'ਸਾਨੂੰ ਸਰਕਾਰ ਤੋਂ ਹਮਦਰਦੀ ਨਹੀਂ, ਆਪਣਾ ਹੱਕ ਚਾਹੀਦਾ ਹੈ': ਰਾਂਚੀ 'ਚ ਵਿਦਿਆਰਥੀਆਂ ਦੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਹੋ ਰਹੀ ਹੈ

ਝਾਰਖੰਡ ਵਿੱਚ ਵਿਦਿਆਰਥੀ 25 ਜੁਲਾਈ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ

ਤਸਵੀਰ ਸਰੋਤ, Mohammad Sartaj Alam

ਤਸਵੀਰ ਕੈਪਸ਼ਨ, ਝਾਰਖੰਡ ਵਿੱਚ ਵਿਦਿਆਰਥੀ 25 ਜੁਲਾਈ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ
    • ਲੇਖਕ, ਸੀਟੂ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

"ਸਰਕਾਰ ਨੇ ਪੇਪਰ ਹੀ ਲੀਕ ਕਰਵਾਉਣਾ ਹੈ ਤਾਂ ਇਸ ਦਾ ਵੀ ਨੋਟੀਫਿਕੇਸ਼ਨ ਜਾਰੀ ਕਰ ਦੇਵੇ।"

"ਸਰਕਾਰ ਇਸੇ ਤਰ੍ਹਾਂ ਧਾਂਧਲੀ ਕਰਵਾਉਂਦੀ ਰਹੀ ਤਾਂ ਗਰੀਬ ਦੇ ਬੱਚੇ ਪੜ੍ਹ ਕੇ ਕੀ ਕਰਨਗੇ?"

ਝਾਰਖੰਡ ਦੀ ਰਾਜਧਾਨੀ ਰਾਂਚੀ ਦਾ ਜੈਪਾਲ ਸਿੰਘ ਮੁੰਡਾ ਸਟੇਡੀਅਮ ਅੱਜਕੱਲ੍ਹ ਹਰ ਉਮਰ ਦੇ ਲੋਕਾਂ ਨਾਲ ਭਰਿਆ ਰਹਿੰਦਾ ਹੈ।

ਕਾਲਜ ਯੂਨੀਫਾਰਮ ਪਹਿਨੇ ਨੌਜਵਾਨ, ਸਕੂਲ ਜਾਣ ਵਾਲੇ ਬੱਚੇ, ਕੁਝ ਬਜ਼ੁਰਗ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਕਈ ਪਤੀ-ਪਤਨੀ ਆਪਣੇ ਜਵਾਨ ਹੋ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਚਿੰਤਾ ਵਿੱਚ ਇੱਥੇ ਰੋਜ਼ਾਨਾ ਆਉਂਦੇ ਹਨ।

ਜੈਪਾਲ ਸਿੰਘ ਮੁੰਡਾ ਸਟੇਡੀਅਮ ਯਾਨੀ ਉਹ ਥਾਂ, ਜਿੱਥੇ ਜੇਪੀਐੱਸਸੀ (ਝਾਰਖੰਡ ਪਬਲਿਕ ਸਰਵਿਸ ਕਮਿਸ਼ਨ) ਸਮੇਤ ਹੋਰ ਭਰਤੀ ਪ੍ਰੀਖਿਆਵਾਂ ਵਿੱਚ ਗੜਬੜੀ ਨੂੰ ਲੈਕੇ ਬੀਤੀ 25 ਜੁਲਾਈ ਤੋਂ ਅੰਦੋਲਨ ਚੱਲ ਰਿਹਾ ਹੈ।

ਇਸ ਅੰਦੋਲਨ ਵਿੱਚ ਅੱਠ ਵਿਅਕਤੀ ਭੁੱਖ ਹੜਤਾਲ 'ਤੇ ਹਨ। ਭੁੱਖ ਹੜਤਾਲ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਵਿੱਚੋਂ ਰਾਹੁਲ ਕ੍ਰਾਂਤੀ ਨਾਮ ਦੇ ਇੱਕ ਵਿਅਕਤੀ ਦੀ ਤਬੀਅਤ ਸ਼ੁੱਕਰਵਾਰ ਸਵੇਰੇ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ।

ਇੱਕ ਅੰਦੋਲਨ, ਦੋ ਮੰਚ

ਲੰਘੀ 2 ਅਗਸਤ ਨੂੰ ਵਿਦਿਆਰਥੀ ਆਗੂ ਦੇਵੇਂਦਰਨਾਥ ਮਹਤੋ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ

ਤਸਵੀਰ ਸਰੋਤ, Anand Dutt

ਤਸਵੀਰ ਕੈਪਸ਼ਨ, ਲੰਘੀ 2 ਅਗਸਤ ਨੂੰ ਵਿਦਿਆਰਥੀ ਆਗੂ ਦੇਵੇਂਦਰਨਾਥ ਮਹਤੋ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ

ਮੀਂਹ ਨਾਲ ਭਿੱਜੇ ਜੈਪਾਲ ਸਿੰਘ ਸਟੇਡੀਅਮ ਵਿੱਚ ਦਾਖ਼ਲ ਹੁੰਦੇ ਹੀ ਤੁਹਾਨੂੰ ਅੰਦੋਲਨ ਦੇ ਦੋ ਟਿਕਾਣੇ ਮਿਲਦੇ ਹਨ।

ਸਟੇਡੀਅਮ ਦੇ ਗੇਟ 'ਤੇ ਹੀ ਦੇਵੇਂਦਰਨਾਥ ਮਹਤੋ ਦਾ ਕੈਂਪ ਹੈ, ਜਿਸ ਵਿੱਚ ਦੇਵੇਂਦਰ ਦੇ ਠੀਕ ਨਾਲ ਹੀ ਮਹੇਂਦਰ ਪ੍ਰਸਾਦ ਮੰਡਲ ਲੇਟੇ ਹੋਏ ਹਨ। ਇਨ੍ਹਾਂ ਦੋਵਾਂ ਦੀ ਛਾਤੀ 'ਤੇ ਭਾਰਤ ਦੇ ਸੰਵਿਧਾਨ ਅਤੇ ਨਾਇਕਾਂ ਨਾਲ ਜੁੜੀਆਂ ਕਿਤਾਬਾਂ ਰੱਖੀਆਂ ਹੋਈਆਂ ਹਨ।

ਬੀਤੀ ਦੋ ਅਗਸਤ ਤੋਂ ਮਰਨ ਵਰਤ 'ਤੇ ਬੈਠੇ ਦੇਵੇਂਦਰਨਾਥ ਮਹਤੋ ਦੇ ਕੈਂਪ ਜਾਂ ਮੰਚ 'ਤੇ ਕੁੱਲ ਚਾਰ ਲੋਕ ਭੁੱਖ ਹੜਤਾਲ 'ਤੇ ਹਨ। ਦੇਵੇਂਦਰਨਾਥ ਮਹਤੋ, ਮਹੇਂਦਰ ਪ੍ਰਸਾਦ ਮੰਡਲ, ਪ੍ਰੇਮ ਨਾਇਕ ਅਤੇ ਕੁਸ਼ ਮਹਤੋ।

ਦੇਵੇਂਦਰਨਾਥ ਮਹਤੋ ਦੋ ਅਗਸਤ ਤੋਂ ਮਰਨ ਵਰਤ 'ਤੇ ਹਨ ਅਤੇ ਬਾਕੀ ਸਾਰੇ ਵੱਖ-ਵੱਖ ਤਰੀਕਾਂ ਤੋਂ ਮਰਨ ਵਰਤ 'ਤੇ ਬੈਠੇ ਹਨ।

ਦੇਵੇਂਦਰਨਾਥ ਮਹਤੋ ਦੇ ਸਹਿਯੋਗੀ ਹਰ ਆਉਣ-ਜਾਣ ਵਾਲੇ, ਖ਼ਾਸ ਤੌਰ 'ਤੇ ਮੀਡੀਆ ਵਾਲਿਆਂ ਦਾ ਨਾਮ ਇੱਕ ਵੱਡੇ ਰਜਿਸਟਰ ਵਿੱਚ ਲਿਖਵਾ ਰਹੇ ਹਨ।

ਦੇਵੇਂਦਰ ਦੇ ਬੁੱਲ੍ਹਾਂ 'ਤੇ ਸੁੱਕੀ ਪਰਤ ਦੀ ਮੋਟੀ ਤਹਿ ਜੰਮ ਚੁੱਕੀ ਹੈ ਅਤੇ ਖੱਬੇ ਹੱਥ 'ਤੇ ਸਲਾਈਨ ਵਾਲੀ ਪੱਟੀ ਲੱਗੀ ਹੋਈ ਹੈ।

ਦੇਵੇਂਦਰ ਕਹਿੰਦੇ ਹਨ, "ਹੇਮੰਤ ਨੂੰ ਜੇਪੀਐੱਸਸੀ ਦੀ ਪ੍ਰੀਖਿਆ ਰੱਦ ਕਰਨੀ ਹੀ ਪਵੇਗੀ।"

ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਉੱਪਰ ਵਿਦਿਆਰਥੀਆਂ ਦੇ ਨਾਮ ਉੱਤੇ ਸਿਆਸਤ ਕਰਨ ਦਾ ਇਲਜ਼ਾਮ ਵੀ ਲੱਗ ਰਿਹਾ ਹੈ, ਤਾਂ ਉਹ ਬੋਲੇ, "ਮੀਡੀਆ ਵਾਲਿਆਂ ਨੂੰ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ। ਉਸ ਨੂੰ ਭਟਕਾਉਣਾ ਨਹੀਂ ਚਾਹੀਦਾ।"

'ਜੋ ਸਰਕਾਰ ਆਈ, ਉਸ ਨੇ ਵਿਦਿਆਰਥੀਆਂ ਨੂੰ ਠੱਗਿਆ'

ਮਹੇਂਦਰ ਪ੍ਰਸਾਦ ਮੰਡਲ
ਤਸਵੀਰ ਕੈਪਸ਼ਨ, ਮਹੇਂਦਰ ਪ੍ਰਸਾਦ ਮੰਡਲ ਕਹਿੰਦੇ ਹਨ, ਪਿਛਲੇ 26 ਸਾਲਾਂ ਵਿੱਚ ਝਾਰਖੰਡ ਵਿੱਚ ਜਿਹੜੀ ਵੀ ਸਰਕਾਰ ਆਈ, ਉਸ ਨੇ ਵਿਦਿਆਰਥੀਆਂ ਨੂੰ ਠੱਗਿਆ ਹੀ ਹੈ

ਦੇਵੇਂਦਰਨਾਥ ਦੇ ਠੀਕ ਨਾਲ ਲੇਟੇ ਮਹੇਂਦਰ ਪ੍ਰਸਾਦ ਮੰਡਲ ਦੋ ਧੀਆਂ ਦੇ ਪਿਤਾ ਹਨ। ਉਨ੍ਹਾਂ ਦੇ ਘਰਵਾਲੇ ਉਨ੍ਹਾਂ ਤੋਂ ਨਾਰਾਜ਼ ਹਨ ਕਿਉਂਕਿ ਉਨ੍ਹਾਂ ਦੀ ਸਿੱਖਿਆ ਦੇ ਹਿਸਾਬ ਨਾਲ ਉਹ ਇੱਕ ਸਫ਼ਲ ਅਧਿਕਾਰੀ ਬਣ ਸਕਦੇ ਸਨ।

ਮਹੇਂਦਰ ਬੀਬੀਸੀ ਨੂੰ ਕਹਿੰਦੇ ਹਨ, "ਮੇਰੇ ਘਰਵਾਲੇ ਨਾਰਾਜ਼ ਹਨ ਪਰ ਮੈਂ ਉਨ੍ਹਾਂ ਦੀ ਨਾਰਾਜ਼ਗੀ ਕਾਰਨ ਇਹ ਨਹੀਂ ਭੁੱਲ ਸਕਦਾ ਕਿ ਪਿਛਲੇ 26 ਸਾਲਾਂ ਵਿੱਚ ਝਾਰਖੰਡ ਵਿੱਚ ਜਿਹੜੀ ਵੀ ਸਰਕਾਰ ਆਈ, ਉਸ ਨੇ ਵਿਦਿਆਰਥੀਆਂ ਨੂੰ ਠੱਗਿਆ ਹੀ ਹੈ। ਹਾਲਤ ਇਹ ਹਨ ਕਿ ਵਿਦਿਆਰਥੀ ਜਿਵੇਂ ਹੀ ਇਮਤਿਹਾਨ ਦੇਕੇ ਬਾਹਰ ਨਿੱਕਲਦੇ ਹਨ, ਪਤਾ ਲੱਗਦਾ ਹੈ ਕਿ ਪੇਪਰ ਲੀਕ ਹੋ ਗਿਆ ਅਤੇ ਅੰਦੋਲਨ ਕਰੋ ਤਾਂ ਲਾਠੀ ਮਿਲਦੀ ਹੈ।"

ਦੇਵੇਂਦਰ ਅਤੇ ਮਹੇਂਦਰ ਤੋਂ ਕੁਝ ਦੂਰੀ 'ਤੇ ਹੀ ਪ੍ਰੇਮ ਨਾਇਕ ਅਤੇ ਕੁਸ਼ ਮਹਤੋ ਲੇਟੇ ਹੋਏ ਹਨ। ਇਹ ਦੋਵੇਂ ਵੀ ਮਰਨ ਵਰਤ 'ਤੇ ਹਨ।

ਪ੍ਰੇਮ ਨਾਇਕ ਬੀਬੀਸੀ ਨਿਊਜ਼ ਹਿੰਦੀ ਨੂੰ ਕਹਿੰਦੇ ਹਨ, "ਝਾਰਖੰਡ ਵਿੱਚ ਮੈਟ੍ਰਿਕ ਤੱਕ ਦਾ ਪੇਪਰ ਲੀਕ ਹੋ ਜਾਂਦਾ ਹੈ। ਵਿਦਿਆਰਥੀ ਕੀ ਕਰਨਗੇ। ਅਸੀਂ ਲੋਕ ਆਵਾਜ਼ ਨਹੀਂ ਉਠਾਵਾਂਗੇ ਤਾਂ ਕੌਣ ਉਠਾਏਗਾ?"

ਦੇਵੇਂਦਰਨਾਥ ਮਹਤੋ ਦੇ ਇਸ ਮੰਚ 'ਤੇ ਸਿਆਸੀ ਲੋਕ ਵੀ ਆ ਰਹੇ ਹਨ। ਵੀਰਵਾਰ ਨੂੰ ਇੱਥੇ ਝਾਰਖੰਡ ਲੋਕਤੰਤਰਿਕ ਕ੍ਰਾਂਤੀਕਾਰੀ ਮੋਰਚਾ (ਜੇਕੇਐਲਐਮ) ਦੇ ਜੈਰਾਮ ਕੁਮਾਰ ਮਹਤੋ ਪਹੁੰਚੇ ਸਨ।

ਇਸ ਤੋਂ ਪਹਿਲਾਂ ਭਾਜਪਾ ਆਗੂ ਬਾਬੂਲਾਲ ਮਰਾਂਡੀ ਵੀ ਦੇਵੇਂਦਰਨਾਥ ਮਹਤੋ ਨੂੰ ਮਿਲਣ ਪਹੁੰਚੇ ਸਨ। ਦੇਵੇਂਦਰਨਾਥ ਮਹਤੋ ਖ਼ੁਦ ਵੀ ਜੇਕੇਐਲਐਮ ਨਾਲ ਜੁੜੇ ਹੋਏ ਹਨ।

'ਸਿਆਸਤ ਨਹੀਂ, ਸਿਰਫ਼ ਵਿਦਿਆਰਥੀਆਂ ਦੀ ਗੱਲ'

ਰੂਪੇਸ਼ ਕੁਮਾਰ ਪਾਲ
ਤਸਵੀਰ ਕੈਪਸ਼ਨ, ਰੂਪੇਸ਼ ਕੁਮਾਰ ਪਾਲ

ਦੇਵੇਂਦਰਨਾਥ ਮਹਤੋ ਦੇ ਕੈਂਪ ਵਿੱਚ ਜ਼ਿਆਦਾਤਰ ਵਿਦਿਆਰਥੀ ਸਿਆਸਤ ਨਾਲ ਜੁੜੇ ਲੋਕ ਮਿਲਦੇ ਹਨ। ਪਰ ਇਸ ਸਟੇਡੀਅਮ ਵਿੱਚ ਇੱਕ ਦੂਜਾ ਮੰਚ ਵੀ ਹੈ, ਜਿਸ ਵਿੱਚ ਚਾਰ ਨੌਜਵਾਨ ਵਿਦਿਆਰਥੀ ਭੁੱਖ ਹੜਤਾਲ ਕਰ ਰਹੇ ਹਨ।

ਇਹ ਉਹ ਵਿਦਿਆਰਥੀ ਹਨ, ਜਿਨ੍ਹਾਂ ਨੇ 14ਵੀਂ ਜੇਪੀਐੱਸਸੀ ਦੀ ਪ੍ਰੀਖਿਆ ਦਿੱਤੀ ਹੈ। ਇਨ੍ਹਾਂ ਵਿੱਚ ਹਬੀਬਾ, ਸਵਿਤਾ ਕੁਮਾਰੀ, ਰੂਪੇਸ਼ ਕੁਮਾਰ ਪਾਲ ਅਤੇ ਰਾਹੁਲ ਕ੍ਰਾਂਤੀ ਸ਼ਾਮਲ ਹਨ।

ਰਾਹੁਲ ਕ੍ਰਾਂਤੀ ਦੀ ਸ਼ੁੱਕਰਵਾਰ ਸਵੇਰੇ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮੰਚ 'ਤੇ ਭੁੱਖ ਹੜਤਾਲ ਕਰ ਰਹੇ ਵਿਦਿਆਰਥੀ ਇੱਥੇ ਲੇਟੇ ਹੋਏ ਹਨ ਅਤੇ ਹੁਣ ਮੀਡੀਆ ਬਾਈਟਸ 'ਤੇ ਲਗਭਗ ਪਾਬੰਦੀ ਲੱਗ ਗਈ ਹੈ। ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲ ਰਹੇ ਲੋਕ ਮੀਡੀਆ ਵਾਲਿਆਂ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਵਿਗੜਦੀ ਸਿਹਤ ਦਾ ਹਵਾਲਾ ਦੇ ਰਹੇ ਹਨ।

ਮੰਚ ਤੋਂ ਲਗਾਤਾਰ ਸਿਆਸੀ ਗੱਲਾਂ ਕਰਨ ਤੋਂ ਵਿਦਿਆਰਥੀਆਂ ਨੂੰ ਮਨ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਿਰਫ਼ ਵਿਦਿਆਰਥੀ ਹਿੱਤ ਦੀ ਗੱਲ ਹੀ ਉਠਾਉਣ ਅਤੇ ਕਿਸੇ ਮੀਡੀਆ ਵਾਲੇ ਨਾਲ ਬਦਸਲੂਕੀ ਨਾ ਕਰਨ।

ਭੁੱਖ ਹੜਤਾਲ ਕਰ ਰਹੇ ਸਵਿਤਾ ਕੁਮਾਰੀ ਗੁੱਸੇ ਵਿੱਚ ਮੈਨੂੰ ਕਹਿੰਦੇ ਹਨ, "ਜੇ ਸਰਕਾਰ ਨੇ ਪੇਪਰ ਹੀ ਲੀਕ ਕਰਵਾਉਣਾ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰਦੇ ਸਮੇਂ ਕਿਉਂ ਨਹੀਂ ਲਿਖ ਦਿੰਦੇ?"

"ਅਸੀਂ ਲੋਕ ਪੜ੍ਹਾਂਗੇ ਹੀ ਨਹੀਂ। ਦੂਜਾ ਕੰਮ ਕਰਾਂਗੇ ਕਿਉਂਕਿ ਮੇਰੇ ਪਾਪਾ ਬਹੁਤ ਮਿਹਨਤ ਨਾਲ ਸਾਡੇ ਲਈ ਪੈਸੇ ਕਮਾਉਂਦੇ ਹਨ। ਅਤੇ ਮੈਂ ਜਦੋਂ ਜੇਪੀਐੱਸਸੀ ਐਗਜ਼ਾਮ ਪਾਸ ਨਹੀਂ ਕਰ ਪਾਉਂਦੀ ਹਾਂ ਤਾਂ ਮੇਰੇ ਪਿੰਡ ਵਾਲੇ ਸੋਚਦੇ ਹਨ ਕਿ ਮੈਂ ਪੜ੍ਹਾਈ ਨਹੀਂ ਕਰਦੀ ਸਗੋਂ ਮਸਤੀ ਕਰਦੀ ਹਾਂ।"

'ਸਾਨੂੰ ਸੀਐੱਮ ਤੋਂ ਹਮਦਰਦੀ ਨਹੀਂ, ਅਧਿਕਾਰ ਚਾਹੀਦਾ ਹੈ'

ਸ਼ੁੱਕਰਵਾਰ ਨੂੰ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੇ ਫਿਲਹਾਲ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ
ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੇ ਫਿਲਹਾਲ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ

ਉੱਮੇ ਹਬੀਬਾ ਅਤੇ ਉਨ੍ਹਾਂ ਦੇ ਤਿੰਨ ਭੈਣ-ਭਰਾ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹਨ। ਉਨ੍ਹਾਂ ਵਿੱਚੋਂ ਹਬੀਬਾ ਖੁਦ ਭੁੱਖ ਹੜਤਾਲ 'ਤੇ ਹਨ।

ਬੋਕਾਰੋ ਦੇ ਕਸਮਾਤ ਪਿੰਡ ਦੇ ਉੱਮੇ ਹਬੀਬਾ ਇੱਕ ਆਮ ਕਿਸਾਨ ਪਰਿਵਾਰ ਨਾਲ ਸਬੰਧਿਤ ਹਨ।

ਉਹ ਕਹਿੰਦੇ ਹਨ, "ਸੰਵਿਧਾਨ ਸਾਨੂੰ ਸ਼ਾਂਤੀਪੂਰਨ ਧਰਨਾ ਦੇਣ ਦਾ ਅਧਿਕਾਰ ਦਿੰਦਾ ਹੈ ਤਾਂ ਅਸੀਂ ਆਪਣਾ ਅੰਦੋਲਨ ਸ਼ਾਂਤੀਪੂਰਨ ਢੰਗ ਨਾਲ ਕਰ ਰਹੇ ਹਾਂ। ਸੱਤਾ ਵਿੱਚ ਬੈਠੇ ਲੋਕਾਂ ਦੇ ਬੱਚੇ ਤਾਂ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ, ਪਰ ਅਸੀਂ ਇੱਕ ਛੋਟੀ ਜਿਹੀ ਨੌਕਰੀ ਅਤੇ ਉਸ ਵਿੱਚ ਬਰਾਬਰੀ ਦੇ ਮੌਕੇ ਲਈ ਤਰਸ ਜਾਂਦੇ ਹਾਂ। ਸਾਨੂੰ ਆਪਣੇ ਸੀਐਮ ਤੋਂ ਹਮਦਰਦੀ ਨਹੀਂ ਚਾਹੀਦੀ, ਸਗੋਂ ਆਪਣਾ ਅਧਿਕਾਰ ਚਾਹੀਦਾ ਹੈ।"

ਵਿਦਿਆਰਥੀਆਂ ਦੇ ਇਸ ਮੰਚ ਵਿੱਚ ਸ਼ਾਮਲ ਹੋ ਰਹੇ ਪ੍ਰਦਰਸ਼ਨਕਾਰੀ ਰਾਜੀਵ ਕੁਮਾਰ ਵੀ ਕਹਿੰਦੇ ਹਨ, "ਅਸੀਂ ਆਪਣੇ ਸੀਐਮ ਨੂੰ ਚੁਣਿਆ ਹੈ। ਸਾਨੂੰ ਉਨ੍ਹਾਂ ਦਾ ਅਸਤੀਫ਼ਾ ਨਹੀਂ ਚਾਹੀਦਾ ਪਰ ਵੋਟ ਲੈਕੇ ਨੌਜਵਾਨਾਂ ਨੂੰ ਭੁੱਲ ਜਾਣਾ ਕਿੱਥੋਂ ਤੱਕ ਸਹੀ ਹੈ?"

ਜੇਪੀਐਸਸੀ ਪ੍ਰੋਟੈਸਟ

ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਜੰਤਰ-ਮੰਤਰ 'ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਰਾਂਚੀ ਦੇ ਨੌਜਵਾਨ ਵੀ ਪ੍ਰੀਖਿਆਵਾਂ ਵਿੱਚ ਹੁੰਦੀਆਂ ਗੜਬੜੀਆਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ

ਜੈਪਾਲ ਸਿੰਘ ਮੁੰਡਾ ਸਟੇਡੀਅਮ ਜਿੱਥੇ ਇਹ ਅੰਦੋਲਨ ਚੱਲ ਰਿਹਾ ਹੈ, ਉਸ ਦੇ ਨਾਮ ਵਾਲੇ ਜੈਪਾਲ ਸਿੰਘ ਮੁੰਡਾ ਹਾਕੀ ਦੇ ਖਿਡਾਰੀ ਸਨ। ਝਾਰਖੰਡ ਵਿੱਚ ਉਨ੍ਹਾਂ ਨੂੰ ਮਾਰੰਗ ਗੋਮਕੇ (ਮਹਾਨ ਆਗੂ) ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਿੱਖਿਆ, ਸਿਆਸਤ, ਖੇਡ ਅਤੇ ਸਮਾਜਿਕ ਨਿਆਂ ਦੇ ਖੇਤਰ ਵਿੱਚ ਅਮਿੱਟ ਛਾਪ ਛੱਡੀ।

ਜੇਪੀਐਸਸੀ ਅਤੇ ਜੇਐੱਸਐੱਸਸੀ (ਝਾਰਖੰਡ ਸਟਾਫ਼ ਸਿਲੈਕਸ਼ਨ ਕਮਿਸ਼ਨ) ਦੀਆਂ ਪ੍ਰੀਖਿਆਵਾਂ ਵਿੱਚ ਗੜਬੜੀ ਤੋਂ ਨਾਰਾਜ਼ ਵਿਦਿਆਰਥੀ ਬੀਤੀ 25 ਜੁਲਾਈ ਤੋਂ ਇੱਥੇ ਅੰਦੋਲਨ 'ਤੇ ਹਨ।

ਵਿਦਿਆਰਥੀਆਂ ਦੀ ਮੰਗ ਹੈ ਕਿ 14ਵੀਂ ਜੇਪੀਐਸਸੀ ਪ੍ਰੀਖਿਆ ਰੱਦ ਕੀਤੀ ਜਾਵੇ, ਭਰਤੀ ਪ੍ਰੀਖਿਆ ਵਿੱਚ ਹੋਈ ਗੜਬੜੀ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਵਿੱਤੀ ਗੜਬੜੀ ਦੇ ਮਾਮਲੇ ਵਿੱਚ ਈਡੀ ਜਾਂਚ ਅਤੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਵਿਦਿਆਰਥੀਆਂ ਦੀ ਇਹ ਵੀ ਮੰਗ ਹੈ ਕਿ 14ਵੀਂ ਜੇਪੀਐਸਸੀ ਕਰਵਾਉਣ ਵਾਲੀ ਕੰਪਨੀ ਟੀਡੀਪੀਐਲ (ਟੀਐੱਸਆਰ ਡੇਟਾ ਪ੍ਰੋਸੈਸਿੰਗ ਪ੍ਰਾਈਵੇਟ ਲਿਮਿਟਡ) ਵੱਲੋਂ ਪਹਿਲਾਂ ਕਰਵਾਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ।

ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿੱਚ ਤੜਕੇ ਵੇਲੇ ਭੁੱਖ ਹੜਤਾਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਬਹੁਤ ਘੱਟ ਵਿਦਿਆਰਥੀ ਦਿਖਾਈ ਦਿੰਦੇ ਹਨ। ਪਰ ਦਿਨ ਵਧਣ ਦੇ ਨਾਲ ਇੱਥੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਧਣ ਲੱਗਦੀ ਹੈ।

ਇੱਥੇ ਆਉਣ ਵਾਲਿਆਂ ਵਿੱਚ ਪ੍ਰਦਰਸ਼ਨਕਾਰੀਆਂ ਨਾਲੋਂ ਉਨ੍ਹਾਂ ਦੇ ਸਮਰਥਨ ਵਿੱਚ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ।

ਅਨੀਤਾ ਵਰਮਾ ਵੀ ਉਨ੍ਹਾਂ ਵਿੱਚੋਂ ਇੱਕ ਹਨ ਜੋ ਇਨ੍ਹਾਂ ਵਿਦਿਆਰਥੀਆਂ ਨਾਲ ਆਪਣਾ ਸਮਰਥਨ ਜਤਾਉਣ ਲਈ ਰੋਜ਼ਾਨਾ ਆਪ ਇੱਥੇ ਆਉਂਦੇ ਹਨ।

ਅਨੀਤਾ ਕਹਿੰਦੇ ਹਨ, "ਮੈਂ ਆਪਣੇ ਬੇਟੇ ਅਤੇ ਬੇਟੀ ਦੇ ਭਵਿੱਖ ਲਈ ਆਉਂਦੀ ਹਾਂ। ਜੇ ਸਰਕਾਰ ਇਸੇ ਤਰ੍ਹਾਂ ਧਾਂਧਲੀ ਕਰਵਾਉਂਦੀ ਰਹੀ ਤਾਂ ਗਰੀਬ ਦੇ ਬੱਚੇ ਪੜ੍ਹ ਕੇ ਕੀ ਕਰਨਗੇ? ਬੱਚੇ ਪੜ੍ਹਦੇ ਹਨ, ਮਿਹਨਤ ਕਰਦੇ ਹਨ ਅਤੇ ਸਰਕਾਰ ਢੰਗ ਨਾਲ ਇੱਕ ਇਮਤਿਹਾਨ ਵੀ ਨਹੀਂ ਕਰਵਾ ਸਕਦੀ।"

ਵਿਦਿਆਰਥੀਆਂ ਨਾਲ ਗੱਲਬਾਤ ਲਈ ਤਿਆਰ ਹੈ ਸਰਕਾਰ

ਇਸ ਵਿਦਿਆਰਥੀ ਅੰਦੋਲਨ ਵਿੱਚ ਸਕੂਲੀ ਬੱਚੇ ਵੀ ਹਿੱਸਾ ਲੈ ਰਹੇ ਹਨ
ਤਸਵੀਰ ਕੈਪਸ਼ਨ, ਇਸ ਵਿਦਿਆਰਥੀ ਅੰਦੋਲਨ ਵਿੱਚ ਸਕੂਲੀ ਬੱਚੇ ਵੀ ਹਿੱਸਾ ਲੈ ਰਹੇ ਹਨ

ਜੇਪੀਐਸਸੀ ਅਤੇ ਜੇਐੱਸਐੱਸਸੀ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਨੂੰ ਲੈਕੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਦੇ ਵਫ਼ਦ ਅਤੇ ਉਮੀਦਵਾਰਾਂ ਦੇ ਵਫ਼ਦ ਵਿਚਕਾਰ ਗੱਲਬਾਤ ਹੋਈ।

ਸਰਕਾਰ ਵੱਲੋਂ ਮੰਤਰੀ ਸੁਦਿਵਿਆ ਕੁਮਾਰ ਸੋਨੂ, ਦੀਪਿਕਾ ਪਾਂਡੇਯ ਸਿੰਘ, ਚਮਰਾ ਲਿੰਡਾ ਅਤੇ ਸੰਜੈ ਪ੍ਰਸਾਦ ਯਾਦਵ ਗੱਲਬਾਤ ਵਿੱਚ ਸ਼ਾਮਲ ਸਨ।

ਵਿਦਿਆਰਥੀਆਂ ਦੇ ਵਫ਼ਦ ਵਿੱਚ ਸ਼ਾਮਲ ਰਾਜੇਸ਼ ਪ੍ਰਸਾਦ ਨੇ ਦੱਸਿਆ, ਮੰਤਰੀਆਂ ਦੇ ਸਾਹਮਣੇ ਸਾਰੀਆਂ ਮੰਗਾਂ ਅਤੇ ਇਨ੍ਹਾਂ ਮੰਗਾਂ ਦਾ ਆਧਾਰ ਰੱਖਿਆ ਗਿਆ। ਮੰਤਰੀਆਂ ਨੇ ਸਾਡੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਇਹ ਬਿਲਕੁਲ ਜਾਇਜ਼ ਹਨ।

ਵਿਦਿਆਰਥੀਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਪੂਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ 10 ਅਗਸਤ ਤੋਂ ਪਹਿਲਾਂ ਮੰਗਾਂ ਪੂਰੀਆਂ ਹੋ ਜਾਣ, ਨਹੀਂ ਤਾਂ ਉਹ ਵਿਧਾਨ ਸਭਾ ਮਾਰਚ ਦਾ ਪ੍ਰੋਗਰਾਮ ਕਰਨਗੇ।

ਇਸ ਭੁੱਖ ਹੜਤਾਲ ਦੇ ਮਾਮਲੇ ਵਿੱਚ ਸਥਾਨਕ ਪੱਤਰਕਾਰ ਆਨੰਦ ਦੱਤਾ ਬੀਬੀਸੀ ਨੂੰ ਕਹਿੰਦੇ ਹਨ, "ਜੇਪੀਐਸਸੀ ਦੀ ਕੋਈ ਵੀ ਪ੍ਰੀਖਿਆ ਅੱਜ ਤੱਕ ਪਾਰਦਰਸ਼ਤਾ ਨਾਲ ਨਹੀਂ ਹੋਈ। ਜੇਪੀਐਸਸੀ ਦੀ 14ਵੀਂ ਪ੍ਰੀਖਿਆ ਵਿੱਚ ਵੀ ਧਾਂਧਲੀ ਹੋਈ, ਜਿਸ ਤੋਂ ਬਾਅਦ ਇਹ ਪੂਰਾ ਅੰਦੋਲਨ ਹੋ ਰਿਹਾ ਹੈ। ਜੇਐੱਸਐੱਸਸੀ ਦੀਆਂ ਵੀ ਜ਼ਿਆਦਾਤਰ ਪ੍ਰੀਖਿਆਵਾਂ ਵਿਵਾਦਿਤ ਰਹੀਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)