ਭਾਰਤੀ ਹਾਕੀ ਟੀਮ ਦੀ ਜਰਸੀ ਬਾਰੇ ਕੀ ਵਿਵਾਦ ਪੈਦਾ ਹੋਇਆ, ਸਾਬਕਾ ਕਪਤਾਨ ਨੇ ਕਿਉਂ ਦੱਸਿਆ 'ਸ਼ਰਮਨਾਕ'

ਭਾਰਤੀ ਮਹਿਲਾ ਹਾਕੀ ਟੀਮ

ਤਸਵੀਰ ਸਰੋਤ, @TheHockeyIndia

ਤਸਵੀਰ ਕੈਪਸ਼ਨ, ਹਾਕੀ ਇੰਡੀਆ ਨੇ ਨਵੀਂ ਜਰਸੀ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਨੀਦਰਲੈਂਡ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਐੱਫਆਈਐੱਚ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਨਵੀਂ ਜਰਸੀ ਦੇ ਰੰਗ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।

ਹਾਕੀ ਇੰਡੀਆ ਨੇ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਲਈ ਪਹਿਲਾਂ ਤੋਂ ਚੱਲਦੀ ਆ ਰਹੀ ਨੀਲੇ ਰੰਗ ਦੀ ਥਾਂ ਕੇਸਰੀ ਰੰਗ ਦੀ ਨਵੀਂ ਜਰਸੀ ਜਾਰੀ ਕੀਤੀ ਹੈ। ਇਸ ਫ਼ੈਸਲੇ 'ਤੇ ਸਾਬਕਾ ਕਪਤਾਨ ਵੀਰਨ ਰਸਕਿਨ੍ਹਾ ਅਤੇ ਪਰਗਟ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ।

ਨੀਲੇ ਤੋਂ ਕੇਸਰੀ ਰੰਗ ਵਿੱਚ ਇਸ ਅਚਾਨਕ ਬਦਲਾਅ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਖੇਡ ਜਗਤ ਵਿੱਚ ਵੀ ਬਹਿਸ ਸ਼ੁਰੂ ਹੋ ਗਈ ਹੈ।

ਹਾਲਾਂਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦੱਸਦੇ ਹੋਏ ਆਪਣਾ ਬਚਾਅ ਕੀਤਾ ਹੈ।

ਹਾਕੀ ਇੰਡੀਆ ਨੇ ਸੋਸ਼ਲ ਮੀਡੀਆ 'ਤੇ ਨਵੀਂ ਜਰਸੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਦੇ ਡਿਜ਼ਾਈਨ ਅਤੇ ਰੰਗ ਦਾ ਮਕਸਦ 'ਇੱਕ ਕਹਾਣੀ ਦੱਸਣਾ' ਅਤੇ 'ਭਾਰਤ ਦਾ ਮਾਣ' ਦਿਖਾਉਣਾ ਹੈ।

ਹਾਕੀ ਇੰਡੀਆ ਨੇ ਨਵੀਂ ਜਰਸੀ ਪੇਸ਼ ਕਰਦੇ ਹੋਏ ਇੱਕ ਵੀਡੀਓ ਵੀ ਜਾਰੀ ਕੀਤਾ ਹੈ।

ਜਰਸੀ ਦਾ ਰੰਗ ਅਤੇ ਡਿਜ਼ਾਈਨ

ਜਰਸੀ

ਤਸਵੀਰ ਸਰੋਤ, @TheHockeyIndia

ਤਸਵੀਰ ਕੈਪਸ਼ਨ, ਭਾਰਤੀ ਹਾਕੀ ਟੀਮ ਲਈ ਕੇਸਰੀ ਰੰਗ ਦੀ ਨਵੀਂ ਜਰਸੀ ਲਾਂਚ ਹੋਈ ਹੈ

ਹਾਕੀ ਇੰਡੀਆ ਦੇ ਵੀਡੀਓ ਵਿੱਚ ਕੇਸਰੀ (ਭਗਵਾ) ਰੰਗ ਨੂੰ ਹਿੰਮਤ, ਬਲਿਦਾਨ ਅਤੇ ਜਿੱਤ ਦਾ ਪ੍ਰਤੀਕ ਦੱਸਿਆ ਗਿਆ ਹੈ। ਇਸ ਰੰਗ ਨੂੰ ਭਾਰਤ ਦੇ ਝੰਡੇ ਅਤੇ ਚੜ੍ਹਦੇ ਸੂਰਜ ਤੋਂ ਪ੍ਰੇਰਿਤ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਨਵੀਂ ਸ਼ੁਰੂਆਤ ਦਾ ਸੰਕੇਤ ਹੈ।

ਜਰਸੀ ਦੇ ਵਿਚਕਾਰਲੇ ਹਿੱਸੇ ਵਿੱਚ ਇੱਕ ਡਿਜ਼ਾਈਨ ਹੈ, ਜਿਸ ਨੂੰ ਮੰਡਲਾ ਕਿਹਾ ਗਿਆ ਹੈ। ਇਸ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੋਂ ਪ੍ਰੇਰਿਤ ਦੱਸਿਆ ਗਿਆ ਹੈ।

ਗਲੇ ਅਤੇ ਬਾਂਹ 'ਤੇ ਡੀਪ ਨੇਵੀ ਬਲੂ ਰੰਗ ਦੀ ਇੱਕ ਪਤਲੀ ਪੱਟੀ ਹੈ, ਜੋ ਅਸ਼ੋਕ ਚੱਕਰ ਤੋਂ ਪ੍ਰੇਰਿਤ ਹੈ। ਇਸ ਨੂੰ ਤਰੱਕੀ, ਸ਼ਾਂਤੀ ਅਤੇ ਫੋਕਸ ਦਾ ਪ੍ਰਤੀਕ ਦੱਸਿਆ ਗਿਆ ਹੈ।

ਜਰਸੀ ਦੇ ਉੱਪਰਲੇ ਹਿੱਸੇ ਵਿੱਚ ਚੈਸਟ ਗ੍ਰਾਫਿਕ ਹੈ, ਜਿਸ ਨੂੰ ਸੁਦਰਸ਼ਨ ਚੱਕਰ ਦੀ ਆਧੁਨਿਕ ਵਿਆਖਿਆ ਦੱਸਿਆ ਗਿਆ ਹੈ। ਇਸ ਨੂੰ ਤਾਕਤ, ਏਕਤਾ ਅਤੇ ਗਤੀ ਦਾ ਪ੍ਰਤੀਕ ਕਿਹਾ ਗਿਆ ਹੈ।

ਜਰਸੀ ਵਿੱਚ ਗਲੇ ਤੋਂ ਮੋਢੇ ਤੱਕ ਤਿਰੰਗੇ ਦੀ ਇੱਕ ਪੱਟੀ ਹੈ, ਜਿਸ ਨੂੰ ਟ੍ਰਾਈਕਲਰ ਪਾਈਪਿੰਗ (ਕੇਸਰੀ, ਸਫੈਦ ਅਤੇ ਹਰਾ) ਕਿਹਾ ਗਿਆ ਹੈ। ਇਸ ਨੂੰ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸਿਆ ਗਿਆ ਹੈ।

ਜਰਸੀ ਦੇ ਵਿਚਕਾਰ ਅੰਗਰੇਜ਼ੀ ਵਿੱਚ ਇੰਡੀਆ ਲਿਖਿਆ ਗਿਆ ਹੈ, ਜੋ ਦੇਵਨਾਗਰੀ ਲਿਪੀ ਤੋਂ ਪ੍ਰਭਾਵਿਤ ਹੈ। ਕਿਹਾ ਗਿਆ ਹੈ ਕਿ ਇਹ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ।

ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨਾਂ ਨੇ ਉਠਾਏ ਸਵਾਲ

ਪਰਗਟ ਸਿੰਘ

ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਅਤੇ ਵੀਰੇਨ ਰਸਕਿਨ੍ਹਾ ਨੇ ਹਾਕੀ ਇੰਡੀਆ ਦੇ ਫ਼ੈਸਲੇ 'ਤੇ ਸਵਾਲ ਉਠਾਏ ਹਨ। ਰਸਕਿਨ੍ਹਾ ਨੇ ਇਸ ਨੂੰ 'ਸ਼ਰਮਨਾਕ' ਦੱਸਿਆ ਹੈ।

ਸਾਬਕਾ ਕਪਤਾਨ ਅਤੇ ਓਲੰਪੀਅਨ ਵੀਰੇਨ ਰਸਕਿਨ੍ਹਾ ਨੇ ਇਸ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਦਹਾਕਿਆਂ ਪੁਰਾਣੀ ਖੇਡ ਪਰੰਪਰਾ ਨੂੰ ਛੱਡਣ ਦੇ ਪਿੱਛੇ ਦੀ ਵਜ੍ਹਾ 'ਤੇ ਸਵਾਲ ਉਠਾਇਆ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਮੈਂ ਮੰਨਦਾ ਹਾਂ ਕਿ ਹਾਕੀ ਇੰਡੀਆ ਨੇ ਭਾਰਤੀ ਹਾਕੀ ਲਈ ਕਈ ਚੰਗੇ ਕੰਮ ਕੀਤੇ ਹਨ, ਪਰ ਇਹ ਸ਼ਰਮਨਾਕ ਹੈ। ਭਾਰਤੀ ਟੀਮ ਦੀ ਵਿਰਾਸਤ ਅਤੇ ਪਛਾਣ ਹਮੇਸ਼ਾ ਨੀਲੀ ਰਹੀ ਹੈ। ਮੈਂ ਕਈ ਸਾਲਾਂ ਤੱਕ ਮਾਣ ਨਾਲ ਨੀਲੀ ਜਰਸੀ ਪਹਿਨੀ ਹੈ। ਪ੍ਰਸ਼ੰਸਕ ਵੀ ਭਾਰਤੀ ਟੀਮ ਨੂੰ ਨੀਲੀ ਜਰਸੀ ਵਿੱਚ ਦੇਖਣਾ ਚਾਹੁੰਦੇ ਹਨ। ਆਖ਼ਿਰ ਕੇਸਰੀ ਰੰਗ ਦਾ ਤਰਕ ਕੀ ਹੈ?"

ਪੁਰਸ਼ ਹਾਕੀ ਟੀਮ ਦੇ ਇੱਕ ਹੋਰ ਸਾਬਕਾ ਕਪਤਾਨ ਪਰਗਟ ਸਿੰਘ ਨੇ ਵੀ ਖੇਡਾਂ 'ਤੇ ਵਿਚਾਰਧਾਰਾ ਥੋਪਣ ਦੇ ਇਲਜ਼ਾਮ ਲਗਾਏ ਹਨ।

ਪਰਗਟ ਸਿੰਘ ਪਦਮਸ਼੍ਰੀ ਅਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹਨ। ਉਹ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਹਨ। ਪਰਗਟ ਸਿੰਘ ਪੰਜਾਬ ਦੇ ਸਾਬਕਾ ਸਿੱਖਿਆ ਅਤੇ ਖੇਡ ਮੰਤਰੀ ਰਹੇ ਹਨ।

ਉਨ੍ਹਾਂ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਕਿਹਾ, "ਦਹਾਕਿਆਂ ਤੋਂ ਹਾਕੀ ਇੰਡੀਆ ਦੀ ਟੀਮ ਮਾਣ ਨਾਲ ਨੀਲੀ ਜਰਸੀ ਪਹਿਨਦੀ ਰਹੀ ਹੈ ਅਤੇ ਇਹ ਰੰਗ ਸਾਡੀ ਖੇਡ ਪਛਾਣ ਦਾ ਹਿੱਸਾ ਬਣ ਚੁੱਕਾ ਹੈ। ਇਸ ਨੂੰ ਕੇਸਰੀ ਰੰਗ ਵਿੱਚ ਬਦਲਣਾ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਉਸ ਸੋਚ ਨੂੰ ਦਰਸਾਉਂਦਾ ਹੈ, ਜਿਸ ਵਿੱਚ ਹਰ ਥਾਂ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਦਿਖਾਈ ਦਿੰਦੀ ਹੈ।"

ਪਰਗਟ ਸਿੰਘ ਨੇ ਕਿਹਾ, "ਖੇਡਾਂ ਦਾ ਰਾਜਨੀਤੀਕਰਨ ਕਰਨ ਦੀ ਬਜਾਏ ਬਿਹਤਰ ਬੁਨਿਆਦੀ ਢਾਂਚਾ, ਵਿਸ਼ਵ ਪੱਧਰੀ ਸਿਖਲਾਈ ਅਤੇ ਖਿਡਾਰੀਆਂ ਨੂੰ ਵੱਧ ਸਹਿਯੋਗ ਦੇਣ 'ਤੇ ਧਿਆਨ ਦੇਣਾ ਚਾਹੀਦਾ ਹੈ। ਖੇਡਾਂ ਨੂੰ ਰਾਜਨੀਤੀ ਤੋਂ ਦੂਰ ਰੱਖੋ। ਖੇਡ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ, ਸਿਰਫ਼ ਖੇਡ ਭਾਵਨਾ ਹੁੰਦੀ ਹੈ।"

ਹਾਕੀ ਇੰਡੀਆ ਨੇ ਕੀ ਕਿਹਾ

ਹਾਕੀ ਇੰਡੀਆ

ਤਸਵੀਰ ਸਰੋਤ, @TheHockeyIndia

ਤਸਵੀਰ ਕੈਪਸ਼ਨ, ਹਾਕੀ ਇੰਡੀਆ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਜਰਸੀ ਦੇ ਰੰਗ ਵਿੱਚ ਕੀਤੇ ਗਏ ਬਦਲਾਅ ਨੂੰ ਦਿਖਾਇਆ ਗਿਆ ਹੈ (ਸਕਰੀਨ ਗ੍ਰੈਬ)

ਦੂਜੇ ਪਾਸੇ, ਹਾਕੀ ਇੰਡੀਆ ਨੇ ਜਰਸੀ ਦੇ ਨਵੇਂ ਰੰਗ ਪਿੱਛੇ ਤਕਨੀਕੀ ਆਧਾਰ ਦਾ ਹਵਾਲਾ ਦਿੱਤਾ ਹੈ।

ਹਾਕੀ ਇੰਡੀਆ ਨੇ ਕਿਹਾ, "ਮੁੱਖ ਵਿਚਾਰ ਤਕਨੀਕੀ ਸੀ। ਨੀਲੀ ਖੇਡ ਜਰਸੀ ਅਕਸਰ ਨੀਲੇ ਸਿੰਥੈਟਿਕ ਮੈਦਾਨ ਵਿੱਚ ਰਲ ਜਾਂਦੀ ਸੀ, ਜੋ ਹੁਣ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਮਿਆਰੀ ਰੰਗ ਹੈ। ਇਸ ਕਾਰਨ ਖਿਡਾਰੀਆਂ ਲਈ ਮੈਦਾਨ 'ਤੇ ਸਪਸ਼ਟਤਾ ਅਤੇ ਦਿੱਖ ਪ੍ਰਭਾਵਿਤ ਹੁੰਦੀ ਸੀ।"

ਹਾਕੀ ਇੰਡੀਆ ਦਾ ਕਹਿਣਾ ਹੈ ਕਿ ਜਰਸੀ ਨੂੰ ਖਿਡਾਰੀਆਂ ਅਤੇ ਸਹਾਇਕ ਸਟਾਫ਼ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅੰਤਿਮ ਰੂਪ ਦਿੱਤਾ ਗਿਆ ਹੈ। ਹਾਕੀ ਇੰਡੀਆ ਮੁਤਾਬਕ, ਕੇਸਰੀ ਰੰਗ ਹਿੰਮਤ, ਬਲਿਦਾਨ ਅਤੇ ਜਿੱਤ ਦਾ ਪ੍ਰਤੀਕ ਹੈ।

ਹਾਕੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਪਾਇਆ ਗਿਆ ਸੀ ਕਿ ਨੀਲੇ ਰੰਗ ਦੀ ਜਰਸੀ ਅੰਤਰਰਾਸ਼ਟਰੀ ਹਾਕੀ ਵਿੱਚ ਹੁਣ ਮਿਆਰੀ ਬਣ ਚੁੱਕੀ ਨੀਲੀ ਸਿੰਥੈਟਿਕ ਪਿੱਚ ਨਾਲ ਰਲ ਜਾਂਦੀ ਹੈ।"

ਹਾਕੀ ਇੰਡੀਆ ਨੇ ਕਿਹਾ, "ਇਸ ਕਾਰਨ ਖਿਡਾਰੀਆਂ ਲਈ ਮੈਦਾਨ 'ਤੇ ਚੀਜ਼ਾਂ ਨੂੰ ਸਪਸ਼ਟ ਤੌਰ 'ਤੇ ਦੇਖਣਾ ਅਤੇ ਪਛਾਣਨਾ ਪ੍ਰਭਾਵਿਤ ਹੋ ਰਿਹਾ ਸੀ। ਇਸੇ ਕਾਰਨ ਭਾਰਤੀ ਟੀਮ ਲਈ ਕੇਸਰੀ ਜਰਸੀ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।"

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਤਿਰਕੀ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ 2014 ਵਿਸ਼ਵ ਕੱਪ ਵਿੱਚ ਪੀਲੀ ਜਰਸੀ ਅਤੇ 2018 ਵਿੱਚ ਆਸਮਾਨੀ ਨੀਲੇ ਡਿਜ਼ਾਈਨ ਦੀ ਵਰਤੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ, ਇਸ ਲਈ ਜਰਸੀ ਦੇ ਰੰਗ ਵਿੱਚ ਬਦਲਾਅ ਕੋਈ ਨਵੀਂ ਗੱਲ ਨਹੀਂ ਹੈ।

ਉੱਥੇ ਹੀ ਵੀਰੇਨ ਰਸਕਿਨ੍ਹਾ ਨੇ ਐਕਸ 'ਤੇ ਇੱਕ ਵੱਖਰੀ ਪੋਸਟ ਵਿੱਚ ਸਪਸ਼ਟ ਕੀਤਾ ਕਿ ਉਹ ਇਸ ਮੁੱਦੇ ਨੂੰ ਰਾਜਨੀਤਿਕ ਰੰਗ ਨਹੀਂ ਦੇਣਾ ਚਾਹੁੰਦੇ।

ਉਨ੍ਹਾਂ ਨੇ ਲਿਖਿਆ, "ਮੈਂ ਇਸ 'ਤੇ ਕਈ ਬੇਲੋੜੀਆਂ ਰਾਜਨੀਤਕ ਟਿੱਪਣੀਆਂ ਦੇਖ ਰਿਹਾ ਹਾਂ। ਮੈਂ ਇਸ ਵਿੱਚ ਨਹੀਂ ਪੈਣਾ ਚਾਹੁੰਦਾ। ਮੇਰਾ ਸਿੱਧਾ ਅਤੇ ਨਿਮਰ ਮੁੱਦਾ ਸਿਰਫ਼ ਮਾਣ, ਪਛਾਣ ਅਤੇ ਵਿਰਾਸਤ ਦਾ ਹੈ।"

ਪ੍ਰਿਅੰਕਾ ਗਾਂਧੀ ਨੇ ਕਿਹਾ- ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼

ਹਾਕੀ ਟੀਮ ਦੀ ਜਰਸੀ

ਤਸਵੀਰ ਸਰੋਤ, @TheHockeyIndia

ਤਸਵੀਰ ਕੈਪਸ਼ਨ, ਹਾਕੀ ਇੰਡੀਆ ਦਾ ਕਹਿਣਾ ਹੈ ਕਿ ਇਸ ਜਰਸੀ ਵਿੱਚ ਨੀਲੇ ਅਤੇ ਤਿਰੰਗੇ ਦੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ (ਸਕਰੀਨ ਗ੍ਰੈਬ)

ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਹਾਕੀ ਇੰਡੀਆ ਵੱਲੋਂ ਜਰਸੀ ਦੇ ਰੰਗ ਵਿੱਚ ਕੀਤੇ ਬਦਲਾਅ ਨੂੰ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਦੱਸਿਆ ਹੈ।

ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਭਾਵੇਂ ਉਹ ਯੂਨੀਫਾਰਮ ਬਦਲਣ ਜਾਂ ਸਿੱਖਿਆ ਨੀਤੀ ਰਾਹੀਂ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨ, ਉਹ ਕੁਝ ਵੀ ਕਰਨ, ਇਸ ਦੇਸ਼ ਦੇ ਨੌਜਵਾਨਾਂ ਨੇ ਆਪਣੀ ਰਾਏ ਸਪਸ਼ਟ ਕਰ ਦਿੱਤੀ ਹੈ। ਤੁਸੀਂ ਦੇਖਿਆ ਕਿ ਜੰਤਰ-ਮੰਤਰ 'ਤੇ ਇਕੱਠੇ ਹੋਏ ਨੌਜਵਾਨ ਕੀ ਕਹਿ ਰਹੇ ਸਨ? ਉਹੀ ਦੇਸ਼ ਦੀ ਆਵਾਜ਼ ਹੈ।"

"ਭਾਰਤ ਦੀ ਆਜ਼ਾਦੀ ਦੀ ਲੜਾਈ ਅਹਿੰਸਾ ਅਤੇ ਸੱਚਾਈ 'ਤੇ ਆਧਾਰਿਤ ਸੀ ਅਤੇ ਇਸ ਵਿੱਚ ਆਰਐੱਸਐੱਸ ਦੀ ਕੋਈ ਭੂਮਿਕਾ ਨਹੀਂ ਸੀ। ਪੂਰਾ ਦੇਸ਼ ਇਸ ਸੱਚਾਈ ਨੂੰ ਜਾਣਦਾ ਹੈ ਅਤੇ ਜੋ ਲੋਕ ਨਹੀਂ ਜਾਣਦੇ ਸਨ, ਉਹ ਵੀ ਹੁਣ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਣ ਲੱਗੇ ਹਨ।"

ਜਰਸੀ ਦੇ ਰੰਗ ਨੂੰ ਲੈ ਕੇ ਪਹਿਲਾਂ ਵੀ ਹੋਇਆ ਵਿਵਾਦ

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, GE

ਤਸਵੀਰ ਕੈਪਸ਼ਨ, ਹਾਕੀ ਇੰਡੀਆ ਦਾ ਕਹਿਣਾ ਹੈ ਕਿ ਜਰਸੀ ਨੂੰ ਖਿਡਾਰੀਆਂ ਅਤੇ ਸਹਾਇਕ ਸਟਾਫ਼ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅੰਤਿਮ ਰੂਪ ਦਿੱਤਾ ਗਿਆ ਹੈ

ਹਾਲਾਂਕਿ ਨਵੀਂ ਜਰਸੀ ਵਿੱਚ ਨੀਲੇ ਅਤੇ ਤਿਰੰਗੇ ਦੇ ਰੰਗਾਂ ਦੇ ਸ਼ੇਡ ਬਰਕਰਾਰ ਰੱਖੇ ਗਏ ਹਨ, ਪਰ ਇਸ ਦੇ ਰਾਜਨੀਤਕ ਅਰਥਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਪਿਛਲੇ ਡੇਢ ਦਹਾਕੇ ਵਿੱਚ ਸੱਤਾਧਾਰੀ ਐੱਨਡੀਏ ਸਰਕਾਰ ਦੇ ਦੌਰਾਨ ਇਸ ਰੰਗ ਦੀ ਵਧਦੀ ਵਰਤੋਂ ਨੂੰ "ਭਗਵਾਕਰਨ" ਕਿਹਾ ਜਾਂਦਾ ਰਿਹਾ ਹੈ।

ਹਾਕੀ ਇੰਡੀਆ ਦੇ ਪ੍ਰਚਾਰ ਵੀਡੀਓ ਵਿੱਚ ਵੀ ਰਾਸ਼ਟਰਵਾਦੀ ਪ੍ਰਤੀਕਾਂ ਦੀ ਪ੍ਰਮੁੱਖਤਾ ਨਾਲ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਕੇਸਰੀ ਪਿਛੋਕੜ ਦੇ ਨਾਲ ਦੇਵਨਾਗਰੀ ਲਿਪੀ, ਸੁਦਰਸ਼ਨ ਚੱਕਰ ਦੇ ਗ੍ਰਾਫਿਕਸ ਅਤੇ ਸਰਕਾਰ ਦੇ ਪ੍ਰਮੁੱਖ ਨਾਅਰੇ "ਏਕ ਭਾਰਤ, ਸ਼੍ਰੇਸ਼ਠ ਭਾਰਤ" ਨੂੰ ਦਿਖਾਇਆ ਗਿਆ ਹੈ।

ਪੀਟੀਆਈ ਨੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਇਸ ਵਿੱਚ ਕੁਝ ਵੀ ਰਾਜਨੀਤਕ ਨਹੀਂ ਹੈ। ਜੇਕਰ ਕੇਸਰੀ ਪਹਿਲੀ ਜਰਸੀ ਹੈ ਤਾਂ ਇਸ ਵਿੱਚ ਗ਼ਲਤ ਕੀ ਹੈ? ਕੇਸਰੀ ਸਾਡੇ ਤਿਰੰਗੇ ਦਾ ਹਿੱਸਾ ਹੈ। ਬਦਲਾਅ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।"

ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ 2019 ਵਨਡੇ ਵਿਸ਼ਵ ਕੱਪ ਦੌਰਾਨ ਇੰਗਲੈਂਡ ਵਿੱਚ ਸੰਤਰੀ ਰੰਗ ਦੀ "ਅਵੇ" ਜਰਸੀ ਪਹਿਨੀ ਸੀ, ਜਿਸ ਨੂੰ ਲੈ ਕੇ ਵੀ ਵੱਡਾ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਦੇ ਸਾਲਾਂ ਵਿੱਚ ਪੂਰੀ ਤਰ੍ਹਾਂ ਨੀਲੀ ਕਿੱਟ ਦੀ ਥਾਂ ਸੰਤਰੀ ਅਤੇ ਤਿਰੰਗੇ ਰੰਗ ਦੀਆਂ ਧਾਰੀਆਂ ਅਤੇ ਡਿਜ਼ਾਈਨ ਦੀ ਵਰਤੋਂ ਆਮ ਹੁੰਦੀ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)