ਰਿਚਰਡ ਬਰਟਨ, ਅੰਗਰੇਜ਼ ਖੋਜੀ ਜਿਸ ਨੂੰ ਪੰਜਾਬੀ, ਪਸ਼ਤੋ ਸਣੇ 26 ਭਾਸ਼ਾਵਾਂ ਆਉਂਦੀਆਂ ਸਨ, ਜਿਸ ਨੇ ਲੁੱਕ ਕੇ 'ਕਾਮਾ-ਸੂਤਰਾ' ਦਾ ਅਨੁਵਾਦ ਕੀਤਾ

ਰਿਚਰਡ ਬਰਟਨ

ਤਸਵੀਰ ਸਰੋਤ, Hulton-Deutsch Collection/CORBIS/Corbis via Getty Images

ਤਸਵੀਰ ਕੈਪਸ਼ਨ, 1821 ਵਿੱਚ ਦੱਖਣ-ਪੱਛਮੀ ਇੰਗਲੈਂਡ ਦੇ ਟੋਰਕੀ ਵਿੱਚ ਜਨਮੇ ਬਰਟਨ ਦਾ ਪਾਲਣ-ਪੋਸ਼ਣ ਯੂਰਪ ਦੇ ਕਈ ਦੇਸ਼ਾਂ ਵਿੱਚ ਹੋਇਆ
    • ਲੇਖਕ, ਪੌਲਾ ਰੋਸਾਸ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪੜ੍ਹਨ ਦਾ ਸਮਾਂ: 12 ਮਿੰਟ

ਕੁਝ ਜੀਵਨੀਆਂ ਅਜਿਹੀਆਂ ਹੁੰਦੀਆਂ ਹਨ ਜੋ ਇੱਕ ਹੀ ਜ਼ਿੰਦਗੀ ਵਿੱਚ ਸਮਾਉਣ ਲਈ ਬਹੁਤ ਲੰਬੀਆਂ ਲੱਗਦੀਆਂ ਹਨ।

ਬਰਤਾਨਵੀ ਖੋਜੀ, ਜਾਸੂਸ, ਰਾਜਨਾਇਕ, ਸਿਪਾਹੀ, ਅਨੁਵਾਦਕ ਅਤੇ ਮਨੁੱਖ ਵਿਗਿਆਨ ਦੇ ਖੋਜਕਾਰ ਰਿਚਰਡ ਬਰਟਨ ਦੀ ਜ਼ਿੰਦਗੀ ਵੀ ਅਜਿਹੀ ਹੀ ਲੱਗਦੀ ਹੈ ਜਿਵੇਂ ਉਹ ਆਪਣੀ 79 ਸਾਲ ਦੀ ਜ਼ਿੰਦਗੀ ਦੇ ਸਾਰੇ ਕਾਰਨਾਮਿਆਂ ਅਤੇ ਵਿਵਾਦਾਂ ਨੂੰ ਸਮਾਉਣ ਲਈ ਸਮੇਂ ਅਤੇ ਥਾਂ ਤੋਂ ਵੀ ਅੱਗੇ ਤੱਕ ਫੈਲ ਰਹੀ ਹੋਵੇ।

ਵਿਕਟੋਰੀਅਨ ਯੁੱਗ ਦੀ ਖੋਜ ਦੇ ਸੋਨੇ ਦੇ ਦੌਰ ਦਾ ਸਭ ਤੋਂ ਅਜੀਬ ਅਤੇ ਰੋਮਾਂਚਕ ਯਾਤਰੀ 26 ਭਾਸ਼ਾਵਾਂ ਬੋਲਦਾ ਸੀ ਅਤੇ ਜੇਕਰ ਉਹ ਬੋਲੀਆਂ ਵੀ ਗਿਣੀਆਂ ਜਾਣ ਜਿਨ੍ਹਾਂ 'ਤੇ ਉਸ ਦੀ ਮੁਹਾਰਤ ਸੀ ਤਾਂ ਇਹ ਗਿਣਤੀ 40 ਬਣਦੀ ਸੀ।

ਉਹ ਮੱਕਾ ਅਤੇ ਕਰਾਚੀ ਦੇ ਮਰਦਾਂ ਦੇ ਕੋਠਿਆਂ ਵਿੱਚ ਵੀ ਦਾਖ਼ਲ ਹੋਇਆ ਅਤੇ ਨੀਲ ਦਰਿਆ ਦੇ ਸਰੋਤਾਂ ਦੀ ਖੋਜ ਵੀ ਕੀਤੀ।

ਇਸ ਦੇ ਨਾਲ ਹੀ "ਵੰਨ ਥਾਊਜ਼ੰਡ ਐਂਡ ਵੰਨ ਨਾਈਟ" ਅਤੇ "ਕਾਮਾ-ਸੂਤਰਾ" ਦਾ ਅਨੁਵਾਦ ਕੀਤਾ, ਜਿਸ ਨਾਲ ਇਹ ਅੰਗਰੇਜ਼ੀ ਭਾਸ਼ਾ ਵਿੱਚ ਸਭ ਤੋਂ ਵੱਧ ਗ਼ੈਰ-ਕਾਨੂੰਨੀ ਤੌਰ 'ਤੇ ਨਕਲ ਕੀਤੀਆਂ ਜਾਣ ਵਾਲੀਆਂ ਵਰਜਿਤ ਕਿਤਾਬਾਂ ਵਿੱਚੋਂ ਸ਼ਾਮਲ ਹੋ ਗਈਆ।

ਪਰ ਬਰਟਨ ਸਿਰਫ਼ ਬਰਤਾਨਵੀ ਸਮਰਾਜ ਦੀ ਹੱਦਾਂ ਵਧਾਉਣ ਲਈ ਦੁਨੀਆ ਨਹੀਂ ਘੁੰਮੇ, ਉਨ੍ਹਾਂ ਨੇ ਹੋਰ ਵੀ ਕਈ ਚੀਜ਼ਾਂ 'ਤੇ ਖੋਜ ਕੀਤੀ।

19ਵੀਂ ਸਦੀ ਦੇ ਖੋਜੀਆਂ 'ਤੇ ਆਪਣੇ ਲੇਖ ਵਿੱਚ ਬਰਤਾਨਵੀ ਲੇਖਕ ਅਤੇ ਵਿਦਵਾਨ ਰੈਡਮੰਡ ਓ'ਹੈਨਲਨ ਕਹਿੰਦੇ ਹਨ, "ਉਨ੍ਹਾਂ ਨੇ ਉਹਨਾਂ ਚੀਜ਼ਾਂ ਦੀ ਵੀ ਖੋਜ ਕੀਤੀ ਜਿਨ੍ਹਾਂ ਨਾਲ ਰਾਣੀ ਵਿਕਟੋਰੀਆ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ, ਜਿਵੇਂ ਅਜੀਬ ਦੇਵਤੇ ਅਤੇ ਧਰਮ, ਤਜਰਬੇਕਾਰ ਨਸ਼ੇ ਅਤੇ ਸਭ ਤੋਂ ਵੱਧ ਸੈਕਸ ਅਤੇ ਕਾਮੁਕਤਾ।"

"ਕੁਝ ਲੋਕ ਉਸ ਨੂੰ ਇੱਕ ਜ਼ਹੀਨ (ਜੀਨੀਅਸ) ਦੱਸਦੇ ਹਨ। ਹੋਰਾਂ ਦੇ ਅਨੁਸਾਰ ਉਹ ਵਿਗੜਿਆ ਹੋਇਆ ਵਿਅਕਤੀ ਸੀ।"

1821 ਵਿੱਚ ਦੱਖਣ-ਪੱਛਮੀ ਇੰਗਲੈਂਡ ਦੇ ਟੋਰਕੀ ਵਿੱਚ ਜਨਮੇ ਬਰਟਨ ਦਾ ਪਾਲਣ-ਪੋਸ਼ਣ ਯੂਰਪ ਦੇ ਕਈ ਦੇਸ਼ਾਂ ਵਿੱਚ ਹੋਇਆ। ਇਸ ਵਿੱਚ ਫਰਾਂਸ ਅਤੇ ਇਟਲੀ ਵੀ ਸ਼ਾਮਲ ਸਨ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀ।

ਉਨ੍ਹਾਂ ਦੇ ਕੋਲ ਭਾਸ਼ਾਵਾਂ ਸਿੱਖਣ ਦੀ ਬੇਮਿਸਾਲ ਸਮਰੱਥਾ ਸੀ। ਨਾਲ ਹੀ ਉਹ ਬਿਨਾਂ ਝਿਜਕ ਦੇ ਰਹਿੰਦੇ ਸਨ। ਬਰਟਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਤਿੰਨ ਸਾਲ ਦੀ ਉਮਰ ਵਿੱਚ ਲਾਤੀਨੀ ਅਤੇ ਚਾਰ ਸਾਲ ਦੀ ਉਮਰ ਵਿੱਚ ਯੂਨਾਨੀ ਸਿੱਖ ਲਈ ਸੀ।

ਉਹ ਟ੍ਰਿਨਿਟੀ ਕਾਲਜ, ਆਕਸਫੋਰਡ ਵਿੱਚ ਦਾਖ਼ਲ ਹੋਏ। ਉੱਥੇ ਉਨ੍ਹਾਂ ਨੇ ਅਰਬੀ ਸਿੱਖੀ। ਉਨ੍ਹਾਂ ਨੇ ਬਾਜ਼ ਪਾਲਣ ਦੀ ਕਲਾ ਵੀ ਸਿੱਖੀ, ਤਲਵਾਰਬਾਜ਼ੀ ਵਿੱਚ ਨਿਪੁੰਨਤਾ ਹਾਸਲ ਕੀਤੀ ਅਤੇ 'ਸ਼ਾਨਦਾਰ ਮੁੱਛਾਂ' ਰੱਖੀਆਂ, ਜਿਸਨੂੰ ਬਾਅਦ ਵਿੱਚ ਉਸ ਨੇ ਮੁੰਨਵਾ ਦਿੱਤਾ।

ਉਹ ਬੋਰ ਹੋ ਗਏ ਅਤੇ ਉਨ੍ਹਾਂ ਨੇ ਨਿਯਮ ਤੋੜ ਦਿੱਤੇ। ਆਖ਼ਿਰਕਾਰ 1842 ਵਿੱਚ ਬਿਨਾਂ ਇਜਾਜ਼ਤ ਦੌੜਾਂ ਦੇਖਣ ਜਾਣ ਕਾਰਨ ਉਨ੍ਹਾਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ।

ਬਰਟਨ

ਤਸਵੀਰ ਸਰੋਤ, Hulton-Deutsch Collection/CORBIS/Corbis via Getty Images

ਤਸਵੀਰ ਕੈਪਸ਼ਨ, ਜੀਨੀਅਸ ਅਤੇ ਆਪਣੀ ਖਾਸ ਸ਼ਖ਼ਸੀਅਤ ਵਾਲਾ ਵਿਅਕਤੀ

ਜਦੋਂ ਯੂਨੀਵਰਸਿਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਡਾਂਟਿਆ, ਉਨ੍ਹਾਂ ਨੇ ਉਨ੍ਹਾਂ ਉੱਤੇ ਇਲਜ਼ਾਮ ਲਗਾਇਆ ਕਿ ਉਹ ਵਿਦਿਆਰਥੀਆਂ ਨਾਲ ਬੱਚਿਆਂ ਵਾਂਗ ਵਰਤਾਅ ਕਰਦੇ ਹਨ। ਉਨ੍ਹਾਂ ਨੇ "ਇੱਕ ਰਸਮੀ ਨਮਸਕਾਰ ਕੀਤਾ" ਅਤੇ ਉੱਥੋਂ ਚਲੇ ਗਏ।

ਉਨ੍ਹਾਂ ਨੇ ਇੱਕ ਹੋਰ ਮੁਲਜ਼ਮ ਵਿਦਿਆਰਥੀ ਨਾਲ ਘੋੜਾ-ਗੱਡੀ ਕਿਰਾਏ 'ਤੇ ਲਈ। ਉਹ ਆਕਸਫੋਰਡ ਦੀ ਮੁੱਖ ਸੜਕ 'ਤੇ ਨਿਕਲ ਪਏ। ਉਹ ਇੱਕ ਵਾਜਾ ਵਜਾ ਰਹੇ ਸਨ। ਦੋਸਤਾਂ ਨੂੰ ਹੱਥ ਹਿਲਾ ਕੇ ਅਲਵਿਦਾ ਕਰ ਰਹੇ ਸਨ। ਦੁਕਾਨਾਂ 'ਚ ਕੰਮ ਕਰਨ ਵਾਲੀਆਂ ਕੁੜੀਆਂ ਦੇ ਹੱਥ ਚੁੰਮ ਰਹੇ ਸਨ।

ਇਹ ਨਾਟਕੀ ਅੰਦਾਜ਼ ਅਤੇ ਬਗ਼ਾਵਤੀ ਸੁਭਾਅ ਉਨ੍ਹਾਂ ਦੇ ਨਾਲ ਪੂਰੀ ਜ਼ਿੰਦਗੀ ਰਿਹਾ। ਇਸ ਕਰਕੇ ਉਨ੍ਹਾਂ ਨੂੰ "ਡਿਕ ਦਿ ਰੂਫ਼ੀਆਨ" ਨਾਂ ਮਿਲਿਆ।

ਉਨ੍ਹਾਂ ਨੇ ਆਪਣੇ ਆਪ ਨੂੰ "ਇੱਕ ਭਟਕਣ ਵਾਲੀ, ਗਵਾਚੀ ਹੋਈ ਰੂਹ… ਇੱਕ ਚਮਕਦੀ ਰੌਸ਼ਨੀ, ਜਿਸ ਦਾ ਕੋਈ ਪੱਕਾ ਰਸਤਾ ਨਹੀਂ" ਦੱਸਿਆ। ਸ਼ਾਇਦ ਯੂਰਪ ਵਿੱਚ ਬਚਪਨ ਬਿਤਾਉਣ ਕਰਕੇ, ਆਪਣੇ ਦੇਸ਼ ਤੋਂ ਦੂਰ ਰਹਿਣ ਕਾਰਨ, ਉਹ ਕਹਿੰਦੇ ਸਨ, "ਇੰਗਲੈਂਡ ਉਹ ਇਕੱਲਾ ਦੇਸ਼ ਹੈ ਜਿੱਥੇ ਮੈਨੂੰ ਕਦੇ ਵੀ ਘਰ ਵਰਗਾ ਅਹਿਸਾਸ ਨਹੀਂ ਹੁੰਦਾ।"

ਕਈ ਜੀਵਨੀਆਂ ਉਨ੍ਹਾਂ ਨੂੰ ਹੱਦ ਤੋਂ ਵੱਧ ਜੀਵਨ ਜਿਉਣ ਵਾਲਾ ਵਿਅਕਤੀ ਦੱਸਦੀਆਂ ਹਨ। ਉਹ ਕੋਠਿਆਂ ਵਿੱਚ ਵੀ ਜਾਂਦੇ ਸਨ ਅਤੇ ਲਾਇਬ੍ਰੇਰੀਆਂ ਵਿੱਚ ਵੀ। ਉਹ ਮਹਿਖ਼ਾਨਿਆਂ ਅਤੇ ਨਸ਼ਿਆਂ ਵਾਲੀਆਂ ਥਾਵਾਂ 'ਤੇ ਵੀ ਜਾਂਦੇ ਸਨ।

ਉਨ੍ਹਾਂ ਕੋਲ ਕਾਫੀ ਜਾਣਕਾਰੀ ਸੀ। ਉਨ੍ਹਾਂ ਵਿੱਚ ਬੇਅੰਤ ਜਿਗਿਆਸਾ ਸੀ, ਜੋ ਉਨ੍ਹਾਂ ਨੂੰ ਵੱਖ-ਵੱਖ ਸਮਾਜਾਂ ਦੀ ਖੋਜ ਕਰਨ ਲਈ ਪ੍ਰੇਰਿਤ ਕਰਦੀ ਸੀ।

ਬਰਟਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਟਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਤਿੰਨ ਸਾਲ ਦੀ ਉਮਰ ਵਿੱਚ ਲਾਤੀਨੀ ਅਤੇ ਚਾਰ ਸਾਲ ਦੀ ਉਮਰ ਵਿੱਚ ਯੂਨਾਨੀ ਸਿੱਖ ਲਈ ਸੀ।

ਕਰਾਚੀ ਰਿਪੋਰਟ

ਇੱਕ ਘਟਨਾ ਦੱਸਦੀ ਹੈ ਕਿ ਬਰਟਨ ਕਿੰਨੀ ਤੀਬਰਤਾ ਨਾਲ ਜੀਉਂਦੇ ਸਨ। ਉਹ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ ਵਿੱਚ ਪੂਰੀ ਤਰ੍ਹਾਂ ਡੁੱਬ ਜਾਣ ਤੋਂ ਨਹੀਂ ਡਰਦੇ ਸਨ।

ਆਕਸਫੋਰਡ ਛੱਡਣ ਤੋਂ ਬਾਅਦ, ਉਹ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਸ਼ਾਮਲ ਹੋਏ। ਉੱਥੇ ਉਹ ਕਠੋਰ ਜਨਰਲ ਚਾਰਲਜ਼ ਨੇਪੀਅਰ ਦੇ ਅਧੀਨ ਕੰਮ ਕਰਦੇ ਸਨ।

ਉਨ੍ਹਾਂ ਨੇ ਕਈ ਸਥਾਨਕ ਭਾਸ਼ਾਵਾਂ ਸਿੱਖੀਆਂ, ਜਿਵੇਂ ਗੁਜਰਾਤੀ, ਪੰਜਾਬੀ, ਤੇਲਗੂ, ਪਸ਼ਤੋ, ਮਰਾਠੀ ਅਤੇ ਹਿੰਦੁਸਤਾਨੀ। ਇਸ ਤੋਂ ਇਲਾਵਾ, ਉਹ ਪਹਿਲਾਂ ਹੀ ਫ਼ਾਰਸੀ ਅਤੇ ਅਰਬੀ ਜਾਣਦੇ ਸਨ। ਇਸ ਕਰਕੇ ਉਹ ਖ਼ੁਫ਼ੀਆ ਸੇਵਾਵਾਂ ਲਈ ਮਹੱਤਵਪੂਰਨ ਬਣ ਗਏ।

ਸਥਾਨਕ ਲੋਕਾਂ ਵਿੱਚ ਘੁਲਣ-ਮਿਲਣ ਲਈ ਅਤੇ ਉਹਨਾਂ ਥਾਵਾਂ 'ਤੇ ਪਹੁੰਚਣ ਲਈ ਜਿੱਥੇ ਗੋਰੇ ਲੋਕ ਕਦੇ ਨਹੀਂ ਜਾ ਸਕਦੇ ਸਨ, ਉਨ੍ਹਾਂ ਨੇ ਆਪਣੇ ਵਾਲ ਮੋਢਿਆਂ ਤੱਕ ਵਧਾਏ।

ਉਨ੍ਹਾਂ ਨੇ ਲੰਬੀ ਅਤੇ ਸੰਘਣੀ ਦਾੜੀ ਰੱਖੀ। ਉਨ੍ਹਾਂ ਨੇ ਆਪਣੇ ਹੱਥਾਂ ਅਤੇ ਲੱਤਾਂ 'ਤੇ ਮਹਿੰਦੀ ਵੀ ਲਗਾਈ। ਉਨ੍ਹਾਂ ਨੇ ਆਪਣੇ ਆਪ ਨੂੰ 'ਮਿਰਜ਼ਾ ਅਬਦੁੱਲ੍ਹਾ' ਕਿਹਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਰਬ-ਫ਼ਾਰਸੀ ਵੰਸ਼ ਦਾ ਇੱਕ ਖਾੜੀ ਵਪਾਰੀ ਹੈ, ਤਾਂ ਜੋ ਉਚਾਰਣ ਦੀਆਂ ਗ਼ਲਤੀਆਂ ਛੁਪਾਈਆਂ ਜਾ ਸਕਣ।

ਉਹ ਇਕੱਲੇ ਬਰਤਾਨਵੀ ਅਧਿਕਾਰੀ ਸਨ ਜੋ ਸਿੰਧੀ ਭਾਸ਼ਾ ਬੋਲ ਸਕਦੇ ਸਨ, ਜੋ ਕਰਾਚੀ ਖੇਤਰ ਦੀ ਭਾਸ਼ਾ ਸੀ। ਇਸ ਲਈ 1845 ਵਿੱਚ ਨੇਪੀਅਰ ਨੇ ਉਨ੍ਹਾਂ ਨੂੰ ਸ਼ਹਿਰ ਦੇ ਸਮਲਿੰਗੀ ਕੋਠਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਦਿੱਤੀ, ਤਾਂ ਜੋ ਮਰਦ ਵੈਸ਼ਿਆਵ੍ਰਿਤੀ ਨੂੰ ਖ਼ਤਮ ਕੀਤਾ ਜਾ ਸਕੇ।

ਸਥਾਨਕ ਦੋਸਤਾਂ ਦੇ ਨਾਲ, ਜਿਨ੍ਹਾਂ ਨਾਲ ਉਨ੍ਹਾਂ ਦੀ ਜਾਣ-ਪਛਾਣ ਹੋਈ ਸੀ, 'ਮਿਰਜ਼ਾ ਅਬਦੁੱਲ੍ਹਾ' ਕਈ ਰਾਤਾਂ ਕੋਠਿਆਂ ਵਿੱਚ ਗਿਆ। ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਕੰਮ ਬਹੁਤ ਹੀ ਬਾਰੀਕੀ ਨਾਲ ਕੀਤਾ। ਵਿਕਟੋਰੀਅਨ ਸਮਾਜ ਵਿੱਚ, ਜੋ ਕਾਫ਼ੀ ਤੰਗ ਸੋਚ ਵਾਲੇ ਸੀ, ਇਸ ਨਾਲ ਵੱਡਾ ਹੰਗਾਮਾ ਮਚ ਗਿਆ। ਇਸ ਕਾਰਨ ਫੌਜ ਵਿੱਚ ਉਨ੍ਹਾਂ ਦਾ ਭਵਿੱਖ ਹਮੇਸ਼ਾ ਲਈ ਪ੍ਰਭਾਵਿਤ ਹੋ ਗਿਆ।

ਕੁਝ ਜੀਵਨੀਆਂ ਦੇ ਮੁਤਾਬਕ, ਇਹ ਗੱਲ ਵੀ ਉਨ੍ਹਾਂ ਦੇ ਕਰੀਅਰ ਲਈ ਨੁਕਸਾਨਦਾਇਕ ਰਹੀ ਕਿ ਉਨ੍ਹਾਂ ਨੇ ਦੱਸਿਆ ਸੀ ਕਿ ਇਨ੍ਹਾਂ ਕੋਠਿਆਂ ਦੇ ਬਹੁਤ ਸਾਰੇ ਗਾਹਕ ਬਰਤਾਨਵੀ ਸਿਪਾਹੀ ਅਤੇ ਅਫ਼ਸਰ ਸਨ।

ਮੰਜ਼ਿਲ ਮੱਕਾ

ਫਿਰ ਉਹ ਇੰਗਲੈਂਡ ਵਾਪਸ ਗਏ। ਉੱਥੇ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਲੋਕਾਂ ਦੇ ਰਿਵਾਜਾਂ 'ਤੇ ਕਈ ਕਿਤਾਬਾਂ ਲਿਖੀਆਂ। ਪਰ ਰੋਮਾਂਚ ਅਤੇ ਖੋਜ ਦੀ ਲਗਨ ਕਦੇ ਵੀ ਉਨ੍ਹਾਂ ਨੇ ਨਹੀਂ ਛੱਡੀ।

ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਖੁਆਇਸ਼ਾਂ ਵਿੱਚੋਂ ਇੱਕ ਸੀ ਮੱਕਾ ਅਤੇ ਮਦੀਨਾ ਜਾਣਾ। ਇਹ ਮੁਸਲਮਾਨਾਂ ਲਈ ਪਵਿੱਤਰ ਸ਼ਹਿਰ ਅਤੇ ਯਾਤਰਾ ਸਥਾਨ ਹਨ। ਉੱਥੇ ਉਨ੍ਹਾਂ ਲੋਕਾਂ ਲਈ ਦਾਖ਼ਲੇ ਦੀ ਮਨਾਹੀ ਸੀ ਅਤੇ ਅੱਜ ਵੀ ਹੈ, ਜੋ ਇਸ ਧਰਮ ਨੂੰ ਨਹੀਂ ਮੰਨਦੇ। ਉਸ ਸਮੇਂ ਇਸ ਨਿਯਮ ਨੂੰ ਤੋੜਨ ਦੀ ਸਜ਼ਾ ਮੌਤ ਸੀ।

ਥੋਮਸ ਰਾਈਟ ਨੇ 1909 ਵਿੱਚ ਲਿਖੀ ਆਪਣੀ ਵਿਸਥਾਰਪੂਰਵਕ ਜੀਵਨੀ "ਦਿ ਲਾਈਫ ਆਫ ਸਰ ਰਿਚਰਡ ਬਰਟਨ' ਵਿੱਚ ਦੱਸਿਆ ਹੈ ਕਿ ਪਰ ਇਸ ਕਾਰਨ ਉਹ ਨਹੀਂ ਡਰੇ। ਉਨ੍ਹਾਂ ਨੇ ਕਈ ਸਾਲ 'ਮੁਸਲਿਮ ਧਰਮ ਸ਼ਾਸਤਰ' ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਕੁਰਾਨ ਦਾ ਵੱਡਾ ਹਿੱਸਾ ਯਾਦ ਕਰ ਲਿਆ। ਉਹ 'ਨਮਾਜ਼ ਦੇ ਮਾਹਰ' ਬਣ ਗਏ।

ਇਸ ਵਾਰ ਭੇਸ ਬਦਲਣ ਲਈ, ਉਨ੍ਹਾਂ ਨੇ ਇੱਕ ਪਸ਼ਤੂਨ ਡਾਕਟਰ ਦਾ ਰੂਪ ਧਾਰਿਆ। ਉਨ੍ਹਾਂ ਨੇ ਆਪਣੇ ਆਪ ਨੂੰ 'ਸ਼ੇਖ਼ ਅਬਦੁੱਲ੍ਹ' ਦੱਸਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਫ਼ਗਾਨਿਸਤਾਨ ਤੋਂ ਹਨ। ਉਨ੍ਹਾਂ ਨੇ ਆਪਣਾ ਸਿਰ ਮੁੰਡਾਇਆ ਅਤੇ ਫਿਰ ਦਾੜੀ ਵਧਾਈ। ਇੱਕ ਦੋਸਤ ਦੇ ਮੁਤਾਬਕ, ਉਨ੍ਹਾਂ ਨੇ ਕਿਰਦਾਰ ਨੂੰ ਹੋਰ ਹਕੀਕਤੀ ਬਣਾਉਣ ਲਈ ਖ਼ਤਨਾ ਵੀ ਕਰਵਾਇਆ।

ਇਸ ਤਰ੍ਹਾਂ ਬਰਟਨ 1853 ਵਿੱਚ ਉਹ ਇੰਗਲੈਂਡ ਤੋਂ ਕਾਇਰੋ ਗਏ। ਉੱਥੇ ਉਨ੍ਹਾਂ ਨੇ ਯਾਤਰੀਆਂ ਵਾਲੇ ਕੱਪੜੇ ਖਰੀਦੇ ਅਤੇ ਪਵਿੱਤਰ ਧਰਤੀ ਵੱਲ ਜਾਣ ਦੀ ਤਿਆਰੀ ਪੂਰੀ ਕੀਤੀ। ਪਰ ਇਸ ਤੋਂ ਪਹਿਲਾਂ ਉਹ ਇੱਕ ਅਲਬਾਨੀਆਈ ਕਪਤਾਨ ਨਾਲ, ਜਿਸ ਨਾਲ ਉਹ ਹੁਣੇ ਮਿਲੇ ਸਨ, ਨਸ਼ੇ ਵਿੱਚ ਮਸਤ ਹੋ ਕੇ ਘੁੰਮਦੇ ਰਹੇ।

ਜਦੋਂ ਇਹ ਗੱਲ ਫੈਲ ਗਈ, ਤਾਂ 'ਸ਼ੇਖ਼ ਅਬਦੁੱਲ੍ਹ' ਨੇ ਸੋਚਿਆ ਕਿ ਜਿੰਨੀ ਜਲਦੀ ਹੋ ਸਕੇ ਰਵਾਨਾ ਹੋ ਜਾਣਾ ਚੰਗਾ ਹੈ।

ਉਨ੍ਹਾਂ ਨੇ ਊਠਾਂ 'ਤੇ ਸਵਾਰ ਹੋ ਕੇ ਸਵੇਜ਼ ਵੱਲ ਯਾਤਰਾ ਸ਼ੁਰੂ ਕੀਤੀ। ਜਿਵੇਂ ਰਾਈਟ ਦੀ ਜੀਵਨੀ ਮੁਤਾਬਕ, ਇਹ 'ਇੱਕ ਸੁੰਨੀ ਧਰਤੀ ਸੀ, ਜਿੱਥੇ ਜੰਗਲੀ ਜਾਨਵਰ ਅਤੇ ਇਸ ਤੋਂ ਵੀ ਵੱਧ ਖ਼ਤਰਨਾਕ ਲੋਕ ਰਹਿੰਦੇ ਸਨ।'

ਸਵੇਜ਼ ਵਿੱਚ ਉਨ੍ਹਾਂ ਦੀ ਮੁਲਾਕਾਤ ਮਦੀਨਾ ਅਤੇ ਮੱਕਾ ਦੇ ਕੁਝ ਲੋਕਾਂ ਨਾਲ ਹੋਈ, ਜੋ ਉਨ੍ਹਾਂ ਦੇ ਸਾਥੀ ਬਣੇ। ਇਨ੍ਹਾਂ ਵਿੱਚ 'ਸਆਦ ਦਿ ਡੀਮਨ' ਵੀ ਸੀ, 'ਇੱਕ ਕਾਲਾ ਆਦਮੀ ਜੋ ਆਪਣੀਆਂ ਤਿੰਨ ਪਤਨੀਆਂ ਲਈ ਸੁੰਦਰ ਕੱਪੜਿਆਂ ਵਾਲੇ ਦੋ ਡੱਬੇ ਲੈ ਕੇ ਜਾ ਰਿਹਾ ਸੀ' ਅਤੇ ਸ਼ੇਖ ਹਾਮਿਦ ਵੀ ਸੀ, 'ਇੱਕ ਲੰਮਾ ਅਤੇ ਪਸੀਨੇ ਨਾਲ ਭਿੱਜਿਆ ਅਰਬ', ਜੋ ਆਪਣੀ ਆਲਸ ਕਰਕੇ ਕਦੇ ਨਮਾਜ਼ ਨਹੀਂ ਪੜ੍ਹਦਾ ਸੀ।

ਬਰਟਨ

ਤਸਵੀਰ ਸਰੋਤ, Historica Graphica Collection/Heritage Images/Getty Images

ਤਸਵੀਰ ਕੈਪਸ਼ਨ, ਬਰਟਨ ਇਸਲਾਮ ਦੀ ਪਵਿੱਤਰ ਧਰਤੀ ਵੱਲ 'ਸ਼ੇਖ਼ ਅਬਦੁੱਲ੍ਹਾ' ਦੇ ਭੇਸ ਵਿੱਚ ਯਾਤਰਾ ਕਰਕੇ ਗਏ

ਇਹੋ ਜਿਹੇ ਦਿਲਚਸਪ ਵੇਰਵਿਆਂ ਕਰਕੇ ਉਨ੍ਹਾਂ ਦੀ ਯਾਤਰਾ 'ਤੇ ਆਧਾਰਿਤ ਕਿਤਾਬ 'ਪਿਲਗਰਿਮ ਟੂ ਮਦੀਨਾ ਐਂਡ ਮੱਕਾ' ਨੂੰ ਇੰਗਲੈਂਡ ਵਿੱਚ ਬਹੁਤ ਵੱਡੀ ਸਫਲਤਾ ਬਣਾਇਆ, ਜੋ ਇੱਕ ਪਾਸੇ ਪੱਖਪਾਤੀ ਸੀ ਅਤੇ ਦੂਜੇ ਪਾਸੇ ਵਿਦੇਸ਼ੀ ਚੀਜ਼ਾਂ ਲਈ ਬਹੁਤ ਉਤਸੁਕ ਵੀ ਸੀ।

ਕਿਸ਼ਤੀ ਦੇ ਸਫ਼ਰ ਤੋਂ ਬਾਅਦ, ਉਹ ਯੰਬੂ ਦੇ ਬੰਦਰਗਾਹ 'ਤੇ ਪਹੁੰਚੇ ਅਤੇ ਉੱਥੋਂ ਰਾਹ ਵਿੱਚ ਬੇਦੂਇਨਾਂ ਦੇ ਹਮਲੇ ਦਾ ਸਾਹਮਣਾ ਕਰਨ ਤੋਂ ਬਾਅਦ ਮਦੀਨਾ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ।

ਉਨ੍ਹਾਂ ਨੇ ਸ਼ਹਿਰ ਦੇ ਪਵਿੱਤਰ ਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਮਦੀਨਾ ਵਿੱਚ ਦਮਿਸ਼ਕ ਤੋਂ ਆਏ ਇੱਕ 'ਵੱਡੇ ਕਾਫਲੇ' ਦਾ ਦਾਖ਼ਲਾ ਵੀ ਦੇਖਿਆ। ਇਹ 7,000 ਲੋਕਾਂ ਦਾ ਸਮੂਹ ਸੀ। ਇਸ ਵਿੱਚ ਸ਼ਾਨਦਾਰ ਹੀਰੇ ਅਤੇ ਸੋਨੇ ਦੇ ਸਜਾਏ ਹੋਏ ਰੱਥਾਂ ਵਿੱਚ ਬੈਠੇ ਵੱਡੇ ਸਾਬ੍ਹ ਸਨ।'

'ਵੱਡੇ ਚਿੱਟੇ ਸੀਰੀਆਈ ਊਠ ਸਨ। ਸੋਹਣੇ ਤਰੀਕੇ ਨਾਲ ਸਜਾਏ ਘੋੜੇ ਅਤੇ ਖੱਚਰ ਸਨ। ਭਗਤ ਹਾਜੀ (ਯਾਤਰੀ) ਸਨ। ਸ਼ਰਬਤ ਵੇਚਣ ਵਾਲੇ ਅਤੇ ਪਾਣੀ ਲੈ ਕੇ ਜਾਣ ਵਾਲੇ ਸਨ ਅਤੇ ਬਹੁਤ ਸਾਰੇ ਊਠ, ਭੇਡਾਂ ਅਤੇ ਬੱਕਰੀਆਂ ਵੀ ਸਨ।'

ਅਜਿਹੇ ਦ੍ਰਿਸ਼ ਤੋਂ ਕੌਣ ਮੋਹਿਤ ਨਾ ਹੁੰਦਾ?

ਉਹ ਮੱਕਾ ਜਾਣ ਵਾਲੇ ਇੱਕ ਕਾਫ਼ਲੇ ਵਿੱਚ ਸ਼ਾਮਲ ਹੋਏ ਅਤੇ 11 ਸਤੰਬਰ 1853 ਨੂੰ ਉੱਥੇ ਪਹੁੰਚੇ।

ਉੱਥੇ, ਇਸਲਾਮੀ ਭਾਈਚਾਰੇ (ਉਂਮਾ) ਦੇ ਇੱਕ ਸਧਾਰਣ ਮੈਂਬਰ ਵਜੋਂ, ਉਨ੍ਹਾਂ ਨੇ ਸਾਰੇ ਧਾਰਮਿਕ ਕਰਮ ਕੀਤੇ। ਉਨ੍ਹਾਂ ਨੇ ਕਾਬਾ ਦੇ ਚਾਰੇ ਪਾਸੇ ਸੱਤ ਵਾਰ ਚੱਕਰ ਲਗਾਇਆ, ਜੋ ਪਵਿੱਤਰ ਇਮਾਰਤ ਹੈ ਜਿਸ ਵੱਲ ਮੁਸਲਮਾਨ ਨਮਾਜ਼ ਪੜ੍ਹਦੇ ਹਨ।

ਉਹ ਕਾਲੇ ਪੱਥਰ ਨੂੰ ਚੁੰਮਣ ਲਈ ਵੀ ਗਏ, ਜੋ ਕਾਬਾ ਦੇ ਇੱਕ ਕੋਨੇ ਵਿੱਚ ਲੱਗਾ ਪਵਿੱਤਰ ਪੱਥਰ ਹੈ। ਇਸ ਦੌਰਾਨ ਉਨ੍ਹਾਂ ਦੇ ਨੌਕਰ ਮੁਹੰਮਦ ਨੇ ਕੁਝ ਫ਼ਾਰਸੀਆਂ ਨੂੰ ਸੂਰ ਕਹਿ ਦਿੱਤਾ, ਜਿਸ ਨਾਲ ਥੋੜ੍ਹੀ ਝੜਪ ਵੀ ਹੋਈ।

ਬਰਟਨ ਨੇ ਲਿਖਿਆ, "ਜਦੋਂ ਮੈਂ ਉਸਨੂੰ ਚੁੰਮ ਰਿਹਾ ਸੀ ਅਤੇ ਆਪਣੇ ਹੱਥ ਅਤੇ ਮੱਥੇ ਨਾਲ ਉਸਨੂੰ ਛੂਹ ਰਿਹਾ ਸੀ, ਮੈਂ ਉਸਨੂੰ ਧਿਆਨ ਨਾਲ ਦੇਖਿਆ ਅਤੇ ਇਹ ਮੰਨ ਕੇ ਉੱਥੋਂ ਹਟਿਆ ਕਿ ਉਹ ਇੱਕ ਉਲਕਾਪਿੰਡ ਸੀ।"

ਬਰਟਨ, ਜੋ ਨੋਟ ਲਿਖਦੇ ਰਹੇ ਅਤੇ ਚੁਪਕੇ ਨਾਲ ਕਾਬਾ ਦੇ ਸਕੈਚ ਬਣਾਉਂਦੇ ਰਹੇ, ਸੋਚਦੇ ਸਨ ਕਿ ਜਿਹੜੇ ਭਗਤ ਪਵਿੱਤਰ ਥਾਂ ਦੀ ਚਾਦਰ ਨੂੰ ਫੜ੍ਹ ਕੇ ਰੋ ਰਹੇ ਸਨ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਤੋਂ ਵੱਧ ਡੂੰਘਾ ਜਜ਼ਬਾ ਮਹਿਸੂਸ ਨਹੀਂ ਕੀਤਾ, ਹਾਲਾਂਕਿ ਉਹ ਮੰਨਦੇ ਸਨ ਕਿ ਇਹ 'ਸੰਤੁਸ਼ਟ ਅਹਿੰਕਾਰ ਦੀ ਖੁਸ਼ੀ' ਸੀ।

ਬਰਟਨ ਸ਼ਾਇਦ ਮੱਕਾ ਵਿੱਚ ਜਾਣ ਵਾਲਾ ਪਹਿਲਾ ਪੱਛਮੀ ਵਿਅਕਤੀ ਨਹੀਂ ਸੀ, ਪਰ ਉਹ ਪਹਿਲਾ ਸੀ ਜਿਨ੍ਹਾਂ ਨੇ ਮੁਸਲਮਾਨ ਰਸਮਾਂ ਅਤੇ ਰਿਵਾਜਾਂ ਨੂੰ ਬਹੁਤ ਹੀ ਵੇਰਵੇ ਨਾਲ ਲਿਖਿਆ। ਉਨ੍ਹਾਂ ਨੇ ਆਪਣੇ ਸਾਹਸਿਕ ਤਜਰਬੇ ਦਾ ਕੋਈ ਵੀ ਵੇਰਵਾ ਨਹੀਂ ਛੱਡਿਆ, ਜਿਸ ਨਾਲ ਉਨ੍ਹਾਂ ਦੀ ਆਪਣੀ ਕਹਾਣੀ ਹੋਰ ਮਸ਼ਹੂਰ ਹੋ ਗਈ।

ਨੀਲ ਦਰਿਆ ਦੇ ਸਰੋਤਾਂ ਦੀ ਖੋਜ

ਉਨ੍ਹਾਂ ਦੀ ਕਿਤਾਬ ਸਫ਼ਲ ਰਹੀ, ਪਰ ਇੰਗਲੈਂਡ ਵਾਪਸ ਜਾ ਕੇ ਇਸ ਦਾ ਆਨੰਦ ਲੈਣ ਦੀ ਬਜਾਏ, ਉਨ੍ਹਾਂ ਨੇ ਇੱਕ ਹੋਰ ਅਜਿਹੀ ਥਾਂ ਜਾਣ ਦਾ ਫ਼ੈਸਲਾ ਕੀਤਾ ਜੋ ਉਸ ਵੇਲੇ ਗ਼ੈਰ-ਮੁਸਲਮਾਨਾਂ ਲਈ ਮਨਾਹੀ ਸੀ: ਅਫ਼ਰੀਕਾ ਦੇ ਹੋਰਨ ਵਿੱਚ ਸਥਿਤ ਹਰਾਰ ਸ਼ਹਿਰ।

ਉਹ ਇਸ ਵਾਰ ਇੱਕ ਤੁਰਕੀ ਵਪਾਰੀ ਦੇ ਰੂਪ ਵਿੱਚ ਉੱਥੇ ਪਹੁੰਚੇ ਅਤੇ ਸ਼ਹਿਰ ਦੇ ਅਮੀਰ (ਸ਼ਹਿਜ਼ਾਦੇ) ਨੂੰ ਮਨਾਇਆ ਕਿ ਉਹ ਉਨ੍ਹਾਂ ਨੂੰ 10 ਦਿਨ ਰਹਿਣ ਦੀ ਇਜਾਜ਼ਤ ਦੇਵੇ।

ਥੋਮਸ ਰਾਈਟ ਲਿਖਦੇ ਹਨ ਕਿ ਬਰਟਨ ਬਹਾਦਰ ਸੀ, ਪਰ ਬੇਪਰਵਾਹ ਨਹੀਂ ਸੀ, "ਜਦੋਂ ਉਸ ਨੂੰ ਲੱਗਿਆ ਕਿ ਉਹ ਇੱਕ ਅਸਹਿਣਸ਼ੀਲ ਅਤੇ ਖੂੰਖ਼ਾਰ ਸ਼ਾਸਕ ਦੇ ਅਧੀਨ ਹੈ, ਜਿਸਦੇ ਗੰਦੇ ਕੈਦਖਾਨਿਆਂ ਵਿੱਚ ਜ਼ੰਜੀਰਾਂ ਵਿੱਚ ਜਕੜੇ ਅਤੇ ਅੱਧੇ ਭੁੱਖੇ ਕੈਦੀਆਂ ਦੀਆਂ ਚੀਕਾਂ ਗੂੰਜਦੀਆਂ ਸਨ, ਅਤੇ ਉਨ੍ਹਾਂ ਲੋਕਾਂ ਵਿੱਚ ਹਨ ਜੋ ਵਿਦੇਸ਼ੀਆਂ ਨਾਲ ਨਫ਼ਰਤ ਕਰਦੇ ਸਨ, ਤਾਂ ਉਹ, ਜੋ ਇਕੱਲਾ ਯੂਰਪੀ ਸੀ ਜੋ ਇਸ ਥਾਂ ਵਿੱਚ ਦਾਖ਼ਲ ਹੋਇਆ ਸੀ, ਕੁਦਰਤੀ ਤੌਰ 'ਤੇ ਘਬਰਾਇਆ ਹੋਇਆ ਮਹਿਸੂਸ ਕਰਦਾ ਸੀ।"

ਹਰਾਰ ਨੂੰ ਆਪਣੇ ਕਾਰਨਾਮਿਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਬਾਅਦ, ਉਨ੍ਹਾਂ ਨੇ ਨੀਲ ਦਰਿਆ ਦੇ ਮਸ਼ਹੂਰ ਸਰੋਤਾਂ ਵੱਲ ਧਿਆਨ ਦਿੱਤਾ, ਜੋ ਕਈ ਖੋਜੀਆਂ ਲਈ ਇੱਕ ਰਾਜ਼ ਸੀ।

ਦਰਿਆ ਦੀਆਂ ਦੋ ਮੁੱਖ ਸ਼ਾਖਾਵਾਂ ਵਿੱਚੋਂ, ਨੀਲਾ ਨੀਲ (ਬਲੂ ਨੀਲ) ਇਥੀਓਪੀਆ ਤੋਂ ਨਿਕਲਦਾ ਹੈ, ਇਹ ਪਤਾ ਸੀ, ਪਰ ਚਿੱਟੇ ਨੀਲ (ਵ੍ਹਾਈਟ ਨੀਲ) ਦਾ ਸਰੋਤ ਅਣਜਾਣ ਸੀ।

ਪਹਿਲੀ ਕੋਸ਼ਿਸ਼ ਵਿੱਚ ਉਹ ਸਰੋਤ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਦੀ ਟੀਮ, ਜਿਸ ਵਿੱਚ ਅੰਗਰੇਜ਼ ਅਧਿਕਾਰੀ ਅਤੇ ਖੋਜੀ ਜੌਨ ਸਪੀਕ ਵੀ ਸੀ, ਬੇਰਬੇਰਾ ਵਿੱਚ ਲਗਭਗ 300 ਸਥਾਨਕ ਲੋਕਾਂ ਵੱਲੋਂ ਹਮਲੇ ਦਾ ਸ਼ਿਕਾਰ ਹੋਈ।

ਯੋਧਿਆਂ ਨੇ ਕੁਝ ਮੈਂਬਰਾਂ ਨੂੰ ਮਾਰ ਦਿੱਤਾ ਅਤੇ ਸਪੀਕ ਨੂੰ ਮੋਢੇ ਅਤੇ ਲੱਤਾਂ ਤੋਂ ਜ਼ਖ਼ਮੀ ਕੀਤਾ। ਬਰਟਨ ਦੇ ਚਿਹਰੇ 'ਤੇ ਭਾਲਾ ਲੱਗਿਆ, ਜਿਸ ਨਾਲ ਇੱਕ ਡਰਾਉਣਾ ਨਿਸ਼ਾਨ ਰਹਿ ਗਿਆ।

ਰਿਚਰਡ ਬਰਟਨ

ਤਸਵੀਰ ਸਰੋਤ, The Print Collector/Getty Images

ਤਸਵੀਰ ਕੈਪਸ਼ਨ, ਬਰਬੇਰਾ ਵਿੱਚ ਸਥਾਨਕ ਲੋਕਾਂ ਦੇ ਹਮਲੇ ਨੇ ਉਨ੍ਹਾਂ ਦੇ ਚਿਹਰੇ 'ਤੇ ਇੱਕ ਡੂੰਘਾ ਨਿਸ਼ਾਨ (ਦਾਗ) ਛੱਡ ਦਿੱਤਾ

ਇੰਗਲੈਂਡ ਵਾਪਸ ਜਾ ਕੇ ਇਲਾਜ ਕਰਵਾਉਣ ਅਤੇ ਕ੍ਰਾਈਮੀਆ ਦੀ ਜੰਗ ਵਿੱਚ ਸੇਵਾ ਕਰਨ ਤੋਂ ਬਾਅਦ, ਜਿਸ ਨਾਲ ਉਸਦੀ ਜ਼ਿੰਦਗੀ ਦੇ ਤਜਰਬਿਆਂ ਦੀ ਵੱਖਰੇਪਨ ਦਾ ਪਤਾ ਲੱਗਦਾ ਹੈ, ਬਰਟਨ ਨੇ ਮੁੜ ਨੀਲ ਦੀ ਖੋਜ ਸ਼ੁਰੂ ਕੀਤੀ।

ਉਨ੍ਹਾਂ ਨੇ ਜ਼ਾਂਜ਼ੀਬਾਰ ਦੇ ਟਾਪੂ ਤੋਂ ਸਪੀਕ ਅਤੇ 132 ਮਜ਼ਦੂਰਾਂ ਦੇ ਨਾਲ ਯਾਤਰਾ ਸ਼ੁਰੂ ਕੀਤੀ। ਨੀਲ ਦਰਿਆ ਦੇ ਨਾਲ-ਨਾਲ ਜਾਣ ਦੀ ਬਜਾਏ, ਉਨ੍ਹਾਂ ਨੇ ਸੋਚਿਆ ਕਿ ਸਰੋਤ ਲੱਭਣ ਦਾ ਸਭ ਤੋਂ ਤੇਜ਼ ਤਰੀਕਾ ਭਾਰਤੀ ਮਹਾਸਾਗਰ ਤੋਂ ਪੂਰੇ ਮਹਾਂਦੀਪ ਨੂੰ ਪਾਰ ਕਰਨਾ ਹੋਵੇਗਾ।

ਇਸ ਯਾਤਰਾ ਨੇ ਹਰ ਕਿਸਮ ਦੀ ਮੁਸ਼ਕਲ ਦੇਖੀ। ਉਨ੍ਹਾਂ ਨੇ ਜੰਗਲਾਂ ਅਤੇ ਦਲਦਲਾਂ ਨੂੰ ਪਾਰ ਕੀਤਾ। ਉਹ ਹਰ ਤਰ੍ਹਾਂ ਦੇ ਕੀੜਿਆਂ ਦੇ ਕਟਣ ਦਾ ਸ਼ਿਕਾਰ ਹੋਏ। ਆਖ਼ਿਰਕਾਰ ਬਰਟਨ ਅਤੇ ਸਪੀਕ ਲੇਕ ਟੈਂਗਾਨੀਕਾ ਤੱਕ ਪਹੁੰਚੇ, ਜਿਸਨੂੰ ਕੋਈ ਗੋਰਾ ਆਦਮੀ ਪਹਿਲਾਂ ਨਾ ਤਾਂ ਜਾਣਦਾ ਸੀ ਅਤੇ ਨਾ ਹੀ ਕਦੇ ਦੇਖਿਆ ਸੀ। ਉਹ ਮਲੇਰੀਆ ਨਾਲ ਬਿਮਾਰ ਸਨ ਅਤੇ ਅੱਧੇ ਅੰਨ੍ਹੇ ਹੋ ਚੁੱਕੇ ਸਨ।

ਸਪੀਕ ਜਲਦੀ ਠੀਕ ਹੋ ਗਿਆ। ਦੋਵਾਂ ਨੇ ਇਹ ਪੱਕਾ ਕਰ ਲਿਆ ਕਿ ਲੇਕ ਟੈਂਗਾਨੀਕਾ ਨੀਲ ਦਾ ਸਰੋਤ ਨਹੀਂ ਹੈ। ਇਸ ਤੋਂ ਬਾਅਦ ਸਪੀਕ ਇੱਕ ਹੋਰ ਵੱਡੇ ਪਾਣੀ ਦੇ ਇੱਕ ਹੋਰ ਵੱਡੇ ਹਿੱਸੇ ਵੱਲ ਚੱਲ ਪਏ, ਜੋ ਲੋਕਾਂ ਦੇ ਮੁਤਾਬਕ ਕਈ ਹਫ਼ਤਿਆਂ ਦੀ ਦੂਰੀ 'ਤੇ ਉੱਤਰ ਵੱਲ ਸੀ। ਉਹ ਬਰਟਨ ਨੂੰ ਠੀਕ ਹੋਣ ਲਈ ਪਿੱਛੇ ਛੱਡ ਗਏ।

ਸਪੀਕ ਪਾਣੀ ਦੇ ਵੱਡੇ ਹਿੱਸੇ ਤੱਕ ਪਹੁੰਚ ਗਏ, ਜਿਸਨੂੰ ਅੱਜ ਲੇਕ ਵਿਕਟੋਰੀਆ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸਦਾ ਨਾਮ ਬਰਤਾਨਵੀ ਰਾਣੀ ਦੇ ਨਾਮ 'ਤੇ ਰੱਖਿਆ ਅਤੇ ਨਤੀਜਾ ਕੱਢਿਆ ਕਿ ਉਨ੍ਹਾਂ ਨੇ ਰਾਜ਼ ਹੱਲ ਕਰ ਲਿਆ ਹੈ।

ਪਰ ਇਸ ਖੋਜ ਨੇ ਬਰਟਨ ਨਾਲ ਤਿੱਖਾ ਟਕਰਾਅ ਪੈਦਾ ਕਰ ਦਿੱਤਾ। ਉਨ੍ਹਾਂ ਨੇ ਉਸ ਦੀ ਗੱਲ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹ ਇੰਗਲੈਂਡ ਵਾਪਸ ਗਏ, ਤਾਂ ਇਹ ਵਿਵਾਦ ਹੋਰ ਵੱਧ ਗਿਆ। ਸਪੀਕ ਦੀ ਦੂਜੀ ਯਾਤਰਾ ਨੇ ਲੇਕ ਵਿਕਟੋਰੀਆ ਨੂੰ ਹੀ ਸਰੋਤ ਸਾਬਤ ਕੀਤਾ, ਜਿਸ ਨਾਲ ਬਰਟਨ ਦੇ ਅਕਸ ਨੂੰ ਹੋਰ ਨੁਕਸਾਨ ਪਹੁੰਚਿਆ।

ਪਰ ਇਹ ਖੋਜੀ ਦੀ ਆਖ਼ਰੀ ਮੁਹਿੰਮ ਨਹੀਂ ਸੀ।

ਕੌਂਸਲ ਅਤੇ ਅਨੁਵਾਦਕ

ਉਹ ਸੰਯੁਕਤ ਰਾਜ ਅਮਰੀਕਾ ਗਏ। ਉਨ੍ਹਾਂ ਨੇ ਸਾਲਟ ਲੇਕ ਸਿਟੀ ਵਿੱਚ ਮੋਰਮਨ ਭਾਈਚਾਰੇ ਦਾ ਅਧਿਐਨ ਕੀਤਾ। ਇਸ ਬਾਰੇ ਉਨ੍ਹਾਂ ਨੇ ਇੱਕ ਕਿਤਾਬ 'ਦਿ ਸਿਟੀ ਆਫ ਦਿ ਸੈਂਟ' ਲਿਖੀ।

ਉਨ੍ਹਾਂ ਨੇ ਇੱਕ ਕੁਲੀਨ ਵਰਗ ਔਰਤ ਨਾਲ ਵਿਆਹ ਕੀਤਾ। ਉਨ੍ਹਾਂ ਨੂੰ ਇਕਵੇਟੋਰੀਅਲ ਗਿਨੀ ਦੀ ਉਸ ਵੇਲੇ ਦੀ ਸਪੇਨੀ ਕਾਲੋਨੀ ਦੀ ਰਾਜਧਾਨੀ ਫਰਨਾਂਡੋ ਪੂ ਵਿੱਚ ਕੌਂਸਲ ਬਣਾਇਆ ਗਿਆ। ਉੱਥੋਂ ਉਨ੍ਹਾਂ ਨੇ ਅਫ਼ਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਰ ਯਾਤਰਾਵਾਂ ਕੀਤੀਆਂ।

ਉਨ੍ਹਾਂ ਨੇ ਘੱਟੋ-ਘੱਟ ਪੰਜ ਹੋਰ ਕਿਤਾਬਾਂ ਲਿਖੀਆਂ। ਇਹ ਕਿਤਾਬਾਂ ਉਨ੍ਹਾਂ ਨੇ ਲੋਕਾਂ ਦੇ ਰਿਵਾਜਾਂ, ਉਨ੍ਹਾਂ ਦੇ ਟੋਟਕਿਆਂ, ਮਾਸਖੋਰੀ ਅਤੇ ਸੈਕਸ਼ੂਅਲ ਰਸਮਾਂ ਬਾਰੇ ਸਨ।

ਉਹ ਬ੍ਰਾਜ਼ੀਲ ਦੇ ਸੈਂਟੋਸ ਵਿੱਚ ਵੀ ਕੌਂਸਲ ਰਹੇ। ਉੱਥੇ ਉਨ੍ਹਾਂ ਨੇ ਲੁਈਸ ਦਿ ਕਾਮੋਇਸ ਦਾ ਅਨੁਵਾਦ ਕੀਤਾ। ਫਿਰ ਉਹ ਦਮਿਸ਼ਕ ਵਿੱਚ ਵੀ ਰਹੇ। ਆਖ਼ਿਰਕਾਰ 1872 ਵਿੱਚ ਉਨ੍ਹਾਂ ਨੇ ਇਟਲੀ ਦੇ ਟ੍ਰਾਇਏਸਟ ਵਿੱਚ ਕੌਂਸਲੇਟ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ, ਜੋ ਉਨ੍ਹਾਂ ਦੀ ਆਖ਼ਰੀ ਤੈਨਾਤੀ ਸੀ।

ਉੱਥੇ, ਜਿੱਥੇ ਉਹ ਆਪਣੇ ਜੀਵਨ ਭਰ ਦੇ ਰੋਮਾਂਚਕ ਤਜਰਬਿਆਂ ਤੋਂ ਦੂਰ ਸਨ, ਉਹ ਸਾਹਿਤ ਨੂੰ ਸਮਰਪਿਤ ਹੋ ਗਏ। ਉਨ੍ਹਾਂ ਨੇ ਆਈਸਲੈਂਡ ਅਤੇ ਇਟਰਸਕਨ ਲੋਕਾਂ ਬਾਰੇ ਲਿਖਿਆ। ਉਨ੍ਹਾਂ ਨੇ ਕੈਟੁਲਸ ਅਤੇ ਜਿਆਮਬਾਤਿਸਤਾ ਬਾਸੀਲੇ ਦਾ ਅਨੁਵਾਦ ਕੀਤਾ। ਹੁਣ ਬਰਟਨ ਆਪਣੀ ਕਲਪਨਾ ਅਤੇ ਗਿਆਨ ਦੇ ਨਾਲ ਯਾਤਰਾ ਕਰਦੇ ਸਨ।

ਸ਼ਾਇਦ ਇਹੀ ਖੁੱਲ੍ਹੀ ਸੋਚ ਵਾਲੀ ਜਿਗਿਆਸਾ, ਖ਼ਾਸ ਕਰਕੇ ਮਨੁੱਖੀ ਸੰਬੰਧਾਂ ਦੇ ਸਭ ਤੋਂ ਨਿੱਜੀ ਪੱਖਾਂ ਬਾਰੇ, ਆਖ਼ਿਰਕਾਰ ਉਨ੍ਹਾਂ ਨੂੰ ਆਰਾਮਦਾਇਕ ਬੁਢਾਪਾ ਜੀਣ ਦਾ ਸਾਧਨ ਦੇ ਗਈ।

'ਵੰਨ ਥਾਊਜ਼ੰਡ ਐਂਡ ਵੰਨ ਨਾਈਟਸ'

ਤਸਵੀਰ ਸਰੋਤ, Fine Art Images/Heritage Images via Getty Images

ਤਸਵੀਰ ਕੈਪਸ਼ਨ, 'ਵੰਨ ਥਾਊਜ਼ੰਡ ਐਂਡ ਵੰਨ ਨਾਈਟਸ' ਵਿਸ਼ਵ ਸਾਹਿਤ ਦੀ ਇੱਕ ਸਫਲ ਰਚਨਾ ਬਣ ਗਈ

ਕੈਦ ਦੇ ਖ਼ਤਰੇ ਨੂੰ ਮੋਲ ਲੈਂਦੇ ਹੋਏ, ਉਨ੍ਹਾਂ ਨੇ ਹੌਲੀ ਜਿਹੀ 'ਕਾਮਾ-ਸੂਤਰਾ' ਦਾ ਅਨੁਵਾਦ ਕੀਤਾ ਅਤੇ ਪ੍ਰਕਾਸ਼ਿਤ ਕੀਤਾ। ਇਸ ਨਾਲ ਉਨ੍ਹਾਂ ਨੇ ਪੱਛਮ ਵਿੱਚ ਪਿਆਰ ਨਾਲ ਜੁੜੀਆਂ ਪੂਰਬੀ ਕਿਤਾਬਾਂ ਦੀ ਸੈਕਸ਼ੂਅਲ ਜਾਣਕਾਰੀ ਪਹੁੰਚਾਈ।

ਇਸ ਦੇ ਨਾਲ ਹੀ 'ਵੰਨ ਥਾਊਜ਼ੰਡ ਐਂਡ ਵੰਨ ਨਾਈਟਸ' ਦਾ ਬਿਨਾਂ ਸੈਂਸਰ ਕੀਤਾ ਹੋਇਆ ਸੰਸਕਰਣ ਵੀ ਦਿੱਤਾ। ਇਸ ਦੇ ਨਾਲ ਉਨ੍ਹਾਂ ਨੇ ਅਸ਼ਲੀਲਤਾ, ਸਮਲਿੰਗੀਤਾ ਅਤੇ ਔਰਤਾਂ ਲਈ ਸੈਕਸ ਸਿੱਖਿਆ 'ਤੇ ਲੇਖ ਵੀ ਸ਼ਾਮਲ ਕੀਤੇ।

ਉਨ੍ਹਾਂ ਨੇ ਕਿਹਾ, "ਮੈਂ ਬੁਢਾਪੇ ਵਿੱਚ ਇੱਕ ਸ਼ੱਕੀ ਕਿਤਾਬ ਦਾ ਅਨੁਵਾਦ ਕਰਦਾ ਹਾਂ ਅਤੇ ਤੁਰੰਤ 16,000 ਗਿਨੀ ਕਮਾ ਲੈਂਦਾ ਹਾਂ। ਹੁਣ ਜਦੋਂ ਮੈਨੂੰ ਇੰਗਲੈਂਡ ਦੇ ਸੁਆਦ ਪਤਾ ਲੱਗ ਗਏ ਹਨ, ਅਸੀਂ ਕਦੇ ਪੈਸਿਆਂ ਦੀ ਘਾਟ ਨਹੀਂ ਵੇਖਾਂਗੇ।"

ਇਹ ਗੱਲ ਉਨ੍ਹਾਂ ਨੇ ਆਪਣੀ ਪਤਨੀ ਐਲਿਜ਼ਾਬੇਥ ਨੂੰ ਕਹੀ ਸੀ।

ਉਨ੍ਹਾਂ ਦੀ ਪਤਨੀ, ਜੋ ਇਕ ਧਾਰਮਿਕ ਕੈਥੋਲਿਕ ਸੀ ਆਪਣੇ ਪਤੀ ਦੀਆਂ ਪਸੰਦਾਂ ਤੋਂ ਇੰਨੀ ਖੁਸ਼ ਨਹੀਂ ਸੀ।

ਬਰਟਨ ਦੀ ਮੌਤ ਦੇ ਅਗਲੇ ਦਿਨ, ਇਸਾਬੇਲ ਉਨ੍ਹਾਂ ਦੇ ਕਮਰੇ ਵਿੱਚ ਗਈ। ਉਹ ਡਰਦੀ ਸੀ ਕਿ ਵਿਕਟੋਰੀਅਨ ਸਮਾਜ ਵਿੱਚ ਉਨ੍ਹਾਂ ਦਾ ਅਕਸ ਖ਼ਰਾਬ ਹੋ ਸਕਦਾ ਹੈ, ਇਸ ਲਈ ਉਸਨੇ ਕਈ ਪਾਂਡੁਲਿਪੀਆਂ ਸਾੜ ਦਿੱਤੀਆਂ।

ਇਨ੍ਹਾਂ ਵਿੱਚ 15ਵੀਂ ਸਦੀ ਦੀ ਅਰਬੀ ਪਿਆਰ ਦੀ ਕਿਤਾਬ 'ਦਿ ਪਰਫਿਊਮਡ ਗਾਰਡਨ' ਦਾ ਨਵਾਂ ਅਨੁਵਾਦ ਵੀ ਸੀ। ਇਸ 'ਤੇ ਉਨ੍ਹਾਂ ਨੇ ਪਿਛਲੇ 14 ਸਾਲ ਕੰਮ ਕੀਤਾ ਸੀ। ਇਸ ਵਿੱਚ ਸਮਲਿੰਗਤਾ 'ਤੇ ਇੱਕ ਅੰਤਮ ਅਧਿਆਇ ਵੀ ਸੀ, ਜਿਸਦਾ ਪਹਿਲਾਂ ਕਦੇ ਅਨੁਵਾਦ ਨਹੀਂ ਹੋਇਆ ਸੀ।

ਇਸ ਕਿਤਾਬ ਦਾ ਹੋਰ ਅਨੁਵਾਦ ਸਾਹਮਣੇ ਆਉਣ ਲਈ ਲਗਭਗ 100 ਸਾਲ ਲੱਗ ਗਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)