੋਈ ਗਿਰੋਹ ਨੂੰ ਇੱਕ ਅੱਤਵਾਦੀ ਸੰਸਥਾ ਘੋਸ਼ਿਤ ਕੀਤਾ।

ਚਾਰਜਸ਼ੀਟ ਵਿੱਚ ਲਿਖਿਆ ਹੈ, "ਗਿਰੋਹ ਦੇ ਰੋਜ਼ਾਨਾ ਦੇ ਕੰਮਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਬਿਸ਼ਨੋਈ ਨੇ ਆਪਣੇ ਭਰੋਸੇਮੰਦ ਸਾਥੀਆਂ ਨੂੰ ਜਿੰਮੇਵਾਰੀ ਸੌਂਪੀ।"

"ਇਨ੍ਹਾਂ ਵਿੱਚ ਪੰਜਾਬ ਨਾਲ ਸੰਬੰਧਿਤ ਅਮਰੀਕਾ ਦਾ ਰਹਿਣ ਵਾਲਾ ਸਤਿੰਦਰਜੀਤ ਸਿੰਘ ਉਰਫ਼ "ਗੋਲਡੀ ਬਰਾੜ" (ਉਮਰ 32 ਸਾਲ) ਸ਼ਾਮਲ ਹੈ ਜੋ ਬਿਸ਼ਨੋਈ ਗੈਂਗ ਦਾ ਉੱਤਰੀ ਅਮਰੀਕੀ ਨੇਤਾ ਹੈ।"

"ਇਸ ਤੋਂ ਇਲਾਵਾ ਭਾਰਤ ਦੇ ਰਾਜਸਥਾਨ ਤੋਂ ਰੋਹਿਤ ਗੋਦਾਰਾ (ਉਮਰ 37 ਸਾਲ), ਜੋ ਬਿਸ਼ਨੋਈ ਗਿਰੋਹ ਦਾ ਯੂਰਪੀ ਆਗੂ ਹੈ ਅਤੇ ਪੰਜਾਬ (ਭਾਰਤ) ਦਾ ਰਹਿਣ ਵਾਲਾ ਸੁਖਰਾਜ ਸਿੰਘ ਕੰਗ (ਉਮਰ 58) ਸ਼ਾਮਲ ਸਨ।"

ਦੋਸ਼ ਪੱਤਰ ਦੇ ਅਨੁਸਾਰ, ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੋਵਾਂ ਨੇ ਦੁਨੀਆਂ ਭਰ ਵਿੱਚ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਅਤੇ ਸਹਿਯੋਗੀਆਂ ਦੀਆਂ ਕਾਰਵਾਈਆਂ ਨੂੰ ਨਿਰਦੇਸ਼ਤ ਕਰਨ ਵਿੱਚ ਮਦਦ ਕੀਤੀ। ਜਿਸ ਵਿੱਚ ਅਮਰੀਕਾ, ਕੈਨੇਡਾ ਅਤੇ ਹੋਰ ਥਾਵਾਂ 'ਤੇ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਸ਼ਾਮਲ ਸਨ।

"ਇਹ ਅਪਰਾਧੀ ਗਿਰੋਹ ਅਮਰੀਕਾ ਸਮੇਤ ਹਰ ਉਸ ਦੇਸ਼ ਵਿੱਚ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਸੀ ਜਿੱਥੇ ਇਹ ਕੰਮ ਕਰਦਾ ਸੀ।"

"ਖਾਸ ਕਰਕੇ ਭਾਰਤ ਵਿੱਚ ਅਤੇ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਪਰਵਾਸੀ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਹਿੰਸਾ ਦੀ ਵਰਤੋਂ ਕਰਦਾ ਸੀ ।"

"ਇਸ ਗਿਰੋਹ ਨੇ ਪੀੜਤਾਂ ਤੋਂ ਪੈਸੇ ਵਸੂਲਣ ਲਈ ਡਰ ਦਾ ਫਾਇਦਾ ਉਠਾਇਆ, ਔਨਲਾਈਨ ਵੀਡੀਓ ਅਤੇ ਇੰਟਰਨੈਟ ਪੋਸਟਾਂ ਰਾਹੀਂ ਆਪਣੀ ਹਿੰਸਾ ਅਤੇ ਅਪਰਾਧਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ।"

ਇਸ ਦੋਸ਼ ਪੱਤਰ ਵਿੱਚ ਭਾਰਤੀ ਰਾਜ ਪੰਜਾਬ ਦੇ ਇੱਕ ਪ੍ਰਮੁੱਖ ਰਾਜਨੀਤਿਕ ਅਤੇ ਧਾਰਮਿਕ ਨੇਤਾ ਦਾ ਕਤਲ ਵੀ ਸ਼ਾਮਲ ਹੈ ਜਿਸ ਦੀ ਪਛਾਣ ਅਦਾਲਤੀ ਦਸਤਾਵੇਜ਼ਾਂ ਵਿੱਚ ਹਰਦੀਪ ਸਿੰਘ ਨਿੱਜਰ ਵਜੋਂ ਕੀਤੀ ਗਈ ਹੈ। ਜੋ ਆਪਣੀ ਮੌਤ ਦੇ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਸੀ।

ਇਸ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ ਕਤਲ ਦਾ ਆਦੇਸ਼ ਦੇਣ ਦਾ ਦੋਸ਼ ਹੈ। ਹਰਦੀਪ ਸਿੰਘ ਨਿੱਜਰ ਨੂੰ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਦੋ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।

ਚਾਰਜਸ਼ੀਟ ਵਿੱਚ ਅੱਗੇ ਲਿਖਿਆ ਹੈ ਕਿ ਲਾਰੈਂਸ ਗਿਰੋਹ ਨਿਯਮਿਤ ਤੌਰ 'ਤੇ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ ਨੂੰ ਹਿੰਸਾ ਨਾਲ ਨਿਸ਼ਾਨਾ ਬਣਾਉਂਦਾ ਸੀ।

"ਉਹ ਇਨ੍ਹਾਂ ਉੱਚ-ਪ੍ਰੋਫਾਈਲ ਕਾਰਵਾਈਆਂ ਦੀ ਵਰਤੋਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਡਰਾਉਣ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਕਰਦੇ ਸਨ।"

"ਉਦਾਹਰਣ ਵਜੋਂ ਨਵੰਬਰ 2023 ਵਿੱਚ ਬਿਸ਼ਨੋਈ ਨੇ ਵੈਨਕੂਵਰ, ਕੈਨੇਡਾ ਵਿੱਚ ਇੱਕ ਮਸ਼ਹੂਰ ਭਾਰਤੀ ਅਦਾਕਾਰ ਅਤੇ ਗਾਇਕ ਦੇ ਘਰ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਅਤੇ ਪੰਜਾਬੀ ਵਿੱਚ ਇੱਕ ਫੇਸਬੁੱਕ ਪੋਸਟ ਵਿੱਚ ਚੇਤਾਵਨੀ ਦਿੱਤੀ, "ਕੋਈ ਵੀ ਤੁਹਾਨੂੰ ਸਾਡੇ ਤੋਂ ਨਹੀਂ ਬਚਾ ਸਕਦਾ।""

"ਬਿਸ਼ਨੋਈ, ਬਰਾੜ, ਗੋਦਾਰਾ, ਅਤੇ ਹੋਰਾਂ ਨੇ ਵਟਸਐਪ ਅਤੇ ਹੋਰ ਏਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਪੀੜਤਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ।"

"ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਸਕ ਕਾਰਵਾਈਆਂ ਦੀ ਧਮਕੀ ਦਿੱਤੀ।"

"ਜਿਵੇਂ ਕਿ ਬਿਸ਼ਨੋਈ, ਬਰਾੜ, ਗੋਦਾਰਾ, ਅਤੇ ਹੋਰ ਮੁਲਜ਼ਮਾਂ ਨੇ ਦਸੰਬਰ 2025 ਅਤੇ ਜਨਵਰੀ 2026 ਵਿੱਚ ਲਾਸ ਏਂਜਲਸ ਅਤੇ ਥਾਊਜ਼ੈਂਡ ਓਕਸ ਵਿੱਚ ਪੀੜਤਾਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਅਤੇ ਪੀੜਤਾਂ ਤੋਂ $5 ਮਿਲੀਅਨ ਦੀ ਅਦਾਇਗੀ ਦੀ ਮੰਗ ਕੀਤੀ।"

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਬਿਸ਼ਨੋਈ ਗਿਰੋਹ

ਦੋਸ਼ ਪੱਤਰ ਮੁਤਾਬਕ, "ਬਿਸ਼ਨੋਈ ਗਿਰੋਹ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗਿਰੋਹਾਂ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਚੋਰੀ ਕਰਕੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਫੰਡ ਦੇਣ ਵਿੱਚ ਮਦਦ ਕੀਤੀ।"

ਉਦਾਹਰਣ ਵਜੋਂ ਨਵੰਬਰ 2024 ਵਿੱਚ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਰੈੱਡਲੈਂਡਜ਼ ਵਿੱਚ ਜ਼ਬਤ ਕੀਤੇ ਗਏ 49 ਕਿਲੋਗ੍ਰਾਮ (108 ਪੌਂਡ) ਕੋਕੀਨ ਦੀ ਤਸਕਰੀ ਦੀ ਨਿਗਰਾਨੀ ਕੀਤੀ ਜੋ ਅਮਰੀਕਾ ਤੋਂ ਕੈਨੇਡਾ ਤੱਕ ਸੈਮੀ-ਟਰੱਕਾਂ ਰਾਹੀਂ ਤਸਕਰ ਕੀਤੀ ਗਈ ਸੀ।

"ਮਾਰਚ 2024 ਤੋਂ ਜੁਲਾਈ 2025 ਤੱਕ, ਬਿਸ਼ਨੋਈ ਐਂਟਰਪ੍ਰਾਈਜ਼ ਨੇ ਗ੍ਰੇਟਰ ਲਾਸ ਏਂਜਲਸ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਤੋਂ ਕੁੱਲ ਲਗਭਗ 520 ਕਿਲੋਗ੍ਰਾਮ (1,146.4 ਪੌਂਡ) ਕੋਕੀਨ ਚੋਰੀ ਕੀਤੀ।"

ਦੋਸ਼ ਪੱਤਰ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਰੋਹਿਤ ਗੋਦਾਰਾ ਅਤੇ ਛੇ ਹੋਰ ਮੁਲਜ਼ਮਾਂ ਉੱਤੇ ਧੋਖਾਧੜੀ ਦੀ ਸਾਜ਼ਿਸ਼ ਦਾ ਇਲਜ਼ਾਮ, ਜਬਰੀ ਵਸੂਲੀ ਦੁਆਰਾ ਵਪਾਰ ਵਿੱਚ ਦਖਲ ਦੇਣ ਦੀ ਸਾਜ਼ਿਸ਼ ਦਾ ਇਲਜ਼ਾਮ (ਹੌਬਸ ਐਕਟ), ਹੌਬਸ ਐਕਟ ਅਧੀਨ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਛੇ ਇਲਜ਼ਾਮ, ਅਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ, ਜਿਵੇਂ ਕਿ ਕੋਕੀਨ ਅਤੇ ਮੇਥਾਮਫੇਟਾਮਾਈਨ, ਵੰਡਣ ਦੀ ਸਾਜ਼ਿਸ਼ ਦਾ ਇਲਜ਼ਾਮ ਲਗਾਇਆ ਗਿਆ ਹੈ।

ਲਾਰੈਂਸ ਬਿਸ਼ਨੋਈ ਸਾਲ 2022 ਵਿੱਚ ਕਤਲ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੀ ਨਾਮਜ਼ਦ ਹੈ।

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਲੈ ਕੇ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਕਥਿਤ ਸ਼ਮੂਲੀਅਤ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਆਉਂਦਾ ਰਿਹਾ ਹੈ।

ਜੱਗੂ ਭਗਵਾਨਪੁਰੀਆ

ਜੱਗੂ ਭਗਵਾਨਪੁਰੀਆ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਨਾਲ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਜੋ ਚਲਾਨ ਪੇਸ਼ ਕੀਤਾ ਸੀ, ਉਸ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦੀ ਇਸ ਕਤਲ ਵਿੱਚ ਖਾਸ ਭੂਮਿਕਾ ਦੱਸੀ ਗਈ ਸੀ।

ਐੱਫਬੀਆਈ ਦੀ ਚਾਰਜਸ਼ੀਟ ਮੁਤਾਬਕ, "ਪੰਜਾਬ ਭਾਰਤ ਦਾ ਇੱਕ 38 ਸਾਲਾ ਗੈਂਗਸਟਰ ਜੱਗੂ ਭਗਵਾਨਪੁਰੀਆ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਉਹ ਵੀ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ, ਹੁਣ ਵਿਰੋਧੀ ਬਣ ਗਿਆ ਹੈ। ਉਸਨੇ ਵੀ ਭਾਰਤੀ ਰਾਜ ਪੰਜਾਬ ਵਿੱਚ ਆਪਣਾ ਅਪਰਾਧਿਕ ਕਾਰੋਬਾਰ ਸ਼ੁਰੂ ਕੀਤਾ ਹੈ।

ਭਗਵਾਨਪੁਰੀਆ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਵਜੋਂ ਕੰਮ ਕਰਦਾ ਹੈ ਜਿਸਦਾ ਮੁੱਖ ਦਫਤਰ ਭਾਰਤ ਵਿੱਚ ਹੈ ਜਿਸਦੇ ਮੈਂਬਰ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹਨ।

ਭਗਵਾਨਪੁਰੀਆ ਸਮੂਹ ਦੇ ਦੁਨੀਆ ਭਰ ਵਿੱਚ 1000 ਤੋਂ ਵੱਧ ਮੈਂਬਰ ਅਤੇ ਸਹਿਯੋਗੀ ਹਨ ਜਦਕਿ ਅਮਰੀਕਾ ਵਿੱਚ 100 ਤੋਂ ਵੱਧ ਮੈਂਬਰ ਹਨ।

ਇਸ ਚਾਰਜਸ਼ੀਟ ਮੁਤਾਬਕ, "ਆਪਣੀ ਸ਼ਕਤੀ ਵਧਾਉਣ ਲਈ ਭਗਵਾਨਪੁਰੀਆ ਸਮੂਹ ਨੇ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭ੍ਰਿਸ਼ਟ ਕੀਤਾ ਅਤੇ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਨਾਲ ਭਾਈਵਾਲੀ ਕੀਤੀ, ਜਿਸ ਵਿੱਚ ਜਬਰੀ ਵਸੂਲੀ ਦੀਆਂ ਯੋਜਨਾਵਾਂ ਵਿੱਚ ਸਹਾਇਤਾ ਕਰਨਾ ਸ਼ਾਮਲ ਹੈ।"

ਇਨ੍ਹਾਂ ਨੇ ਕਥਿਤ ਅਪਰਾਧਾਂ ਬਾਰੇ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਗਲਤ ਜਾਣਕਾਰੀ ਵੀ ਮੁਹੱਈਆ ਕਰਵਾਈ।

"ਭਗਵਾਨਪੁਰੀਆ ਗਰੁੱਪ ਨੇ ਇਸ ਗਲਤ ਜਾਣਕਾਰੀ ਦੀ ਵਰਤੋਂ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਿਨ੍ਹਾਂ ਨੂੰ ਦੁਸ਼ਮਣ ਸਮਝਿਆ ਜਾਂਦਾ ਸੀ ਅਤੇ ਜਿਨ੍ਹਾਂ ਦੇ ਮੈਂਬਰ ਜਾਂ ਸਹਿਯੋਗੀ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸਹਿਯੋਗ ਕਰ ਰਹੇ ਸਨ।"

"ਇਸ ਕਾਰਨ ਅਕਸਰ ਭਾਰਤੀ ਕਾਨੂੰਨੀ ਅਧਿਕਾਰੀਆਂ ਨੇ ਕਥਿਤ ਵਿਰੋਧੀਆਂ ਖਿਲਾਫ਼ ਬੇਬੁਨਿਆਦ ਅਪਰਾਧਿਕ ਮਾਮਲੇ ਦਰਜ ਕੀਤੇ ਅਤੇ ਜਬਰੀ ਵਸੂਲੀ ਦੀਆਂ ਸਾਜ਼ਿਸ਼ਾਂ ਘੜੀਆਂ।"

ਚਾਰਜਸ਼ੀਟ ਦੇ ਅਨੁਸਾਰ ਅਪ੍ਰੈਲ 2026 ਵਿੱਚ ਕੈਲੀਫੋਰਨੀਆ ਦੇ ਸਟਾਕਟਨ ਦੇ ਰਹਿਣ ਵਾਲੇ 22 ਸਾਲਾ ਗੁਰਲਾਲ ਸਿੰਘ ਜੋ ਭਗਵਾਨਪੁਰੀਆ ਸਿੰਡੀਕੇਟ ਦਾ ਮੈਂਬਰ ਸੀ ਅਤੇ ਭਾਰਤ ਤੋਂ ਇੱਕ ਗੈਰ-ਕਾਨੂੰਨੀ ਪਰਵਾਸੀ ਸੀ। ਉਸਨੇ ਇੱਕ ਪੀੜਤ ਨੂੰ ਧਮਕੀ ਦਿੱਤੀ ਅਤੇ ਫਿਰ ਪੀੜਤ ਦਾ ਨਾਮ ਭਾਰਤੀ ਸੂਬੇ ਪੰਜਾਬ ਵਿੱਚ ਇੱਕ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੂੰ ਦਿੱਤਾ।

"ਇਸ ਦੇ ਨਤੀਜੇ ਵਜੋਂ ਪੀੜਤ, ਪੀੜਤ ਦੇ ਪਿਤਾ ਅਤੇ ਪੀੜਤ ਦੀ ਭੈਣ 'ਤੇ ਜਨਵਰੀ 2026 ਵਿੱਚ ਭਾਰਤ ਵਿੱਚ ਇੱਕ ਵਿਅਕਤੀ ਦੇ ਕਤਲ ਦਾ ਝੂਠਾ ਇਲਜ਼ਾਮ ਲਗਾਇਆ ਗਿਆ।"

"ਇਸ ਨਾਲ ਭਾਰਤ ਵਿੱਚ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਉਸ ਕਤਲ ਕੇਸ ਦੇ ਸਬੰਧ ਵਿੱਚ ਪੀੜਤ ਅਤੇ ਪੀੜਤ ਦੇ ਪਿਤਾ ਤੋਂ ਜਬਰੀ ਵਸੂਲੀ ਵੀ ਕੀਤੀ।"

ਭਗਵਾਨਪੁਰੀਆ ਸਿੰਡੀਕੇਟ ਦੇ ਇੱਕ ਵੱਖਰੇ ਮੈਂਬਰ 26 ਸਾਲਾ ਗੁਰਦੇਵ ਸਿੰਘ 'ਤੇ ਆਈਸੀਈ ਹਿਰਾਸਤ ਵਿੱਚ ਮੱਧ-ਪੱਛਮੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ, ਜਿਸ ਵਿੱਚ "ਪਰਿਵਾਰ ਦੇ ਬੱਚਿਆਂ ਨੂੰ ਗੋਲੀ ਮਾਰਨ" ਦੀ ਧਮਕੀ ਦੇਣਾ ਵੀ ਸ਼ਾਮਲ ਹੈ।

ਇਸ ਸਮੂਹ ਨੇ ਆਪਣੀਆਂ ਗਤੀਵਿਧੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਫੰਡ ਦਿੱਤਾ, ਜਿਸ ਵਿੱਚ ਲਾਸ ਏਂਜਲਸ ਅਤੇ ਇਨਲੈਂਡ ਐਂਪਾਇਰ ਵਿੱਚ ਇੱਕ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਉਪ-ਨੈੱਟਵਰਕ ਅਤੇ ਨਾਲ ਹੀ ਗੈਰ-ਕਾਨੂੰਨੀ ਹਥਿਆਰਾਂ ਦਾ ਸੌਦਾ ਕਰਨਾ ਵੀ ਸ਼ਾਮਲ ਸੀ।

ਕੈਨੇਡਾ ਦੇ ਵੈਨਕੂਵਰ ਦੇ 40 ਸਾਲਾ ਗਰਿੰਦਰ ਦੇਵ ਜਿਸ ਨੂੰ "ਡੌਕਟਰ," "ਰਾਕੇਟ," ਅਤੇ "ਰਿਟਜ਼ ਕਾਰਲਟਨ" ਵੀ ਕਿਹਾ ਜਾਂਦਾ ਹੈ। ਉਸ 'ਤੇ ਇਸ ਅਪਰਾਧਿਕ ਸਮੂਹ ਦਾ ਮੈਂਬਰ ਜਾਂ ਸਹਿਯੋਗੀ ਹੋਣ ਦਾ ਇਲਜ਼ਾਮ ਨਹੀਂ ਹੈ, ਪਰ ਉਸ 'ਤੇ ਇਲਜ਼ਾਮ ਹੈ ਕਿ ਉਸਨੇ ਭਗਵਾਨਪੁਰੀਆ ਗਿਰੋਹ ਦੇ ਮੈਂਬਰਾਂ ਅਤੇ ਸਹਿਯੋਗੀਆਂ ਦੀ ਸਹਾਇਤਾ ਨਾਲ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਹੈਰੋਇਨ ਖਰੀਦ ਕੇ ਇਸ ਭਗਵਾਨਪੁਰੀਆ ਗੁਰੱਪ ਨੂੰ ਅਮੀਰ ਬਣਾਉਣ ਵਿੱਚ ਮਦਦ ਕੀਤੀ।

ਇਹ ਹੈਰੋਇਨ ਦੱਖਣੀ ਕੈਲੀਫੋਰਨੀਆ ਤੋਂ ਪੂਰਬੀ ਅਮਰੀਕਾ ਭੇਜੀ ਜਾਣੀ ਸੀ। ਇਸ ਵਿੱਚ ਜੂਨ 2025 ਵਿੱਚ 99.2 ਕਿਲੋਗ੍ਰਾਮ (218.7 ਪੌਂਡ) ਕੋਕੀਨ ਅਤੇ ਇੱਕ ਕਿਲੋਗ੍ਰਾਮ (2.2 ਪੌਂਡ) ਹੈਰੋਇਨ ਭੇਜਣ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ, ਜਿਸਨੂੰ ਪੁਲਿਸ ਨੇ ਅੰਤ ਵਿੱਚ ਰੋਕ ਲਿਆ।

ਇਸ ਦੋਸ਼ ਪੱਤਰ ਵਿੱਚ ਧੋਖਾਧੜੀ ਦੀ ਸਾਜ਼ਿਸ਼ ਰਚਣ, ਹੌਬਸ ਐਕਟ ਰਾਹੀਂ ਜਬਰੀ ਵਸੂਲੀ ਦੀ ਕੋਸ਼ਿਸ਼ ਕਰਨ, ਨਿਯੰਤਰਿਤ ਪਦਾਰਥਾਂ ਨੂੰ ਵੰਡਣ ਅਤੇ ਵੰਡਣ ਦੇ ਇਰਾਦੇ ਨਾਲ ਰੱਖਣ ਦੀ ਸਾਜ਼ਿਸ਼ ਰਚਣ, ਕੋਕੀਨ ਵੰਡਣ, ਬਿਨਾਂ ਲਾਇਸੈਂਸ ਵਾਲੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੀ ਸਾਜ਼ਿਸ਼ ਰਚਣ ਅਤੇ ਮਸ਼ੀਨ ਗਨ ਰੱਖਣ ਦੇ ਇਲਜ਼ਾਮ ਹਨ।

ਰਵਿੰਦਰ ਸਿੰਘ ਢਾਂਡਾ

ਜਿਊਰੀ ਵੱਲੋਂ ਪੇਸ਼ ਕੀਤੇ ਗਏ ਦੋਸ਼ ਪੱਤਰ ਵਿੱਚ ਕੈਨੇਡਾ ਦੇ ਵੈਨਕੂਵਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਢਾਂਡਾ (ਉਮਰ 57) ਖਿਲਾਫ ਨਸ਼ਾ ਤਸਕਰੀ ਦੇ ਇਲਜ਼ਾਮ ਲਾਏ ਗਏ ਹਨ।

ਚਾਰਜਸ਼ੀਟ ਮੁਤਾਬਕ, "ਰਵਿੰਦਰ ਸਿੰਘ ਢਾਂਡਾ ਉਰਫ਼ "ਰੈਂਡੀ," "ਰੋਲੈਕਸ," ਅਤੇ "ਜੌਨ ਵਿਕ", ਕੈਨੇਡਾ ਰਹਿੰਦੇ ਜਸਕਰਨ ਬਾਗੜੀ ਉਰਫ਼ "ਬਾਬਾ", ਗੁਰਤੇਜ ਸਿੰਘ ਉਰਫ਼ "ਸਿੰਬਾ" ਸਮੇਤ ਅੱਠ ਹੋਰ ਮੁਲਜ਼ਮਾਂ 'ਤੇ ਅਮਰੀਕਾ ਤੋਂ ਕੈਨੇਡਾ ਵਿੱਚ ਹਰ ਹਫ਼ਤੇ ਸੈਂਕੜੇ ਕਿਲੋਗ੍ਰਾਮ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਢੋਆ-ਢੁਆਈ, ਤਸਕਰੀ ਅਤੇ ਵੰਡ ਕਰਨ ਦੇ ਇਲਜ਼ਾਮ ਲਗਾਏ ਗਏ ਸਨ।"

ਦੋਸ਼ ਪੱਤਰ ਦੇ ਅਨੁਸਾਰ, ਰਵਿੰਦਰ ਢਾਂਡਾ ਇੱਕ ਡਰੱਗ ਵੰਡ ਨੈੱਟਵਰਕ ਚਲਾਉਂਦਾ ਸੀ ਜੋ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਡਰੱਗ ਤਸਕਰੀ ਸੰਗਠਨਾਂ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਤਸਕਰੀ ਲਈ ਅੰਤਰਰਾਸ਼ਟਰੀ ਸੇਵਾਵਾਂ ਮੁਹੱਈਆ ਕਰਵਾਉਂਦਾ ਸੀ।

ਕੋਕੀਨ ਅਤੇ ਮੈਥਾਮਫੇਟਾਮਾਈਨ ਨੂੰ ਲਾਸ ਏਂਜਲਸ ਖੇਤਰ (ਲਾਸ ਏਂਜਲਸ, ਵੈਸਟ ਕੋਵੀਨਾ, ਓਨਟਾਰੀਓ, ਫੋਂਟਾਨਾ ਅਤੇ ਪੈਰਿਸ) ਤੋਂ ਅਮਰੀਕਾ-ਕੈਨੇਡਾ ਸਰਹੱਦ ਤੱਕ ਲੰਬੀ ਦੂਰੀ ਦੇ ਸੈਮੀ-ਟਰੱਕਾਂ ਵਿੱਚ ਛੁਪਾਇਆ ਗਿਆ ਸੀ।

ਕਈ ਵਾਰ ਕੈਨੇਡਾ ਭੇਜੇ ਜਾਣ ਵਾਲੇ ਨਸ਼ੇ ਨੂੰ ਲੁਕਾਉਣ ਲਈ ਖੇਤਾਂ ਵਿੱਚ ਚੱਲਣ ਵਾਲੇ ਫਾਰਮ-ਟਰੱਕਾਂ ਦੀ ਵਰਤੋਂ ਕੀਤੀ ਜਾਂਦੀ ਸੀ।

ਦੋਸ਼ ਪੱਤਰ ਵਿੱਚ ਖਾਸ ਤੌਰ 'ਤੇ ਜੁਲਾਈ 2023 ਤੋਂ ਨਵੰਬਰ 2024 ਤੱਕ 430.1 ਕਿਲੋਗ੍ਰਾਮ (948.2 ਪੌਂਡ) ਕੋਕੀਨ ਦੀ ਖੇਪ ਦਾ ਇਲਜ਼ਾਮ ਲਗਾਇਆ ਗਿਆ ਹੈ।

ਦੋਸ਼ ਪੱਤਰ ਵਿੱਚ ਇੱਕ ਨਿਯੰਤਰਿਤ ਪਦਾਰਥ ਨੂੰ ਵੰਡਣ ਦੇ ਇਰਾਦੇ ਨਾਲ ਰੱਖਣ ਦੀ ਸਾਜ਼ਿਸ਼ ਦਾ ਇਲਜ਼ਾਮ, ਇੱਕ ਨਿਯੰਤਰਿਤ ਪਦਾਰਥ ਨੂੰ ਨਿਰਯਾਤ ਕਰਨ ਦੀ ਸਾਜ਼ਿਸ਼, ਨਿਰੰਤਰ ਅਪਰਾਧਿਕ ਗਤੀਵਿਧੀ ਦਾ ਇਲਜ਼ਾਮ ਅਤੇ ਕੋਕੀਨ ਨੂੰ ਵੰਡਣ ਦੇ ਇਰਾਦੇ ਨਾਲ ਕਬਜ਼ੇ ਦੇ ਪੰਜ ਇਲਜ਼ਾਮ ਸ਼ਾਮਲ ਹਨ।

ਪੰਜਾਬ ਪੁਲਿਸ ਦਾ ਅਧਿਕਾਰੀ ਫ਼ਿਰੌਤੀ ਦੇ ਮਾਮਲੇ ਵਿੱਚ ਨਾਮਜ਼ਦ

ਅਮਰੀਕਾ ਦੀ ਜਾਂਚ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਪੰਜਾਬ ਪੁਲੀਸ ਦੇ ਇੱਕ ਐੱਸਐੱਚਓ ਗੁਰਿੰਦਰਜੀਤ ਸਿੰਘ ਖ਼ਿਲਾਫ਼ 4 ਲੱਖ ਅਮਰੀਕੀ ਡਾਲਰ ਦੀ ਫ਼ਿਰੌਤੀ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਨਾਮਜ਼ਦ ਕੀਤਾ ਗਿਆ ਪੁਲਿਸ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਇਸ ਵੇਲੇ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਵਿਖੇ ਬਤੌਰ ਥਾਣਾ ਮੁਖੀ ਤਾਇਨਾਤ ਸੀ।

ਪੰਜਾਬ ਪੁਲਿਸ ਅਧਿਕਾਰੀ ਗੁਰਿੰਦਰਜੀਤ ਨਾਗਰਾ ਉਨ੍ਹਾਂ 37 ਲੋਕਾਂ ਵਿੱਚੋਂ ਇੱਕ ਹੈ, ਜੋ ਅਮਰੀਕਾ ਨੂੰ ਜਬਰਨ ਵਸੂਲੀ ਅਤੇ ਹੋਰ ਅਪਰਾਧਾਂ ਲਈ ਲੋੜੀਂਦੇ ਹਨ। ਉਸ 'ਤੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨਾਲ ਮਿਲ ਕੇ ਲਾਸ ਐਂਜਲਸ ਵਿੱਚ ਇੱਕ ਪਰਿਵਾਰ ਤੋਂ 4 ਲੱਖ ਅਮਰੀਕੀ ਡਾਲਰ ਦੀ ਫਿਰੌਤੀ ਲੈਣ ਦੇ ਇਲਜ਼ਾਮ ਹਨ।

ਐੱਫ਼ਬੀਆਈ ਨੇ ਇਸ ਪੂਰੇ ਮਾਮਲੇ ਸਬੰਧੀ ਇੱਕ ਵੀਡੀਓ ਬਿਆਨ ਜਾਰੀ ਕਰਨ ਦੇ ਨਾਲ-ਨਾਲ ਕੇਸ ਦੇ ਸਾਰੇ ਵੇਰਵੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਵੀ ਸਾਂਝੇ ਕੀਤੇ ਹਨ।

ਅਮਰੀਕਾ ਵਿੱਚ ਫਸਟ ਅਸਿਸਟੈਂਟ ਯੂਨਾਈਟਿਡ ਸਟੇਟਸ ਅਟਾਰਨੀ ਬਿੱਲ ਐਸੇਲੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ "ਉਹ ਹਾਲੇ ਤੱਕ ਹਿਰਾਸਤ ਵਿੱਚ ਨਹੀਂ ਹੈ ਪਰ ਜਲਦੀ ਹੀ ਹੋਵੇਗਾ, ਅਸੀਂ ਉਸ 'ਤੇ ਇਲਜ਼ਾਮ ਲਗਾਏ ਹਨ ਅਤੇ ਅਸੀਂ ਉਸਨੂੰ ਅਮਰੀਕਾ ਦੇ ਹਵਾਲੇ ਕਰ ਦੇਵਾਂਗੇ।"

ਇਸ ਸੰਬੰਧੀ ਜਲੰਧਰ ਰੇਂਜ ਦੇ ਡੀਆਈਜੀ ਦਫਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਕੁਝ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦਾ ਨੋਟਿਸ ਲਿਆ ਹੈ।

ਜਿਨ੍ਹਾਂ ਵਿੱਚ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਜੋ ਇਸ ਸਮੇਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਵਿੱਚ ਐੱਸਐੱਚਓ ਵਜੋਂ ਤਾਇਨਾਤ ਹਨ, ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ), ਯੂਐੱਸਏ ਦੁਆਰਾ "ਆਪ੍ਰੇਸ਼ਨ ਹਾਰਡਬਾਲ" ਅਧੀਨ ਕੀਤੀ ਗਈ ਜਬਰੀ ਵਸੂਲੀ ਨਾਲ ਸਬੰਧਤ ਜਾਂਚ ਦੇ ਸਬੰਧ ਵਿੱਚ ਨਾਮਜ਼ਦ ਕਰਨ ਦਾ ਹਵਾਲਾ ਦਿੱਤਾ ਗਿਆ ਹੈ।

ਜਲੰਧਰ ਰੇਂਜ ਦੇ ਡੀਆਈਜੀ ਵੱਲੋਂ ਤੱਥਾਂ ਦੀ ਪੁਸ਼ਟੀ ਹੋਣ ਤੱਕ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਸਟੇਸ਼ਨ ਟਾਂਡਾ ਤੋਂ ਪੁਲਿਸ ਲਾਈਨਜ਼, ਹੁਸ਼ਿਆਰਪੁਰ ਵਿੱਚ ਭੇਜ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਡੀਆਈਜੀ ਜਲੰਧਰ ਰੇਂਜ ਦੁਆਰਾ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਨਾਗਰਾ ਮਾਮਲੇ ਦੀ ਇੱਕ ਆਈਪੀਐੱਸ ਅਧਿਕਾਰੀ ਜਲੰਧਰ ਦਿਹਾਤੀ ਦੇ ਪੁਲਿਸ ਸੁਪਰਡੈਂਟ ਨੂੰ ਜਾਂਚ ਸੌਂਪੀ ਗਈ ਹੈ।

ਜਾਂਚ ਅਧਿਕਾਰੀ ਨੂੰ ਇਲਜ਼ਾਮਾਂ ਅਤੇ ਸਾਰੇ ਸੰਬੰਧਿਤ ਤੱਥਾਂ ਦੀ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਇੱਕ ਸੰਖੇਪ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਕਾਨੂੰਨ ਅਨੁਸਾਰ ਸਖ਼ਤੀ ਨਾਲ ਕਾਰਵਾਈ ਕਰਨ ਬਾਰੇ ਕਿਹਾ ਗਿਆ।

ਹਾਲਾਂਕਿ ਚਾਰਜਸ਼ੀਟ ਵਿੱਚ ਇਹ ਵੀ ਲਿਖਿਆ ਹੈ ਕਿ ਦੋਸ਼ ਪੱਤਰ ਸਿਰਫ਼ ਇੱਕ ਇਲਜ਼ਾਮ ਹੁੰਦੇ ਹਨ। ਸਾਰੇ ਮੁਲਜ਼ਮਾਂ ਨੂੰ ਉਦੋਂ ਤੱਕ ਬੇਕਸੂਰ ਮੰਨਿਆ ਜਾਂਦਾ ਹੈ ਜਦੋਂ ਤੱਕ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਦੋਸ਼ੀ ਸਾਬਤ ਨਹੀਂ ਕੀਤਾ ਜਾਂਦਾ।

ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਬਹੁਤ ਸਾਰੇ ਦੋਸ਼ੀਆਂ ਨੂੰ ਸੰਘੀ ਜੇਲ੍ਹ ਵਿੱਚ 10 ਸਾਲ ਤੋਂ ਲੈ ਕੇ ਉਮਰ ਕੈਦ ਦੇ ਵਿਚਕਾਰ ਲਾਜ਼ਮੀ ਘੱਟੋ-ਘੱਟ ਕੈਦ ਦੀ ਸਜ਼ਾ ਅਤੇ ਸੰਘੀ ਜੇਲ੍ਹ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਕਾਨੂੰਨੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)