'ਕਾਸ਼ ਮੈਂ ਆਪਣੇ ਮਾਤਾ ਪਿਤਾ ਦਾ ਚਿਹਰਾ ਦੇਖ ਸਕਦੀ': ਪੈਲੇਟ ਗੰਨ ਨਾਲ ਅੱਖਾਂ ਦੀ ਰੌਸ਼ਨੀ ਗਵਾਉਣ ਵਾਲੀ ਇੰਸ਼ਾ ਦੀ ਕਹਾਣੀ

    • ਲੇਖਕ, ਗਾਫ਼ਿਰਾ ਕਾਦਿਰ
    • ਰੋਲ, ਬੀਬੀਸੀ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਚੇਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਵਿਚਲਿਤ ਕਰ ਸਕਦੇ ਹਨ।

14 ਸਾਲ ਦੀ ਇੰਸ਼ਾ ਮੁਸ਼ਤਾਕ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇੱਕ ਸ਼ਾਮ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦੇਵੇਗੀ।

ਉਸ ਘਟਨਾ ਨੂੰ ਹੋਏ ਲਗਭਗ ਦਸ ਸਾਲ ਬੀਤ ਚੁੱਕੇ ਹਨ। ਉਹ ਆਪਣੇ ਘਰ ਦੀ ਖਿੜਕੀ ਤੋਂ ਬਾਹਰ ਦੇਖਦਿਆਂ ਕਹਿੰਦੀ ਹੈ, "ਉਸ ਦਿਨ ਹਨੇਰਾ ਸੀ। ਸ਼ਾਮ ਦੇ ਲਗਭਗ 8 ਜਾਂ 9 ਵਜੇ ਸੀ। ਮੈਂ ਇੱਥੇ ਖੜ੍ਹੀ ਸੀ, ਉਦੋਂ ਮੈਂ ਬਾਹਰ ਗੱਡੀਆਂ ਦੇਖੀਆਂ।"

"ਹਾਲਾਤ ਬਹੁਤ ਖ਼ਰਾਬ ਸਨ ਅਤੇ ਇੱਥੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਮੌਜੂਦ ਸਨ। ਜਦੋਂ ਮੈਂ ਬਾਹਰ ਦੇਖਿਆ ਤਾਂ ਮੈਨੂੰ ਧੂੰਏਂ ਜਿਹਾ ਕੁਝ ਮਹਿਸੂਸ ਹੋਇਆ।"

ਉਸ ਨੇ ਦੱਸਿਆ, "ਫਿਰ ਮੈਂ ਦੁਬਾਰਾ ਦੇਖਿਆ ਅਤੇ ਮੈਨੂੰ ਛਰਲੇ ਲੱਗੇ। ਛਰਲੇ ਮੇਰੇ ਮੱਥੇ 'ਤੇ ਲੱਗੇ। ਮੈਨੂੰ ਲੱਗਿਆ ਕਿ ਮੈਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਮੈਂ ਜ਼ਮੀਨ 'ਤੇ ਡਿੱਗ ਗਈ। ਮੇਰੀ ਮਾਂ ਨੇ ਮੈਨੂੰ ਚੁੱਕਿਆ।"

"ਮੇਰੀ ਸੱਜੀ ਅੱਖ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਮੱਥੇ 'ਤੇ ਸੱਟ ਲੱਗੀ ਸੀ ਅਤੇ ਮੇਰੇ ਪੰਜ ਦੰਦ ਉੱਥੇ ਹੀ ਟੁੱਟ ਕੇ ਜ਼ਮੀਨ 'ਤੇ ਡਿੱਗ ਗਏ। ਸੀ।"

"ਮੈਂ ਸਜਦਾ ਨਹੀਂ ਕਰ ਪਾਉਂਦੀ ਸੀ ਕਿਉਂਕਿ ਮੇਰਾ ਮੱਥਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਲਗਭਗ ਪੰਜ ਤੋਂ ਛੇ ਮਹੀਨੇ ਤੱਕ ਹਾਲਤ ਬਹੁਤ ਖਰਾਬ ਰਹੀ।"

ਉਹ ਅੱਗੇ ਦੱਸਦੀ ਹੈ, "ਮੈਨੂੰ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਮੈਂ ਖੁਦਾ ਤੋਂ ਦੂਰ ਹੋ ਗਈ ਹੋਵਾਂ। ਮੈਂ ਦੁਆ ਕਰਦੀ ਸੀ ਕਿ ਖੁ਼ਦਾ ਮੈਨੂੰ ਆਪਣੇ ਕੋਲ ਬੁਲਾ ਲਵੇ। ਮੈਂ ਸਾਰੀ ਉਮੀਦ ਖੋਹ ਦਿੱਤੀ ਸੀ।"

ਮੈਂ ਕਹਿੰਦੀ ਸੀ, "ਸ਼ਾਇਦ ਮੈਂ ਮਰਨ ਵਾਲੀ ਹਾਂ। ਸ਼ਾਇਦ ਮੈਂ ਬਚ ਨਹੀਂ ਪਾਉਂਗੀ।"

2010 ਵਿੱਚ ਭਾਰਤ ਪ੍ਰਸ਼ਾਸਿਤ ਕਸ਼ਮੀਰ ਕਈ ਮਹੀਨਿਆਂ ਤੱਕ ਹਿੰਸਾ ਦੀ ਲਪੇਟ ਵਿੱਚ ਰਿਹਾ।

ਉਸ ਸਮੇਂ ਉਮਰ ਅਬਦੁੱਲਾ ਸਰਕਾਰ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਕੋਲੋਂ ਗੈਰ-ਘਾਤਕ ਹਥਿਆਰਾਂ ਦੀ ਮੰਗ ਕੀਤੀ ਸੀ।

ਉਸੇ ਸਾਲ ਪਹਿਲੀ ਵਾਰ ਪੈਲੇਟ ਗੰਨਾਂ ਦਾ ਇਸਤੇਮਾਲ ਕੀਤਾ ਗਿਆ।

ਇਹ ਅਜਿਹੇ ਹਥਿਆਰ ਹਨ ਜੋ ਫਾਇਰ ਕੀਤੇ ਜਾਣ 'ਤੇ ਸੈਂਕੜੇ ਛੋਟੇ ਧਾਤੂਆਂ ਦੇ ਛਰਲੇ ਛੱਡਦੇ ਹਨ। ਇਹ ਛਰਲੇ ਚਾਰਾਂ ਦਿਸ਼ਾਵਾਂ ਵਿੱਚ ਫੈਲ ਜਾਂਦੇ ਹਨ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਵੀ ਇੰਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਰਤੇ ਜਾਣ ਵਾਲੇ ਸਭ ਤੋਂ ਖਤਰਨਾਕ ਹਥਿਆਰਾਂ ਵਿੱਚੋਂ ਇੱਕ ਦੱਸਿਆ ਹੈ।

2018 ਵਿੱਚ ਤਤਕਾਲੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਰਾਜ ਵਿਧਾਨ ਸਭਾ ਵਿੱਚ ਕਿਹਾ ਸੀ ਕਿ 2016 ਵਿੱਚ ਉਗਰਵਾਦੀ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਭੜਕੇ ਪ੍ਰਦਰਸ਼ਨਾਂ ਦੌਰਾਨ 6000 ਤੋਂ ਜ਼ਿਆਦਾ ਲੋਕ ਪੈਲੇਟ ਗੰਨਾਂ ਨਾਲ ਜ਼ਖਮੀ ਹੋਏ ਸੀ।

ਕਈ ਲੋਕਾਂ ਦੀ ਇੱਕ ਜਾਂ ਦੋਨਾਂ ਅੱਖਾਂ ਦੀ ਰੌਸ਼ਨੀ ਚਲੀ ਗਈ। ਇੰਸ਼ਾ ਮੁਸ਼ਤਾਕ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਪਹਿਲਾਂ ਡਾਕਟਰ ਬਣਨਾ ਚਾਹੁੰਦੀ ਸੀ, ਹੁਣ ਇਹ ਸੁਫਨਾ ਹੈ…

ਪਿਛਲੇ ਕਈ ਸਾਲਾਂ ਤੋਂ ਇੰਸ਼ਾ ਆਪਣੀ ਪੜ੍ਹਾਈ ਪੂਰੀ ਕਰਨ ਦੌਰਾਨ ਸ਼੍ਰੀਨਗਰ ਵਿਚ ਕਿਰਾਏ ਦੇ ਇੱਕ ਘਰ ਵਿੱਚ ਰਹਿ ਰਹੀ ਹੈ। ਅੱਜ ਸਵੇਰੇ ਅਸੀਂ ਇੰਸ਼ਾ ਅਤੇ ਉਸ ਦੀ ਮਾਂ ਨਾਲ ਉਨ੍ਹਾਂ ਦੇ ਪਿੰਡ ਸੇਦੋਵ ਗਏ।

ਸਾਡਾ ਮਕਸਦ ਇਹ ਸਮਝਣਾ ਸੀ ਕਿ ਛਰਲਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਜ਼ਿੰਦਗੀ 'ਤੇ ਇਸ ਦਾ ਕੀ ਅਸਰ ਪੈਂਦਾ ਹੈ।

ਉਹ ਕਹਿੰਦੀ ਹੈ ਕਿ ਜਦੋਂ ਮੈਂ ਆਪਣੇ ਪਿੰਡ ਜਾਂਦੀ ਹਾਂ ਤਾਂ ਸਫਰ ਦੌਰਾਨ ਦੇਖਣ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਕਰਦੀ ਹਾਂ।

"ਮੈਂ ਸੋਚਦੀ ਹਾਂ ਕਿ ਅੱਜ ਇਹ ਥਾਂ ਕਿਹੋ ਜਿਹੀ ਦਿਸਦੀ ਹੋਵੇਗੀ। ਅੱਜ ਸੜਕਾਂ ਕਿਵੇਂ ਦਿਸਦੀਆਂ ਹੋਣਗੀਆਂ। ਬਜ਼ਾਰ ਕਿਹੋ ਜਿਹਾ ਦਿਸਦਾ ਹੋਵੇਗਾ ਅਤੇ ਇੱਥੇ ਕਿੰਨਾ ਕੁਝ ਬਦਲ ਗਿਆ ਹੋਵੇਗਾ। ਮੈਨੂੰ ਇਹ ਸਾਰੀਆਂ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ।"

"ਮੈਨੂੰ ਫੁੱਲਾਂ, ਪਾਰਕਾਂ, ਦਰਗਾਹ, ਪਾਣੀ ਅਤੇ ਡਲ ਝੀਲ ਦੇਖਣਾ ਬਹੁਤ ਪਸੰਦ ਸੀ।"

ਇਨ੍ਹਾਂ ਸਾਲਾਂ ਵਿੱਚ ਇੰਸ਼ਾ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਪਰ ਸਭ ਤੋਂ ਮੁਸ਼ਕਿਲ ਗੱਲ ਇਹ ਸਵੀਕਾਰ ਕਰਨਾ ਸੀ ਕਿ ਉਹ ਫਿਰ ਕਦੇ ਦੇਖ ਨਹੀਂ ਸਕੇਗੀ।

ਉਹ ਬੋਲੀ, "ਪਹਿਲਾਂ ਇੱਕ ਜਾਂ ਦੋ ਸਾਲ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਸੀ ਕਿ ਹੁਣ ਇਹੀ ਮੇਰੀ ਹਕੀਕਤ ਹੈ ਅਤੇ ਮੈਂ ਇਸੇ ਦੇ ਨਾਲ ਜਿਉਣਾ ਹੈ।"

ਫਿਰ ਵੀ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ।

ਉਹ ਦੱਸਦੀ ਹੈ, "ਛਰਲੇ ਲੱਗਣ ਤੋਂ ਪਹਿਲਾਂ ਮੇਰਾ ਸੁਫਨਾ ਡਾਕਟਰ ਬਣਨਾ ਸੀ। ਵਿਗਿਆਨ ਵਿੱਚ ਮੇਰੀ ਬਹੁਤ ਰੁਚੀ ਸੀ। ਪਰ ਉਸ ਘਟਨਾ ਤੋਂ ਬਾਅਦ ਸਭ ਕੁਝ ਬਦਲ ਗਿਆ।"

ਉਹ ਆਪਣਾ ਕਿਰਾਏ ਦਾ ਕਮਰਾ ਦਿਖਾਉਂਦਿਆਂ ਕਹਿੰਦੀ ਹੈ, "ਮੈਂ ਘਰ ਦੇ ਲਗਭਗ ਸਾਰੇ ਕੰਮ ਖੁਦ ਕਰ ਸਕਦੀ ਹਾਂ। ਮੈਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਹੁੰਦੀ।"

ਉਨ੍ਹਾਂ ਨੇ ਸ਼੍ਰੀਨਗਰ ਦੇ ਅਥਵਾਜਨ ਸਥਿਤ ਡੀਪੀਐਸ ਵਿੱਚ ਬ੍ਰੇਲ ਸਿੱਖੀ।

ਉਹ ਕਹਿੰਦੀ ਹੈ ਕਿ ਜਦੋਂ ਸ਼ੁਰੂਆਤ ਵਿੱਚ ਉਹ ਸਕੂਲ ਜਾਂਦੀ ਸੀ ਤਾਂ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਸੀ ਅਤੇ ਰੋਂਦੇ ਹੋਏ ਬ੍ਰੇਲ ਸੁੱਟ ਦਿੰਦੀ ਸੀ।

ਹਾਲਾਂਕਿ ਹੁਣ ਉਹ ਆਤਮ ਨਿਰਭਰ ਬਣ ਕੇ ਦੂਜਿਆਂ ਖਾਸ ਕਰਕੇ ਵਿਕਲਾਂਗ ਲੋਕਾਂ ਲਈ ਇਕ ਮਿਸਾਲ ਬਣਨਾ ਚਾਹੁੰਦੀ ਹੈ।

ਉਹ ਦੱਸਦੀ ਹੈ ਕਿ ਉਸ ਨੂੰ ਗੁਲਾਬੀ, ਮੈਰੂਨ ਅਤੇ ਅਸਮਾਨੀ ਨੀਲਾ ਬੇਹਦ ਪਸੰਦ ਹੈ ਅਤੇ ਉਸ ਨੂੰ ਸਰਦੀਆਂ ਪਸੰਦ ਹਨ ਜਦੋਂ ਸ਼ੋਪੀਆਂ ਵਿੱਚ ਬਹੁਤ ਬਰਫਬਾਰੀ ਕਾਰਨ ਸਭ ਕੁਝ ਸਫੇਦ ਹੋ ਜਾਂਦਾ ਹੈ। ਭਾਵੇਂ ਦਰਖਤ ਹੋਣ, ਸੜਕਾਂ ਹੋਣ ਜਾਂ ਘਰ ਦੀਆਂ ਛੱਤਾਂ।

ਪੈਲੇਟ ਗੰਨ 'ਤੇ ਕੀ ਬੋਲੀ ਇੰਸ਼ਾ ?

ਉਹ ਆਪਣੇ ਸੁਫ਼ਨਿਆਂ ਬਾਰੇ ਵੀ ਦੱਸਦੀ ਹੈ।

ਉਨ੍ਹਾਂ ਨੇ ਕਿਹਾ, "ਮੇਰੇ ਸੁਫ਼ਨਿਆਂ ਵਿੱਚ ਮੈਨੂੰ ਅਕਸਰ ਵਿਆਹ ਦਿਖਾਈ ਦਿੰਦੇ ਹਨ। ਮੈਨੂੰ ਅਕਸਰ ਫੋਰਸ ਦਿਖਾਈ ਦਿੰਦੀ ਹੈ ਅਤੇ ਅਜੀਬ ਤਰ੍ਹਾਂ ਦੇ ਸੁਫ਼ਨੇ ਆਉਂਦੇ ਹਨ। ਕਦੇ ਕਦੇ ਮੈਨੂੰ ਸੱਪ ਵੀ ਦਿਖਾਈ ਦਿੰਦੇ ਹਨ।"

ਹਾਲ ਹੀ ਵਿੱਚ ਇੱਕ ਬਾਲੀਵੁੱਡ ਫ਼ਿਲਮ ਵਿੱਚ ਪੈਲੇਟ ਗੰਨਾਂ ਨੂੰ ਅਜਿਹੇ ਹਥਿਆਰਾਂ ਵਜੋਂ ਦਿਖਾਇਆ ਗਿਆ ਜੋ ਸਿਰਫ਼ ਸੀਮਤ ਨੁਕਸਾਨ ਪਹੁੰਚਾਉਂਦੇ ਹਨ।

ਜਦੋਂ ਉਸ ਨਾਲ ਇਹ ਜ਼ਿਕਰ ਕੀਤਾ ਗਿਆ ਤਾਂ ਉਹ ਬੋਲੀ, "ਪੈਲੇਟ ਸਿਰਫ਼ ਸੀਮਤ ਨੁਕਸਾਨ ਪਹੁੰਚਾਉਂਦੇ ਹਨ, ਪਰ ਇਹ ਜ਼ਿੰਦਗੀਆਂ ਤਬਾਹ ਕਰ ਦਿੰਦੇ ਹਨ। ਕਸ਼ਮੀਰ ਵਿੱਚ ਮੇਰੇ ਜਿਹੇ ਕਈ ਬੱਚੇ ਹਨ ਜਿਨ੍ਹਾਂ ਦੇ ਮਾਂ-ਬਾਪ ਅੱਜ ਵੀ ਰੋਂਦੇ ਹਨ। ਸਿਰਫ਼ ਉਹ ਹੀ ਉਸ ਦਰਦ ਨੂੰ ਸਮਝ ਸਕਦੇ ਹਨ।"

ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਦੇ ਚਿਹਰੇ ਦੀ ਧੁੰਦਲੀ ਯਾਦ ਹੈ।

ਉਹ ਬੋਲੀ, "ਮੇਰੀ ਮਾਂ ਵੀ ਉਦੋਂ ਜ਼ਿਆਦਾ ਸਿਹਤਮੰਦ ਸੀ ਅਤੇ ਜ਼ਿਆਦਾ ਖੂਬਸੂਰਤ ਲਗਦੀ ਸੀ। ਹੁਣ ਮੈਨੂੰ ਲਗਦਾ ਹੈ ਕਿ ਉਹ ਬਹੁਤ ਪਤਲੀ ਹੋ ਗਈ ਹੈ।"

ਉਹ ਇਹ ਵੀ ਕਹਿੰਦੀ ਹੈ ਕਿ ਹੁਣ 'ਕਾਸ਼' ਸ਼ਬਦ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਕਸਕ ਹੈ। ਉਹ ਸੋਚਦੀ ਹੈ, "ਕਾਸ਼, ਮੈਂ ਆਪਣੇ ਦਮ 'ਤੇ ਚਲ ਸਕਦੀ, ਪੜ੍ਹ ਸਕਦੀ ਅਤੇ ਕਿਸੇ 'ਤੇ ਨਿਰਭਰ ਨਾ ਰਹਿੰਦੀ। ਕਾਸ਼ ਮੈਂ ਆਪਣੇ ਮਾਤਾ-ਪਿਤਾ ਦਾ ਚਿਹਰਾ ਦੇਖ ਸਕਦੀ। ਜਦੋਂ ਮੈਂ ਇਕੱਲੀ ਹੁੰਦੀ ਹਾਂ ਤਾਂ ਇਹ ਸੋਚ ਕੇ ਬਹੁਤ ਰੋਂਦੀ ਹਾਂ।"

"ਪਰ ਮੈਨੂੰ ਪਤਾ ਹੈ ਕਿ ਮੈਂ ਮਜ਼ਬੂਤ ਹਾਂ।"

ਪੈਲੇਟ ਗੰਨਾਂ ਦੇ ਇਸਤੇਮਾਲ 'ਤੇ ਬਹਿਸ

2016 ਵਿੱਚ ਵਿਆਪਕ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਪੈਲੇਟ ਗੰਨਾਂ ਦੇ ਇਸਤੇਮਾਲ 'ਤੇ ਦੁਬਾਰਾ ਵਿਚਾਰ ਕਰੇਗੀ ਪਰ ਇਨ੍ਹਾਂ ਦੀ ਵਰਤੋਂ ਜਾਰੀ ਰਹੀ।

ਉਸ ਸਮੇਂ ਜੰਮੂ ਕਸ਼ਮੀਰ ਹਾਈ ਕੋਰਟ ਵਿੱਚ ਪੈਲੇਟ ਗੰਨਾਂ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਸੀ।

ਉਦੋਂ ਸੁਰੱਖਿਆ ਬਲਾਂ ਨੇ ਦਲੀਲ ਦਿੱਤੀ ਸੀ ਕਿ ਜੇ ਪੈਲੇਟ ਗੰਨਾਂ ਦਾ ਇਸਤੇਮਾਲ ਬੰਦ ਕੀਤਾ ਗਿਆ ਤਾਂ ਉਨ੍ਹਾਂ ਨੂੰ ਜ਼ਿਆਦਾ ਘਾਤਕ ਹਥਿਆਰਾਂ ਦਾ ਸਹਾਰਾ ਲੈਣਾ ਪੈ ਸਕਦਾ ਹੈ। ਇਸ ਨਾਲ ਮੌਤਾਂ ਦਾ ਖਤਰਾ ਵਧ ਸਕਦਾ ਹੈ।

ਹਾਲਾਂਕਿ, ਪੈਲੇਟ ਨਾਲ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾਉਣ ਵਾਲੀ ਇੰਸ਼ਾ ਕਸ਼ਮੀਰ ਦੀ ਇਕੱਲੀ ਸ਼ਖਸ ਨਹੀਂ ਸੀ। ਕਈ ਹੋਰ ਲੋਕ ਵੀ ਪੈਲੇਟ ਗੰਨਾਂ ਦਾ ਸ਼ਿਕਾਰ ਹੋਏ। ਉਨ੍ਹਾਂ ਦੀ ਜ਼ਿੰਦਗੀ ਵੀ ਹਮੇਸ਼ਾ ਲਈ ਬਦਲ ਗਈ।

ਇਹ ਇੱਕ ਲੰਬੀ ਸੂਚੀ ਹੈ, ਜਿਸ ਵਿੱਚ ਹਿਬਾ ਜਾਨ, ਵਕਾਰ ਰਫ਼ੀਕ, ਹਸੀਨਾ ਬੇਗਮ, ਸੁਹੈਲ ਅਹਿਮਦ ਬਡਰ, ਉਲਫ਼ਤ ਉਮੀਦ ਪਰਰੇ, ਏਜਾਜ਼ ਅਹਿਮਦ ਮੀਰ, ਖੁਰਸ਼ੀਦ ਅਹਿਮਦ ਲੋਨ, ਜਾਵੇਦ ਅਹਿਮਦ ਮੱਲਾ, ਪਰਵੀਨ ਬਾਨੋ ਮੀਰ, ਇਮਤਿਆਜ਼ ਅਹਿਮਦ ਸੂਫੀ, ਉਮੈਰ ਉਮੀਦ ਗਨਈ, ਮੁਹੰਮਦ ਰਮਜ਼ਾਨ ਖ਼ਾਨ, ਨਿਸਾਰ ਅਹਿਮਦ ਲੋਨ, ਜੌਨ ਮੁਹੰਮਦ ਪਰਰੇ , ਇਕਬਾਲ ਉਮੀਦ ਰਾਦਰ, ਬਾਸਿਤ ਅਸ਼ਰਫ਼ ਮੀਰ, ਤੌਸੀਫ ਅਹਿਮਦ ਮੱਲਾ ਸ਼ਾਮਲ ਹਨ।

ਕਸ਼ਮੀਰ ਵਿੱਚ ਪੈਲੇਟ ਗੰਨਾਂ ਦੇ ਇਸਤੇਮਾਲ ਦੀ ਆਖ਼ਰੀ ਵਿਆਪਕ ਰੂਪ ਵਿੱਚ ਰਿਪੋਰਟ ਕੀਤੀ ਘਟਨਾ 2020 ਵਿੱਚ ਸ਼੍ਰੀਨਗਰ ਵਿੱਚ ਇੱਕ ਮੁਹੱਰਮ ਜਲੂਸ ਦੌਰਾਨ ਸਾਹਮਣੇ ਆਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)