ਕੀ ਭਾਰਤ ਵਿੱਚ ਇਸਲਾਮ ਦੇ ਆਉਣ 'ਚ ਕਾਲੀ ਮਿਰਚ ਦੀ ਵੀ ਕੋਈ ਭੂਮਿਕਾ ਸੀ?

    • ਲੇਖਕ, ਮਿਰਜ਼ਾ ਏਬੀ ਬੇਗ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਭਾਰਤ ਵਿੱਚ ਇੱਕ ਆਮ ਧਾਰਨਾ ਇਹ ਪੇਸ਼ ਕੀਤੀ ਜਾਂਦੀ ਹੈ ਕਿ ਦੇਸ਼ ਵਿੱਚ ਇਸਲਾਮ ਦਾ ਆਗਮਨ 712 ਈਸਵੀ ਵਿੱਚ ਉਮਯਦ ਸ਼ਾਸਨ ਦੌਰਾਨ ਮੁਹੰਮਦ ਬਿਨ ਕਾਸਿਮ ਦੇ ਸਿੰਧ 'ਤੇ ਹਮਲੇ ਨਾਲ ਯਾਨੀ ਤਲਵਾਰ ਦੇ ਦਮ 'ਤੇ ਹੋਇਆ ਸੀ।

ਕਈ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।

ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਇਸਲਾਮ ਦਾ ਆਗਮਨ ਕਿਸੇ ਇੱਕ ਘਟਨਾ ਦਾ ਨਤੀਜਾ ਨਹੀਂ ਸੀ ਬਲਕਿ ਇਹ ਕਈ ਸਦੀਆਂ ਤੱਕ ਚੱਲਣ ਵਾਲੀ ਇਤਿਹਾਸਕ ਅਤੇ ਸਮਾਜਿਕ ਪ੍ਰਕਿਰਿਆ ਦਾ ਨਤੀਜਾ ਸੀ।

ਇਤਿਹਾਸਕਾਰ ਅਤੇ ਸਮਾਜ-ਸ਼ਾਸਤਰੀ ਇਸ ਪ੍ਰਕਿਰਿਆ ਨੂੰ ਵੱਖ ਵੱਖ ਨਜ਼ਰੀਏ ਤੋਂ ਦੇਖਦੇ ਹਨ ਅਤੇ ਇਸ ਦੀ ਵਿਆਖਿਆ ਲਈ ਕਈ ਪ੍ਰਮੁੱਖ ਸਿਧਾਂਤ ਪੇਸ਼ ਕਰਦੇ ਹਨ।

ਇਨ੍ਹਾਂ ਵਿੱਚੋਂ ਇੱਕ ਸਿਧਾਂਤ ਇਹ ਹੈ ਕਿ ਭਾਰਤ ਵਿੱਚ ਇਸਲਾਮ ਦੇ ਪ੍ਰਚਾਰ ਵਿੱਚ ਵਪਾਰ ਦੀ ਅਹਿਮ ਭੂਮਿਕਾ ਸੀ।

ਪ੍ਰਾਚੀਨ ਕਾਲ ਤੋਂ ਹੀ ਭਾਰਤ ਮਸਾਲਿਆਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਰਿਹਾ ਹੈ। ਇਨ੍ਹਾਂ ਮਸਾਲਿਆਂ ਵਿੱਚ ਸਭ ਤੋਂ ਵੱਧ ਮੰਗ ਕਾਲੀ ਮਿਰਚ ਦੀ ਰਹੀ ਹੈ। ਅਰਬ ਦੇਸ਼ਾਂ ਤੋਂ ਲੈ ਕੇ ਗ੍ਰੀਕ ਅਤੇ ਰੋਮਨ ਸਾਮਰਾਜ ਤੱਕ ਭਾਰਤੀ ਕਾਲੀ ਮਿਰਚ ਪਹੁੰਚਦੀ ਰਹੀ ਹੈ।

ਕਾਲੀ ਮਿਰਚ ਦੇ ਵਪਾਰ ਨੂੰ ਸਮਝਣ ਲਈ ਅਸੀਂ ਕੇਰਲ ਦੇ ਕੋਚੀ ਸ਼ਹਿਰ ਅਤੇ ਉੱਥੋਂ ਕੋਡੁੰਗੱਲੂਰ ਪਹੁੰਚੇ। ਸਥਾਨਕ ਪਰੰਪਰਾਵਾਂ ਮੁਤਾਬਕ, ਇੱਥੇ ਪ੍ਰਾਚੀਨ ਬੰਦਰਗਾਹ ਮੁਜ਼ਿਰਿਸ ਮੌਜੂਦ ਸੀ। ਇਹ ਬੰਦਰਗਾਹ 15ਵੀਂ ਸਦੀ ਵਿੱਚ ਆਏ ਵਿਨਾਸ਼ਕਾਰੀ ਹੜ੍ਹ ਵਿੱਚ ਪੂਰੀ ਤਰ੍ਹਾਂ ਨਸ਼ਟ ਹੋ ਗਈ ਸੀ।

ਅਰਬ ਵਪਾਰੀਆਂ ਦਾ ਸਮੁੰਦਰੀ ਸਫ਼ਰ

ਹਾਲਾਂਕਿ ਕੇਰਲ ਜਾਣ ਤੋਂ ਪਹਿਲਾਂ ਅਸੀਂ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਮੱਧ ਕਾਲ ਇਤਿਹਾਸ ਦੇ ਪ੍ਰਮੁੱਖ ਇਤਿਹਾਸਕਾਰ ਸੱਯਦ ਜ਼ਹੀਰ ਹੁਸੈਨ ਜਾਫ਼ਰੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਮੁਤਾਬਕ, ਬੰਗਾਲ ਦੀ ਖਾੜੀ ਦੀ ਤੁਲਨਾ ਵਿੱਚ ਅਰਬ ਸਾਗਰ ਜ਼ਿਆਦਾ ਸ਼ਾਂਤ ਸੀ। ਸੱਯਦ ਜ਼ਹੀਰ ਹੁਸੈਨ ਜਾਫ਼ਰੀ ਨੇ ਦੱਸਿਆ ਕਿ ਜੇਕਰ ਇਸ ਸਮੁੰਦਰ ਵਿੱਚ ਇੱਕ ਤਿਨਕਾ ਜਾਂ ਲੱਕੜੀ ਦਾ ਟੁੱਕੜਾ ਵੀ ਛੱਡ ਦਿੱਤਾ ਜਾਵੇ ਤਾਂ ਉਹ ਅਰਬ ਅਤੇ ਓਮਾਨ ਦੇ ਤੱਟ ਤੱਕ ਪਹੁੰਚ ਸਕਦਾ ਸੀ।

ਲੰਬੇ ਸਮੇਂ ਤੱਕ ਇਸ ਸਮੁੰਦਰੀ ਮਾਰਗ 'ਤੇ ਅਰਬਾਂ ਦਾ ਪ੍ਰਭਾਵ ਰਿਹਾ। ਉਹ ਮਾਨਸੂਨ ਦੇ ਨਾਲ ਭਾਰਤ ਆਉਂਦੇ, ਕੁਝ ਸਮਾਂ ਠਹਿਰਦੇ ਅਤੇ ਮਾਨਸੂਨ ਪਰਤਦੇ ਹੀ ਵਾਪਸ ਅਰਬ ਚਲੇ ਜਾਂਦੇ।

ਪ੍ਰੋਫੈਸਰ ਜਾਫ਼ਰੀ ਮੁਤਾਬਕ, ਇਸੇ ਸਮੁੰਦਰੀ ਰਸਤੇ ਤੋਂ ਅਰਬ ਦੇ ਲੋਕ ਸ਼੍ਰੀਲੰਕਾ, ਜਾਵਾ, ਸੁਮਾਤਰਾ, ਮਲੇਸ਼ੀਆ ਅਤੇ ਇੰਡੋਨੇਸ਼ੀਆ ਤੱਕ ਵੀ ਪਹੁੰਚੇ।

ਪ੍ਰਸਿੱਧ ਇਤਿਹਾਸਕਾਰ ਸੱਯਦ ਸੁਲੇਮਾਨ ਨਦਵੀ ਆਪਣੀ ਕਿਤਾਬ 'ਅਰਬ ਅਤੇ ਹਿੰਦ ਦੇ ਸਬੰਧ' ਵਿੱਚ ਲਿਖਦੇ ਹਨ, "ਯੂਰਪ ਅਤੇ ਭਾਰਤ ਵਿਚਕਾਰ ਸਮੁੰਦਰੀ ਮਾਰਗ ਬਹੁਤ ਖਾਸ ਸੀ। ਸ਼ੁਰੂਆਤ ਵਿੱਚ ਇਹ ਪੂਰੀ ਤਰ੍ਹਾਂ ਅਰਬਾਂ ਦੇ ਕੰਟਰੋਲ ਵਿੱਚ ਸੀ। ਪਰ ਈਸਾ ਮਸੀਹ ਦੇ ਜਨਮ ਤੋਂ ਕਰੀਬ 300 ਸਾਲ ਪਹਿਲਾਂ ਜਦੋਂ ਯੂਨਾਨੀਆਂ ਨੇ ਮਿਸਰ 'ਤੇ ਕਬਜ਼ਾ ਕੀਤਾ ਤਾਂ ਇਸ ਸਮੁੰਦਰੀ ਮਾਰਗ 'ਤੇ ਉਨ੍ਹਾਂ ਦਾ ਕੰਟਰੋਲ ਹੋ ਗਿਆ।"

ਉਹ ਅੱਗੇ ਲਿਖਦੇ ਹਨ, "ਈਸਾ ਦੇ ਕਰੀਬ 600 ਸਾਲ ਬਾਅਦ ਜਦੋਂ ਇਸਲਾਮ ਦੀ ਸ਼ੁਰੂਆਤ ਹੋਈ ਅਤੇ ਅਰਬਾਂ ਦਾ ਪ੍ਰਭਾਵ ਵਧਿਆ ਤਾਂ ਛੇਵੀਂ ਸਦੀ ਵਿੱਚ ਉਨ੍ਹਾਂ ਨੇ ਮਿਸਰ ਤੋਂ ਲੈ ਕੇ ਸਪੇਨ ਤੱਕ ਆਪਣੀ ਪ੍ਰਭੂਸੱਤਾ ਸਥਾਪਿਤ ਕਰ ਲਈ। ਇਸ ਦੇ ਨਾਲ ਹੀ ਭੂ-ਮੱਧ ਸਾਗਰ 'ਤੇ ਵੀ ਉਨ੍ਹਾਂ ਦਾ ਕੰਟਰੋਲ ਹੋ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਦੁਨੀਆ ਦਾ ਸਭ ਤੋਂ ਅਹਿਮ ਵਪਾਰਕ ਮਾਰਗ ਅਰਬਾਂ ਦੇ ਹੱਥਾਂ ਵਿੱਚ ਆ ਗਿਆ ਅਤੇ ਕਈ ਸਦੀਆਂ ਤੱਕ ਉਹ ਇਸੇ ਦੇ ਕਾਬੂ ਵਿੱਚ ਰਿਹਾ।"

ਪ੍ਰੋਫੈਸਰ ਜਾਫ਼ਰੀ ਮੁਤਾਬਕ, ਭਾਰਤ ਵਿੱਚ ਆਪਣੇ ਪ੍ਰਵਾਸ ਦੌਰਾਨ ਕਈ ਅਰਬ ਵਪਾਰੀਆਂ ਨੇ ਸਥਾਨਕ ਮਹਿਲਾਵਾਂ ਨਾਲ ਵਿਆਹ ਵੀ ਕਰਾਏ। ਅਰਬਾਂ ਅਤੇ ਭਾਰਤ ਦੇ ਵਿਚਕਾਰ ਇਸੇ ਲੰਬੇ ਸੰਪਰਕ ਕਾਰਨ ਦੱਖਣ ਭਾਰਤ ਵਿੱਚ ਇੱਕ ਅਜਿਹੇ ਮੁਸਲਿਮ ਭਾਈਚਾਰੇ ਦਾ ਵਿਕਾਸ ਹੋਇਆ, ਜਿਨ੍ਹਾਂ ਨੂੰ 'ਮੱਪਿਲਾ ਮੁਸਲਮਾਨ' ਕਿਹਾ ਜਾਂਦਾ ਹੈ।

ਇਤਿਹਾਸਕ ਸਬੂਤਾਂ ਦੀ ਕਮੀ

ਮੁਸਲਮਾਨ ਦੱਖਣ ਭਾਰਤ ਵਿੱਚ ਕਦੋਂ ਆਏ, ਇਸ ਦਾ ਸਟੀਕ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਇਸ ਦੇ ਪੱਖ ਵਿਚ ਇਤਿਹਾਸਕ ਸਬੂਤ ਬਹੁਤ ਘੱਟ ਹਨ।

ਅਰਬ ਮਲਾਹਾਂ ਨੇ ਵੀ ਆਪਣੇ ਸਫ਼ਰ ਦਾ ਕੋਈ ਲਿਖਤ ਰਿਕਾਰਡ ਨਹੀਂ ਛੱਡਿਆ। ਉਨ੍ਹਾਂ ਨੇ ਜੋ ਇਮਾਰਤਾਂ ਬਣਾਈਆਂ, ਉਨ੍ਹਾਂ 'ਤੇ ਵੀ ਸ਼ਿਲਾਲੇਖ ਨਹੀਂ ਲਗਾਏ ਗਏ। ਜੇ ਕਿਤੇ ਸ਼ਿਲਾਲੇਖ ਵੀ ਸਨ ਤਾਂ 16ਵੀਂ ਸਦੀ ਵਿੱਚ ਪੁਰਤਗਾਲੀਆਂ ਦੇ ਆਉਣ ਅਤੇ ਮੁਸਲਮਾਨਾਂ ਦੇ ਨਾਲ ਹੋਏ ਸੰਘਰਸ਼ ਦੌਰਾਨ ਵੱਡੇ ਪੈਮਾਨੇ 'ਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।

ਸ਼ਸ਼ੀ ਥਰੂਰ ਅਕਸਰ ਇਸ ਗੱਲ ਵੱਲ ਧਿਆਨ ਦਿਵਾਉਂਦੇ ਹਨ ਕਿ ਇਸਲਾਮ ਦੀ ਸ਼ੁਰੂਆਤ ਤੋਂ ਕਈ ਸਦੀਆਂ ਪਹਿਲਾਂ ਹੀ ਅਰਬ ਵਪਾਰੀ ਅਤੇ ਮਲਾਹ ਮਾਲਾਬਾਰ ਤੱਟ 'ਤੇ ਆਉਂਦੇ ਜਾਂਦੇ ਸਨ।

ਉਨ੍ਹਾਂ ਮੁਤਾਬਕ, ਜਦੋਂ ਇਸਲਾਮ ਦਾ ਉਭਾਰ ਹੋਇਆ ਤਾਂ ਉਹ ਕੇਰਲ ਵਿੱਚ ਤਲਵਾਰ ਦੇ ਬਲ 'ਤੇ ਨਹੀਂ ਬਲਕਿ ਉਨ੍ਹਾਂ ਜਾਣੇ ਪਛਾਣੇ ਅਤੇ ਭਰੋਸੇਮੰਦ ਅਰਬ ਵਪਾਰੀਆਂ ਜ਼ਰੀਏ ਪਹੁੰਚਿਆ ਜਿਨ੍ਹਾਂ ਨੂੰ ਸਥਾਨਕ ਲੋਕ ਪਹਿਲਾਂ ਤੋਂ ਜਾਣਦੇ ਸਨ। ਇਸ ਦੇ ਨਾਲ ਹੀ ਕੇਰਲ ਦੇ ਹਿੰਦੂ ਰਾਜਾ ਚੇਰਾਮਨ ਪੇਰੂਮਲ ਦੇ ਇਸਲਾਮ ਸਵੀਕਾਰ ਕਰਨ ਦੀ ਕਥਾ ਵੀ ਇਸ ਵਿਸ਼ੇ ਨਾਲ ਜੁੜੇ ਪ੍ਰਚਲਿਤ ਵੇਰਵਿਆਂ ਦਾ ਹਿੱਸਾ ਹੈ।

ਅਸੀਂ ਕੇਰਲ ਦੇ ਫੋਰਟ ਕੋਚੀ ਤੋਂ ਸਵੇਰੇ-ਸਵੇਰੇ ਕੋਚੀ ਹੈਰੀਟੇਜ ਪ੍ਰੋਜੈਕਟ ਦੇ ਸੰਸਥਾਪਕ ਯੋਹਾਨ ਬੇਨੀ ਕੁਰੂਵਿਲਾ ਅਤੇ ਆਪਣੇ ਕੈਮਰਾਮੈਨ ਬਿਮਲ ਥੰਕਾਚਨ ਦੇ ਨਾਲ ਕੋਡੁੰਗੱਲੂਰ 'ਚ ਪੇਰੀਆਰ ਨਦੀ ਦੇ ਕਿਨਾਰੇ ਪਹੁੰਚੇ।

ਉੱਥੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਇੰਡੀਆ-ਅਰਬ ਕਲਚਰ ਸੈਂਟਰ ਦੇ ਸਾਬਕਾ ਡਾਇਰੈਕਟਰ ਅਤੇ ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ, ਕੋਟਾਯਮ ਦੇ ਪ੍ਰੋਫੈਸਰ ਐਮਐਚ ਇਲਿਯਾਸ ਸਾਡਾ ਇੰਤਜ਼ਾਰ ਕਰ ਰਹੇ ਸਨ।

ਦੱਖਣ ਭਾਰਤ ਵਿੱਚ ਇਸਲਾਮ

ਪ੍ਰੋਫੈਸਰ ਇਲਿਯਾਸ ਮੁਤਾਬਕ, ਦੱਖਣ ਭਾਰਤ ਵਿੱਚ ਇਸਲਾਮ ਦੇ ਆਗਮਨ ਨੂੰ ਲੈ ਕੇ ਚਾਰ ਪ੍ਰਮੁੱਖ ਸਿਧਾਂਤ ਹਨ।

ਪਹਿਲਾ ਸਿਧਾਂਤ ਇਹ ਹੈ ਕਿ ਪੈਗ਼ੰਬਰ ਮੁਹੰਮਦ ਦੇ ਜੀਵਨ ਕਾਲ ਵਿੱਚ ਹੀ ਇਸਲਾਮ ਪ੍ਰਾਚੀਨ ਮੁਜ਼ਿਰਿਸ ਬੰਦਰਗਾਹ ਦੇ ਰਸਤੇ ਭਾਰਤ ਪਹੁੰਚ ਗਿਆ ਸੀ।

ਇਸ ਦਾਅਵੇ ਦੇ ਸਮਰਥਨ ਵਿੱਚ ਚੇਰਾਮਨ ਜੁਮਾ ਮਸਜਿਦ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਉਸਾਰੀ 629 ਈਸਵੀ ਵਿੱਚ ਮਲਿਕ ਬਿਨ ਦੀਨਾਰ ਨੇ ਕਰਵਾਈ ਸੀ। ਮਸਜਿਦ 'ਤੇ ਲੱਗੇ ਸ਼ਿਲਾਲੇਖ 'ਚ ਵੀ ਇਹੀ ਉਲੇਖ ਮਿਲਦਾ ਹੈ।

ਹਾਲਾਂਕਿ ਕਈ ਇਤਿਹਾਸਕਾਰ ਇਸ ਤਾਰੀਖ ਨੂੰ ਲੈ ਕੇ ਨਿਸ਼ਚਿਤ ਰਾਏ ਦੇਣ ਤੋਂ ਬਚਦੇ ਹਨ। ਇਸ ਦਾ ਕਾਰਨ ਇਹ ਹੈ ਕਿ ਕੁਝ ਪਰੰਪਰਾਵਾਂ ਵਿੱਚ ਮਲਿਕ ਬਿਨ ਦੀਨਾਰ ਨੂੰ ਸਹਾਬੀ ਮੰਨਿਆ ਗਿਆ ਹੈ ਜਦੋਂਕਿ ਕੁਝ ਵਿੱਚ ਉਨ੍ਹਾਂ ਨੂੰ ਤਾਬਈਨ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਸਹਾਬੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਮੁਸਲਮਾਨ ਹੋਣ ਦੀ ਸਥਿਤੀ ਵਿੱਚ ਪੈਗ਼ੰਬਰ ਹਜ਼ਰਤ ਮੁਹੰਮਦ ਨੂੰ ਦੇਖਿਆ ਹੋਵੇ, ਜਦੋਂਕਿ ਤਾਬਈਨ ਉਹ ਹਨ ਜਿਨ੍ਹਾਂ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਕਿਸੇ ਸਹਾਬੀ ਨਾਲ ਮੁਲਾਕਾਤ ਕੀਤੀ ਹੋਵੇ।

ਇਸ ਮਸਜਿਦ ਦੀ ਸਥਾਪਨਾ ਨੂੰ ਲੈ ਕੇ ਕਈ ਕਥਾਵਾਂ ਪ੍ਰਚਲਿਤ ਹਨ। ਕੋਡੁੰਗੱਲੂਰ ਦੇ ਹਿੰਦੂ ਰਾਜਾ ਚੇਰਾਮਨ ਪੇਰੂਮਲ ਨੂੰ ਅਰਬ ਵਪਾਰੀਆਂ ਨੇ ਦੱਸਿਆ ਕਿ ਅਰਬ ਵਿੱਚ ਪੈਗ਼ੰਬਰ ਪ੍ਰਗਟ ਹੋਏ ਹਨ। ਇਸ ਤੋਂ ਬਾਅਦ ਰਾਜਾ ਅਰਬ ਦੀ ਯਾਤਰਾ 'ਤੇ ਨਿਕਲ ਪਏ। ਇੱਕ ਪਰੰਪਰਾ ਮੁਤਾਬਕ, ਉੱਥੇ ਉਨ੍ਹਾਂ ਦੀ ਮੁਲਾਕਾਤ ਪੈਗ਼ੰਬਰ ਹਜ਼ਰਤ ਮੁਹੰਮਦ ਨਾਲ ਹੋਈ ਅਤੇ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ।

ਉੱਧਰ ਦੂਜੀ ਪਰੰਪਰਾ ਵਿੱਚ ਕਿਹਾ ਜਾਂਦਾ ਹੈ ਕਿ ਭਾਰਤ ਪਰਤਦੇ ਸਮੇਂ ਓਮਾਨ ਦੇ ਸਲਾਲਾਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਜਿੱਥੇ ਉਨ੍ਹਾਂ ਦੀ ਕਬਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਦੂਜੀ ਪਰੰਪਰਾ

ਪ੍ਰੋਫੈਸਰ ਇਲਿਯਾਸ ਮੁਤਾਬਕ, ਦੂਜੀ ਪਰੰਪਰਾ ਮੁਤਾਬਕ ਰਾਜਾ ਦੀ ਪੈਗ਼ੰਬਰ ਹਜ਼ਰਤ ਮੁਹੰਮਦ ਨਾਲ ਮੁਲਾਕਾਤ ਨਹੀਂ ਹੋ ਸਕੀ ਅਤੇ ਓਮਾਨ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਹਾਲਾਂਕਿ, ਦੋਹਾਂ ਪਰੰਪਰਾਵਾਂ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਮਲਿਕ ਬਿਨ ਦੀਨਾਰ ਨਾਲ ਹੋਈ ਸੀ। ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਦੇ ਨਾਮ ਇੱਕ ਪੱਤਰ ਵੀ ਭੇਜਿਆ, ਜਿਸ ਵਿੱਚ ਮਲਿਕ ਬਿਨ ਦੀਨਾਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਨਾਲ ਚੰਗਾ ਵਤੀਰਾ ਕਰਨ ਦੀ ਗੱਲ ਕਹੀ ਗਈ ਸੀ।

ਜਦੋਂ ਮਲਿਕ ਬਿਨ ਦੀਨਾਰ ਮੁਜ਼ਿਰਿਸ ਬੰਦਰਗਾਹ ਯਾਨੀ ਅੱਜ ਦੇ ਕੋਡੁੰਗੱਲੂਰ ਪਹੁੰਚੇ ਤਾਂ ਰਾਜਾ ਦੇ ਉੱਤਰਾਧਿਕਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨਾਲ ਹੀ, ਮਸਜਿਦ ਬਣਾਉਣ ਲਈ ਰਾਜ ਮਹਿਲ ਦੇ ਕੋਲ ਜ਼ਮੀਨ ਵੀ ਦਿੱਤੀ। ਇਹ ਮਸਜਿਦ ਅੱਜ ਵੀ ਮੌਜੂਦ ਹੈ।

ਪ੍ਰੋਫੈਸਰ ਇਲਿਯਾਸ ਨੇ ਕਿਹਾ, "ਅਰਬ ਮੁੱਖ ਰੂਪ ਵਿੱਚ ਮਸਾਲਿਆਂ ਖਾਸ ਕਰਕੇ ਕਾਲੀ ਮਿਰਚ ਦੇ ਵਪਾਰ ਲਈ ਇੱਥੇ ਆਏ ਸਨ। ਪਰ ਉਨ੍ਹਾਂ ਨੇ ਸਿਰਫ਼ ਇਸਲਾਮ ਹੀ ਨਹੀਂ, ਬਲਕਿ ਕਈ ਦੂਜੀਆਂ ਚੀਜ਼ਾਂ ਵੀ ਇੱਥੇ ਪਹੁੰਚਾਈਆਂ।"

"ਉਦਾਹਰਣ ਵਜੋਂ, ਹਿਸਾਬ-ਕਿਤਾਬ ਅਤੇ ਨਾਪ-ਤੋਲ ਦੀਆਂ ਕਈ ਪ੍ਰਣਾਲੀਆਂ, ਜਿਨ੍ਹਾਂ ਦਾ ਇਸਤੇਮਾਲ ਅੱਜ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿਹਤਰ ਕਿਸ਼ਤੀਆਂ ਅਤੇ ਜਹਾਜ਼ ਬਣਾਉਣ ਦੀ ਤਕਨੀਕ ਵੀ ਸਿਖਾਈ।"

ਚੇਰਾਮਨ ਜਾਮਾ ਮਸਜਿਦ

ਦੁਪਹਿਰ ਦੀ ਨਮਾਜ਼ ਵੇਲੇ, ਗਰਮ ਅਤੇ ਹੁੰਮਸ ਭਰੇ ਮੌਸਮ ਵਿੱਚ ਅਸੀਂ ਇਤਿਹਾਸਕ ਮਸਜਿਦ ਪਹੁੰਚੇ। ਜਿੱਥੇ ਸਾਡੀ ਮੁਲਾਕਾਤ ਮਸਜਿਦ ਦੇ ਇਮਾਮ ਸਲੀਮ ਨਦਵੀ ਨਾਲ ਹੋਈ। ਜਿਨ੍ਹਾਂ ਨੇ ਲਖਨਊ ਦੀ ਪ੍ਰਸਿੱਧ ਇਸਲਾਮੀ ਵਿੱਦਿਅਕ ਸੰਸਥਾ ਨਦਵਾਤੁਲ ਉਲੇਮਾ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਮਸਜਿਦ ਨਾਲ ਲੱਗੇ ਵਰਾਂਡੇ ਵਿੱਚ ਮਲਿਕ ਬਿਨ ਦੀਨਾਰ ਦੇ ਬੇਟੇ ਯੂਸਫ਼ ਬਿਨ ਦੀਨਾਰ ਅਤੇ ਉਨ੍ਹਾਂ ਦੀ ਪਤਨੀ ਦੀਆਂ ਕਬਰਾਂ ਹਨ। ਉੱਥੇ ਹੀ, ਮਲਿਕ ਬਿਨ ਦੀਨਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਸੇ ਦੌਰ ਵਿੱਚ ਇਸ ਖੇਤਰ 'ਚ ਕਰੀਬ ਦਸ ਮਸਜਿਦਾਂ ਅਤੇ ਖ਼ਾਨਕਾਹਾਂ ਸਥਾਪਿਤ ਕੀਤੀਆਂ ਸਨ।

ਮਲਿਕ ਬਿਨ ਦੀਨਾਰ ਦੀ ਕਬਰ ਇੱਥੋਂ ਕਰੀਬ 300 ਕਿੱਲੋਮੀਟਰ ਉੱਤਰ ਵਿੱਚ ਅਰਬ ਸਾਗਰ ਦੇ ਤਟ 'ਤੇ ਸਥਿਤ ਕਾਸਰਗੋਡ ਵਿੱਚ ਦੱਸੀ ਜਾਂਦੀ ਹੈ।

ਪ੍ਰੋਫੈਸਰ ਇਲਿਯਾਸ ਮੁਤਾਬਕ, ਵੱਖ ਵੱਖ ਪਰੰਪਰਾਵਾਂ ਦੇ ਬਾਵਜੂਦ ਸਾਰੇ ਇੱਕ ਗੱਲ 'ਤੇ ਸਹਿਮਤ ਹਨ ਕਿ ਭਾਰਤ ਵਿੱਚ ਇਸਲਾਮ ਦੀ ਜਾਣ ਪਛਾਣ ਰਾਜਾ ਚੇਰਾਮਨ ਜ਼ਰੀਏ ਹੋਈ।

ਸੱਤਵੀਂ ਅਤੇ ਅੱਠਵੀਂ ਸਦੀ ਵਿੱਚ ਅਰਬ ਵਪਾਰੀ ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਸਮੁੰਦਰੀ ਵਪਾਰ ਮਾਰਗਾਂ 'ਤੇ ਮੁੱਖ ਭੂਮਿਕਾ ਨਿਭਾਉਂਦੇ ਸਨ। ਉਹ ਆਪਣੇ ਨਾਲ ਸਿਰਫ ਵਪਾਰਕ ਸਮਾਨ ਹੀ ਨਹੀਂ, ਬਲਕਿ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਪਰੰਪਰਾਵਾਂ ਵੀ ਲੈ ਕੇ ਆਏ।

ਕੇਰਲ ਅਤੇ ਗੁਜਰਾਤ ਦੇ ਤੱਟੀ ਇਲਾਕਿਆਂ ਵਿੱਚ ਸਥਾਨਕ ਸ਼ਾਸਕਾਂ ਨੇ ਇਨ੍ਹਾਂ ਵਪਾਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਮਸਜਿਦਾਂ ਬਣਾਉ ਅਤੇ ਇੱਥੇ ਵਸਣ ਦੀ ਇਜਾਜ਼ਤ ਵੀ ਦਿੱਤੀ ਗਈ।

ਯੁੱਧ ਵਿੱਚ ਜਿੱਤ ਨਾਲ ਇਸਲਾਮ ਦਾ ਆਗਮਨ

ਇੱਕ ਸਿਧਾਂਤ 'ਅਰਬਾਂ ਦੀ ਜਿੱਤ ਅਤੇ ਰਾਜਨੀਤਕ ਵਿਸਥਾਰ' ਨਾਲ ਜੁੜਿਆ ਹੈ।

ਇਸ ਦੇ ਮੁਤਾਬਕ, ਭਾਰਤੀ ਉਪ ਮਹਾਂਦੀਪ ਵਿੱਚ ਇਸਲਾਮ ਨੂੰ ਪਹਿਲੀ ਵੱਡੀ ਸਿਆਸੀ ਸਫਲਤਾ 712 ਈਸਵੀ ਵਿੱਚ ਮਿਲੀ, ਜਦੋਂ ਮੁਹੰਮਦ ਬਿਨ ਕਾਸਿਮ ਦੀ ਅਗਵਾਈ ਵਿੱਚ ਅਰਬ ਫੌਜੀਆਂ ਨੇ ਸਿੰਧ ਅਤੇ ਮੁਲਤਾਨ 'ਤੇ ਕਬਜ਼ਾ ਕੀਤਾ।

ਬਾਅਦ ਵਿੱਚ ਗਜਨਵੀ ਅਤੇ ਗੌਰੀ ਸ਼ਾਸਕਾਂ ਦੇ ਹਮਲਿਆਂ ਨੇ ਦਿੱਲੀ ਸਲਤਨਤ ਦੀ ਨੀਂਹ ਰੱਖੀ।

ਹਾਲਾਂਕਿ, ਕੁਝ ਪੁਰਾਣੇ ਇਤਿਹਾਸਕਾਰਾਂ ਨੇ ਇਸ ਨੂੰ 'ਤਲਵਾਰ ਜ਼ਰੀਏ ਇਸਲਾਮ ਦਾ ਆਗਮਨ' ਦੱਸਿਆ।

ਪਰ ਆਧੁਨਿਕ ਖੋਜਕਰਤਾਵਾਂ ਦੇ ਮੁਤਾਬਕ ਇਨ੍ਹਾਂ ਜਿੱਤਾਂ ਦਾ ਮੁੱਖ ਮਕਸਦ ਸੱਤਾ ਸਥਾਪਿਤ ਕਰਨਾ ਸੀ, ਨਾ ਕਿ ਲੋਕਾਂ ਦਾ ਜਬਰਨ ਧਰਮ ਪਰਿਵਰਤਨ ਕਰਨਾ।

ਉਨ੍ਹਾਂ ਦਾ ਕਹਿਣਾ ਹੈ ਕਿ ਧਰਮ ਪਰਿਵਰਤਨ ਦੀ ਪ੍ਰਕਿਰਿਆ ਜ਼ਿਆਦਾਤਰ ਹੌਲੀ ਹੌਲੀ ਅਤੇ ਸਮਾਜਿਕ ਕਾਰਨਾਂ ਕਰਕੇ ਹੋਈ।

ਸੂਫ਼ੀਆਂ ਦਾ ਅਸਰ

ਪ੍ਰੋਫੈਸਰ ਜਾਫਰੀ ਦਾ ਕਹਿਣਾ ਹੈ ਕਿ 'ਦ ਗ੍ਰੇਵਸ ਆਫ ਤਰੀਮ' ਨਾਮੀ ਕਿਤਾਬ ਪ੍ਰਕਾਸ਼ਿਤ ਹੋਣ ਬਾਅਦ ਇਹ ਗੱਲ ਸਾਹਮਣੇ ਆਏ ਕਿ ਯਮਨ ਅਤੇ ਹਦਰਮੌਤ ਦੇ ਲੋਕ ਜਿੱਥੇ ਜਿੱਥੇ ਪਹੁੰਚੇ, ਉੱਥੇ ਮਸਜਿਦਾਂ, ਮਕਬਰੇ ਅਤੇ ਖ਼ਾਨਕਾਹਾਂ ਸਥਾਪਿਤ ਹੋਈਆਂ।

ਇਹ ਕੇਂਦਰ ਸਿਆਸੀ ਇਸਲਾਮ ਦੇ ਆਗਮਨ ਤੋਂ ਪਹਿਲਾਂ ਹੀ ਸ਼ਾਂਤੀਪੂਰਨ ਧਾਰਮਿਕ ਅਤੇ ਸਮਾਜਿਕ ਕੇਂਦਰਾਂ ਦੇ ਰੂਪ ਵਿੱਚ ਮੌਜੂਦ ਸਨ ਜਿੱਥੋਂ ਇਸਲਾਮ ਦਾ ਪ੍ਰਚਾਰ-ਪ੍ਰਸਾਰ ਹੋਇਆ।

ਇਸ ਕਿਤਾਬ ਮੁਤਾਬਕ, ਭਾਰਤ ਦੇ ਤੱਟੀ ਇਲਾਕੇ ਸੂਫੀ ਸੰਤਾਂ ਦੇ ਮਹੱਤਵਪੂਰਨ ਕੇਂਦਰ ਸਨ। ਇੱਥੋਂ ਉਹ ਨਾ ਸਿਰਫ਼ ਵਪਾਰ ਕਰਦੇ ਸਨ ਬਲਕਿ ਇਸਲਾਮ ਦਾ ਸੁਨੇਹਾ ਲੈ ਕੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਤੱਕ ਵੀ ਪਹੁੰਚੇ।

11ਵੀਂ ਸਦੀ ਤੋਂ ਬਾਅਦ ਚਿਸ਼ਤੀ, ਸੁਹਰਾਵਰਦੀ ਅਤੇ ਹੋਰ ਸੂਫੀ ਸਿਲਸਲਿਆਂ ਨਾਲ ਜੁੜੇ ਸੰਤ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵਸ ਗਏ। ਸੂਫੀ ਖ਼ਾਨਕਾਹਾਂ ਅਤੇ ਦਰਗਾਹਾਂ ਅਜਿਹੇ ਅਧਿਆਤਮਕ ਕੇਂਦਰ ਬਣ ਕੇ ਉੱਭਰੀਆਂ, ਜਿੱਥੇ ਹਰ ਧਰਮ ਦੇ ਲੋਕ ਆਉਂਦੇ ਸਨ।

ਅਜਮੇਰ ਵਿੱਚ ਖ਼ਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਇਸ ਦਾ ਪ੍ਰਮੁੱਖ ਉਦਾਹਰਣ ਹੈ ਜਿੱਥੇ ਹਿੰਦੂ ਅਤੇ ਮੁਸਲਮਾਨ ਦੋਵੇਂ ਸ਼ਰਧਾ ਨਾਲ ਪਹੁੰਚਦੇ ਹਨ। ਇਸ ਤਰ੍ਹਾਂ ਸੂਫੀ ਅੰਦੋਲਨ ਨੇ ਭਾਰਤ ਵਿੱਚ ਇਸਲਾਮ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਈ।

ਪ੍ਰੋਫੈਸਰ ਜਾਫ਼ਰੀ ਮੁਤਾਬਕ ਇਸਲਾਮ ਦੇ ਸਮਾਨਤਾ, ਭਾਈਚਾਰੇ ਅਤੇ ਨਿਆਂ ਦੇ ਸਿਧਾਂਤਾਂ ਨੇ ਉਨ੍ਹਾਂ ਨੂੰ ਬਿਹਤਰ ਸਮਾਜਿਕ ਪਛਾਣ ਅਤੇ ਸਨਮਾਨ ਪਾਉਣ ਦਾ ਮੌਕਾ ਦਿੱਤਾ।

ਹਾਲਾਂਕਿ ਆਧੁਨਿਕ ਖੋਜਕਰਤਾ ਇਸ ਸਿਧਾਂਤ ਦੀਆਂ ਕੁਝ ਸੀਮਾਵਾਂ ਵੱਲ ਵੀ ਇਸ਼ਾਰਾ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਇਸਲਾਮ ਤੇਜ਼ੀ ਨਾਲ ਫੈਲਿਆ, ਉੱਥੇ ਜਾਤੀ ਵਿਵਸਥਾ ਓਨੀ ਕਠੋਰ ਨਹੀਂ ਸੀ ਜਿੰਨੀ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸੀ।

ਖੇਤੀ ਅਤੇ ਰਾਜ ਦਾ ਵਿਸਥਾਰ

ਇੱਕ ਮੁਕਾਬਲਤਨ ਨਵਾਂ ਸਿਧਾਂਤ 'ਖੇਤੀ ਸੰਭਾਲ ਅਤੇ ਰਾਜ ਦੇ ਵਿਸਥਾਰ' ਦਾ ਹੈ। ਜਿਸ ਨੂੰ ਇਤਿਹਾਸਕਾਰ ਰਿਚਰਡ ਈਟਨ ਜਿਹੇ ਵਿਦਵਾਨਾਂ ਨੇ ਪੇਸ਼ ਕੀਤਾ ਹੈ।

ਇਸ ਸਿਧਾਂਤ ਮੁਤਾਬਕ, ਬੰਗਾਲ ਅਤੇ ਪੰਜਾਬ ਜਿਹੇ ਖੇਤਰਾਂ ਵਿੱਚ ਇਸਲਾਮ ਦਾ ਪ੍ਰਸਾਰ ਮੁੱਖ ਰੂਪ ਵਿੱਚ ਖੇਤੀ ਵਿਕਾਸ ਅਤੇ ਰਾਜ ਦੀਆਂ ਨੀਤੀਆਂ ਨਾਲ ਜੁੜਿਆ ਸੀ।

ਇਸਲਾਮ ਧਰਮ ਮੰਨਣ ਵਾਲੇ ਸ਼ਾਸਕਾਂ ਨੇ ਬੰਜਰ ਜਾਂ ਖਾਲੀ ਪਈਆਂ ਜ਼ਮੀਨਾਂ ਧਾਰਮਿਕ ਥਾਂਵਾਂ, ਸੂਫੀ ਖ਼ਾਨਕਾਹਾਂ ਅਤੇ ਮਸਜਿਦਾਂ ਨੂੰ ਦਿੱਤੀਆਂ। ਇਨ੍ਹਾਂ ਸੰਸਥਾਵਾਂ ਨੇ ਕਈ ਨਵੀਆਂ ਖੇਤੀ ਬਸਤੀਆਂ ਵਸਾਈਆਂ। ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਕਿਸਾਨਾਂ ਨੇ ਹੌਲੀ-ਹੌਲੀ ਇਸਲਾਮ ਅਪਨਾਇਆ ਕਿਉਂਕਿ ਉਹ ਲੋਕ ਰਾਜ ਦੇ ਆਰਥਿਕ ਵਿਕਾਸ ਅਤੇ ਪ੍ਰਸ਼ਾਸਨਿਕ ਵਿਵਸਥਾ ਦਾ ਹਿੱਸਾ ਬਣ ਚੁੱਕੇ ਸਨ।

ਇਨ੍ਹਾਂ ਸਾਰੇ ਸਿਧਾਂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਉਪ ਮਹਾਂਦੀਪ ਵਿੱਚ ਇਸਲਾਮ ਦਾ ਪ੍ਰਸਾਰ ਕਿਸੇ ਇੱਕ ਕਾਰਨ ਤੋਂ ਹੋਇਆ ਨਹੀਂ ਸੀ। ਬਲਕਿ ਇਹ ਕਈ ਇਤਿਹਾਸਕ, ਸਮਾਜਿਕ, ਸਿਆਸੀ ਅਤੇ ਆਰਥਿਕ ਕਾਰਨਾਂ ਦੇ ਸੰਯੁਕਤ ਅਸਰ ਨਾਲ ਹੋਇਆ।

ਵਪਾਰ, ਅਧਿਆਤਮਕ ਪਰੰਪਰਾਵਾਂ, ਸਿਆਸੀ, ਸਮਾਜਿਕ ਨਿਆਂ ਅਤੇ ਆਰਥਿਕ ਮੌਕੇ, ਇਨ੍ਹਾਂ ਸਾਰਿਆਂ ਨੇ ਮਿਲ ਕੇ ਇੱਕ ਲੰਬੀ ਇਤਿਹਾਸਕ ਪ੍ਰਕਿਰਿਆ ਨੂੰ ਜਨਮ ਦਿੱਤਾ ਜਿਸ ਨੇ ਇਸ ਖੇਤਰ ਦੀ ਧਾਰਮਿਕ ਅਤੇ ਸੰਸਕ੍ਰਿਤਿਕ ਪਛਾਣ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)