You’re viewing a text-only version of this website that uses less data. View the main version of the website including all images and videos.
ਪੰਜਾਬ: ਸਰਹੱਦੀ ਪਿੰਡਾਂ ਦੇ ਨੌਜਵਾਨ 'ਜੁਰਮ ਦੀ ਦੁਨੀਆਂ' ਵੱਲ ਕਿਵੇਂ ਖਿੱਚੇ ਜਾ ਰਹੇ, ਗੁਰਦੁਆਰਿਆਂ ਤੋਂ ਕੀ ਅਨਾਊਂਸਮੈਂਟ ਹੋ ਰਹੀ- ਗ੍ਰਾਊਂਡ ਰਿਪੋਰਟ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
ਪੰਜਾਬ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਿੱਚ ਅੱਜ ਕੱਲ੍ਹ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਲਾਊਡਸਪੀਕਰਾਂ ਤੋਂ ਸਿਰਫ਼ ਧਾਰਮਿਕ ਸੁਨੇਹੇ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਖ਼ਤਰਿਆਂ ਬਾਰੇ ਚੇਤਾਵਨੀਆਂ ਵੀ ਸੁਣਾਈ ਦੇ ਰਹੀਆਂ ਹਨ।
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਨਾਬਾਲਗਾਂ ਅਤੇ ਨੌਜਵਾਨਾਂ ਨਾਲ ਕਥਿਤ ਤੌਰ 'ਤੇ ਵਿਦੇਸ਼ ਵਿੱਚ ਬੈਠੇ ਹੈਂਡਲਰਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਉਨ੍ਹਾਂ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ।
ਇਸ ਰੁਝਾਨ ਨੂੰ ਲੈ ਕੇ ਵਧਦੀ ਚਿੰਤਾ ਦੇ ਮੱਦੇਨਜ਼ਰ ਪੁਲਿਸ ਨੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ।
ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਕਈ ਪਿੰਡਾਂ ਵਿੱਚ ਧਾਰਮਿਕ ਅਸਥਾਨਾਂ ਤੋਂ ਨੌਜਵਾਨਾਂ ਅਤੇ ਮਾਪਿਆਂ ਨੂੰ ਆਨਲਾਈਨ ਲਾਲਚਾਂ ਅਤੇ ਸ਼ੱਕੀ ਸੰਪਰਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਇੰਦਰਜੀਤ ਸਿੰਘ, ਸਰਵਨ ਸਿੰਘ, ਦਿਲਾਵਰ ਸਿੰਘ ਅਤੇ ਰਣਜੀਤ ਸਿੰਘ (ਉਮਰ ਕਰੀਬ 19 ਤੋਂ 21 ਸਾਲ) ਗੁਰਦਾਸਪੁਰ ਦੇ ਉਨ੍ਹਾਂ ਨੌਜਵਾਨਾਂ ਵਿੱਚੋਂ ਕੁਝ ਹਨ, ਜਿਨ੍ਹਾਂ ਨੂੰ ਪਿਛਲੇ ਕਰੀਬ ਇੱਕ ਸਾਲ ਵਿੱਚ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਖ਼ਤਰਨਾਕ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਪੁਲਿਸ ਮੁਤਾਬਕ ਪਿਛਲੇ ਸਮੇਂ ਦੌਰਾਨ ਪੰਜਾਬ (ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਤਰਨ ਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ) ਵਿੱਚ ਵਿਦੇਸ਼ੀ ਹੈਂਡਲਰਾਂ ਰਾਹੀਂ ਨਾਬਾਲਗਾਂ ਅਤੇ ਨੌਜਵਾਨਾਂ ਨੂੰ ਕੱਟੜਪੰਥੀ, ਅਪਰਾਧਿਕ ਗਤੀਵਿਧੀਆਂ ਲਈ ਵਰਤਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਹੱਦੀ ਇਲਾਕਿਆਂ ਦੇ ਪਿੰਡਾਂ ਵਿੱਚ ਸੋਸ਼ਲ ਮੀਡੀਆ ਰਾਹੀਂ ਆਰਥਿਕ ਤੌਰ ਉੱਤੇ ਕਮਜ਼ੋਰ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਖ਼ਤਰਨਾਕ ਅਪਰਾਧਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਵਿੱਚ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ।
ਪੰਜਾਬ ਪੁਲਿਸ ਮੁਤਾਬਕ ਜਿਨ੍ਹਾਂ ਨਾਬਾਲਗਾਂ ਨੂੰ ਖ਼ਤਰਨਾਕ ਅਪਰਾਧ ਲਈ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ ਅਤੇ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਹੈ।
ਅੰਮ੍ਰਿਤਸਰ ਪੁਲਿਸ ਮੁਤਾਬਕ ਜ਼ਿਲ੍ਹੇ ਵਿੱਚ ਪਿਛਲੇ ਇੱਕ ਸਾਲ ਦੌਰਾਨ ਕਰੀਬ 50 ਤੋਂ ਜ਼ਿਆਦਾ ਨਾਬਾਲਗਾਂ ਨੂੰ ਖ਼ਤਰਨਾਕ ਅਪਰਾਧ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਕੱਲੇ ਅਗਸਤ ਮਹੀਨੇ ਦੀਆਂ ਤਿੰਨ ਵੱਡੀਆਂ ਘਟਨਾਵਾਂ ਨੂੰ ਦੇਖਿਆ ਜਾਵੇ ਤਾਂ ਇਸ ਵਿੱਚ ਨਾਬਾਲਗਾਂ ਦੀ ਸ਼ਮੂਲੀਅਤ ਪਾਈ ਗਈ ਹੈ।
ਇੱਕ ਅਗਸਤ ਨੂੰ ਬਟਾਲਾ ਪੁਲਿਸ ਚੌਂਕੀ ਉੱਤੇ ਹੈਂਡ ਗ੍ਰਨੇਡ ਹਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿੱਚ ਦੋ ਨਾਬਾਲਗਾਂ ਦੀ ਸ਼ਮੂਲੀਅਤ ਸੀ, ਜਿਨ੍ਹਾਂ ਉੱਤੇ ਕਥਿਤ ਤੌਰ ਉੱਤੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਗ੍ਰਨੇਡ ਸੁੱਟਣ ਦਾ ਇਲਜ਼ਾਮ ਹੈ।
ਇਸੇ ਤਰ੍ਹਾਂ ਪੰਜ ਅਗਸਤ ਨੂੰ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਦੇ ਦੋ ਕੋਰਸ-ਬਾਰਡਰ ਕੱਟੜਪੰਥੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ, ਜਿਸ ਵਿੱਚ 4 ਨਾਬਾਲਗ ਮੁੰਡੇ ਸ਼ਾਮਲ ਸਨ।
ਚੰਡੀਗੜ੍ਹ ਪੁਲਿਸ ਨੇ 23 ਅਗਸਤ ਨੂੰ ਤਿੰਨ ਨੌਜਵਾਨਾਂ (ਉਮਰ ਕ੍ਰਮਵਾਰ 19 ਤੋਂ 21 ਸਾਲ) ਨੂੰ ਵਿਸਫੋਟਕ ਸਮੱਗਰੀ ਨਾਲ ਗ੍ਰਿਫ਼ਤਾਰ ਕੀਤਾ।
ਇਨ੍ਹਾਂ ਦਾ ਸਬੰਧ ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਹੈ ਅਤੇ ਪੁਲਿਸ ਜਾਂਚ ਵਿੱਚ ਇਨ੍ਹਾਂ ਦੇ ਸਬੰਧ ਕਥਿਤ ਤੌਰ ਉੱਤੇ ਵਿਦੇਸ਼ੀ ਹੈਂਡਲਰ ਨਾਲ ਸਾਹਮਣੇ ਆਏ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਪਠਾਨਕੋਟ ਪੁਲਿਸ ਨੇ ਇੱਕ ਨਾਬਾਲਗ਼ ਮੁੰਡੇ ਨੂੰ ਸੰਵੇਦਨਸ਼ੀਲ ਇਲਾਕਿਆਂ ਦੀਆਂ ਤਸਵੀਰਾਂ ਦੇਸ਼ ਵਿਰੋਧੀ ਅਨਸਰਾਂ ਨੂੰ ਭੇਜਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ।
ਨਿਸ਼ਾਨੇ 'ਤੇ ਕੌਣ ਨੌਜਵਾਨ
ਸੋਸ਼ਲ ਮੀਡੀਆ ਰਾਹੀਂ ਅਪਰਾਧ ਦੀ ਦਲਦਲ ਵਿੱਚ ਫਸ ਰਹੇ ਨਾਬਾਲਗ਼ ਅਤੇ ਨੌਜਵਾਨ ਆਖ਼ਰ ਕੌਣ ਹਨ, ਇਨ੍ਹਾਂ ਦਾ ਪਰਿਵਾਰਕ ਪਿਛੋਕੜ ਕੀ ਹੈ ਅਤੇ ਇਹ ਕਿਸ ਤਰੀਕੇ ਨਾਲ ਵੱਡੇ ਕਾਰੇ ਕਰ ਰਹੇ ਹਨ, ਇਹ ਸਮਝਣ ਲਈ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਦਾ ਦੌਰਾ ਕੀਤਾ।
ਇਸ ਦੌਰਾਨ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਸਬੰਧ ਆਰਥਿਕ ਤੌਰ ਉੱਤੇ ਕਮਜ਼ੋਰ ਅਤੇ ਘੱਟ ਪੜ੍ਹੇ-ਲਿਖੇ ਪਰਿਵਾਰਾਂ ਨਾਲ ਹੈ।
21-22 ਫਰਵਰੀ 2026 ਦੀ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਆਦੀਆਂ ਪੁਲਿਸ ਚੌਕੀ ਵਿੱਚ ਏਐੱਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਰਣਜੀਤ ਸਿੰਘ (19), ਇੰਦਰਜੀਤ ਸਿੰਘ ਅਤੇ ਦਿਲਾਵਰ ਸਿੰਘ ਨੂੰ ਨਾਮਜ਼ਦ ਕਰਦਿਆਂ ਦਾਅਵਾ ਕੀਤਾ ਕਿ ਉਹ ਕਥਿਤ ਤੌਰ 'ਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ।
ਘਟਨਾ ਤੋਂ ਤਿੰਨ ਦਿਨ ਬਾਅਦ ਰਣਜੀਤ ਸਿੰਘ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਹਥਿਆਰ ਬਰਾਮਦਗੀ ਦੌਰਾਨ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ।
ਪੁਲਿਸ ਮੁਤਾਬਕ ਬਾਅਦ ਵਿੱਚ ਪੁਲਿਸ 'ਤੇ ਗੋਲੀਬਾਰੀ ਕਰਨ 'ਤੇ ਜਵਾਬੀ ਕਾਰਵਾਈ ਵਿੱਚ ਉਸ ਨੂੰ ਮਾਰਿਆ ਗਿਆ। ਪਰਿਵਾਰ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਮੁਕਾਬਲੇ ਨੂੰ ਕਥਿਤ ਜਾਅਲੀ ਕਰਾਰ ਦਿੱਤਾ।
ਬਾਅਦ ਵਿੱਚ ਇਸ ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਹੋਈ ਅਤੇ ਅਦਾਲਤ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
ਰਣਜੀਤ ਸਿੰਘ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚਾਰ ਅਧੀਨ ਹੈ। ਇਹ ਪਟੀਸ਼ਨ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਨੇ ਦਾਖਲ ਕੀਤੀ ਸੀ।
ਇਸ ਜੁਰਮ ਤਹਿਤ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਫਿਲਹਾਲ ਬੰਦ ਇੰਦਰਜੀਤ ਸਿੰਘ ਅਤੇ ਸਰਵਨ ਸਿੰਘ, ਦੋਵੇਂ ਸਕੇ ਭਰਾ ਹਨ। ਇਨ੍ਹਾਂ ਦਾ ਸਬੰਧ ਜ਼ਮੀਂਦਾਰ ਪਰਿਵਾਰ ਨਾਲ ਹੈ ਅਤੇ ਦੋਵਾਂ ਕੋਲ ਅੱਧਾ ਕਿੱਲਾ ਜ਼ਮੀਨ ਹੈ।
ਇੰਦਰਜੀਤ ਸਿੰਘ ਦੀ ਭੈਣ ਸੁਖਦੀਪ ਕੌਰ ਨੇ ਦੱਸਿਆ ਕਿ ਦੋਵੇਂ ਭਰਾ ਘੱਟ ਪੜ੍ਹੇ-ਲਿਖੇ ਸਨ ਅਤੇ ਉਹ ਠੇਕੇ ਉੱਤੇ ਜ਼ਮੀਨ ਲੈ ਕੇ ਵਾਹੀ ਕਰਦੇ ਸਨ।
ਉਨ੍ਹਾਂ ਦੱਸਿਆ, "ਪੁਲਿਸ ਨੇ ਜੋ ਇਲਜ਼ਾਮ ਇਨ੍ਹਾਂ ਉੱਤੇ ਲਗਾਏ ਹਨ, ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪਰ ਇਸ ਘਟਨਾ ਨੇ ਉਨ੍ਹਾਂ ਦੇ ਘਰ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਆਮ ਜਵਾਕਾਂ ਵਾਂਗ ਦੋਵੇਂ ਭਰਾ ਫ਼ੋਨ ਦਾ ਇਸਤੇਮਾਲ ਕਰਦੇ ਸਨ ਅਤੇ ਇੰਸਟਾਗ੍ਰਾਮ ਉੱਤੇ ਉਨ੍ਹਾਂ ਦੇ ਅਕਾਊਂਟ ਵੀ ਸਨ।"
ਪਰ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਵਿਅਕਤੀ ਦੇ ਇਸ਼ਾਰੇ ਉੱਤੇ ਆਪਣੇ ਸਾਥੀਆਂ ਨਾਲ ਮਿਲ ਕੇ ਦੋ ਪੁਲਿਸ ਕਰਮੀਆਂ ਦਾ ਕਤਲ ਕੀਤਾ ਹੈ, ਇਹ ਗੱਲ ਉੱਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ।
ਉਨ੍ਹਾਂ ਕਹਿੰਦੇ ਹਨ ਇਸ ਗੱਲ ਉੱਤੇ ਯਕੀਨ ਨਹੀਂ ਹੋ ਰਿਹਾ ਕਿਉਂਕਿ ਇਨ੍ਹਾਂ ਦਾ ਕੋਈ ਗੰਭੀਰ ਅਪਰਾਧਕ ਪਿਛੋਕੜ ਨਹੀਂ ਹੈ।
ਪਰਿਵਾਰ ਮੁਤਾਬਕ ਸਿਰਫ਼ ਇੰਦਰਜੀਤ ਸਿੰਘ ਉੱਤੇ ਇੱਕ ਪਰਚਾ ਦਰਜ ਸੀ, ਜਦਕਿ ਸਰਵਨ ਸਿੰਘ ਦੇ ਖ਼ਿਲਾਫ਼ ਕੋਈ ਵੀ ਕੇਸ ਦਰਜ ਨਹੀਂ ਸੀ।
ਸੁਖਦੀਪ ਕੌਰ ਮੁਤਾਬਕ, "ਜੇਕਰ ਇੰਟਰਨੈੱਟ ਤੋਂ ਇੰਨਾ ਖ਼ਤਰਾ ਹੈ ਅਤੇ ਨੌਜਵਾਨ ਇਸ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ ਤਾਂ ਸਰਕਾਰ ਨੂੰ ਇਸ ਉੱਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਨੂੰ ਗ਼ਲਤ ਅਤੇ ਚੰਗੇ ਦੀ ਪਛਾਣ ਨਹੀਂ ਹੁੰਦੀ।"
ਇਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਵੱਲੋਂ 23 ਅਗਸਤ 2026 ਨੂੰ ਵਿਸਫੋਟਕ ਸਮੱਗਰੀ ਨਾਲ ਆਪਣੇ ਦੋ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਲਵਪ੍ਰੀਤ ਸਿੰਘ ਦਾ ਸਬੰਧ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਪਿੰਡ ਨਾਲ ਹੈ।
ਆਰਥਿਕ ਤੌਰ ਉੱਤੇ ਕਮਜ਼ੋਰ ਲਵਪ੍ਰੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਘਰਾਂ ਵਿੱਚ ਪੇਂਟ ਦਾ ਕੰਮ ਕਰਦਾ ਸੀ।
ਲਵਪ੍ਰੀਤ ਸਿੰਘ ਦੀ ਮਾਤਾ ਰਾਜ ਕੌਰ ਅਤੇ ਪਿਤਾ ਬਿੱਟੂ ਸਿੰਘ ਦੋਵੇਂ ਮਜ਼ਦੂਰੀ ਕਰਦੇ ਹਨ। ਉਸ ਦੀ ਮਾਤਾ ਨੇ ਦੱਸਿਆ ਕਿ ਉਹ 21 ਅਗਸਤ ਨੂੰ ਘਰੋਂ ਆਪਣੇ ਭੂਆ ਦੇ ਬੇਟੇ ਅਤੇ ਇੱਕ ਹੋਰ ਦੋਸਤ ਨਾਲ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਗਿਆ ਸੀ।
ਪਰ ਉਹ ਚੰਡੀਗੜ੍ਹ ਕਿਵੇਂ ਪਹੁੰਚ ਗਿਆ, ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਲਵਪ੍ਰੀਤ ਸਿੰਘ ਦੀ ਮਾਤਾ ਲੋਕਾਂ ਦੇ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ।
ਉਨ੍ਹਾਂ ਦੱਸਿਆ, "ਲਵਪ੍ਰੀਤ ਸਿੰਘ ਸਿਰਫ਼ ਅੱਠਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ ਅਤੇ ਗ਼ਰੀਬੀ ਕਾਰਨ ਉਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕਿਆ।"
ਸਰਹਾਲੀ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਮੁਤਾਬਕ ਲਵਪ੍ਰੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਦਾ ਇੱਕ ਕੇਸ ਦਰਜ ਹੈ।
ਉਨ੍ਹਾਂ ਦੱਸਿਆ, "ਆਮ ਬੱਚਿਆਂ ਵਾਂਗ ਉਹ ਵੀ ਮੋਬਾਈਲ ਦਾ ਇਸਤੇਮਾਲ ਕਰਦਾ ਸੀ। ਪਰ ਉਹ ਫ਼ੋਨ ਉੱਤੇ ਕੀ ਕਰ ਰਿਹਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਜੋ ਇਲਜ਼ਾਮ ਉਸ ਉੱਤੇ ਲਗਾਏ ਹਨ, ਉਹ ਬਹੁਤ ਗੰਭੀਰ ਹਨ। ਉਨ੍ਹਾਂ ਕੋਲ ਇੰਨੀ ਵੀ ਹੈਸੀਅਤ ਨਹੀਂ ਹੈ ਕਿ ਉਹ ਵਕੀਲ ਕਰ ਸਕਣ।
ਚੰਡੀਗੜ੍ਹ ਪੁਲਿਸ ਮੁਤਾਬਕ ਇਨ੍ਹਾਂ ਨੌਜਵਾਨਾਂ ਦਾ ਹੈਂਡਲਰ ਵੀ ਵਿਦੇਸ਼ੀ ਸੀ।
'ਨੌਜਵਾਨਾਂ ਤੇ ਨਾਬਾਲਗਾਂ ਨੂੰ ਕੀਤਾ ਜਾ ਰਿਹਾ ਟਾਰਗੇਟ'
ਤਰਨਤਾਰਨ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਗ਼ੈਰ-ਸਮਾਜਿਕ ਅਨਸਰ ਇੰਸਟਾਗ੍ਰਾਮ, ਟੈਲੀਗਰਾਮ, ਫੇਸਬੁਕ ਅਤੇ ਸਨੈਪਚੈਟ 'ਤੇ ਫ਼ਰਜ਼ੀ ਅਕਾਊਂਟ ਬਣਾ ਕੇ ਗ਼ਰੀਬ, ਬੇਰੁਜ਼ਗਾਰ, ਨਸ਼ੀਲੇ ਪਦਾਰਥਾਂ ਦੇ ਆਦੀ ਨਾਬਾਲਗ਼ਾਂ ਅਤੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹਨ।
ਇਸ ਤਹਿਤ ਨੌਜਵਾਨਾਂ ਨੂੰ ਪੈਸੇ, ਵਿਦੇਸ਼ ਭੇਜਣ ਦਾ ਝੂਠਾ ਵਾਅਦਾ ਜਾਂ ਗੈਂਗਸਟਰ ਲਾਈਫ਼ਸਟਾਈਲ ਦਿਖਾ ਕੇ ਫਸਾਇਆ ਜਾਂਦਾ ਹੈ।
ਜ਼ਿਆਦਾਤਰ ਮਾਮਲਿਆਂ ਵਿੱਚ ਇੱਕ ਨੌਜਵਾਨ ਨੂੰ ਫਸਾ ਕੇ ਉਸ ਰਾਹੀਂ ਹੋਰਨਾਂ ਨੂੰ ਜੋੜਿਆ ਜਾਂਦਾ ਹੈ।
ਸੁਰੇਂਦਰ ਲਾਂਬਾ ਅਨੁਸਾਰ, "ਹੁਣ ਤੱਕ ਜੋ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਸਰਹੱਦੀ ਇਲਾਕੇ ਦੇ ਘੱਟ ਪੜ੍ਹੇ-ਲਿਖੇ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਨੌਜਵਾਨਾਂ ਦੇ ਸੋਸ਼ਲ ਮੀਡੀਆ ਰਾਹੀਂ ਸਮਾਜ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਉਣ ਦੇ ਮਾਮਲੇ ਹਨ।"
ਉਨ੍ਹਾਂ ਦੱਸਿਆ ਕਿ ਸਭ ਤੋਂ ਚਿੰਤਾਜਨਕ ਪਹਿਲੂ ਉਨ੍ਹਾਂ ਨਾਬਾਲਗ਼ਾਂ ਦਾ ਅਪਰਾਧ ਵਿੱਚ ਸ਼ਾਮਲ ਹੋਣਾ ਹੈ, ਜਿਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੁੰਦਾ।
ਇਸ ਕਾਰਨ ਉਨ੍ਹਾਂ ਉੱਤੇ ਨਜ਼ਰ ਰੱਖਣੀ ਅਤੇ ਉਨ੍ਹਾਂ ਨੂੰ ਟਰੈਕ ਕਰਨਾ ਵੀ ਕਾਫ਼ੀ ਮੁਸ਼ਕਿਲ ਹੁੰਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਮਾਜ ਵਿਰੋਧੀ ਅਨਸਰ ਕੁਝ ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਦੇ ਹਨ। ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਾ ਇਸ ਤਰ੍ਹਾਂ ਦੇ ਅਪਰਾਧ ਦਾ ਗੜ੍ਹ ਬਣਦਾ ਜਾ ਰਿਹਾ ਹੈ।
ਸੁਰੇਂਦਰ ਲਾਂਬਾ ਨੇ ਦੱਸਿਆ ਕਿ ਨਾਬਾਲਗ਼ ਅਤੇ ਨੌਜਵਾਨ, ਜੋ ਇਸ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ ਹਨ, ਉਨ੍ਹਾਂ ਦੀਆਂ ਤਿੰਨ ਕੈਟਾਗਰੀਆਂ ਹਨ, ਜਿਨ੍ਹਾਂ ਵਿੱਚ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਉਣਾ, ਨਸ਼ੇ ਦੇ ਆਦੀ ਹੋਣਾ ਅਤੇ ਨੌਜਵਾਨਾਂ ਵਿੱਚ ਅਪਰਾਧ ਦੀ ਚਾਹਤ ਹੋਣਾ ਪ੍ਰਮੁੱਖ ਹਨ।
ਅਜਿਹੇ ਕੁਝ ਨੌਜਵਾਨ ਆਪਣੇ ਹਮਉਮਰ ਨੌਜਵਾਨਾਂ ਵਿੱਚ ਆਪਣੀ ਪੈਂਠ ਬਣਾਉਣ ਲਈ ਅਪਰਾਧ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤਹਿਤ 14 ਤੋਂ 27 ਸਾਲ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਐੱਸਐੱਸਪੀ ਲਾਂਬਾ ਮੁਤਾਬਕ ਖ਼ਾਸ ਤੌਰ ਉੱਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਦੇ ਬੱਚਿਆਂ ਨੂੰ ਸਮਾਜ ਵਿਰੋਧੀ ਅਨਸਰ ਆਪਣੀ ਰਡਾਰ ਉੱਤੇ ਰੱਖਦੇ ਹਨ।
"ਪੈਸਿਆਂ ਦਾ ਲਾਲਚ ਦੇ ਕੇ ਆਪਣੇ ਮਨਸੂਬਿਆਂ ਨੂੰ ਇਨ੍ਹਾਂ ਰਾਹੀਂ ਅੰਜਾਮ ਦਿੰਦੇ ਹਨ। ਇਸ ਵਿੱਚ ਡਰੱਗਜ਼ ਅਤੇ ਹਥਿਆਰਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਸਪਲਾਈ, ਫਿਰੌਤੀਆਂ ਲਈ ਫਾਇਰਿੰਗ ਕਰਵਾਉਣੀ ਅਤੇ ਹੋਰ ਖ਼ਤਰਨਾਕ ਅਪਰਾਧ ਸ਼ਾਮਲ ਹਨ।"
ਤਰਨਤਾਰਨ ਪੁਲਿਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ 19 ਪਿੰਡਾਂ ਨੂੰ ਉਨ੍ਹਾਂ ਨੇ ਸੰਵੇਦਨਸ਼ੀਲ ਐਲਾਨਿਆ ਹੈ।
ਇਨ੍ਹਾਂ ਇਲਾਕਿਆਂ ਵਿੱਚ ਡਰੋਨ ਦੀਆਂ ਗਤੀਵਿਧੀਆਂ ਅਕਸਰ ਰਿਪੋਰਟ ਹੁੰਦੀਆਂ ਹਨ ਅਤੇ ਪੁਲਿਸ ਦੀ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਉੱਤੇ ਖ਼ਾਸ ਨਜ਼ਰ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਨਾਬਾਲਗਾਂ ਵੱਲੋਂ ਅਪਰਾਧ ਨੂੰ ਅੰਜਾਮ ਦੇਣ ਦੇ ਜ਼ਿਆਦਾਤਰ ਮਾਮਲੇ ਕੁਝ ਸਮੇਂ ਬਾਅਦ ਹੀ ਹੱਲ ਹੋ ਜਾਂਦੇ ਹਨ। ਪਰ ਜੋ ਬੱਚੇ ਇਸ ਅਪਰਾਧ ਵਿੱਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦਾ ਭਵਿੱਖ ਖ਼ਰਾਬ ਹੋ ਜਾਂਦਾ ਹੈ।
ਬਾਅਦ ਵਿੱਚ ਇਨ੍ਹਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ।
ਅੰਮ੍ਰਿਤਸਰ ਦੇ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸਰਬਜੀਤ ਸਿੰਘ ਵੇਰਕਾ ਮੁਤਾਬਕ ਜਿਸ ਤਰੀਕੇ ਨਾਲ ਨਾਬਾਲਗ਼ ਬੱਚੇ ਖ਼ਤਰਨਾਕ ਅਪਰਾਧ ਦੀ ਦਲਦਲ ਵਿੱਚ ਸੋਸ਼ਲ ਮੀਡੀਆ ਰਾਹੀਂ ਫਸ ਰਹੇ ਹਨ, ਇਹ ਕਾਫ਼ੀ ਚਿੰਤਾਜਨਕ ਹੈ।
ਉਨ੍ਹਾਂ ਮੁਤਾਬਕ, "ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਪੁਲਿਸ ਨਸ਼ੇ ਅਤੇ ਹੋਰ ਅਪਰਾਧ ਵਿੱਚ ਲਿਪਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਦੀ ਹੈ। ਇਨ੍ਹਾਂ ਵਿੱਚ ਨਾਬਾਲਗ਼ਾਂ ਦੀ ਗਿਣਤੀ ਵੀ ਕਾਫ਼ੀ ਹੈ। ਸਰਕਾਰ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਾਲੀਆਂ ਏਜੰਸੀਆਂ ਨੂੰ ਇਸ ਬਾਰੇ ਠੋਸ ਰਣਨੀਤੀ ਬਣਾ ਕੇ ਕੰਮ ਕਰਨਾ ਚਾਹੀਦਾ ਹੈ।"
ਇਸ ਵਿੱਚ ਕਾਨੂੰਨ, ਪੁਲਿਸ ਅਤੇ ਸਮਾਜ ਦੇ ਮੋਹਤਬਰ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਮਾਪੇ ਅਤੇ ਨੌਜਵਾਨ ਕੀ ਸਾਵਧਾਨੀਆਂ ਵਰਤ ਸਕਦੇ ਹਨ?
ਸਾਈਬਰ ਸੁਰੱਖਿਆ ਮਾਹਰਾਂ ਅਤੇ ਪੁਲਿਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਆਮ ਸਲਾਹਾਂ ਮੁਤਾਬਕ ਮਾਪਿਆਂ ਅਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਉੱਤੇ ਅਣਜਾਣ ਵਿਅਕਤੀਆਂ ਨਾਲ ਸੰਪਰਕ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।
ਕਿਸੇ ਵੀ ਅਜਿਹੇ ਵਿਅਕਤੀ ਤੋਂ ਸੁਚੇਤ ਰਹੋ, ਜੋ ਪੈਸਿਆਂ, ਵਿਦੇਸ਼ ਭੇਜਣ, ਨੌਕਰੀ ਦਿਵਾਉਣ ਜਾਂ ਤੇਜ਼ੀ ਨਾਲ ਕਮਾਈ ਦੇ ਲਾਲਚ ਦੇਵੇ।
ਨਾਬਾਲਗ਼ ਅਤੇ ਨੌਜਵਾਨ ਆਪਣੇ ਨਿੱਜੀ ਵੇਰਵੇ, ਤਸਵੀਰਾਂ ਜਾਂ ਲੋਕੇਸ਼ਨ ਅਣਜਾਣ ਲੋਕਾਂ ਨਾਲ ਸਾਂਝੇ ਨਾ ਕਰਨ।
ਮਾਪੇ ਆਪਣੇ ਬੱਚਿਆਂ ਦੀ ਆਨਲਾਈਨ ਸਰਗਰਮੀ ਬਾਰੇ ਨਿਯਮਿਤ ਤੌਰ 'ਤੇ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਬਾਰੇ ਜਾਣੂ ਕਰਵਾਉਣ।
ਜੇ ਕਿਸੇ ਨੂੰ ਸ਼ੱਕੀ ਸੁਨੇਹੇ, ਪੇਸ਼ਕਸ਼ਾਂ ਜਾਂ ਧਮਕੀਆਂ ਮਿਲਦੀਆਂ ਹਨ ਤਾਂ ਉਹ ਤੁਰੰਤ ਪਰਿਵਾਰਕ ਮੈਂਬਰਾਂ ਜਾਂ ਪੁਲਿਸ ਨੂੰ ਜਾਣਕਾਰੀ ਦੇਣ। ਮਾਹਰਾਂ ਦਾ ਕਹਿਣਾ ਹੈ ਕਿ ਡਿਜੀਟਲ ਜਾਗਰੂਕਤਾ ਅਤੇ ਸਮੇਂ ਸਿਰ ਸੂਚਨਾ ਹੀ ਅਜਿਹੇ ਖ਼ਤਰਿਆਂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਪਿੰਡਾਂ ਦੇ ਧਾਰਮਿਕ ਅਸਥਾਨਾਂ ਤੋਂ ਕਿਉਂ ਹੋ ਰਹੀਆਂ ਅਨਾਊਂਸਮੈਂਟਾਂ
ਪੰਜਾਬ ਦੇ ਸਰਹੱਦੀ ਇਲਾਕਿਆਂ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਹੁਣ ਗੁਰਦੁਆਰਾ ਸਾਹਿਬਾਨ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਲਾਊਡ ਸਪੀਕਰਾਂ ਤੋਂ ਸਿਰਫ਼ ਧਾਰਮਿਕ ਬੋਲ ਹੀ ਨਹੀਂ, ਬਲਕਿ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਲਈ ਪੰਜਾਬ ਪੁਲਿਸ ਦੇ ਜਾਗਰੂਕਤਾ ਸੁਨੇਹੇ ਵੀ ਗੂੰਜ ਰਹੇ ਹਨ।
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਤੋਂ ਅਕਸਰ ਸਵੇਰੇ ਅਤੇ ਸ਼ਾਮ ਸਮੇਂ ਨੌਜਵਾਨਾਂ ਨੂੰ ਇੰਟਰਨੈੱਟ ਉੱਤੇ ਸਰਗਰਮ ਸਮਾਜ ਵਿਰੋਧੀ ਅਨਸਰਾਂ ਦੇ ਝਾਂਸਿਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।
ਇੰਟਰਨੈੱਟ ਰਾਹੀਂ ਸਮਾਜ ਵਿਰੋਧੀ ਅਨਸਰਾਂ ਦੇ ਝਾਂਸੇ ਵਿੱਚ ਆ ਕੇ ਖ਼ਤਰਨਾਕ ਅਪਰਾਧ ਨੂੰ ਅੰਜਾਮ ਦੇਣ ਦੇ ਵਧਦੇ ਮਾਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਅਨਾਊਂਸਮੈਂਟ ਕਰਵਾ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਅਪਰਾਧ ਅਤੇ ਸੋਸ਼ਲ ਮੀਡੀਆ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ, "ਹੁਣ ਤੱਕ ਜੋ ਕੇਸ ਪੁਲਿਸ ਨੇ ਹੱਲ ਕੀਤੇ ਹਨ, ਉਨ੍ਹਾਂ ਮੁਤਾਬਕ ਸਮਾਜ ਵਿਰੋਧੀ ਅਨਸਰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਕੰਮਾਂ ਲਈ ਨੌਜਵਾਨਾਂ, ਜਿਨ੍ਹਾਂ ਵਿੱਚ ਨਾਬਾਲਗ਼ ਵੀ ਸ਼ਾਮਲ ਹਨ, ਨੂੰ ਵੱਧ ਤੋਂ ਵੱਧ ਭਰਤੀ ਕਰ ਰਹੇ ਹਨ।"
"ਪੁਲਿਸ ਮਾਪਿਆਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਨਜ਼ਰ ਰੱਖਣ।"
ਇੰਸਪੈਕਟਰ ਅਸ਼ੋਕ ਕੁਮਾਰ ਮੁਤਾਬਕ, "ਅਸੀਂ ਨੌਜਵਾਨਾਂ ਤੱਕ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਕੋਈ ਨਸ਼ਾ ਵਿਕਰੇਤਾ, ਗੈਂਗਸਟਰ ਜਾਂ ਵਿਦੇਸ਼ੀ ਹੈਂਡਲਰ ਸੋਸ਼ਲ ਮੀਡੀਆ ਜਾਂ ਨਿੱਜੀ ਸੰਪਰਕ ਰਾਹੀਂ ਉਨ੍ਹਾਂ ਤੱਕ ਪਹੁੰਚੇ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ।"
ਬਟਾਲਾ ਕਸਬੇ ਦੇ ਜੋੜੀਆਂ ਖ਼ੁਰਦ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਸੋਸ਼ਲ ਮੀਡੀਆ ਦੇ ਸਬੰਧ ਵਿੱਚ ਜਾਗਰੂਕਤਾ ਫੈਲਾ ਰਹੀ ਹੈ, ਇਹ ਚੰਗੀ ਗੱਲ ਹੈ।
"ਪਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਉਭਾਰ ਹੋਇਆ ਹੈ, ਉਸ ਉੱਤੇ ਨਜ਼ਰ ਰੱਖਣੀ ਮਾਪਿਆਂ ਲਈ ਵੱਡੀ ਸਮੱਸਿਆ ਹੈ। ਅਕਸਰ ਸਰਹੱਦੀ ਇਲਾਕਿਆਂ ਵਿੱਚ ਗ਼ੈਰ-ਸਮਾਜਿਕ ਅਤੇ ਦੇਸ਼ ਵਿਰੋਧੀ ਤਾਕਤਾਂ ਸਰਗਰਮ ਰਹਿੰਦੀਆਂ ਹਨ। ਸੋਸ਼ਲ ਮੀਡੀਆ ਉੱਤੇ ਅਨਪੜ੍ਹ ਮਾਪਿਆਂ ਲਈ ਨਜ਼ਰ ਰੱਖਣਾ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਹੈ।"
ਪ੍ਰਮੁੱਖ ਘਟਨਾਵਾਂ
ਫਰਵਰੀ 2026- ਗੁਰਦਾਸਪੁਰ ਦੇ ਆਦੀਆਂ ਪੁਲਿਸ ਸਟੇਸ਼ਨ ਵਿੱਚ ਹੋਮ ਗਾਰਡ ਅਸ਼ੋਕ ਕੁਮਾਰ ਅਤੇ ਏਐੱਸਆਈ ਗੁਰਨਾਮ ਸਿੰਘ ਦਾ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਰਣਜੀਤ ਸਿੰਘ, ਇੰਦਰਜੀਤ ਸਿੰਘ ਅਤੇ ਦਿਲਾਵਰ ਸਿੰਘ ਨੂੰ ਨਾਮਜ਼ਦ ਕੀਤਾ ਸੀ।
ਇੱਕ ਅਗਸਤ ਨੂੰ ਬਟਾਲਾ ਪੁਲਿਸ ਚੌਕੀ ਉੱਤੇ ਹੈਂਡ ਗਰਨੇਡ ਹਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿੱਚ ਦੋ ਨਾਬਾਲਗ਼ਾਂ ਦੀ ਸ਼ਮੂਲੀਅਤ ਸੀ, ਜਿਨ੍ਹਾਂ ਉੱਤੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਗਰਨੇਡ ਸੁੱਟਣ ਦਾ ਇਲਜ਼ਾਮ ਹੈ।
03 ਅਗਸਤ 2026- ਬਟਾਲਾ ਪੁਲਿਸ ਚੌਕੀ 'ਤੇ ਗਰਨੇਡ ਨਾਲ ਹਮਲਾ, ਤਿੰਨ ਗ੍ਰਿਫ਼ਤਾਰ, ਜਿਨ੍ਹਾਂ ਵਿੱਚ ਦੋ ਨਾਬਾਲਗ਼।
05 ਅਗਸਤ 2026- ਅੰਮ੍ਰਿਤਸਰ ਵਿੱਚ ਕੱਟੜਪੰਥੀ ਮੌਡਿਊਲ ਦਾ ਪਰਦਾਫਾਸ਼, ਜਿਸ ਵਿੱਚ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਵਿੱਚ 4 ਨਾਬਾਲਗ਼ ਮੁੰਡੇ ਸ਼ਾਮਲ ਸਨ।
24 ਅਗਸਤ 2026- ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਤਿੰਨ ਨੈੱਟਵਰਕ ਤੋੜਦਿਆਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ 1 ਨਾਬਾਲਗ਼ ਸ਼ਾਮਲ ਸੀ।
ਚੰਡੀਗੜ੍ਹ ਪੁਲਿਸ ਨੇ 23 ਅਗਸਤ ਨੂੰ ਤਿੰਨ ਨੌਜਵਾਨਾਂ, ਜਿਨ੍ਹਾਂ ਦੀ ਉਮਰ ਕ੍ਰਮਵਾਰ 19 ਤੋਂ 21 ਸਾਲ ਸੀ, ਨੂੰ ਵਿਸਫੋਟਕ ਸਮੱਗਰੀ ਨਾਲ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦਾ ਸਬੰਧ ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਹੈ ਅਤੇ ਪੁਲਿਸ ਜਾਂਚ ਵਿੱਚ ਇਨ੍ਹਾਂ ਦਾ ਸਬੰਧ ਵਿਦੇਸ਼ੀ ਹੈਂਡਲਰ ਨਾਲ ਸਾਹਮਣੇ ਆਇਆ।
ਸਤੰਬਰ 2025- ਇਸੇ ਤਰ੍ਹਾਂ ਬਠਿੰਡਾ ਦੇ ਜੀਦਾ ਪਿੰਡ ਵਿੱਚ ਸਤੰਬਰ 2025 ਵਿੱਚ ਘਰ ਵਿੱਚ ਵਿਸਫੋਟਕ ਸਮੱਗਰੀ ਨਾਲ ਬੰਬ ਤਿਆਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ।
ਇਸ ਕੇਸ ਦੀ ਜਾਂਚ ਕੌਮੀ ਸੁਰੱਖਿਆ ਏਜੰਸੀ (ਐੱਨਆਈਏ) ਕਰ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ