You’re viewing a text-only version of this website that uses less data. View the main version of the website including all images and videos.
'ਉਸ ਨੇ ਮੇਰਾ ਬਲਾਤਕਾਰ ਕਰ ਐਕਟਿੰਗ ਕਰੀਅਰ ਦੇ ਮੇਰੇ ਸੁਪਨੇ ਨੂੰ ਤਬਾਹ ਕਰ ਦਿੱਤਾ'
ਚੇਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਇੱਕ ਮਹਿਲਾ, ਜਿਸ ਨਾਲ 16 ਸਾਲ ਦੀ ਉਮਰ ਵਿੱਚ ਉਸ ਦੇ ਐਕਟਿੰਗ ਕੋਚ (ਅਦਾਕਾਰੀ ਅਧਿਆਪਕ) ਨੇ ਬਲਾਤਕਾਰ ਕੀਤਾ ਸੀ, ਜੋ ਨੈਟਫਲਿੱਕਸ ਦੀ ਸੀਰੀਜ਼ 'ਸੈਕਸ ਐਜੂਕੇਸ਼ਨ' ਵਿੱਚ ਅਦਾਕਾਰੀ ਕਰ ਚੁੱਕਿਆ ਸੀ।
ਮਹਿਲਾ ਨੇ ਦੱਸਿਆ ਕਿ ਉਸ ਦੇ ਕੋਚ ਨੇ ਉਸ ਨੂੰ ਗੰਦਾ ਮਹਿਸੂਸ ਕਰਵਾਇਆ ਅਤੇ ਅਦਾਕਾਰੀ ਦੇ ਉਸ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ।
ਓਲੀਵੀਆ ਵੁਡਰੋਵਿਚ, ਜਿਸ ਨੇ ਆਪਣੀ ਪਛਾਣ ਗੁਪਤ ਨਾ ਰੱਖਣ ਦਾ ਫੈਸਲਾ ਲਿਆ ਹੈ, ਉਸ ਨੇ ਦਸੰਬਰ 2020 ਵਿੱਚ ਅਲੈਗਜ਼ੈਂਡਰ ਵੈਸਟਵੁੱਡ ਤੋਂ ਅਦਾਕਾਰੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਸਨ। ਵੈਸਟਵੁੱਡ ਨਾਲ ਉਸ ਦੀ ਮਾਂ ਦੀ ਮੁਲਾਕਾਤ ਉਨ੍ਹਾਂ ਦੇ ਫਲੈਟ ਦੀ ਮੁਰੰਮਤ ਦੌਰਾਨ ਹੋਈ ਸੀ।
ਓਲੀਵੀਆ ਉੱਥੇ ਸੁਰੱਖਿਅਤ ਹੋਣੀ ਚਾਹੀਦੀ ਸੀ ਪਰ ਸ਼ਰੋਪਸ਼ਾਇਰ ਦੇ ਐਲਬ੍ਰਾਈਟਨ ਵਾਸੀ ਵੈਸਟਵੁੱਡ ਨੇ ਅਦਾਕਾਰੀ ਦੀਆਂ ਕਲਾਸਾਂ ਬਹਾਨੇ ਉਸ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਕੀਤਾ।
ਐਕਟਿੰਗ ਸਿਖਾਉਣ ਬਹਾਨੇ ਕੀਤਾ ਰੇਪ
ਫਰਵਰੀ 2025 ਵਿੱਚ ਅਲੈਗਜ਼ੈਂਡਰ ਨੂੰ ਬੱਚਿਆਂ ਅਤੇ ਐਕਟਿੰਗ ਕਲਾਸਾਂ ਦੀਆਂ ਦੋ ਵਿਦਿਆਰਥਣਾਂ ਨਾਲ ਜੁੜੇ ਅਪਰਾਧਾਂ ਦੇ ਅਜਿਹੇ ਕਰੀਬ 26 ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 15 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਓਲੀਵੀਆ ਨੇ ਕਿਹਾ ਕਿ ਸ਼ੁਰੂ ਵਿੱਚ ਵੈਸਟਵੁੱਡ ਵਨ-ਟੂ-ਵਨ ਕਲਾਸਾਂ ਦੌਰਾਨ ਸ਼ਾਂਤ ਲੱਗਦਾ ਸੀ ਅਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਸੀ।
ਪਰ ਤੀਜੀ ਕਲਾਸ ਦੌਰਾਨ, ਵੈਸਟਵੁੱਡ ਨੇ ਓਲੀਵੀਆ ਨੂੰ ਉਸ ਦੇ ਸਾਹਮਣੇ ਕੱਪੜੇ ਬਦਲਣ ਲਈ ਕਿਹਾ, ਇਹ ਕਹਿੰਦੇ ਹੋਏ ਕਿ ਸਟੇਜ ਦੇ ਪਿੱਛੇ ਇਹ ਆਮ ਗੱਲ ਹੈ ਅਤੇ ਇਹ ਵੀ ਪੁੱਛਿਆ ਕਿ ਕੀ ਉਹ ਵਰਜਿਨ ਹੈ।
ਜਨਵਰੀ 2021 ਵਿੱਚ, ਓਲੀਵੀਆ ਮੁਤਾਬਕ, ਵੈਸਟਵੁੱਡ, ਜੋ ਉਸ ਵੇਲੇ 20 ਸਾਲ ਦਾ ਸੀ, ਨੇ ਉਸ ਨੂੰ ਆਪਣੇ ਸਾਹਮਣੇ ਹਸਤਮੈਥੁਨ ਕਰਨ ਲਈ ਮਜਬੂਰ ਕੀਤਾ ਅਤੇ ਕਿਹਾ ਕਿ ਕਿਉਂਕਿ ਉਹ ਉਸ ਦਾ ਅਧਿਆਪਕ ਹੈ, ਇਸ ਲਈ "ਉਸ ਨੂੰ ਉਹੀ ਕਰਨਾ ਪਵੇਗਾ ਜੋ ਉਹ ਕਹੇਗਾ।"
"ਫਿਰ ਉਸ ਨੇ ਮੇਰੇ ਨਾਲ ਬਲਾਤਕਾਰ ਕੀਤਾ। ਦਰਦ ਕਾਰਨ ਮੈਂ ਚੀਕਣਾ ਚਾਹੁੰਦੀ ਸੀ।"
"ਮੈਂ ਸੁੰਨ ਹੋ ਗਈ ਸੀ, ਮੇਰੀਆਂ ਅੱਖਾਂ ਵਿੱਚੋਂ ਹੰਝੂ ਵੱਗ ਰਹੇ ਸਨ ਅਤੇ ਉਸ ਨੇ ਮੇਰੇ ਹੱਥ ਜਕੜ ਲਏ ਤਾਂ ਜੋ ਮੈਂ ਹਿਲ ਨਾ ਸਕਾਂ ਜਾਂ ਉਸ ਨੂੰ ਧੱਕਾ ਨਾ ਦੇ ਸਕਾਂ।"
ਉਸੇ ਮਹੀਨੇ ਦੇ ਅਖੀਰ 'ਚ, ਨੈਟਫਲਿੱਕਸ ਦੇ 'ਬ੍ਰਿਜਰਟਨ' ਸੀਰੀਜ਼ ਦਾ ਇੱਕ ਦ੍ਰਿਸ਼ ਪੜ੍ਹਨ ਤੋਂ ਬਾਅਦ ਵੈਸਟਵੁੱਡ ਨੇ ਉਸ ਨੂੰ ਆਪਣੇ ਨਾਲ ਮੌਖਿਕ ਯੌਨ ਕਿਰਿਆ ਕਰਨ ਲਈ ਮਜਬੂਰ ਕੀਤਾ।
'ਕਲਾਸ ਛੱਡਣੀ ਚਾਹੀ ਤਾਂ ਧਮਕਾਇਆ'
ਜਦੋਂ ਓਲੀਵੀਆ ਨੇ ਕਲਾਸਾਂ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਵੈਸਟਵੁੱਡ ਨੇ ਕਿਹਾ ਕਿ ਉਹ ਇੱਕ ਅਜਿਹੇ ਕਰਾਰ ਨਾਲ ਬੱਝੀ ਹੋਈ ਹੈ ਜਿਸ ਮੁਤਾਬਕ ਉਸ ਨੂੰ 365 ਕਲਾਸਾਂ ਪੂਰੀਆਂ ਕਰਨੀ ਪੈਣਗੀਆਂ ਨਹੀਂ ਤਾਂ 36,000 ਪਾਊਂਡ ਤੱਕ ਦੀ ਰਕਮ ਦੇਣੀ ਪਵੇਗੀ।
ਓਲੀਵੀਆ ਨੇ ਕਿਹਾ ਕਿ ਜੇਕਰ ਕਿਸੇ ਦਿਨ ਉਹ ਕਲਾਸ ਨਹੀਂ ਜਾਂਦੀ ਤਾਂ ਉਹ ਉਸ ਦੀ ਮਾਂ ਨੂੰ ਫੋਨ ਕਰਕੇ ਪੁੱਛਦਾ ਕਿ ਉਹ ਕਿੱਥੇ ਹੈ। ਇਸ ਲਈ ਉਹ ਕੁਝ ਵੀ ਬੋਲਣ ਤੋਂ ਝਿਜਕ ਮਹਿਸੂਸ ਕਰਦੀ ਰਹੀ।
ਓਲੀਵੀਆ ਨੇ ਦੱਸਿਆ ਕਿ ਵੈਸਟਵੁੱਡ ਨੇ ਉਸ ਨਾਲ ਕੁੱਲ ਚਾਰ ਵਾਰ ਬਲਾਤਕਾਰ ਕੀਤਾ। ਉਸ ਨੇ ਆਪਣੀ ਮਾਂ ਅਤੇ ਪੁਲਿਸ ਨੂੰ ਅਗਸਤ 2021 ਵਿੱਚ ਇਸ ਬਾਰੇ ਦੱਸਿਆ, ਪਰ ਸਬੂਤਾਂ ਦੀ ਕਮੀ ਕਾਰਨ ਸ਼ੁਰੂ ਵਿੱਚ ਇਹ ਕੇਸ ਬੰਦ ਕਰ ਦਿੱਤਾ ਗਿਆ।
ਅਪ੍ਰੈਲ 2023 ਵਿੱਚ ਇਸ ਕੇਸ ਦੀ ਜਾਂਚ ਦੁਬਾਰਾ ਸ਼ੁਰੂ ਹੋਈ ਜਦੋਂ ਹੋਰ ਪੀੜਤ ਸਾਹਮਣੇ ਆਏ।
ਇਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਿਲ ਸੀ, ਜਿਸ ਨਾਲ ਛੇ ਸਾਲ ਦੀ ਉਮਰ ਵਿੱਚ ਜਿਨਸੀ ਸ਼ੋਸ਼ਣ ਸ਼ੁਰੂ ਹੋਇਆ, ਉਦੋਂ ਵੈਸਟਵੁੱਡ 10 ਸਾਲ ਦਾ ਸੀ।
ਇੱਕ ਲੜਕਾ, ਜਿਸ ਦੀ ਉਮਰ ਨੌਂ ਤੋਂ ਦਸ ਸਾਲ ਦੇ ਵਿਚਕਾਰ ਸੀ, ਉਸ ਨਾਲ ਵੈਸਟਵੁੱਡ ਨੇ ਉਦੋਂ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਹ 18 ਸਾਲ ਦਾ ਸੀ।
ਇਸ ਤੋਂ ਇਲਾਵਾ ਇੱਕ ਔਰਤ ਅਤੇ ਅਦਾਕਾਰੀ ਦੀ ਇੱਕ ਹੋਰ ਨਾਬਾਲਗ ਵਿਦਿਆਰਥਣ ਵੀ ਪੀੜਤਾਂ ਵਿੱਚ ਸ਼ਾਮਿਲ ਸਨ।
ਦੋਸ਼ੀ ਨੂੰ ਹੋਰ ਸਜ਼ਾ ਮਿਲਣੀ ਚਾਹੀਦੀ ਸੀ: ਓਲੀਵੀਆ
ਓਲੀਵੀਆ, ਜੋ ਹੁਣ 21 ਸਾਲ ਦੀ ਹੈ, ਵੈਸਟ ਮਿਡਲੈਂਡਜ਼ ਵਿੱਚ ਰਹਿੰਦੀ ਹੈ ਅਤੇ ਡਰਾਮਾ ਵਿੱਚ ਗ੍ਰੈਜੂਏਟ ਕਰ ਚੁੱਕੀ ਹੈ, ਕਹਿੰਦੀ ਹੈ, "ਅੱਜ ਵੀ ਨਹਾਉਂਦੇ ਸਮੇਂ ਮੈਂ ਆਪਣੇ ਸਰੀਰ ਨੂੰ ਜ਼ੋਰ ਨਾਲ ਰਗੜਦੀ ਹਾਂ ਅਤੇ ਮੈਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ।"
"ਜੇ ਮੇਰੇ ਬੱਚੇ ਹੋਏ ਤਾਂ ਉਹ ਵੀ ਉਸੇ ਇਲਾਕੇ ਦੀਆਂ ਸੜਕਾਂ 'ਤੋਂ ਲੰਘਣਗੇ ਜਿੱਥੇ ਉਹ ਰਹਿੰਦਾ ਹੈ।"
"ਉਸ ਨੂੰ ਫਿਲਹਾਲ ਮਿਲੀ ਸਜ਼ਾ ਨਾਲੋਂ ਕਈ ਵੱਧ ਸਮੇਂ ਲਈ ਜੇਲ੍ਹ ਵਿੱਚ ਸੜਨਾ ਚਾਹੀਦਾ ਹੈ।"
ਬੀਤੇ ਸਮੇਂ ਨੂੰ ਯਾਦ ਕਰਦਿਆਂ 21 ਸਾਲਾ ਓਲੀਵੀਆ ਨੇ ਕਿਹਾ ਕਿ ਕਾਸ਼ ਉਸ ਵੇਲੇ ਘਰ ਵਿੱਚ ਹੀ ਕੀਤੇ ਜਾ ਸਕਣ ਵਾਲੇ ਡੀਐਨਏ ਸੈਲਫ-ਟੈਸਟ ਕਿੱਟ ਉਪਲੱਬਧ ਹੁੰਦੇ, ਕਿਉਂਕਿ ਉਸ ਨੂੰ ਫੋਰੈਂਸਿਕ ਮੈਡੀਕਲ ਜਾਂਚ ਲਈ ਖੁਦ ਹਾਜ਼ਰ ਹੋਣਾ ਪਿਆ ਸੀ।
ਉਸ ਨੇ ਦੱਸਿਆ, "ਜਾਂਚ ਦੌਰਾਨ ਇਹ ਵੇਖਣ ਲਈ ਕਿ ਮੈਨੂੰ ਕੋਈ ਸਰੀਰਕ ਨੁਕਸਾਨ ਤਾਂ ਨਹੀਂ ਹੋਇਆ, ਮੇਰੇ ਜਿਨਸੀ ਅੰਗ ਅੰਦਰ ਕੈਮਰਾ ਪਾਇਆ ਗਿਆ। ਮੈਂ ਸਾਰਾ ਸਮਾਂ ਰੋਂਦੀ ਰਹੀ ਅਤੇ ਆਪਣੀ ਮਾਂ ਦਾ ਹੱਥ ਫੜੀ ਰੱਖਿਆ।
"ਕਾਸ਼ ਇਹ ਜਾਂਚ ਮੈਂ ਘਰ ਵਿੱਚ ਹੀ ਕਰ ਸਕਦੀ। ਇਹ ਮੇਰੇ ਲਈ ਉਸ ਨਾਲੋਂ ਘੱਟ ਤਕਲੀਫ਼ਦੇਹ ਹੁੰਦਾ। ਪਰ ਆਖ਼ਰੀ ਬਲਾਤਕਾਰ ਨੂੰ ਕਈ ਮਹੀਨੇ ਬੀਤ ਚੁੱਕੇ ਸਨ, ਇਸ ਲਈ ਜਾਂਚ ਵਿੱਚ ਨਾ ਕੋਈ ਸਰੀਰਕ ਨੁਕਸਾਨ ਮਿਲਿਆ ਅਤੇ ਨਾ ਹੀ ਕੋਈ ਸਬੂਤ।"
'ਮੈਂ ਹੁਣ ਐਕਟਿੰਗ ਨਹੀਂ ਕਰਨਾ ਚਾਹੁੰਦੀ'
ਇਹ ਕੇਸ ਆਖਿਰਕਾਰ ਨਵੰਬਰ 2024 ਵਿੱਚ ਵੁਲਵਰਹੈਂਪਟਨ ਕ੍ਰਾਊਨ ਕੋਰਟ ਵਿੱਚ ਪਹੁੰਚਿਆ।
ਓਲੀਵੀਆ ਨੇ ਕਿਹਾ ਕਿ ਗਵਾਹੀ ਦਿੰਦਿਆਂ ਅਤੇ ਜਿਰਹ ਦਾ ਸਾਹਮਣਾ ਕਰਦਿਆਂ ਉਸ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ "ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਦਿਖਾਏਗੀ।"
ਉਸ ਨੇ ਕਿਹਾ, "ਉਸ ਸ਼ਖਸ ਸਾਹਮਣੇ ਇੱਕ ਹੀ ਕਮਰੇ ਵਿੱਚ ਮੌਜੂਦ ਹੋਣਾ ਉਸ ਲਈ ਬਹੁਤ ਘਿਨੌਣਾ ਸੀ।"
ਸਜ਼ਾ ਸੁਣਾਉਂਦੇ ਹੋਏ ਜੱਜ ਨੀਲ ਚਾਵਲਾ ਨੇ ਕਿਹਾ ਕਿ ਵੈਸਟਵੁੱਡ ਨੇ ਆਪਣੇ "ਮਾਮੂਲੀ ਸੈਲੀਬ੍ਰਿਟੀ ਸਟੇਟਸ" ਦਾ ਫਾਇਦਾ ਚੁੱਕ ਕੇ ਨੌਜਵਾਨ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਅਦਾਕਾਰੀ ਦੀਆਂ ਕਲਾਸਾਂ ਨੂੰ "ਜਿਨਸੀ ਸ਼ੋਸ਼ਣ ਦਾ ਬਹਾਨਾ" ਬਣਾਇਆ।
ਓਲੀਵੀਆ ਨੇ ਕਿਹਾ ਕਿ ਡਰਾਮਾ ਦੀ ਪੜ੍ਹਾਈ ਦੌਰਾਨ ਜਦੋਂ ਵੀ ਬਲਾਤਕਾਰ ਜਾਂ ਜਿਨਸੀ ਸ਼ੋਸ਼ਣ ਬਾਰੇ ਚਰਚਾ ਹੁੰਦੀ ਸੀ, ਉਹ ਉਸ ਲਈ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕਰਨ ਵਾਲੀ ਹੁੰਦੀ ਸੀ। ਇਸ ਦੌਰਾਨ ਉਸ ਨੂੰ ਖਾਣ-ਪੀਣ ਸਬੰਧੀ ਡਿਸਆਰਡਰ ਅਤੇ ਪ੍ਰੇਮ ਸਬੰਧ ਬਣਾਉਣ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਹੁਣ ਉਹ ਕਹਿੰਦੀ ਹੈ ਕਿ ਆਪਣੀ ਕਹਾਣੀ ਅਤੇ ਸਰੀਰ ਪ੍ਰਤੀ ਸਕਾਰਾਤਮਕ ਸੋਚ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਨ ਤੋਂ ਬਾਅਦ ਉਹ ਆਪਣੇ ਆਪ ਨੂੰ "ਪਹਿਲਾਂ ਨਾਲੋਂ ਵੱਧ ਆਤਮ-ਵਿਸ਼ਵਾਸੀ" ਮਹਿਸੂਸ ਕਰਦੀ ਹੈ।
ਉਸ ਨੇ ਕਿਹਾ, "ਮੈਂ ਚਾਹੁੰਦੀ ਹਾਂ ਕਿ ਲੋਕ ਆਪਣੇ ਆਪ ਨਾਲ ਪਿਆਰ ਕਰਨਾ ਸਿੱਖਣ। ਜ਼ਿੰਦਗੀ ਵਿੱਚ ਅੱਗੇ ਵਧਣਾ ਸਿੱਖਣਾ ਪੈਂਦਾ ਹੈ।"
ਭਵਿੱਖ ਬਾਰੇ ਗੱਲ ਕਰਦਿਆਂ ਓਲੀਵੀਆ ਨੇ ਕਿਹਾ ਕਿ ਹੁਣ ਉਹ ਅਦਾਕਾਰੀ ਦੇ ਖੇਤਰ ਵਿੱਚ ਕਰੀਅਰ ਨਹੀਂ ਬਣਾਉਣਾ ਚਾਹੁੰਦੀ।
ਉਸ ਨੇ ਕਿਹਾ, "ਹੁਣ ਮੈਂ ਇਸ ਖੇਤਰ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ। ਉਸ ਨੇ ਮੇਰੇ ਲਈ ਇਸ ਸੁਪਨੇ ਨੂੰ ਹਮੇਸ਼ਾ ਲਈ ਤਬਾਹ ਕਰ ਦਿੱਤਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ