'ਜਿਵੇਂ ਮੱਛੀ ਨਾ ਜੀਵੇ ਪਾਣੀ ਬਿਨਾਂ,ਓਵੇਂ ਮੈਂ ਨਾ ਜੀਵਾਂ ਸਰ ਬਿਨਾਂ', ਇਸ ਵਿਦਿਆਰਥੀ ਅਤੇ ਅਧਿਆਪਕ ਦੇ ਗੂੜੇ ਰਿਸ਼ਤੇ ਦੀ ਕੀ ਵਜ੍ਹਾ ਹੈ

ਗਗਨ ਖਾਨ ਅਤੇ ਅੰਮ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਸੈਲੇਬ੍ਰਲ ਪਾਲਸੀ ਤੋਂ ਪੀੜਤ ਗਗਨ ਖਾਨ ਆਪਣੇ ਅਧਿਆਪਕ ਅੰਮ੍ਰਿਤਪਾਲ ਦੇ ਨਾਲ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

"ਜਿਵੇਂ ਮੱਛੀ ਨਾ ਜੀਵੇ ਪਾਣੀ ਬਿਨਾਂ

ਓਵੇਂ ਮੈਂ ਨਾ ਜੀਵਾਂ ਮੇਰੇ ਸਰ ਬਿਨਾਂ"

ਦਿਲ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਦੇ ਇਹ ਬੋਲ 17 ਸਾਲਾ ਵਿਦਿਆਰਥੀ ਗਗਨ ਖਾਨ ਨੇ ਆਪਣੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੂੰ ਕਹੇ।

ਇਹ ਆਖ ਕੇ ਗਗਨ ਨੇ ਘੁੱਟ ਕੇ ਆਪਣੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੂੰ ਜੱਫੀ ਪਾ ਲਈ।

ਗਗਨ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚੌਰਵਾਲਾ ਦੇ ਰਹਿਣ ਵਾਲੇ ਹਨ ਅਤੇ ਜਨਮ ਤੋਂ ਸੈਰੇਬਰਲ ਪਾਲਸੀ ਤੋਂ ਪੀੜਤ ਹਨ। ਉਨ੍ਹਾਂ ਦੀ ਨਜ਼ਰ ਵੀ ਬੇਹੱਦ ਕਮਜ਼ੋਰ (ਤਕਰੀਬਨ 95 ਫੀਸਦੀ ਪ੍ਰਭਾਵਿਤ) ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਧੁੰਦਲਾ ਦਿਖਦਾ ਹੈ।

ਗਗਨ ਦੇ ਮਾਤਾ ਮੁਤਾਬਕ ਬਚਪਨ 'ਚ ਗਗਨ ਦਾ ਸਰੀਰ ਬਿਲਕੁਲ ਸੁੰਗੜਿਆ ਹੋਇਆ ਸੀ, ਲੱਤਾਂ ਕੰਮ ਨਹੀਂ ਕਰਦੀਆਂ ਸਨ, ਅੱਖਾਂ ਤੋਂ ਵੀ ਦਿਖਦਾ ਨਹੀਂ ਸੀ। ਗਗਨ ਦੀ ਮਾਤਾ ਨੇ ਇਕੱਲੇ ਉਨ੍ਹਾਂ ਨੂੰ ਪਾਲਿਆ।

ਗਗਨ ਦੇ ਮਾਤਾ ਦੱਸਦੇ ਹਨ, "ਸਰੀਰ ਸੁੰਗੜਿਆ ਹੋਇਆ ਸੀ, ਲੋਕ ਕਹਿੰਦੇ ਸਨ ਇਹ ਬੱਚ ਨਹੀਂ ਸਕਦਾ। ਜਦੋਂ ਮੈਂ ਲੋਕਾਂ ਦੇ ਘਰੇ ਕੰਮ ਕਰਨ ਲਈ ਜਾਣਾ ਤਾਂ ਇਸ ਨੂੰ ਕਮਰੇ 'ਚ ਬੰਦ ਕਰਕੇ ਤਾਲਾ ਲਾ ਦਿੰਦੀ ਤਾਂ ਜੋ ਬਾਹਰ ਨਾ ਨਿਕਲ ਕੇ ਡਿੱਗ ਜਾਵੇ। ਕੋਈ ਆ ਕੇ ਉਸ ਨੂੰ ਨਹੀਂ ਦੇਖਦਾ ਸੀ।"

"ਜਦੋਂ ਸਕੂਲ ਜਾਂਦਾ ਸੀ ਤਾਂ ਮੈਂ ਹੀ ਚੁੱਕ ਕੇ ਉਸ ਨੂੰ ਛੱਡ ਕੇ ਆਉਂਦੀ। ਮੇਰੇ ਦਿਨ 'ਚ ਤਿੰਨ ਤੋਂ ਚਾਰ ਗੇੜੇ ਸਕੂਲ ਵਿੱਚ ਲੱਗਦੇ ਸਨ। ਇੱਕ ਵਾਰ ਸਵੇਰੇ ਗਗਨ ਨੂੰ ਛੱਡ ਕੇ ਆਉਣਾ, ਫਿਰ ਬਾਥਰੂਮ ਕਰਵਾਉਣ ਲਈ ਜਾਣਾ, ਕਈ ਵਾਰ ਖਾਣਾ ਖਵਾਉਣ ਲਈ ਜਾਣਾ ਅਤੇ ਫਿਰ ਸਕੂਲ ਤੋਂ ਵਾਪਸ ਲੈ ਕੇ ਆਉਣਾ।"

ਪਰ ਫਿਰ ਸਰ ਦੇ ਆਉਣ ਨਾਲ ਸਭ ਬਦਲ ਗਿਆ।

ਵੀਡੀਓ ਕੈਪਸ਼ਨ, ਇਸ ਵਿਦਿਆਰਥੀ ਅਤੇ ਅਧਿਆਪਕ ਦੇ ਗੂੜ੍ਹੇ ਰਿਸ਼ਤੇ ਦੀ ਕੀ ਹੈ ਵਜ੍ਹਾ

ਕਿਵੇਂ ਗੂੜ੍ਹਾ ਹੋਇਆ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ

ਅਧਿਆਪਕ ਅੰਮ੍ਰਿਤਪਾਲ ਅਤੇ ਗਗਨ ਖਾਨ
ਤਸਵੀਰ ਕੈਪਸ਼ਨ, ਅਧਿਆਪਕ ਅੰਮ੍ਰਿਤਪਾਲ ਵੱਲੋਂ ਗਗਨ ਨੂੰ ਉਸ ਦੀ ਪੜ੍ਹਾਈ-ਲਿਖਾਈ ਲਈ ਉਚੇਚੇ ਤੌਰ 'ਤੇ ਧਿਆਨ ਦਿੱਤਾ ਗਿਆ

ਪਿੰਡ ਚੌਰਵਾਲਾ ਵਿੱਚ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਬਿਲਕੁੱਲ ਆਹਮੋ-ਸਾਹਮਣੇ ਹਨ।

ਗਗਨ ਦੱਸਦੇ ਹਨ, "ਜਦੋਂ ਮੈਂ ਛੋਟਾ ਸੀ ਅਤੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ਤਾਂ ਮੇਰੇ ਮੰਮੀ ਮੈਨੂੰ ਸਕੂਲ ਛੱਡਣ ਆਉਂਦੇ ਸਨ। ਉਦੋਂ ਸਰ ਮਿਡਲ ਸਕੂਲ ਵਿੱਚ ਸਨ। ਸਰ ਨੇ ਇੱਥੇ ਮੈਨੂੰ ਬੁਲਾਉਣਾ ਅਤੇ ਟੌਫੀਆਂ ਦੇਣੀਆਂ। ਹੌਲੀ-ਹੌਲੀ ਮੈਂ ਰੋਜ਼ ਸਰ ਨੂੰ ਮਿਲਣ ਲੱਗ ਗਿਆ।"

ਅੰਮ੍ਰਿਤਪਾਲ ਸਿੰਘ ਮੁਤਾਬਕ ਉਹ ਰੋਜ਼ ਗਗਨ ਅਤੇ ਉਸ ਦੇ ਮਾਤਾ ਨੂੰ ਸਕੂਲ ਆਉਂਦੇ ਜਾਂਦੇ ਦੇਖਦੇ ਸਨ।

ਗਗਨ ਖਾਨ ਦੇ ਮਾਤਾ
ਤਸਵੀਰ ਕੈਪਸ਼ਨ, ਅਧਿਆਪਕ ਅੰਮ੍ਰਿਤਪਾਲ ਦੀ ਮਦਦ ਤੋਂ ਪਹਿਲਾਂ ਗਗਨ ਦੇ ਮਾਤਾ ਹੀ ਉਸ ਨੂੰ ਸਕੂਲ ਛੱਡਣ ਅਤੇ ਲੈਣ ਜਾਂਦੇ ਸਨ

ਉਹ ਦੱਸਦੇ ਹਨ, "ਜਦੋਂ ਗਗਨ ਦੇ ਮਾਤਾ ਉਸ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਸਕੂਲ ਆ ਕੇ ਦੇਖਦੇ ਅਤੇ ਉਸ ਦੀ ਦੇਖਭਾਲ ਕਰਦੇ ਤਾਂ ਮੇਰੇ ਮਨ 'ਚ ਸਵਾਲ ਉੱਠਦਾ ਸੀ ਕਿ ਇੱਕ ਮਾਂ ਨੂੰ ਆਪਣੇ ਪੁੱਤ ਲਈ ਕਿੰਨਾ ਕੁਝ ਕਰਨਾ ਪੈ ਰਿਹਾ। ਮੈਂ ਰੋਜ਼ ਗਗਨ ਨੂੰ ਬੁਲਾਉਣਾ ਤਾਂ ਫਿਰ ਗਗਨ ਨੇ ਵੀ ਮੈਨੂੰ ਮਿਲਣ ਦੀ ਜ਼ਿੱਦ ਕਰਨੀ। ਉਸ ਦੇ ਮਾਤਾ ਕਲਾਸ 'ਚ ਆ ਕੇ ਮੈਨੂੰ ਗਗਨ ਨਾਲ ਮਿਲਵਾ ਕੇ ਜਾਂਦੇ।"

ਗਗਨ ਅਤੇ ਅੰਮ੍ਰਿਤਪਾਲ ਸਿੰਘ ਦੋਵੇਂ ਦੱਸਦੇ ਹਨ ਕਿ ਛੇਵੀਂ ਜਮਾਤ ਵਿੱਚ ਦਾਖਲੇ ਤੋਂ ਬਾਅਦ ਉਹ ਮਿਡਲ ਸਕੂਲ ਵਿੱਚ ਆ ਗਿਆ ਤਾਂ ਦੋਵਾਂ ਦੀ ਮੁਲਾਕਾਤ ਹੋਣੀ ਆਮ ਗੱਲ ਹੋ ਗਈ ਅਤੇ ਅੰਮ੍ਰਿਤਪਾਲ ਸਿੰਘ ਨੂੰ ਗਗਨ ਦੀ ਜ਼ਿੰਦਗੀ ਬਾਰੇ ਹੋਰ ਜਾਨਣ ਦਾ ਮੌਕਾ ਮਿਲ ਗਿਆ।

ਗਗਨ ਆਪਣੇ ਅਧਿਆਪਕ ਅੰਮ੍ਰਿਤਪਾਲ ਦੇ ਨਾਲ
ਤਸਵੀਰ ਕੈਪਸ਼ਨ, ਪੜ੍ਹਾਈ ਵਿੱਚ ਗਗਨ ਦੀ ਦਿਲਚਸਪੀ ਪੈਦਾ ਕਰਨ ਲਈ ਖਾਸ ਉਪਰਾਲੇ ਕੀਤੇ ਗਏ: ਅੰਮ੍ਰਿਤਪਾਲ

ਉਹ ਕਹਿੰਦੇ ਹਨ, "ਪਹਿਲਾਂ ਗਗਨ ਕਦੇ-ਕਦੇ ਸਕੂਲ ਆਉਂਦਾ ਸੀ ਪਰ ਅਧਿਆਪਕ ਦੇ ਤੌਰ 'ਤੇ ਅਸੀਂ ਇਹ ਸੋਚ ਰਹੇ ਸੀ ਕਿ ਉਸ ਅੰਦਰ ਸਕੂਲ ਆਉਣ ਦਾ ਚਾਅ ਪੈਦਾ ਕੀਤਾ ਜਾਵੇ। ਇਸ ਲਈ ਸਕੂਲ ਵਿੱਚ ਉਸ ਨੂੰ ਪੜ੍ਹਾਉਣ ਲਈ ਵੱਖਰੇ ਢੰਗ ਅਪਣਾਏ ਗਏ। ਨਜ਼ਰ ਘੱਟ ਹੋਣ ਕਰਕੇ ਗਗਨ ਨੂੰ ਬੋਰਡ ਨਹੀਂ ਦਿਖਦਾ ਸੀ, ਇਸ ਲਈ ਆਡੀਓ ਬੁਕ ਬਣਵਾ ਕੇ ਦਿੱਤੀਆਂ ਗਈਆਂ। ਬਾਕੀ ਬੱਚਿਆਂ ਤੋਂ ਅਲੱਗ ਇਕੱਲੇ ਵੀ ਪੜ੍ਹਾਇਆ ਗਿਆ ਤਾਂ ਜੋ ਆਪਣੀ ਸਮਰੱਥਾ ਮੁਤਾਬਕ ਪੜ੍ਹ ਸਕੇ।"

"ਇਸ ਤਰ੍ਹਾਂ ਹੌਲੀ-ਹੌਲੀ ਉਸ ਅੰਦਰ ਸਕੂਲ ਆਉਣ ਦਾ ਚਾਅ ਪੈਦਾ ਹੋ ਗਿਆ ਅਤੇ ਉਹ ਰੋਜ਼ ਸਕੂਲ ਆਉਣ ਲੱਗ ਗਿਆ।"

ਅੰਮ੍ਰਿਤਪਾਲ ਕਹਿੰਦੇ ਹਨ, "ਫਿਰ ਸਾਡੇ ਅੱਗੇ ਅਗਲੀ ਚੁਣੌਤੀ ਇਹ ਸੀ ਕਿ ਗਗਨ ਦਾ ਇਲਾਜ ਚੰਗੀ ਤਰ੍ਹਾਂ ਕਰਵਾਇਆ ਜਾਵੇ। ਇਸ ਲਈ ਸਰਕਾਰ ਦੀ ਮਦਦ ਨਾਲ ਗਗਨ ਨੂੰ ਪਹਿਲ ਦੇ ਅਧਾਰ 'ਤੇ ਸਰਕਾਰੀ ਹਸਪਤਾਲ ਵਿੱਚ ਦਿਖਾਇਆ ਗਿਆ ਅਤੇ ਇਲਾਜ ਕਰਵਾਇਆ ਗਿਆ। ਅੱਖ ਅਤੇ ਲੱਤ ਦੀਆਂ ਕਈ ਸਰਜਰੀਆਂ ਹੋਈਆਂ, ਜਿਸ ਨਾਲ ਉਹ ਆਪ ਪੈਦਲ ਤੁਰਨ ਦੇ ਕਾਬਲ ਹੋ ਸਕਿਆ।"

ਅਧਿਆਪਕ ਅੰਮ੍ਰਿਤਪਾਲ ਦਾ ਬਿਆਨ

ਗਗਨ ਖੁਦ ਵੀ ਦੱਸਦੇ ਹਨ, "ਸਰ ਨੇ ਮੈਨੂੰ ਸੱਤ ਸਾਲ ਦੇ ਹਨ੍ਹੇਰੇ 'ਚੋਂ ਬਾਹਰ ਕੱਢਿਆ ਅਤੇ ਮੇਰੇ ਅੰਦਰ ਜ਼ਿੰਦਗੀ ਜਿਉਣ ਦਾ ਚਾਅ ਪੈਦਾ ਕੀਤਾ। ਇਨ੍ਹਾਂ ਕਰਕੇ ਹੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਿਆ ਹਾਂ।"

ਗਗਨ ਖਾਨ ਲਈ ਦਿਨ ਦਾ ਸਭ ਤੋਂ ਸੋਹਣਾ ਪਲ ਉਹ ਹੁੰਦਾ ਹੈ ਜਦੋਂ ਉਹ ਸਕੂਲ ਪਹੁੰਚਦੇ ਹਨ।

ਗਗਨ ਕਹਿੰਦੇ ਹਨ, "ਜਦੋਂ ਮੈਂ ਸਕੂਲ ਆਉਂਦਾ ਹਾਂ ਤਾਂ ਸਭ ਤੋਂ ਪਹਿਲਾਂ ਇਹ ਦੇਖਦਾ ਹਾਂ ਕਿ ਸਰ ਦੀ ਗੱਡੀ ਖੜ੍ਹੀ ਹੈ ਜਾਂ ਨਹੀਂ। ਜੇਕਰ ਗੱਡੀ ਨਾ ਹੋਵੇ ਤਾਂ ਮੈਂ ਬਾਕੀ ਅਧਿਆਪਕਾਂ ਤੋਂ ਪੁੱਛਦਾ ਹਾਂ ਕਿ ਸਰ ਆਏ ਹਨ ਕਿ ਨਹੀਂ। ਜੇਕਰ ਸਰ ਨਹੀਂ ਆਏ ਹੁੰਦੇ ਤਾਂ ਮੇਰਾ ਸਕੂਲ ਰਹਿਣ ਦਾ ਦਿਲ ਹੀ ਨਹੀਂ ਕਰਦਾ। ਫਿਰ ਮੈਂ ਘਰ ਚਲਾ ਜਾਂਦਾ ਹਾਂ ਪਰ ਜਦੋਂ ਉਹ ਸਕੂਲ ਹੁੰਦੇ ਹਨ ਤਾਂ ਮੈਂ ਦੋ ਵਜੇ ਤੱਕ ਸਕੂਲ 'ਚ ਰਹਿੰਦਾ ਹਾਂ।"

ਅਧਿਆਪਕ ਨੇ ਕਿਵੇਂ ਕੀਤੀ ਗਗਨ ਦੀ ਮਦਦ ?

ਗਗਨ ਆਪਣੇ ਅਧਿਆਪਕ ਅੰਮ੍ਰਿਤਪਾਲ ਦੇ ਨਾਲ

ਤਸਵੀਰ ਸਰੋਤ, Amritpal singh

ਤਸਵੀਰ ਕੈਪਸ਼ਨ, ਸਰ ਨੇ ਮੈਨੂੰ ਸੱਤ ਸਾਲ ਦੇ ਹਨ੍ਹੇਰੇ 'ਚੋਂ ਬਾਹਰ ਕੱਢਿਆ: ਗਗਨ ਖਾਨ

ਗਗਨ ਅਤੇ ਉਨ੍ਹਾਂ ਦੇ ਮਾਤਾ ਗੋਨੀ ਮੁਤਾਬਕ ਜਦੋਂ ਕੋਈ ਵੀ ਉਨ੍ਹਾਂ ਦਾ ਸਹਾਰਾ ਨਹੀਂ ਬਣ ਰਿਹਾ ਸੀ ਤਾਂ ਉਸ ਸਮੇਂ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਦਾ ਸਾਥ ਦੇਣਾ ਸ਼ੁਰੂ ਕੀਤਾ।

ਅੰਮ੍ਰਿਤਪਾਲ ਸਿੰਘ ਪੇਸ਼ੇ ਤੋਂ ਸਰਕਾਰੀ ਅਧਿਆਪਕ ਹਨ ਅਤੇ ਪਟਿਆਲਾ ਦੇ ਰਹਿਣ ਵਾਲੇ ਹਨ।

ਉਹ ਪਿਛਲੇ 15 ਸਾਲਾਂ ਤੋਂ ਗਗਨ ਦੇ ਪਿੰਡ ਚੌਰਵਾਲਾ ਦੇ ਸਰਕਾਰੀ ਸਕੂਲ ਵਿੱਚ ਬਤੌਰ ਇੰਚਾਰਜ ਨੌਕਰੀ ਕਰ ਰਹੇ ਹਨ।

ਗਗਨ ਦੇ ਮਾਤਾ ਦੱਸਦੇ ਹਨ ਕਿ ਅੰਮ੍ਰਿਤਪਾਲ ਸਿੰਘ ਨੇ ਗਗਨ ਦੀ ਬਹੁਤ ਮਦਦ ਕੀਤੀ, ਉਸਨੂੰ ਸਕੂਲ ਤੋਂ ਘਰੇ ਛੱਡਣਾ ਅਤੇ ਲੈ ਕੇ ਜਾਣਾ ਵੀ ਸ਼ੁਰੂ ਕੀਤਾ। ਆਰਥਿਕ ਤੌਰ 'ਤੇ ਵੀ ਗਗਨ ਦੀ ਮਦਦ ਕਰਦੇ ਰਹੇ।

ਅੰਮ੍ਰਿਤਪਾਲ ਕਹਿੰਦੇ ਹਨ, "ਬਾਕੀ ਬੱਚਿਆਂ ਨਾਲੋਂ ਗਗਨ ਵਿੱਚ ਵੱਖਰਾ ਇਹ ਸੀ ਉਹ ਖਾਸ ਧਿਆਨ ਮੰਗ ਰਿਹਾ ਸੀ। ਮੇਰੀ ਕੋਸ਼ਿਸ਼ ਇਹ ਸੀ ਕਿ ਉਸ ਵੱਲ ਖਾਸ ਧਿਆਨ ਦਿੱਤਾ ਜਾਵੇ। ਜੋ ਵੀ ਉਸ ਲਈ ਲੋੜੀਂਦਾ, ਉਹ ਉਸਨੂੰ ਦਿੱਤਾ ਜਾਵੇ। ਉਸ ਵੱਲ ਧਿਆਨ ਦੇਣ ਲਈ ਮਾਂ ਤੋਂ ਬਿਨ੍ਹਾਂ ਕੋਈ ਨਹੀਂ ਸੀ। ਮੈਂ ਬਸ ਉਹ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਹੌਲੀ-ਹੌਲੀ ਰਾਹ ਖੁੱਲ੍ਹਦੇ ਰਹੇ।"

ਫਿਜ਼ਿਓਥੈਰੇਪੀ ਲੈਂਦੇ ਹੋਏ ਗਗਨ ਖਾਨ
ਤਸਵੀਰ ਕੈਪਸ਼ਨ, ਗਗਨ ਦੇ ਇਲਾਜ ਵਿੱਚ ਸਕੂਲ ਦੇ ਹੋਰ ਅਧਿਆਪਕਾਂ, ਪਿੰਡ ਵਾਸੀਆਂ ਅਤੇ ਸਰਕਾਰ ਵੱਲੋਂ ਵੀ ਮਦਦ ਕੀਤੀ ਗਈ

ਉਹ ਕਹਿੰਦੇ ਹਨ, "ਗਗਨ ਦੇ ਇਲਾਜ ਦਾ ਖਰਚਾ ਉਨ੍ਹਾਂ ਦੇ ਸਕੂਲ ਦੇ ਹੋਰ ਅਧਿਆਪਕਾਂ, ਪਿੰਡ ਦੇ ਲੋਕਾਂ, ਆਲੇ-ਦੁਆਲੇ ਦੇ ਲੋਕਾਂ ਨਾਲ ਮਿਲ ਕੇ ਕੀਤਾ ਗਿਆ। ਜਿੱਥੇ ਲੋੜ ਹੁੰਦੀ ਸਰਕਾਰ ਵੱਲੋਂ ਵੀ ਮਦਦ ਕੀਤੀ ਗਈ। ਸੋਸ਼ਲ ਮੀਡੀਆ 'ਤੇ ਜਦੋਂ ਗਗਨ ਦੀ ਵੀਡੀਓਜ਼ ਪਾਈਆਂ ਗਈਆਂ ਤਾਂ ਲੋਕਾਂ ਨੇ ਉਸ ਨੂੰ ਹੋਰ ਸਕਾਰਾਤਮਕ ਕਰ ਦਿੱਤਾ।

ਗਗਨ ਇਸ ਵੇਲੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਦਾ ਸਕੂਲ ਨੇੜਲੇ ਪਿੰਡ ਚਰਨਾਥਲ ਵਿੱਚ ਹੈ। ਉੱਥੇ ਆਉਣ-ਜਾਣ ਵਿੱਚ ਦਰਪੇਸ਼ ਦਿੱਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਕੁਝ ਦਿਨ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਅਤੇ ਫਿਜ਼ਿਓਥੈਰੇਪੀ ਦੀ ਵਿਵਸਥਾ ਕੀਤੀ ਗਈ ਹੈ।

ਗਗਨ ਲਈ ਪੜ੍ਹਾਈ ਨੂੰ ਆਸਾਨ ਬਣਾਉਣ ਵਾਸਤੇ ਸਕੂਲ ਵਿੱਚ ਖਾਸ ਤਰੀਕੇ ਅਪਣਾਏ ਗਏ। ਪ੍ਰੀਖਿਆਵਾਂ ਦੌਰਾਨ ਸਰਕਾਰੀ ਨਿਯਮਾਂ ਤਹਿਤ ਉਨ੍ਹਾਂ ਲਈ ਰਾਈਟਰ ਦਾ ਵੀ ਪ੍ਰਬੰਧ ਕੀਤਾ ਗਿਆ।

ਗਗਨ ਦੀ ਜ਼ਿੰਦਗੀ 'ਤੇ ਅਧਾਰਿਤ ਨਾਟਕ

ਗਗਨ ਵੱਲੋਂ ਇੱਕ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਦੀ ਤਸਵੀਰ

ਤਸਵੀਰ ਸਰੋਤ, Amritpal singh

ਤਸਵੀਰ ਕੈਪਸ਼ਨ, ਗਗਨ ਦੀ ਜ਼ਿੰਦਗੀ 'ਤੇ ਅਧਾਰਿਤ ਨਾਟਕ 'ਸਲਾਮ ਮੇਰੇ ਸੂਰਜਾ' ਤਿਆਰ ਕਰਵਾਇਆ ਗਿਆ, ਜਿਸ ਦਾ ਮੰਚਨ ਖੁਦ ਗਗਨ ਨੇ ਕੀਤਾ

ਅੰਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਗਗਨ ਭਾਵੇਂ ਤੁਰਨ ਅਤੇ ਦੇਖਣ ਦੇ ਅਸਮਰਥ ਸੀ ਪਰ ਉਸ ਦੇ ਅੰਦਰ ਸੁਣਨ ਅਤੇ ਬੋਲਣ ਦੀ ਕਲਾ ਇਸ ਹੱਦ ਤੱਕ ਹੈ ਕਿ ਉਹ ਸਟੇਜ 'ਤੇ ਇਕੱਲਾ ਵੀ ਪਰਫ਼ਾਰਮ ਕਰ ਸਕਦਾ ਹੈ।

ਉਹ ਦੱਸਦੇ ਹਨ, "ਜਦੋਂ ਮੈਂ ਗਗਨ ਦੇ ਹੁਨਰ ਨੂੰ ਪਛਾਣਿਆ ਤਾਂ ਉਸ ਨੂੰ ਭਾਸ਼ਣ ਮੁਕਾਬਲਿਆਂ ਦੀ ਤਿਆਰੀ ਕਰਵਾਈ ਗਈ। ਜਿਸ ਨਾਲ ਉਹ ਵੱਖ-ਵੱਖ ਸਟੇਜਾਂ 'ਤੇ ਪਰਫ਼ਾਰਮ ਕਰ ਸਕਿਆ ਅਤੇ ਜਿੱਤ ਸਕਿਆ।"

ਫਿਰ ਇੱਕ ਥੀਏਟਰ ਟੀਮ ਨਾਲ ਮਿਲ ਕੇ ਗਗਨ ਦੀ ਜ਼ਿੰਦਗੀ 'ਤੇ ਅਧਾਰਿਤ ਨਾਟਕ 'ਸਲਾਮ ਮੇਰੇ ਸੂਰਜਾ' ਤਿਆਰ ਕਰਵਾਇਆ ਗਿਆ।

ਇਹ ਨਾਟਕ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਿਆ ਗਿਆ ਅਤੇ ਅੰਮ੍ਰਿਤਪਾਲ ਮੰਘਾਣੀਆਂ ਦੁਆਰਾ ਨਿਰਦੇਸ਼ਿਤ ਕੀਤਾ ਗਿਆ। ਜਿਸਨੂੰ ਗਗਨ ਨੇ ਇਕੱਲੇ ਸਟੇਜ 'ਤੇ ਖੇਡਿਆ।

ਇਸ ਨਾਲ ਆਪਣੀ ਜ਼ਿੰਦਗੀ ਦਾ ਸੰਘਰਸ਼ ਗਗਨ ਨੇ ਖੁਦ ਨਾਟਕੀ ਰੂਪ ਵਿੱਚ ਸਭ ਦੇ ਸਾਹਮਣੇ ਰੱਖਿਆ।

ਗਗਨ ਖੁਦ ਵੀ ਬਣਨਾ ਚਾਹੁੰਦੇ ਅਧਿਆਪਕ

ਅੰਮ੍ਰਿਤਪਾਲ ਪੜ੍ਹਾਈ ਵਿੱਚ ਗਗਨ ਦੀ ਮਦਦ ਕਰਦੇ ਹੋਏ
ਤਸਵੀਰ ਕੈਪਸ਼ਨ, ਭਵਿੱਖ ਵਿੱਚ ਗਗਨ ਖਾਨ ਸੰਗੀਤ ਦੇ ਅਧਿਆਪਕ ਬਣਨਾ ਚਾਹੁੰਦੇ ਹਨ।

ਗਗਨ ਨੂੰ ਸੰਗੀਤ ਸਿੱਖਣ ਅਤੇ ਗਾਉਣ ਦਾ ਸ਼ੌਂਕ ਹੈ। ਉਹ ਹਾਰਮੋਨੀਅਮ ਉੱਤੇ ਸ਼ਬਦ ਕੀਰਤਨ ਗਾਉਂਦੇ ਹਨ। ਅੰਮ੍ਰਿਤਪਾਲ ਸਿੰਘ ਦੀ ਮਦਦ ਨਾਲ ਹੀ ਉਨ੍ਹਾਂ ਨੂੰ ਇੱਕ ਨਿੱਜੀ ਸੰਗੀਤ ਅਧਿਆਪਕ ਵੱਲੋਂ ਸਿਖਲਾਈ ਦਿੱਤੀ ਗਈ ਹੈ।

ਉਹ ਵੱਖ-ਵੱਖ ਲੇਖਕਾਂ, ਕਵੀਆਂ ਦੀਆਂ ਲਿਖਤਾਂ ਨੂੰ ਸੁਣ-ਸੁਣ ਕੇ ਯਾਦ ਕਰ ਚੁੱਕੇ ਹਨ ਅਤੇ ਅਕਸਰ ਆਪਣੇ ਅਧਿਆਪਕ ਦੇ ਸਾਹਮਣੇ ਹੋਣ 'ਤੇ ਕੁਝ ਨਾ ਕੁਝ ਸਤਰਾਂ ਬੋਲਦੇ ਰਹਿੰਦੇ ਹਨ।

ਗਗਨ ਕਹਿੰਦੇ ਹਨ ਕਿ ਉਹ ਭਵਿੱਖ ਵਿੱਚ ਖੁਦ ਅੰਮ੍ਰਿਤਪਾਲ ਸਿੰਘ ਵਰਗੇ ਹੀ ਸੰਗੀਤ ਦੇ ਅਧਿਆਪਕ ਹੀ ਬਣਨਾ ਚਾਹੁੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)