You’re viewing a text-only version of this website that uses less data. View the main version of the website including all images and videos.
ਤਾਲਿਬਾਨ ਆਖ਼ਰ ਅਫ਼ਗਾਨਿਸਤਾਨ ਨੂੰ ਕਿਵੇਂ ਚਲਾ ਰਿਹਾ ਹੈ, ਜੋ ਕਦੇ ਆਤਮਘਾਤੀ ਹਮਲਿਆਂ 'ਚ ਸ਼ਾਮਿਲ ਸਨ, ਹੁਣ ਸੱਤਾ ਵਿੱਚ ਕੀ ਕਰ ਰਹੇ ਹਨ
- ਲੇਖਕ, ਕਾਵੂਨ ਖਾਮੂਸ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
ਗਵਰਨਰ ਅਬਦੁੱਲਾ ਸਰਹਾਦੀ ਇੱਕ ਲੜਕੇ ਦੀ ਫਰੈਕਚਰ ਹੋਈ ਬਾਂਹ ਦੇ ਇਲਾਜ ਲਈ ਪੈਸੇ ਦਿੰਦੇ ਹਨ ਅਤੇ ਇੱਕ ਸਥਾਨਕ ਮਸਜਿਦ ਲਈ ਵੀ ਫੰਡ ਦਿੰਦੇ ਹਨ। ਇਸ ਤੋਂ ਬਾਅਦ ਉੱਤਰੀ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਗੱਲਬਾਤ ਹੁੰਦੀ ਹੈ।
ਇੱਕ ਨੌਜਵਾਨ ਔਰਤ ਪੱਕੀ ਦਾੜ੍ਹੀ ਵਾਲੇ ਸਾਬਕਾ ਤਾਲਿਬਾਨ ਕਮਾਂਡਰ ਨੂੰ ਕਹਿੰਦੀ ਹੈ ਕਿ ਉਹ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਹੈ। ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਕਈ ਮਹੀਨਿਆਂ ਤੋਂ ਉਸ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕਰ ਰਿਹਾ ਹੈ।
ਅਤੇ ਉਹ ਕਿਸੇ ਵੀ ਹਾਲ ਵਿੱਚ ਇਨਕਾਰ ਨਹੀਂ ਸੁਣੇਗੀ।
ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਕੁੜੀਆਂ ਨੂੰ ਸੈਕੰਡਰੀ ਸਿੱਖਿਆ ਤੋਂ ਵਾਂਝਾ ਕਰ ਦਿੱਤਾ ਗਿਆ ਹੈ, 18 ਸਾਲਾ ਇਹ ਔਰਤ ਸ਼ਾਂਤ ਰਹਿ ਕੇ ਅਤੇ ਹਿੰਮਤ ਨਾਲ ਆਪਣਾ ਪੱਖ ਰੱਖਦੀ ਹੈ। ਉਸ ਦਾ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ ਅਤੇ ਉਸ ਨੇ ਧੁੱਪ ਵਾਲੀਆਂ ਐਨਕਾਂ ਪਾਈਆਂ ਹੋਈਆਂ ਹਨ।
ਉਹ ਕਹਿੰਦੀ ਹੈ, "ਜੇ ਇਕੱਠੇ ਰਹਿਣ ਦੀ ਕੋਈ ਵੀ ਸੰਭਾਵਨਾ ਹੁੰਦੀ ਤਾਂ ਮੈਂ ਇੱਥੇ ਨਾ ਆਉਂਦੀ… ਮੈਂ ਆਪਣਾ ਫ਼ੈਸਲਾ ਕਰ ਲਿਆ ਹੈ।"
ਤਲਾਕ ਦਾ ਫੈਸਲਾ ਟਾਲਣ ਲਈ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗਵਰਨਰ ਟਿੱਪਣੀ ਕਰਦੇ ਹਨ ਕਿ ਔਰਤਾਂ "ਬੇਸਮਝ" ਅਤੇ "ਬੌਧਿਕ ਤੌਰ 'ਤੇ ਘੱਟ ਸਮਝਦਾਰ" ਹੁੰਦੀਆਂ ਹਨ। ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਮਰਦ ਅਧਿਕਾਰੀ, ਸੁਰੱਖਿਆ ਕਰਮੀ ਅਤੇ ਬਜ਼ੁਰਗ ਇਸ ਗੱਲ 'ਤੇ ਹੱਸਦੇ ਹਨ।
ਇਹ ਪਲ ਤਾਲਿਬਾਨ ਦੇ ਸ਼ਾਸਨ ਦੀਆਂ ਰੋਜ਼ਾਨਾ ਹਕੀਕਤਾਂ ਦੀ ਇੱਕ ਦੁਰਲੱਭ ਝਲਕ ਦਿੰਦਾ ਹੈ ਜਦੋਂ 2021 ਵਿੱਚ ਅਮਰੀਕਾ-ਸਮਰਥਿਤ ਸਰਕਾਰ ਨੂੰ ਹਟਾ ਕੇ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪੰਜ ਸਾਲ ਬਾਅਦ ਦੀ ਸਥਿਤੀ ਨੂੰ ਦਰਸਾਉਂਦਾ ਹੈ।
ਪੰਜ ਸਾਲਾਂ ਬਾਅਦ ਔਰਤਾਂ ਦੀ ਸਥਿਤੀ....
ਇਨ੍ਹਾਂ ਪੰਜ ਸਾਲਾਂ ਵਿੱਚ ਔਰਤਾਂ ਨੂੰ ਜ਼ਿਆਦਾਤਰ ਕੰਮਕਾਜੀ ਥਾਂਵਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ, ਯੂਨੀਵਰਸਿਟੀਆਂ ਵਿੱਚ ਜਾਣ 'ਤੇ ਪਾਬੰਦੀ ਹੈ, ਉਹ ਇਕੱਲੀਆਂ ਯਾਤਰਾ ਨਹੀਂ ਕਰ ਸਕਦੀਆਂ ਜਾਂ ਪਾਰਕਾਂ ਅਤੇ ਮਨੋਰੰਜਨ ਕੇਂਦਰਾਂ ਵਿੱਚ ਨਹੀਂ ਜਾ ਸਕਦੀਆਂ।
ਦੋ ਸਾਲਾਂ ਦੌਰਾਨ ਹੋਈਆਂ ਕਈ ਮੁਲਾਕਾਤਾਂ ਵਿੱਚ ਬੀਬੀਸੀ ਨੂੰ ਇਸ ਕੱਟੜ ਇਸਲਾਮੀ ਅੰਦੋਲਨ ਦੇ ਪ੍ਰਭਾਵਸ਼ਾਲੀ ਆਗੂਆਂ ਤੱਕ ਅਸਾਧਾਰਣ ਪਹੁੰਚ ਮਿਲੀ। ਬੀਬੀਸੀ ਨੇ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਇਆ ਜੋ ਕਦੇ ਆਤਮਘਾਤੀ ਹਮਲਿਆਂ ਦੀ ਯੋਜਨਾ ਬਣਾਉਂਦੇ ਸਨ ਜਾਂ ਸਾਲਾਂ ਤੱਕ ਗੁਪਤ ਟਿਕਾਣਿਆਂ ਵਿੱਚ ਲੁਕੇ ਰਹੇ ਸਨ, ਪਰ ਹੁਣ ਅਧਿਕਾਰੀ ਅਤੇ ਫੌਜੀ ਹਨ।
ਸੱਤਾ ਵਿੱਚ ਆਉਣ ਸਮੇਂ ਤਾਲਿਬਾਨ ਕਹਿੰਦਾ ਸੀ ਕਿ ਉਹ ਬਦਲ ਗਿਆ ਹੈ। ਪਰ ਉਸ ਦੀਆਂ ਕਈ ਨੀਤੀਆਂ ਸ਼ਰੀਅਤ-ਇਸਲਾਮੀ ਧਾਰਮਿਕ ਕਾਨੂੰਨ ਦੀ ਉਸ ਕੱਟੜ ਵਿਆਖਿਆ ਨਾਲ ਮਿਲਦੀਆਂ-ਜੁਲਦੀਆਂ ਹਨ, ਜਿਸ ਨੂੰ ਤਾਲਿਬਾਨ ਨੇ 1990 ਦੇ ਦਹਾਕੇ ਵਿੱਚ ਲਾਗੂ ਕੀਤਾ ਸੀ।
ਜਿਨ੍ਹਾਂ ਮਰਦਾਂ ਨੂੰ ਅਸੀਂ ਮਿਲੇ, ਉਹ ਆਪਣੇ ਆਪ ਨੂੰ ਤਰਕਸੰਗਤ ਦਿਖਾਉਣਾ ਚਾਹੁੰਦੇ ਸਨ, ਪਰ ਆਪਣੇ ਅਤੀਤ ਦੀ ਹਿੰਸਾ ਬਾਰੇ ਗੱਲ ਕਰਨ ਲਈ ਉਤਸੁਕ ਨਹੀਂ ਸਨ ਅਤੇ ਸਾਨੂੰ ਸ਼ਾਸਕਾਂ ਅਤੇ ਉਨ੍ਹਾਂ ਦੇ ਅਧੀਨ ਰਹਿਣ ਵਾਲੇ ਲੋਕਾਂ ਵਿਚਕਾਰ ਬੇਚੈਨੀ ਦੇ ਪਲ ਵੀ ਦੇਖਣ ਨੂੰ ਮਿਲੇ।
ਗਵਰਨਰ ਸਰਹਾਦੀ ਦਾ ਕਹਿਣਾ ਹੈ ਕਿ ਤੂਬਾ-ਇਹ ਉਸ ਦਾ ਅਸਲੀ ਨਾਮ ਨਹੀਂ ਹੈ- ਨੂੰ ਆਪਣੇ ਵਿਆਹ ਵਿੱਚ ਹੀ ਰਹਿਣਾ ਚਾਹੀਦਾ ਹੈ।
ਸਰਹਾਦੀ ਕਹਿੰਦੇ ਹਨ, "ਆਪਣੇ ਆਪ ਨੂੰ ਪੁੱਛੋ: 'ਮੇਰੇ ਤਲਾਕ ਤੋਂ ਬਾਅਦ ਮੇਰੇ ਨਾਲ ਕੌਣ ਵਿਆਹ ਕਰੇਗਾ ?' ਤੁਹਾਨੂੰ ਬਹੁਤ ਸਮਝੌਤੇ ਕਰਨੇ ਪੈਣਗੇ ਨਹੀਂ ਤਾਂ ਤੁਸੀਂ ਆਪਣੀ ਇੱਜ਼ਤ ਅਤੇ ਮਾਣ ਗੁਆ ਬੈਠੋਗੇ।"
ਤੂਬਾ ਜਵਾਬ ਦਿੰਦੀ ਹੈ, "ਗਵਰਨਰ ਸਾਬ੍ਹ, ਮੇਰੀ ਇੱਜ਼ਤ ਅਤੇ ਮਾਣ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕੇ ਹਨ।"
ਉਸ ਦਾ ਪਤੀ ਇਸ ਸਭ ਸੁਣ ਰਿਹਾ ਹੈ ਅਤੇ ਆਪਣੇ ਬੋਲਣ ਦੀ ਵਾਰੀ ਦੀ ਉਡੀਕ ਕਰ ਰਿਹਾ ਹੈ।
ਸ਼ਰੀਅਤ ਤਹਿਤ, ਜੇ ਕੋਈ ਔਰਤ ਆਪਣੇ ਪਤੀ ਤੋਂ ਤਲਾਕ ਦੀ ਮੰਗ ਕਰਦੀ ਹੈ ਤਾਂ ਉਸ ਨੂੰ ਵਿਆਹ ਵੇਲੇ ਪਤੀ ਵੱਲੋਂ ਦਿੱਤੀ ਕੁਝ ਜਾਂ ਸਾਰੀ ਰਕਮ ਵਾਪਸ ਕਰਨੀ ਪੈ ਸਕਦੀ ਹੈ। ਅਕਸਰ ਵਿੱਤੀ ਸਮਝੌਤਾ ਕੀਤਾ ਜਾਂਦਾ ਹੈ। ਪਰ ਇਸ ਔਰਤ ਦਾ ਪਤੀ ਇਸ ਰਕਮ ਤੋਂ ਚਾਰ ਗੁਣਾ ਵੱਧ ਚਾਹੁੰਦਾ ਹੈ ਜਿਸ ਨੂੰ ਔਰਤ ਦਾ ਪਰਿਵਾਰ ਦੇਣ ਤੋਂ ਇਨਕਾਰ ਕਰ ਦਿੰਦਾ ਹੈ।
ਗਵਰਨਰ ਕਹਿੰਦੇ ਹਨ ਕਿ ਔਰਤ ਨੂੰ ਆਪਣਾ ਵੱਖਰਾ ਕਮਰਾ ਦਿੱਤਾ ਜਾਣਾ ਚਾਹੀਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਅਧਿਕਾਰੀ ਉਸ ਦੇ ਪਤੀ ਨੂੰ ਚੇਤਾਵਨੀ ਦੇਣਗੇ ਕਿ ਉਹ ਉਸ ਨੂੰ ਨਾ ਕੁੱਟੇ—"ਨਹੀਂ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।"
ਇਸ ਤੋਂ ਸੰਤੁਸ਼ਟ ਨਾ ਹੋਣ 'ਤੇ ਤੂਬਾ ਦੇ ਪਿਤਾ ਬਾਅਦ ਵਿੱਚ ਬੀਬੀਸੀ ਨੂੰ ਦੱਸਦੇ ਹਨ ਕਿ ਪਰਿਵਾਰ ਅਦਾਲਤ ਰਾਹੀਂ ਤਲਾਕ ਲਈ ਕੋਸ਼ਿਸ਼ ਕਰੇਗਾ। ਹਾਲਾਂਕਿ ਤਾਲਿਬਾਨ ਦੀ ਅਦਾਲਤੀ ਪ੍ਰਣਾਲੀ ਤਹਿਤ ਪਤੀ ਦੀ ਸਹਿਮਤੀ ਤੋਂ ਬਿਨਾਂ ਕਿਸੇ ਔਰਤ ਲਈ ਤਲਾਕ ਲੈਣਾ ਬਹੁਤ ਮੁਸ਼ਕਿਲ ਹੈ।
ਸਮਾਰਟਫੋਨ ਨੂੰ ਲੈ ਕੇ ਪਾਬੰਦੀਆਂ....
ਸਰਹਾਦੀ 1990 ਦੇ ਦਹਾਕੇ ਵਿੱਚ ਤਾਲਿਬਾਨ ਦੇ ਪਹਿਲੇ ਸ਼ਾਸਨ ਦੌਰਾਨ ਇੱਕ ਫੌਜੀ ਕਮਾਂਡਰ ਸਨ। ਉਹ ਉਨ੍ਹਾਂ ਹਜ਼ਾਰਾਂ ਬਾਗ਼ੀਆਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ 2001 ਦੇ ਅਖੀਰ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਵੱਲੋਂ ਤਾਲਿਬਾਨ ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਸਰੰਡਰ ਕੀਤਾ ਸੀ।
ਉਨ੍ਹਾਂ ਨੂੰ ਕਈ ਸਾਲਾਂ ਤੱਕ ਅਮਰੀਕਾ ਦੇ ਗੁਆਂਤਾਨਾਮੋ ਬੇਅ ਵਿੱਚ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
ਜਦੋਂ ਤਾਲਿਬਾਨ ਮੁੜ ਸੱਤਾ ਵਿੱਚ ਆਇਆ ਤਾਂ ਉਹ ਗਵਰਨਰ ਬਣੇ-ਪਹਿਲਾਂ ਬਾਮਿਆਨ ਸੂਬੇ ਵਿੱਚ ਅਤੇ ਫਿਰ, ਜਦੋਂ ਅਸੀਂ ਜੂਨ ਦੇ ਅਖੀਰ ਵਿੱਚ ਉਨ੍ਹਾਂ ਨੂੰ ਮਿਲੇ, ਜੌਜ਼ਜਾਨ ਸੂਬੇ ਦੇ ਸ਼ੇਬਰਘਾਨ ਸ਼ਹਿਰ ਵਿੱਚ। ਹਾਲ ਹੀ ਵਿੱਚ ਉਹ ਉੱਤਰੀ ਸੂਬੇ ਕੁੰਦੂਜ਼ ਵਿੱਚ ਇੱਕ ਫੌਜੀ ਟੁੱਕੜੀ ਦੇ ਡਿਪਟੀ ਕਮਾਂਡਰ ਬਣੇ ਹਨ।
ਇੱਕ ਪੁਰਾਣੇ ਕਿਸਮ ਦੇ ਛੋਟੀ ਸਕ੍ਰੀਨ ਵਾਲੇ ਮੋਬਾਈਲ 'ਤੇ ਟੈਪ ਕਰਦਿਆਂ ਉਹ ਕਹਿੰਦੇ ਹਨ ਕਿ ਹਾਲ ਹੀ ਵਿੱਚ ਅਧਿਕਾਰੀਆਂ ਲਈ ਸਮਾਰਟਫੋਨ 'ਤੇ ਪਾਬੰਦੀ ਲਾਗੂ ਹੋਣ ਕਾਰਨ ਕੰਮ ਹੌਲੀ ਹੋ ਗਿਆ ਹੈ।
ਉਹ ਕਹਿੰਦੇ ਹਨ, "ਪਹਿਲਾਂ ਤੁਸੀਂ ਤੁਰੰਤ ਮੈਸੇਜ ਭੇਜ ਸਕਦੇ ਸੀ… ਦਸਤਾਵੇਜ਼ ਭੇਜ ਸਕਦੇ ਸੀ ਅਤੇ ਜਲਦੀ ਜਵਾਬ ਮਿਲ ਜਾਂਦਾ ਸੀ।"
ਉਹ ਅੱਗੇ ਕਹਿੰਦੇ ਹਨ ਕਿ ਜੇ ਉਹ ਪਾਬੰਦੀ ਬਾਰੇ ਹੋਰ ਕੁਝ ਬੋਲਦੇ ਹਨ ਤਾਂ "ਮੁਸੀਬਤ ਪੈਦਾ ਹੋ ਜਾਵੇਗੀ।"
ਪਰ ਹੋਰ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਸੋਚ 25 ਸਾਲ ਪਹਿਲਾਂ ਵਾਲੇ ਤਾਲਿਬਾਨ ਦੇ ਸਟੈਂਡ ਤੋਂ ਬਹੁਤੀ ਵੱਖਰੀ ਨਹੀਂ ਲੱਗਦੀ।
ਉਸ ਸਮੇਂ ਉਹ ਬਾਮਿਆਨ ਵਿੱਚ ਫੌਜੀ ਕਮਾਂਡਰ ਸਨ, ਜਿੱਥੇ ਤਾਲਿਬਾਨ ਨੇ ਪ੍ਰਾਚੀਨ ਵਿਸ਼ਾਲ ਬੁੱਧ ਦੀਆਂ ਮੂਰਤੀਆਂ ਨੂੰ ਧਮਾਕਿਆਂ ਨਾਲ ਉਡਾ ਦਿੱਤਾ ਸੀ। ਇਸ ਘਟਨਾ ਨੇ ਦੁਨੀਆ ਭਰ ਵਿੱਚ ਹੈਰਾਨੀ ਅਤੇ ਨਿੰਦਾ ਪੈਦਾ ਕੀਤੀ ਸੀ।
ਉਹ ਪਹਿਲਾਂ ਪੁਰਾਤੱਤਵ ਸਥਾਨ ਬਾਰੇ ਸਾਡੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਆਖ਼ਿਰਕਾਰ ਕਹਿੰਦੇ ਹਨ, "ਮੈਂ ਇਸ ਨੂੰ ਆਪਣੇ ਹੱਥਾਂ ਨਾਲ ਤਬਾਹ ਕੀਤਾ ਸੀ।"
ਉਹ ਕਹਿੰਦੇ ਹਨ, "ਅਸੀਂ ਜੋ ਕੁਝ ਕੀਤਾ ਅਤੇ ਜੋ ਕਰਦੇ ਹਾਂ, ਉਹ ਮਾਰਗਦਰਸ਼ਨ ਅਤੇ ਰੱਬ ਦੇ ਕਾਨੂੰਨ ਦੇ ਅਨੁਸਾਰ ਹੈ… ਅਸੀਂ ਮੂਰਤੀਆਂ ਨੂੰ ਵੇਚਣ ਦੀ ਬਜਾਏ ਤੋੜ ਦਿੰਦੇ ਹਾਂ। ਮੈਨੂੰ ਪਛਤਾਵਾ ਕਿਉਂ ਹੋਣਾ ਚਾਹੀਦਾ ਹੈ ? ਇਹ ਰੱਬ ਦੀ ਮਰਜ਼ੀ ਸੀ।"
ਕਦੇ ਆਤਮਘਾਤੀ ਹਮਲਿਆਂ 'ਚ ਸ਼ਾਮਿਲ ਸਨ, ਹੁਣ ਸੱਤਾ ਵਿੱਚ...
ਰਾਜਧਾਨੀ ਕਾਬੁਲ ਵਿੱਚ ਅਸੀਂ ਤਾਲਿਬਾਨ ਦੇ ਇੱਕ ਹੋਰ ਸੀਨੀਅਰ ਆਗੂ ਨੂੰ ਮਿਲਦੇ ਹਾਂ, ਜਿਸ ਨੇ ਹਿੰਸਕ ਅਤੀਤ ਤੋਂ ਨਿਕਲ ਕੇ ਮੌਜੂਦਾ ਸਰਕਾਰ ਵਿੱਚ ਭੂਮਿਕਾ ਸੰਭਾਲੀ ਹੈ।
ਹਬੀਬੁੱਲਾਹ ਬਦਰ ਸਾਨੂੰ ਇੱਕ ਬਖ਼ਤਰਬੰਦ ਗੱਡੀ ਵਿੱਚ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਾਉਂਦੇ ਹਨ।
ਉਹ ਦੱਸਦੇ ਹਨ ਕਿ ਪਹਿਲਾਂ ਉਹ "ਕਾਬੁਲ ਵਿੱਚ ਆਤਮਘਾਤੀ ਹਮਲਿਆਂ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ" ਸਨ।
ਉਹ ਕਹਿੰਦੇ ਹਨ, "ਮੈਂ ਸਾਰੀਆਂ ਸੜਕਾਂ ਅਤੇ ਗਲੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ… ਸਾਡੇ ਕੋਲ ਕਾਬੁਲ ਅਤੇ ਇਸ ਦੀਆਂ ਗਲੀਆਂ ਬਾਰੇ ਲੋੜੀਂਦੀ ਸਾਰੀ ਜਾਣਕਾਰੀ ਹੁੰਦੀ ਸੀ। ਕੁਝ ਇਲਾਕੇ ਅਜਿਹੇ ਸਨ, ਜਿਨ੍ਹਾਂ ਲਈ ਯੋਜਨਾ ਬਣਾਉਣ ਵਿੱਚ ਲੰਮਾ ਸਮਾਂ ਲੱਗਦਾ ਸੀ।"
ਤਾਲਿਬਾਨ ਦੇ ਆਤਮਘਾਤੀ ਹਮਲਿਆਂ ਵਿੱਚ ਅਫ਼ਗਾਨਿਸਤਾਨ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਕਈ ਆਮ ਨਾਗਰਿਕ ਸ਼ਾਮਿਲ ਸਨ।
ਬਦਰ ਆਪਣੇ ਅਤੀਤ ਬਾਰੇ ਗੱਲ ਕਰਨ ਤੋਂ ਬਚਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ "ਲੋਕ ਪਰੇਸ਼ਾਨ ਹੋ ਸਕਦੇ ਹਨ" ਅਤੇ "ਪੁਰਾਣੇ ਜ਼ਖ਼ਮ ਮੁੜ ਅੱਲ੍ਹੇ ਹੋ ਸਕਦੇ ਹਨ।"
ਜਦੋਂ ਉਨ੍ਹਾਂ ਨੂੰ ਨਾਗਰਿਕਾਂ ਦੀਆਂ ਮੌਤਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਤਾਲਿਬਾਨ ਦਾ ਨਿਸ਼ਾਨਾ ਅਮਰੀਕੀ ਕਾਫ਼ਲੇ ਹੁੰਦੇ ਸਨ ਅਤੇ ਨਾਗਰਿਕਾਂ ਨੂੰ ਵਿਦੇਸ਼ੀ ਫੌਜੀ ਟਿਕਾਣਿਆਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਸੀ।
ਜਦੋਂ ਵੀ ਮੈਂ ਉਨ੍ਹਾਂ ਤੋਂ ਨਾਗਰਿਕ ਇਲਾਕਿਆਂ ਵਿੱਚ ਹੋਏ ਖ਼ਾਸ ਹਮਲਿਆਂ ਬਾਰੇ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ, ਉਹ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਬਚਦੇ ਹਨ।
ਇਸ ਸਮੇਂ ਉਹ ਡਾਕਟਰੀ ਇਲਾਜ ਲਈ ਸਰਕਾਰੀ ਜ਼ਿੰਮੇਵਾਰੀਆਂ ਤੋਂ ਕੁਝ ਸਮੇਂ ਲਈ ਦੂਰ ਹਨ। ਪਰ ਇਸ ਤੋਂ ਪਹਿਲਾਂ ਉਹ ਪੂਰੇ ਦੇਸ਼ ਦੀਆਂ ਜੇਲ੍ਹਾਂ ਦੇ ਡਿਪਟੀ ਮੁਖੀ ਰਹਿ ਚੁੱਕੇ ਹਨ ਅਤੇ ਉਹ ਜੇਲ੍ਹ ਵੀ ਚਲਾਉਂਦੇ ਸਨ, ਜਿੱਥੇ ਪਿਛਲੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਖ਼ੁਦ ਮੌਤ ਦੀ ਸਜ਼ਾ ਦੀ ਉਡੀਕ ਕਰਦਿਆਂ ਕੈਦ ਰੱਖਿਆ ਗਿਆ ਸੀ।
ਸਵਾਲ ਪੁੱਛਣ ਵਾਲੇ ਚੁੱਪ ਕਰਵਾ ਦਿੱਤੇ ਜਾਂਦੇ...
ਬਦਰ ਸਾਨੂੰ ਇੱਕ ਕਬਾਇਲੀ ਇਕੱਠ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਨ, ਜਿੱਥੇ ਇੱਕ ਚੈਰਿਟੇਬਲ ਫਾਊਂਡੇਸ਼ਨ ਦੇ ਮੁਖੀ ਵੱਲੋਂ ਉਨ੍ਹਾਂ ਨੂੰ ਤਮਗ਼ੇ ਨਾਲ ਸਨਮਾਨਿਤ ਕੀਤਾ ਜਾਣਾ ਹੈ। ਪਰ ਉੱਥੇ ਘਟਨਾਵਾਂ ਅਚਾਨਕ ਇੱਕ ਹੋਰ ਮੋੜ ਲੈ ਲੈਂਦੀਆਂ ਹਨ।
ਸੁਲਤਾਨ ਮੁਹੰਮਦ ਤਲਾਈ ਕਹਿੰਦੇ ਹਨ, "ਸ੍ਰੀ ਬਦਰ ਅਫ਼ਗਾਨਿਸਤਾਨ ਦਾ ਮਾਣ ਅਤੇ ਇੱਕ ਮਹਾਨ ਯੋਧੇ ਹਨ। ਪਰ ਮੇਰੀ ਇੱਕ ਸ਼ਿਕਾਇਤ ਵੀ ਹੈ। ਜੇ ਸਕੂਲ ਅਤੇ ਸਿੱਖਿਆ ਸਾਰਿਆਂ ਲਈ ਖੋਲ੍ਹ ਦਿੱਤੇ ਜਾਣ ਤਾਂ ਇਹ ਅਫ਼ਗਾਨਿਸਤਾਨ ਲਈ ਬਹੁਤ ਵੱਡਾ ਕੰਮ ਹੋਵੇਗਾ। ਮੈਨੂੰ ਉਮੀਦ ਹੈ ਕਿ ਮੇਰੀ ਇਹ ਗੱਲ ਤੁਹਾਨੂੰ ਬੁਰੀ ਨਹੀਂ ਲੱਗੇਗੀ।"
ਇਸ ਤੋਂ ਬਾਅਦ ਅਜੀਬ ਜਿਹੀ ਖ਼ਾਮੋਸ਼ੀ ਛਾ ਜਾਂਦੀ ਹੈ। ਉੱਥੇ ਮੌਜੂਦ ਲੋਕ ਸਮਝ ਨਹੀਂ ਪਾਉਂਦੇ ਕਿ ਕਿਵੇਂ ਪ੍ਰਤੀਕਿਰਿਆ ਦੇਣੀ ਹੈ। ਤਲਾਈ ਦਾ ਮਾਈਕ ਤੁਰੰਤ ਹਟਾ ਦਿੱਤਾ ਜਾਂਦਾ ਹੈ।
ਬਾਅਦ ਵਿੱਚ ਉਹ ਬੀਬੀਸੀ ਨੂੰ ਦੱਸਦੇ ਹਨ, "ਮੈਂ ਕੁੜੀਆਂ ਦੇ ਸਕੂਲ ਮੁੜ ਖੋਲ੍ਹਣ ਦੀ ਬੇਨਤੀ ਕੀਤੀ ਸੀ… ਇਸਲਾਮ ਵਿੱਚ ਤਾਲੀਮ ਹਾਸਲ ਕਰਨਾ ਮਰਦਾਂ ਅਤੇ ਔਰਤਾਂ ਦੋਹਾਂ ਲਈ ਫ਼ਰਜ਼ ਹੈ।"
ਉਹ ਅੱਗੇ ਕਹਿੰਦੇ ਹਨ, "ਹੋਰ ਵੀ ਕਈ ਗੱਲਾਂ ਸਨ ਜੋ ਮੈਂ ਕਹਿਣਾ ਚਾਹੁੰਦਾ ਸੀ, ਪਰ ਉਨ੍ਹਾਂ ਨੇ ਮੈਨੂੰ ਹੋਰ ਬੋਲਣ ਨਹੀਂ ਦਿੱਤਾ।"
ਅਕਸਰ ਜੋ ਲੋਕ ਖੁੱਲ੍ਹ ਕੇ ਆਪਣੀ ਗੱਲ ਰੱਖਦੇ ਹਨ, ਉਨ੍ਹਾਂ ਨੂੰ ਇਸ ਤੋਂ ਵੀ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ।
ਔਰਤਾਂ ਨੇ ਸਾਨੂੰ ਦੱਸਿਆ ਕਿ ਸਿੱਖਿਆ 'ਤੇ ਲਾਈਆਂ ਪਾਬੰਦੀਆਂ ਕਾਰਨ ਆਪਣੇ ਸੁਪਨੇ ਟੁੱਟਦੇ ਦੇਖ ਕੇ ਉਹ ਡੂੰਘੀ ਨਿਰਾਸ਼ਾ ਮਹਿਸੂਸ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਕੁਝ ਸਹੇਲੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ 'ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਜ਼ਿਆਦਾਤਰ ਪੱਤਰਕਾਰਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਦੀ ਖੁਫ਼ੀਆ ਸੰਸਥਾ ਇਸਤਿਖ਼ਬਾਰਾਤ ਨੇ ਉਨ੍ਹਾਂ ਨੂੰ ਤਲਬ ਕੀਤਾ ਜਾਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ।
ਸੱਤਾ ਵਿੱਚ ਆਉਣ 'ਤੇ ਕੀਤੇ ਗਏ ਵਾਅਦੇ ਅਧੂਰੇ ਕਿਉਂ ?
ਬੀਬੀਸੀ ਨੇ ਇਨ੍ਹਾਂ ਵਿੱਚੋਂ ਕੁਝ ਚਿੰਤਾਵਾਂ ਤਾਲਿਬਾਨ ਸਰਕਾਰ ਦੇ ਬੁਲਾਰੇ, ਜਿਨ੍ਹਾਂ ਨੂੰ ਜ਼ਬੀਹੁੱਲਾਹ ਮੁਜਾਹਿਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਸਾਹਮਣੇ ਰੱਖੀਆਂ।
ਉਹ 2021 ਤੋਂ ਤਾਲਿਬਾਨ ਸਰਕਾਰ ਦਾ ਜਨਤਕ ਚਿਹਰਾ ਰਹੇ ਹਨ। ਉਹ ਅਜੇ ਵੀ ਉਹੀ ਉਪਨਾਮ ਵਰਤਦੇ ਹਨ, ਜਿਸ ਨਾਲ ਉਹ ਬਗ਼ਾਵਤ ਦੌਰਾਨ ਸਾਲਾਂ ਤੱਕ ਜਾਣੇ ਜਾਂਦੇ ਰਹੇ। ਪਰ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦਾ ਅਸਲੀ ਨਾਮ ਤਾਹਿਰ ਸ਼ਾਹ ਸਿੱਦੀਕੀ ਹੈ ਅਤੇ ਉਨ੍ਹਾਂ ਵੱਲੋਂ ਇਹ ਪਹਿਲੀ ਵਾਰ ਜਨਤਕ ਕੀਤਾ ਗਿਆ ਹੈ।
ਪਿਛਲੀ ਸਰਕਾਰ ਲਈ ਅਮਰੀਕੀਆਂ ਵੱਲੋਂ ਬਣਾਏ ਗਏ ਇੱਕ ਸ਼ਾਨਦਾਰ ਪ੍ਰੈੱਸ ਸੈਂਟਰ ਵਿੱਚ ਅਸੀਂ ਉਨ੍ਹਾਂ ਨੂੰ ਉਸ ਪਹਿਲੀ ਪ੍ਰੈੱਸ ਕਾਨਫਰੰਸ ਬਾਰੇ ਪੁੱਛਦੇ ਹਾਂ, ਜੋ ਉਨ੍ਹਾਂ ਨੇ ਤਾਲਿਬਾਨ ਵੱਲੋਂ ਦੇਸ਼ 'ਤੇ ਕਬਜ਼ਾ ਕਰਨ ਤੋਂ ਦੋ ਦਿਨ ਬਾਅਦ ਇੱਥੇ ਕੀਤੀ ਸੀ।
ਉਸ ਸਮੇਂ ਉਨ੍ਹਾਂ ਨੇ ਦੁਨੀਆ ਨੂੰ ਕਿਹਾ ਸੀ ਕਿ ਤਾਲਿਬਾਨ ਸਰਕਾਰ ਔਰਤਾਂ ਨੂੰ "ਸਾਡੇ ਢਾਂਚੇ ਦੇ ਅੰਦਰ" ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਦੇਵੇਗੀ ਅਤੇ ਉਹ ਸਮਾਜ ਵਿੱਚ "ਬਹੁਤ ਸਰਗਰਮ" ਰਹਿਣਗੀਆਂ। ਫਿਰ ਉਹ ਆਪਣਾ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਕਿਉਂ ਰਹੇ ?
ਉਹ ਜਵਾਬ ਦਿੰਦੇ ਹਨ, "ਅਸੀਂ ਸ਼ਰੀਅਤ ਦੇ ਤਹਿਤ ਔਰਤਾਂ ਦੇ ਅਧਿਕਾਰਾਂ, ਬੋਲਣ ਦੀ ਆਜ਼ਾਦੀ ਅਤੇ ਹੋਰ ਸਾਰੀਆਂ ਚੀਜ਼ਾਂ ਲਈ ਵਚਨਬੱਧ ਹਾਂ। ਸਾਨੂੰ ਹਰ ਚੀਜ਼ ਨੂੰ ਸ਼ਰੀਅਤ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ।"
ਉਹ ਅੱਗੇ ਕਹਿੰਦੇ ਹਨ ਕਿ ਔਰਤਾਂ ਨੂੰ ਦਫ਼ਤਰ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ, ਜਿਵੇਂ ਉਨ੍ਹਾਂ ਦੇ ਆਪਣੇ ਦਫ਼ਤਰ ਵਿੱਚ, "ਅਨੈਤਿਕਤਾ ਪੈਦਾ ਹੋਵੇਗੀ" ਅਤੇ "ਉਨ੍ਹਾਂ ਦੀ ਇੱਜ਼ਤ ਘਟੇਗੀ।"
ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਸਿੱਖਿਆ ਦਾ ਮੁੱਦਾ "ਵਿਚਾਰ-ਵਟਾਂਦਰੇ ਅਧੀਨ ਹੈ… ਸਾਨੂੰ ਇਸ ਲਈ ਸ਼ਰੀਅਤ 'ਤੇ ਆਧਾਰਿਤ ਹੱਲ ਦੀ ਲੋੜ ਹੈ।"
ਜਦੋਂ ਤਾਲਿਬਾਨ ਵੱਲੋਂ ਮੀਡੀਆ ਦੀ ਆਜ਼ਾਦੀ 'ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ, "ਅਫ਼ਗਾਨਿਸਤਾਨ ਵਰਗੇ ਸਮਾਜ ਵਿੱਚ ਸਾਡੀਆਂ ਕੁਝ ਪਾਬੰਦੀਆਂ ਹਨ। ਅਸੀਂ ਮੀਡੀਆ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ… ਉਹ ਇਸਲਾਮੀ ਕਾਨੂੰਨਾਂ ਅਤੇ ਰੀਤੀ-ਰਿਵਾਜਾਂ ਦੇ ਖ਼ਿਲਾਫ਼ ਪ੍ਰਸਾਰਣ ਨਹੀਂ ਕਰ ਸਕਦੇ।"
ਤਾਲਿਬਾਨ ਸਰਕਾਰ ਕਾਬੁਲ ਵਿੱਚ ਬੈਠੀ ਹੈ, ਪਰ ਮੁਜਾਹਿਦ ਦੱਖਣੀ ਸ਼ਹਿਰ ਕੰਧਾਰ ਵਿੱਚ ਕਾਫ਼ੀ ਸਮਾਂ ਬਿਤਾਉਂਦੇ ਹਨ। ਕੰਧਾਰ ਤਾਲਿਬਾਨ ਦਾ ਗੜ੍ਹ ਹੈ ਅਤੇ ਹੁਣ ਕੁਝ ਲੋਕ ਇਸ ਨੂੰ ਤਾਲਿਬਾਨ ਦੀ ਅਸਲ ਰਾਜਧਾਨੀ ਵੀ ਮੰਨਦੇ ਹਨ।
ਅਸੀਂ ਤਾਲਿਬਾਨ ਦੇ ਸਰਵਉੱਚ ਆਗੂ ਹਿਬਤੁੱਲਾਹ ਅਖੁੰਦਜ਼ਾਦਾ ਨਾਲ ਮਿਲਣ ਦੀ ਬੇਨਤੀ ਕਰਦੇ ਹਾਂ, ਜੋ ਇੱਥੇ ਰਹਿੰਦੇ ਹਨ। ਉਹ ਜਨਤਕ ਤੌਰ 'ਤੇ ਬਹੁਤ ਘੱਟ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਮੀਡੀਆ ਸੰਸਥਾ ਨੂੰ ਇੰਟਰਵਿਊ ਨਹੀਂ ਦਿੱਤਾ। ਸਾਨੂੰ ਦੱਸਿਆ ਜਾਂਦਾ ਹੈ ਕਿ ਫਿਲਹਾਲ ਉਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੈ।
ਅਜੇ ਵੀ ਕਈ ਇਲਾਕੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ....
ਦੋ ਸਾਲ ਪਹਿਲਾਂ ਮੇਰੀ ਇੱਥੋਂ ਦੀ ਯਾਤਰਾ ਦੇ ਮੁਕਾਬਲੇ ਹੁਣ ਕੰਧਾਰ ਵਿੱਚ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ। ਹੁਣ ਮਰਦਾਂ ਲਈ ਦਾੜ੍ਹੀ ਰੱਖਣਾ ਲਾਜ਼ਮੀ ਹੈ। ਰੇਡੀਓ ਸਟੇਸ਼ਨਾਂ ਨੂੰ ਸੰਗੀਤ ਚਲਾਉਣ ਜਾਂ ਔਰਤਾਂ ਦੀਆਂ ਆਵਾਜ਼ਾਂ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਸਾਨੂੰ ਸ਼ਹਿਰ ਵਿੱਚ ਵੀਡੀਓਗ੍ਰਾਫੀ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ।
ਧੂੜ ਭਰੀਆਂ ਸੜਕਾਂ 'ਤੇ ਦੋ ਘੰਟੇ ਦੇ ਸਫ਼ਰ ਤੋਂ ਬਾਅਦ ਤਾਲਿਬਾਨ ਦੇ ਕੁਝ ਸਭ ਤੋਂ ਸਮਰਪਿਤ ਸਾਬਕਾ ਲੜਾਕਿਆਂ ਨੇ ਬੀਬੀਸੀ ਨੂੰ ਬਾਗ਼ੀਆਂ ਦਾ ਪੁਰਾਣੇ ਖੂਫੀਆ ਗੁਫ਼ਾ ਨੈੱਟਵਰਕ ਦਿਖਾਇਆ।
ਅਬਿਦ ਲਲਾਈ, ਜੋ ਪਹਿਲਾਂ ਤਾਲਿਬਾਨ ਦਾ ਲੜਾਕਾ ਸੀ ਅਤੇ ਹੁਣ ਗ੍ਰਹਿ ਮੰਤਰਾਲੇ ਦੇ ਅਧੀਨ ਸੁਰੱਖਿਆ ਬਲ ਦੇ ਹਿੱਸੇ ਵਜੋਂ ਇੱਕ ਚੈੱਕਪੋਸਟ 'ਤੇ ਤਾਇਨਾਤ ਹੈ, ਸਾਨੂੰ ਉਹ ਸੁਰਾਖ਼ ਦਿਖਾਉਂਦਾ ਹੈ ਜਿੱਥੋਂ ਉਸ ਨੇ ਗੋਲੀਆਂ ਚਲਾਈਆਂ ਸਨ ਅਤੇ ਉਹ ਥਾਵਾਂ ਵੀ ਦਿਖਾਉਂਦਾ ਹੈ ਜਿੱਥੇ ਉਹ ਆਪਣੀ ਕੁਰਾਨ ਰੱਖਦਾ ਅਤੇ ਏਕੇ-47 ਰਾਈਫ਼ਲਾਂ ਟੰਗਦਾ ਸੀ।
ਉਸ ਦਾ ਅਧਿਕਾਰੀ ਅਬਦੁਲ ਸਮਾਦ ਸਾਨੂੰ ਇੱਕ ਬਿਨਾਂ ਨਿਸ਼ਾਨ ਵਾਲਾ ਕਬਰਿਸਤਾਨ ਦਿਖਾਉਂਦਾ ਹੈ ਅਤੇ ਦੱਸਦਾ ਹੈ ਕਿ ਉਸ ਦਾ ਪਿਤਾ ਵੀ ਇੱਥੇ ਦਫ਼ਨ ਹੈ, ਜੋ ਤਾਲਿਬਾਨ ਲਈ ਲੜਦਿਆਂ ਮਾਰਿਆ ਗਿਆ ਸੀ।
ਇਹ ਇਲਾਕਾ ਉਸ ਦੇਸ਼ ਦੇ ਸਭ ਤੋਂ ਗਰੀਬ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੇ ਸੰਯੁਕਤ ਰਾਸ਼ਟਰ ਦੇ ਮੁਤਾਬਕ ਹਰ ਚਾਰ ਵਿੱਚੋਂ ਤਿੰਨ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ ਹਨ।
ਸਮਾਦ ਕਹਿੰਦਾ ਹੈ ਕਿ ਸਥਾਨਕ ਲੋਕਾਂ ਨੂੰ ਪਾਣੀ, ਸੜਕਾਂ ਅਤੇ ਸਿਹਤ ਕੇਂਦਰਾਂ ਦੀ ਬਹੁਤ ਜ਼ਿਆਦਾ ਲੋੜ ਹੈ।
ਸਮਾਦ ਕਹਿੰਦਾ ਹੈ, "ਅਮੀਰਾਤ (ਤਾਲਿਬਾਨ) ਦੇ ਅਧਿਕਾਰੀ ਸਾਨੂੰ ਭੁੱਲੇ ਨਹੀਂ ਹਨ।"
ਉਹ ਕਹਿੰਦਾ ਹੈ ਕਿ ਆਗੂ ਸ਼ਾਇਦ ਹੋਰ ਤਰਜੀਹਾਂ ਵਿੱਚ ਰੁੱਝੇ ਹੋਏ ਹਨ। "ਸਾਨੂੰ ਉਮੀਦ ਹੈ ਕਿ ਕਿਸੇ ਸਮੇਂ ਉਹ ਸਾਡੇ ਵੱਲ ਗੌਰ ਕਰਨਗੇ।"
"ਤਾਲਿਬਾਨ ਹੀ ਅਸਲ ਸਮੱਸਿਆ"
ਤਾਲਿਬਾਨ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਪੰਜ ਸਾਲ ਬਾਅਦ ਵੀ ਗਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਅਸਥਿਰਤਾ ਗੰਭੀਰ ਚਿੰਤਾਵਾਂ ਬਣੀਆਂ ਹੋਈਆਂ ਹਨ।
ਜਿਨ੍ਹਾਂ ਤਾਲਿਬਾਨ ਆਗੂਆਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਨ। ਪਰ ਅਸੀਂ ਅਜਿਹੇ ਹੋਰ ਲੋਕਾਂ ਨਾਲ ਵੀ ਮਿਲੇ ਜੋ ਮੰਨਦੇ ਹਨ ਕਿ ਤਾਲਿਬਾਨ ਖ਼ੁਦ ਹੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ।
ਹੋਦਾ- ਇਹ ਅਸਲੀ ਨਾਮ ਨਹੀਂ ਹੈ—ਇੱਕ ਔਰਤ ਹਨ, ਜਿਨ੍ਹਾਂ ਨੇ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਸਮੇਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਸੀ। ਉਹ ਕਹਿੰਦੇ ਹਨ "ਮੈਂ ਇਹ ਸੋਚ ਕੇ ਹੈਰਾਨ ਹੁੰਦੀ ਹਾਂ ਕਿ ਜਿਸ ਸੰਗਠਨ ਨੂੰ ਜ਼ਿੰਦਗੀ ਬਾਰੇ ਕੋਈ ਸਮਝ ਨਹੀਂ, ਉਹ ਅਚਾਨਕ ਸੱਤਾ ਵਿੱਚ ਆ ਗਿਆ ਹੈ।"
ਉਹ ਬੀਬੀਸੀ ਨੂੰ ਕਹਿੰਦੇ ਹਨ, "ਔਰਤਾਂ ਇਸ ਸਥਿਤੀ ਨੂੰ ਸਵੀਕਾਰ ਨਹੀਂ ਕਰ ਸਕਦੀਆਂ। ਉਹ ਪਾਬੰਦੀਆਂ ਵਧਾ ਸਕਦੇ ਹਨ, ਪਰ ਇਹ ਹਮੇਸ਼ਾ ਇਸੇ ਤਰ੍ਹਾਂ ਨਹੀਂ ਰਹੇਗਾ।"
ਉਹ ਅੱਗੇ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਤਾਲਿਬਾਨ ਪੜ੍ਹੀਆਂ-ਲਿਖੀਆਂ ਔਰਤਾਂ ਤੋਂ ਡਰਦਾ ਹੈ। ਇਸੇ ਲਈ ਉਹ ਔਰਤਾਂ 'ਤੇ ਪਾਬੰਦੀਆਂ ਲਗਾਉਂਦੇ ਹਨ। ਉਹ ਅਜਿਹੀਆਂ ਔਰਤਾਂ ਚਾਹੁੰਦੇ ਹਨ ਜੋ ਪੜ੍ਹੀਆਂ-ਲਿਖੀਆਂ ਨਾ ਹੋਣ, ਤਾਂ ਜੋ ਉਹ ਸਮਝਦਾਰ ਮਰਦਾਂ ਦੀ ਪਰਵਰਿਸ਼ ਨਾ ਕਰ ਸਕਣ। ਕਿਉਂਕਿ ਇਹੀ ਚੀਜ਼ ਤਾਲਿਬਾਨ ਦਾ ਅੰਤ ਕਰ ਦੇਵੇਗੀ।"
ਸਹਾਇਕ ਰਿਪੋਰਟਿੰਗ: ਹਾਫ਼ਿਜ਼ੁੱਲਾਹ ਮਾਰੂਫ਼
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ