ਉਸ ਕੁੜੀ ਦੀ ਕਹਾਣੀ ਜਿਸ ਦੀ ਮਾਂ ਨੇ ਉਸ ਨੂੰ ‘ਜਾਣ-ਬੁੱਝ ਕੇ ਬਿਮਾਰ ਰੱਖਿਆ’, ਜਾਣੋ ਕਿਵੇਂ ਉਸ ਕੁੜੀ ਨੂੰ ਬਚਾਇਆ ਗਿਆ

    • ਲੇਖਕ, ਇੰਡੀਆ ਰਾਕੂਸਨ, ਰਾਡੇਕ ਬੋਸ਼ੈਟੀ
    • ਰੋਲ, ਬੀਬੀਸੀ ਆਊਟਲੁੱਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਨੀਦਰਲੈਂਡ ਵਿੱਚ 1970 ਅਤੇ 80 ਦੇ ਦਹਾਕਿਆਂ ਵਿੱਚ ਵੱਡੀ ਹੋ ਰਹੀ ਨੀਨਾ ਬਲੋਮ ਇੱਕ ਆਮ ਬੱਚੇ ਦੀ ਤਰ੍ਹਾਂ ਹੀ ਜਾਪਦੀ ਸੀ। ਉਸ ਨੂੰ ਮਿਊਜ਼ਿਕ, ਗਾਉਣਾ ਤੇ ਨੱਚਣਾ ਪਸੰਦ ਸੀ ਅਤੇ ਉਨ੍ਹਾਂ ਦੇ ਘਰ ਵਿੱਚ ਆਪਣੀ ਭੈਣ ਨਾਲ ਖੇਡਣ ਦੀਆਂ ਖੁਸ਼ਨੁਮਾ ਯਾਦਾਂ ਹਨ ਪਰ ਖੁਸ਼ੀ ਦੇ ਉਹ ਪਲ ਥੋੜ੍ਹੇ ਹੀ ਸਨ।

ਉਸ ਨੂੰ ਕਦੇ ਕਦਾਈਂ ਹੀ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਹੁੰਦੀ ਸੀ ਅਤੇ ਅੱਠ ਸਾਲ ਦੀ ਉਮਰ ਤੋਂ, ਉਸ ਦੀ ਮਾਂ ਨੇ ਉਸ ਨੂੰ ਯਕੀਨ ਦਵਾ ਦਿੱਤਾ ਸੀ ਕਿ ਉਹ ਬਹੁਤ ਬਿਮਾਰ ਹੈ। ਉਹ ਵਾਰ ਵਾਰ ਉਸ ਨੂੰ ਟੈਸਟਾਂ ਅਤੇ ਇਲਾਜ ਲਈ ਹਸਪਤਾਲਾਂ ਵਿੱਚ ਲੈ ਕੇ ਜਾਂਦੀ ਸੀ। ਕੁਝ ਕ ਸਾਲਾਂ ਵਿੱਚ ਹੀ ਛੇ ਹਸਪਤਾਲਾਂ ਵਿੱਚ ਪੰਦਰਾਂ ਵਾਰ। ਸਮੇਂ ਦੇ ਨਾਲ, ਉਸ ਨੇ ਨੀਨਾ ਨੂੰ ਵਹੀਲਚੇਅਰ ਇਸਤੇਮਾਲ ਕਰਨ ਲਗਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਮਾਸਪੇਸ਼ੀਆਂ ਦੀ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੈ ਅਤੇ ਮਰ ਰਹੀ ਹੈ।

ਕਈ ਸਾਲਾਂ ਵਿੱਚ, ਬਹੁਤ ਸਾਰੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਪਰ ਕੋਈ ਸਮਝਾ ਨਹੀਂ ਸਕਿਆ ਕਿ ਕੀ ਸਹੀ ਨਹੀਂ ਸੀ।

ਇੱਕ ਸੂਝਵਾਨ ਡਾਕਟਰ ਨੇ ਨੀਨਾ ਦੀ ਕਹਾਣੀ ਦੇ ਹਿੱਸਿਆਂ ਨੂੰ ਜੋੜਿਆ ਅਤੇ ਪਰਦਾਸ਼ਾਫ ਕੀਤਾ ਕਿ ਉਸ ਦੀ 'ਬਿਮਾਰੀ' ਦਾ ਅਸਲ ਅਤੇ ਪਰੇਸ਼ਾਨ ਕਰਨ ਵਾਲਾ ਕਾਰਨ ਉਸ ਦੀ ਮਾਂ ਸੀ।

ਪੀਡੀਐਟ੍ਰਿਕ ਕੰਡੀਸ਼ਨ ਫਾਲਸੀਫਿਕੇਸ਼ਨ ਯਾਨੀ ਬੱਚਿਆਂ ਦੀ ਬਿਮਾਰੀ ਦੇ ਹਾਲਾਤ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਜਿਸ ਨੂੰ ਫੈਬਰੀਕੇਟਿਡ ਔਰ ਇੰਡਿਉਸਡ ਇਲਨੈੱਸ ਜਾਂ ਮੰਚਾਉਸਨ ਸਿੰਡਰੋਮ ਬਾਏ ਪ੍ਰੋਕਸੀ ਵਜੋਂ ਵੀ ਜਾਣਿਆ ਜਾਂਦਾ ਹੈ, ਬਾਲ ਸੋਸ਼ਣ ਦਾ ਇੱਕ ਰੂਪ ਹੈ।

ਇਸ ਵਿੱਚ ਬੱਚੇ ਦੀ ਦੇਖਭਾਲ ਕਰਨ ਵਾਲਾ(ਆਮ ਤੌਰ 'ਤੇ ਮਾਤਾ ਜਾਂ ਪਿਤਾ) ਬੱਚੇ ਦੀ ਬਿਮਾਰੀ ਨੂੰ ਵਧਾ ਚੜ੍ਹਾ ਕੇ ਦੱਸਦਾ ਹੈ, ਮਨਘੜਤ ਬਣਾਉਂਦਾ ਹੈ ਜਾਂ ਜਾਣਬੁੱਝ ਕੇ ਬੱਚੇ ਨੂੰ ਬਿਮਾਰ ਕਰਦਾ ਹੈ। ਇਸ ਦੇ ਕਾਰਨਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਹੈ।

ਹਸਪਤਾਲ ਵਿੱਚ ਪਹਿਲਾ ਦਾਖਲਾ

ਜਦੋਂ ਨੀਨਾ ਅੱਠ ਸਾਲ ਦੀ ਸੀ ਉਸ ਨੂੰ ਅਕਸਰ ਪੇਟ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਭਾਰ ਘਟ ਗਿਆ।

ਜਦੋਂ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਉਸ ਨੂੰ ਸੇਬ ਦਾ ਜੂਸ ਅਤੇ ਸੂਪ ਦਿੱਤਾ ਜਾਣ ਲੱਗਾ ਅਤੇ ਉਸ ਨੇ ਬਿਹਤਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।

ਡਾਕਟਰ ਕਹਿੰਦਾ ਸੀ, "ਨੀਨਾ ਠੀਕ ਹੈ, ਤੁਸੀਂ ਹੁਣ ਘਰ ਜਾ ਸਕਦੇ ਹੋ।"

ਪਰ ਨੀਨਾ ਦੀ ਮਾਂ ਦੀ ਜ਼ਿੱਦ ਸੀ ਕਿ ਉਹ ਵਾਪਸ ਹਸਪਤਾਲ ਜਾਣ ਅਤੇ ਨੀਨਾ ਡਾਕਟਰਾਂ ਨੂੰ ਕਹੇ ਕਿ ਉਸ ਦਾ ਪੇਟ ਹਾਲੇ ਵੀ ਦੁਖ ਰਿਹਾ ਹੈ, ਜਦਕਿ ਦੁਖ ਨਹੀਂ ਰਿਹਾ ਸੀ।

ਕਿਉਂਕਿ ਛੋਟੀ ਬੱਚੀ ਨੀਨਾ ਖੁਸ਼ੀ ਖੁਸ਼ੀ ਖੇਡ ਸਕਣ ਦੇ ਸਮਰੱਥ ਸੀ।

ਇਹ ਸਿਲਸਿਲਾ ਆਉਂਦੇ ਸਾਲਾਂ ਵਿੱਚ ਵਾਰ ਵਾਰ ਦੁਹਰਾਇਆ ਗਿਆ।

ਇੱਕ ਵਾਰ ਜਦੋਂ ਪਰਿਵਾਰ ਛੁੱਟੀਆਂ ਮਨਾ ਰਿਹਾ ਸੀ, ਨੀਨਾ ਨੇ ਸਵੀਮਿੰਗ ਤੋਂ ਬਾਅਦ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸ ਦੀ ਮਾਂ ਨੇ ਫ਼ੈਸਲਾ ਕਰ ਲਿਆ ਕਿ ਉਸ ਨੂੰ ਮਾਸਪੇਸ਼ੀਆਂ ਦੀ ਬਿਮਾਰੀ ਹੈ ਅਤੇ ਉਸ ਨੂੰ ਫਿਰ ਹਸਪਤਾਲ ਜਾਣ ਦੀ ਲੋੜ ਹੈ।

ਜਦੋਂ ਨੀਨਾ ਨੇ ਮਨ੍ਹਾ ਕੀਤਾ ਤਾਂ ਉਸ ਦੀ ਮਾਂ ਨੇ ਜਵਾਬ ਦਿੱਤਾ: "ਮੈਨੂੰ ਬੇਵਕੂਫ਼ ਨਾ ਬਣਾ। ਤੂੰ ਦਰਦ ਵਿੱਚ ਹੈਂ ਅਤੇ ਤੂੰ ਡਾਕਟਰ ਨੂੰ ਜਾ ਕੇ ਇਹ ਕਹੇਂਗੀ।"

ਨੀਨਾ ਲਈ ਇਹ ਬਹੁਤ ਦੁਚਿੱਤੀ ਭਰਿਆ ਸੀ।

ਉਹ ਕਹਿੰਦੀ ਹੈ, "ਮੈਂ ਖੁਦ ਨੂੰ ਦੋਸ਼ੀ ਮਹਿਸੂਸ ਕਰ ਰਹੀ ਸੀ ਕਿਉਂਕਿ ਮੈਂ ਵਾਰਡ ਵਿੱਚ ਉਨ੍ਹਾਂ ਬੱਚਿਆਂ ਕੋਲ ਪਈ ਸੀ ਜਿਨ੍ਹਾਂ ਨੂੰ ਕੈਂਸਰ ਸੀ, ਜੋ ਸਚਮੁੱਚ ਬਿਮਾਰ ਸਨ। ਮੈਂ ਸੋਚ ਰਹੀ ਸੀ, ਮੈਨੂੰ ਕੁਝ ਨਹੀਂ ਹੋਇਆ ਹੈ।"

ਜਦੋਂ ਉਹ ਹਸਪਤਾਲ ਵਿੱਚ ਸੀ, ਉਸ ਦੇ ਨਾਲ ਦੇ ਬੈਂਡ ਵਾਲੇ ਇੱਕ ਲੜਕੇ ਦੀ ਮੌਤ ਹੋ ਗਈ, ਇਸ ਨੇ ਉਸ ਨੂੰ ਹੋਰ ਦੋਸ਼ੀ ਮਹਿਸੂਸ ਕਰਵਾਇਆ।

"ਉਹ ਬੇਰਹਿਮ ਸੀ"

ਨੀਨਾ ਦੇ ਬਹੁਤ ਸਾਰੇ ਟੈਸਟ ਹੋਏ। ਬੋਨ ਮੈਰੋ ਬਾਇਓਪਸੀ ਜਿਹੀਆਂ ਕਈ ਦਰਦਨਾਕ ਪ੍ਰਕਿਰਿਆਵਾਂ ਵੀ। ਫਿਰ ਵੀ ਡਾਕਟਰਾਂ ਨੂੰ ਪਤਾ ਨਹੀਂ ਲੱਗਿਆ ਕਿ ਉਸ ਨੂੰ ਹੋਇਆ ਕੀ ਸੀ।

ਉਸ ਦੀ ਮਾਂ ਹਮੇਸ਼ਾ ਉੱਥੇ ਹੁੰਦੀ ਸੀ। ਜਦੋਂ ਵੀ ਉਹ ਨੀਨਾ ਨੂੰ ਮੁਸਕਰਾਉਂਦੇ ਦੇਖਦੀ ਸੀ ਤਾਂ ਬਹੁਤ ਗੁੱਸਾ ਗੁੰਦੀ ਅਤੇ ਨੀਨਾ ਨੂੰ ਸਜ਼ਾ ਦਿੰਦੀ।

ਚਾਰ ਹਫ਼ਤਿਆਂ ਤੱਕ ਹਸਪਤਾਲ ਵਿੱਚ ਰਹਿਣ ਮਗਰੋਂ, ਡਾਕਟਰਾਂ ਨੇ ਨੀਨਾ ਨੂੰ ਘਰ ਭੇਜਣ ਦਾ ਫ਼ੈਸਲਾ ਲਿਆ। ਜਿਵੇਂ ਹੀ ਉਹ ਪਹੁੰਚੀ, ਉਸ ਦੀ ਮਾਂ ਨੇ ਉਸ ਨੂੰ ਵਹੀਲਚੇਅਰ 'ਤੇ ਬਿਠਾ ਦਿੱਤਾ, ਸਕੂਲ ਵਿੱਚੋਂ ਹਟਾ ਲਿਆ ਅਤੇ ਕਮਰੇ ਵਿੱਚ ਬਿਸਤਰ 'ਤੇ ਹੀ ਰੱਖਿਆ।

ਹੁਣ ਉਸ ਦੇ ਕੋਈ ਦੋਸਤ ਨਹੀਂ ਸਨ ਅਤੇ ਉਸ ਦੀ ਮਾਂ ਨੇ ਉਸ ਦਾ ਪਸੰਦੀਦਾ ਮਿਊਜ਼ਿਕ ਵੀ ਉਸ ਤੋਂ ਲੈ ਲਿਆ। ਉਸ ਨੂੰ ਬੁਣਾਈ ਵਿੱਚ ਸਕੂਨ ਮਿਲਦਾ ਸੀ, ਪਰ ਉਸ ਦੇ ਹੱਥ ਥੱਕ ਗਏ ਅਤੇ ਦੁਖਣ ਲੱਗੇ।

ਉਸ ਦੀ ਮਾਂ ਨੇ ਤੁਰੰਤ ਜ਼ਿੱਦ ਕੀਤੀ ਕਿ ਉਸ ਨਾਲ ਕੁਝ ਬਹੁਤ ਗਲਤ ਹੈ ਅਤੇ ਉਸ ਦੀਆਂ ਬਾਰਵਾਂ ਦੇ ਆਲੇ-ਦੁਆਲੇ ਪੱਟੀਆਂ ਬੰਨ੍ਹ ਦਿੱਤੀਆਂ।

ਉਹ ਇੰਨੀਆਂ ਘੁੱਟ ਕੇ ਬੰਨ੍ਹੀਆਂ ਹੋਈਆਂ ਸੀ ਕਿ ਉਸ ਦੇ ਹੱਥ ਅਤੇ ਉਂਗਲਾਂ ਸੁੰਨ ਹੋ ਗਈਆਂ। ਲਗ ਰਿਹਾ ਸੀ ਜਿਵੇਂ ਇਸ ਨਾਲ ਉਸ ਦੀ ਮਾਂ ਨੂੰ ਖੁਸ਼ੀ ਹੋ ਰਹੀ ਸੀ।

ਉਸ ਨੇ ਕਿਹਾ, "ਮੈਂ ਦੱਸ ਨਹੀਂ ਸਕਦੀ ਕਿ ਮੇਰੀ ਮਾਂ ਨੂੰ ਇਸ ਸਥਿਤੀ ਵਿਚ ਖੁਸ਼ ਹੁੰਦਿਆਂ ਦੇਖਣਾ ਕਿੰਨਾ ਭਿਆਨਕ ਸੀ।"

"ਤੂੰ ਮਰਨ ਵਾਲੀ ਹੈਂ"

ਜਿਵੇਂ ਜਿਵੇਂ ਸਾਲ ਬੀਤੇ, ਉਸ ਦੀ ਮਾਂ ਦੀ ਕਹਾਣੀ ਬਦਲ ਗਈ। ਉਸ ਨੇ ਨੀਨਾ ਨੂੰ ਕਿਹਾ, "ਜੇ ਮੈਨੂੰ ਪਤਾ ਲੱਗਿਆ ਕਿ ਤੂੰ ਦਰਦ ਵਿੱਚ ਨਹੀਂ ਹੈਂ ਅਤੇ ਤੂੰ ਆਪਣੇ ਆਪ ਇਹ ਮਨਘੜਤ ਬਣਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਵਾਂਗੀ।"

ਨੀਨਾ ਦਿਨੋ ਦਿਨ ਹੋਰ ਉਲਝਣ ਮਹਿਸੂਸ ਕਰਨ ਲੱਗੀ ਅਤੇ ਕਹਿੰਦੀ ਹੈ ਕਿ ਉਹ 'ਖੁਦ ਨੂੰ ਗਵਾ ਚੁੱਕੀ ਸੀ'

ਕਿਉਂਕਿ ਉਹ ਜ਼ਿਆਦਾਤਰ ਸਮਾਂ ਬਿਸਤਰ ਵਿੱਚ ਬਿਤਾਉਂਦੀ ਸੀ ਅਤੇ ਉਸ ਦੀਆਂ ਬਾਹਵਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸੀ, ਹੌਲੀ ਹੌਲੀ ਤਾਕਤ ਖਤਮ ਹੋਣ ਲੱਗ ਗਈ। ਅਖੀਰ, ਡਾਕਟਰਾਂ ਨੇ ਉਸ ਨੂੰ ਫੀਜ਼ੀਓਥੈਰੇਪੀ ਲਈ ਮੁੜ ਵਸੇਬਾ ਕਲੀਨਿਕ ਭੇਜ ਦਿੱਤਾ।

ਉੱਥੇ ਉਸ ਨੇ ਦੁਬਾਰਾ ਤੁਰਨਾ ਸਿੱਖਿਆ ਅਤੇ ਉੱਥੇ ਇੱਕ ਮਰੀਜ਼ ਲੜਕੇ ਨਾਲ ਪਿਆਰ ਵੀ ਹੋ ਗਿਆ।

ਕਈ ਸਾਲਾਂ ਵਿੱਚ ਪਹਿਲੀ ਵਾਰ, ਉਹ ਖੁਸ਼ ਮਹਿਸੂਸ ਕਰਨ ਲੱਗੇ।

ਪਰ ਜਦੋਂ ਕਲੀਨਿਕ ਨੇ ਉਸ ਨੂੰ ਵੀਕੈਂਡ ਘਰ ਵਿੱਚ ਬਿਤਾਉਣ ਦੀ ਇਜਾਜ਼ਤ ਦਿੱਤੀ, ਉਸ ਦੀ ਮਾਂ ਨੇ ਦੁਬਾਰਾ ਕੰਟਰੋਲ ਲੈ ਲਿਆ ਅਤੇ ਉਸ ਨੂੰ ਫਿਰ ਦਰਦਨਾਇਕ ਪੱਟੀਆਂ ਬੰਨ੍ਹਣ ਲਈ ਮਜਬੂਰ ਕਰਨ ਲੱਗੀ ਅਤੇ ਉਸ ਦਾ ਬਿਸਤਰ ਤੋਂ ਉੱਠਣਾ ਬੈਨ ਕਰਨ ਲੱਗੀ।

ਉਸ ਨੇ ਨੀਨਾ ਨੂੰ ਕਿਹਾ ਕਿ ਉਸ ਨੂੰ ਦਿਲ ਦੀ ਬਿਮਾਰੀ ਹੈ ਅਤੇ ਅਤੇ ਇੱਕ ਦਿਨ ਕਿਹਾ, "ਤੂੰ ਮਰਨ ਵਾਲੀ ਹੈਂ।"

ਨੀਨਾ ਕਹਿੰਦੀ ਹੈ, "ਉਹ ਪਹਿਲੀ ਵਾਰ ਸੀ ਜਦੋਂ ਮੈ ਅਸਲ ਵਿੱਚ ਖੁਦ ਨੂੰ ਇਕੱਲਾ ਮਹਿਸੂਸ ਕੀਤਾ। ਜਿਵੇਂ ਮੈਂ ਬਲੈਕ ਹੋਲ ਵਿੱਚ ਡਿੱਗ ਰਹੀ ਹੋਵਾਂ।"

"ਅਸੀਂ ਇੱਛਾ ਮੌਤ ਚਾਹੁੰਦੇ ਹਾਂ, ਡਾਕਟਰ, ਕੀ ਤੁਸੀਂ ਸਾਡੀ ਮਦਦ ਕਰ ਸਕਦੇ ਹੋ?"

ਫਿਰ ਕੁਝ ਬਦਲ ਗਿਆ।

ਇਕ ਹੋਰ ਹਸਪਤਾਲ ਵਿੱਚ ਦਾਖਲੇ ਦੌਰਾਨ, ਨੀਨਾ ਇਕ ਨਵੇਂ ਪੀਡੀਆਟ੍ਰੀਸ਼ਅਨ ਡਾ. ਵ੍ਰੀਏਨਟੇਨ ਨੂੰ ਮਿਲੀ।

ਡਾਕਟਰ ਨੇ ਨੀਨਾ ਨੂੰ ਦੱਸਿਆ ਕਿ ਉਹ ਅਜਿਹੀ ਥਾਂ ਲੱਭਣਾ ਚਾਹੁੰਦਾ ਹੈ ਜਿੱਥੇ ਮਾਹਿਰ ਉਸ ਦੇ ਹੱਥਾਂ ਪੈਰਾਂ ਅਤੇ ਜੋੜਾਂ ਦੀ ਹਰਕਤ ਸੁਧਾਰਨ ਵਿੱਚ ਮਦਦ ਕਰ ਸਕਣ ਅਤੇ ਉਹ ਦੁਬਾਰਾ ਚੱਲ ਸਕੇ।

ਨੀਨਾ ਬਿਲਕੁਲ ਹੈਰਾਨ ਪਰੇਸ਼ਾਨ ਸੀ।

ਉਸ ਦੀ ਮਾਂ ਨੇ ਹਮੇਸ਼ਾ ਉਸ ਨੂੰ ਕਿਹਾ ਸੀ ਕਿ ਉਸ ਨੂੰ ਮਾਸ ਪੇਸ਼ੀਆਂ ਦੀ ਜਾਨਲੇਵਾ ਬਿਮਾਰੀ ਹੈ ਅਤੇ ਉਹ ਇਸ ਨਾਲ ਮਰ ਜਾਏਗੀ। ਪਰ ਅੰਦਰੋਂ, ਉਸ ਨੂੰ ਸ਼ੱਕ ਸਨ ਪਰ ਕਦੇ ਸਵਾਲ ਪੁੱਛਣ ਦੀ ਹਿੰਮਤ ਨਹੀਂ ਕੀਤੀ ਸੀ।

ਉਸ ਦੀ ਮਾਂ ਗੁੱਸੇ ਵਿੱਚ ਸੀ ਅਤੇ ਘਰ ਵਾਪਸ ਆ ਕੇ ਉਸ ਨੇ ਜ਼ਬਰਦਸਤੀ ਨੀਨਾ ਦੀਆਂ ਲੱਤਾਂ ਨੂੰ ਐਕਸ(X) ਦੀ ਸ਼ਕਲ ਵਿੱਚ ਮੋੜ ਦਿੱਤਾ ਅਤੇ ਸਿਰਹਾਣਿਆਂ ਨਾਲ ਬੰਨ੍ਹ ਦਿੱਤਾ। ਉਸ ਨੇ ਨੀਨਾ ਦਾ ਖਾਣਾ ਪੀਣਾ ਘਟਾ ਦਿੱਤਾ ਅਤੇ ਉਸ ਦੇ ਨੱਕ ਰਾਹੀਂ ਖਾਣਾ ਪਹੁੰਚਾਉਣ ਵਾਲੀ ਪਾਈਪ ਪਾ ਦਿੱਤੀ ਅਤੇ ਉਸ ਨੂੰ ਦਿਨ ਵਿੱਚ ਵੀਹ ਗੋਲੀਆਂ ਖਾਣ ਲਈ ਮਜਬੂਰ ਕੀਤਾ।

ਡਾਕਟਰ ਦੀ ਇੱਕ ਵਿਜ਼ਿਟ ਦੌਰਾਨ, ਉਸ ਨੇ ਨੀਨਾ ਲਈ ਇੱਛਾ ਮੌਤ ਦੀ ਮੰਗ ਕੀਤੀ। ਬਿਮਾਰ ਅਤੇ ਥੱਕ ਚੁੱਕੀ ਨੀਨਾ ਮੰਨ ਗਈ ਅਤੇ ਕਿਹਾ, "ਡਾਕਟਰ, ਮੈਂ ਮਰਨਾ ਚਾਹੁੰਦੀ ਹਾਂ। ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?"

ਡਾਕਟਰ ਪਿੱਛੇ ਹਟ ਗਿਆ ਅਤੇ ਉਸ ਦੀ ਮਾਂ ਨਾਲ ਗੱਲ ਕੀਤੀ। ਅਤੇ ਉਸ ਨੂੰ 24 ਘੰਟੇ ਲਈ ਮੌਰਫਿਨ ਦੀ ਸਲਾਹ ਦਿੱਤੀ।

ਡਾਕਟਰ ਨੇ ਕਿਹਾ, "ਅਸੀਂ ਇਸ ਨੂੰ ਨੀਂਦ ਵਿੱਚ ਰੱਖਾਂਗੇ।"

ਬਚਾਅ

ਇੱਕ ਦਿਨ, ਇੱਕ ਔਰਤ ਨੀਨਾ ਦੇ ਕਮਰੇ ਵਿੱਚ ਆਈ ਅਤੇ ਦੱਸਿਆ ਕਿ ਉਸ ਨੂੰ ਹਰ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ। ਨੀਨਾ ਗਿੜਗਿੜਾਈ, "ਨਹੀਂ, ਕ੍ਰਿਪਾ ਕਰਕੇ ਮੈਨੂੰ ਮਰ ਜਾਣ ਦਿਓ।"

ਉਸ ਨੇ ਨੋਟ ਕੀਤਾ ਕਿ ਉਸ ਦੇ ਮਾਂ ਨੇ ਘਬਰਾਉਣਾ ਸ਼ੁਰੂ ਕਰ ਦਿੱਤਾ ਸੀ। ਕੋਲ ਦੋ ਪੁਲਿਸ ਅਫਸਰ ਖੜ੍ਹੇ ਸਨ।

ਜਲਦੀ ਹੀ, ਉਸ ਨੂੰ ਸਟ੍ਰੈਚਰ 'ਤੇ ਪਾ ਕੇ ਐਂਬੁਲੈਂਸ ਵਿੱਚ ਲਿਜਾਇਆ ਗਿਆ।

ਉਸ ਦੀਆਂ ਲੱਤਾਂ ਅਤੇ ਬਾਰਵਾਂ ਤੋਂ ਪੱਟੀਆਂ ਹਟਾ ਦਿੱਤੀਆਂ ਗਈਆਂ ਸੀ। ਉਸ ਦੇ ਕਮਰੇ ਵਿੱਚ ਸੰਖ ਕੈਮਰਾ ਲਗਾਇਆ ਗਿਆ ਸੀ।

ਦੋ ਦਿਨ ਤੱਕ ਉਸ ਨੇ ਆਪਣੇ ਮਾਂ ਬਾਪ ਵਿੱਚੋਂ ਕਿਸੇ ਨੂੰ ਨਹੀਂ ਦੇਖਿਆ।

ਅਖੀਰ ਜਦੋਂ ਉਹ ਆਏ, ਨੀਨਾ ਨੇ ਉਨ੍ਹਾਂ ਨੂੰ ਕਿਹਾ, "ਮੈਂ ਬਿਮਾਰ ਨਹੀਂ ਹਾਂ।"

ਉਸ ਨੇ ਵਾਰ ਵਾਰ ਤਕਰੀਬਨ ਅਠਾਰਾਂ ਵਾਰ ਇਹ ਕਿਹਾ।

ਉਸ ਦੀ ਮਾਂ ਭੁੱਲ ਗਈ ਕਿ ਕੈਮਰੇ ਵਿੱਚ ਰਿਕਾਰਡ ਹੋ ਰਿਹਾ ਹੈ ਅਤੇ ਗੁੱਸੇ ਵਿੱਚ ਆ ਗਈ-ਜੋ ਕਿ ਸਬੂਤ ਸੀ ਜੋ ਸਾਲਾਂ ਤੋਂ ਹੋ ਰਿਹਾ ਸੀ।

ਦੁਬਾਰਾ ਜ਼ਿੰਦਗੀ ਬਣਾਉਣਾ

ਕੁਝ ਸਮੇਂ ਬਾਅਦ ਨੀਨਾ ਨੇ ਆਪਣੇ ਮਾਪਿਆਂ ਨਾਲ ਸਾਰੇ ਸਬੰਧ ਤੋੜਨ ਦਾ ਫ਼ੈਸਲਾ ਕੀਤਾ। ਉਸ ਨੂੰ ਇੱਕ ਇਲਾਜ ਕੇਂਦਰ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਸਰੀਰਕ ਅਤੇ ਮਾਨਸਿਕ ਥੈਰੇਪੀ ਦਿੱਤੀ ਗਈ ਅਤੇ ਆਖਿਰ ਕਾਰ ਉਹ ਨਵੇਂ ਸ਼ਹਿਰ ਵਿੱਚ ਵੱਖਰੀ ਪਛਾਣ ਨਾਲ ਰਹਿਣ ਲੱਗੀ।

ਉਸ ਨੇ ਨਵੀਂ ਜ਼ਿੰਦਗੀ ਬਣਾਈ , ਆਰਟ ਸਕੂਲ ਤੋਂ ਗ੍ਰੈਜੁਏਟ ਹੋਈ, ਕੰਮ ਲੱਭਿਆ ਅਤੇ ਪਿਆਰ ਵਿੱਚ ਪਈ।

ਉਸ ਦੇ ਮਾਪਿਆਂ ਨੇ ਕਦੇ ਵੀ ਆਪਣੀ ਗਲਤੀ ਨਹੀਂ ਮੰਨੀ ਅਤੇ ਇਕ ਵਾਰ ਉਸ ਨੂੰ ਲੱਭਣ ਲਈ ਨਿੱਜੀ ਜਾਸੂਸ ਵੀ ਰੱਖ ਲਿਆ ਜਿਸ ਕਾਰਨ ਉਸ ਨੂੰ ਮੁੜ ਤਣਾਅ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਉਸ ਨੇ ਉਨ੍ਹਾਂ ਦੀ ਰਿਪੋਰਟ ਕਰਨ ਬਾਰੇ ਵੀ ਸੋਚਿਆ। ਕੁਝ ਅਜਿਹਾ ਜੋ ਉਸ ਦੇ ਰੈਸਕਿਉ ਵੇਲੇ ਵੀ ਨਹੀਂ ਕੀਤਾ ਗਿਆ ਸੀ। ਪਰ ਅਖੀਰ ਉਸ ਨੇ ਇਹ ਖਿਆਲ ਛੱਡ ਦਿੱਤਾ ਅਤੇ ਕੁਝ ਸਾਲਾਂ ਬਾਅਦ ਇੱਕ ਇੱਕ ਕਰਕੇ ਉਸ ਦੇ ਦੋਹੇਂ ਮਾਪਿਆਂ ਦੀ ਮੌਤ ਹੋ ਗਈ।

ਨੀਨਾ ਨੇ ਕਿਹਾ, "ਮੇਰੇ ਮਾਪਿਆਂ ਨੇ ਜੋ ਮੇਰੇ ਨਾਲ ਕੀਤਾ ਉਹ ਅਪਰਾਧ ਸੀ। ਇਹ ਭਿਆਨਕ ਬਾਲ ਸੋਸ਼ਣ ਸੀ ਅਤੇ ਮੈਂ ਮਸਾਂ ਹੀ ਬਚੀ ਸੀ।"

ਪਰ ਉਹ ਸ਼ੁਕਰਗੁਜ਼ਾਰ ਹੈ ਕਿ ਉਹ ਹੁਣ ਠੀਕ ਥਾਂ 'ਤੇ ਹੈ।

ਉਹ ਕਹਿੰਦੀ ਹੈ, "ਮੈਂ ਬਹੁਤ ਖੁਸ਼ ਹਾਂ ਕੇ ਮੈਂ ਬਚ ਗਈ। ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਲਈ ਜਿਉਣਾ ਬਣਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)