ਦਿਲਜੀਤ ਦੀ 'ਪੰਜਾਬ 1984' ਨੂੰ ਕੌਮੀ ਸਨਮਾਨ ਮਿਲਿਆ ਪਰ 'ਸਤਲੁਜ' ਹਟੀ, 80-90ਵਿਆਂ ਦੇ ਦਹਾਕੇ ਬਾਰੇ ਬਣੀਆਂ ਦੋ ਫ਼ਿਲਮਾਂ ਵੱਖਰੀਆਂ ਕਿਵੇਂ?

ਤਸਵੀਰ ਸਰੋਤ, Zee5/ Diljit Dosanjh-FB
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
'ਸਤਲੁਜ' ਪੰਜਾਬ ਵਿੱਚ 80 ਅਤੇ 90ਵਿਆਂ ਦੇ ਦਹਾਕੇ ਬਾਰੇ ਦਿਲਜੀਤ ਦੀ ਪਹਿਲੀ ਫਿਲਮ ਨਹੀਂ ਹੈ।
ਜੂਨ 2014 ਵਿੱਚ ਆਈ ਦਿਲਜੀਤ ਦੀ ਫਿਲਮ 'ਪੰਜਾਬ 1984' ਨੂੰ ਬੈਸਟ ਪੰਜਾਬੀ ਫੀਚਰ ਫਿਲਮ ਦਾ ਕੌਮੀ ਸਨਮਾਨ ਮਿਲਿਆ ਸੀ ਪਰ 'ਸਤਲੁਜ' ਨੂੰ ਦਰਸ਼ਕਾਂ ਦੀ ਪ੍ਰਸ਼ੰਸਾ ਦੇ ਨਾਲ-ਨਾਲ ਕੁਝ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਅਨੁਰਾਗ ਸਿੰਘ ਦੇ ਨਿਰਦੇਸ਼ਨ ਵਾਲੀ 'ਪੰਜਾਬ 1984' ਨੇ ਉਸ ਵੇਲੇ ਬਾਕਸ ਆਫਿਸ ਉੱਤੇ ਵੀ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਸੀ ਜਦਕਿ 'ਸਤਲੁਜ' ਫਿਲਮ ਥਿਏਟਰਜ਼ ਵਿੱਚ ਰਿਲੀਜ਼ ਨਹੀਂ ਹੋ ਸਕੀ ਅਤੇ ਓਟੀਟੀ ਉੱਤੇ ਆਉਣ ਦੇ ਥੋੜ੍ਹੇ ਹੀ ਸਮੇਂ ਬਾਅਦ ਹਟਾ ਦਿੱਤੀ ਗਈ।
ਸਤਲੁਜ ਫ਼ਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਇਸ ਬਾਰੇ ਕਹਿ ਚੁੱਕੇ ਹਨ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਵੱਲੋਂ ਫ਼ਿਲਮ ਵਿੱਚ ਵੱਖ-ਵੱਖ ਤਬਦੀਲੀਆਂ ਕਰਨ ਅਤੇ ਕੱਟ ਲਾਏ ਜਾਣ ਬਾਰੇ ਕਿਹਾ ਗਿਆ ਸੀ, ਜਿਸ ਨਾਲ ਉਹ ਸਹਿਮਤ ਨਹੀਂ ਸਨ।
ਸੀਬੀਐੱਫਸੀ ਵੱਲੋਂ ਇਸ ਬਾਰੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਗਿਆ ਹੈ।
ਫ਼ਿਲਮ ਨੂੰ ਓਟੀਟੀ ਪਲੈਟਫਾਰਮ ਜ਼ੀ-5 ਤੋਂ ਬਿਨਾਂ ਕੋਈ ਕਾਰਨ ਦੱਸੇ ਹਟਾ ਲਿਆ ਗਿਆ ਹੈ।
ਦੋਵੇਂ ਫ਼ਿਲਮਾਂ ਦੀ ਕਹਾਣੀ ਪੰਜਾਬ ਵਿੱਚ ਹਿੰਸਾ ਦੇ ਦੌਰ ਅਤੇ ਇਸ ਦੇ ਲੋਕਾਂ ਉੱਤੇ ਪਏ ਅਸਰ ਬਾਰੇ ਹੈ।
ਦੋਵੇਂ ਫਿਲਮਾਂ ਦੇ ਵਿਸ਼ੇ ਵਿੱਚ ਸਮਾਨਤਾਵਾਂ ਹੋਣ ਦੇ ਨਾਲ-ਨਾਲ ਇਹ ਕਿਵੇਂ ਵੱਖਰੀਆਂ ਹਨ? ਅਤੇ ਦੋਵੇਂ ਫ਼ਿਲਮਾਂ ਬਾਰੇ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਦੇ ਕੀ ਕਾਰਨ ਹਨ?
ਸੋਸ਼ਲ ਮੀਡੀਆ ਦੇ ਨਾਲ-ਨਾਲ ਕੁਝ ਸਿਆਸੀ ਸ਼ਖ਼ਸੀਅਤਾਂ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ ਕਿ ਫ਼ਿਲਮ ਵਿੱਚ ਇੱਕ ਪਾਸੜ ਤਰੀਕੇ ਦੀ ਪੇਸ਼ਕਾਰੀ ਕੀਤੀ ਗਈ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਬੀਤੇ ਦਿਨੀਂ ਫਿਲਮ ਨੂੰ ਲੈ ਕੇ ਅਜਿਹੇ ਸਵਾਲ ਕੀਤੇ ਗਏ। ਉਨ੍ਹਾਂ ਨੇ ਉਸ ਸਮੇਂ ਦੌਰਾਨ ਆਮ ਲੋਕਾਂ ਨਾਲ ਹੋਈਆਂ ਹਿੰਸਕ ਵਾਰਦਾਤਾਂ ਦਾ ਵੀ ਹਵਾਲਾ ਦਿੱਤਾ।
ਫ਼ਿਲਮ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਫ਼ਿਲਮਾਂ ਕਰੀਬ ਲਗਭਗ ਇੱਕੋ ਵਿਸ਼ੇ ਬਾਰੇ ਹੁੰਦਿਆਂ ਵੀ ਕਹਾਣੀ, ਬਿਰਤਾਂਤ ਅਤੇ ਮੈਸੇਜ ਦੇ ਪੱਖੋਂ ਵੱਖਰੀਆਂ ਹਨ।
ਦਿਲਜੀਤ ਦੋਸਾਂਝ ਦੀ ਸਾਲ 2022 ਵਿੱਚ 'ਨੈੱਟਫਲਿਕਸ' ਉੱਤੇ ਆਈ ਫਿਲਮ 'ਜੋਗੀ' ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਕਤਲ-ਏ-ਆਮ ਬਾਰੇ ਹੈ ਜਦਕਿ 2024 ਵਿੱਚ ਆਈ ਚਮਕੀਲਾ ਫ਼ਿਲਮ ਵੀ 80-90 ਦੇ ਦਹਾਕਿਆਂ ਵਿੱਚ ਪੰਜਾਬ ਵਿਚਲੇ ਹਾਲਾਤਾਂ ਨੂੰ ਦਰਸਾਉਂਦੀ ਹੈ।
'ਪੰਜਾਬ 1984' ਤੋਂ 'ਪੰਜਾਬ 1995' ਕਿੰਨੀ ਵੱਖ?

ਤਸਵੀਰ ਸਰੋਤ, Getty Images
'ਪੰਜਾਬ 1984' ਦੇ ਮੁੱਖ ਕਿਰਦਾਰ ਦੀ ਕਹਾਣੀ ਸਿੱਧੇ ਤੌਰ ਉੱਤੇ ਕਿਸੇ ਇੱਕ ਸ਼ਖ਼ਸ ਦੀ ਸੱਚੀ ਕਹਾਣੀ ਨਹੀਂ ਹੈ ਸਗੋਂ ਇਸ ਵਿੱਚ ਕਾਲਪਨਿਕ ਬਿਰਤਾਂਤ ਦੀ ਵਰਤੋਂ ਕੀਤੀ ਗਈ ਹੈ।
ਜਦਕਿ 'ਸਤਲੁਜ' ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਹੈ। ਨਿਰਦੇਸ਼ਕ ਮੁਤਾਬਕ ਫਿਲਮ ਅਦਾਲਤੀ ਤੱਥਾਂ ਉੱਤੇ ਅਧਾਰਤ ਹੈ।
ਸਤਲੁਜ ਫਿਲਮ ਵਿੱਚ ਭੂਮਿਕਾ ਨਿਭਾਉਣ ਵਾਲੇ ਲੇਖਕ ਅਤੇ ਅਦਾਕਾਰ ਅਮਰਦੀਪ ਸਿੰਘ ਗਿੱਲ ਕਹਿੰਦੇ ਹਨ, "ਦੋਵੇਂ ਫ਼ਿਲਮਾਂ ਇੱਕੋ ਵਿਸ਼ੇ ਬਾਰੇ ਲੱਗਦੀਆਂ ਹਨ ਪਰ ਦੋਵਾਂ ਦਾ ਧੁਰਾ ਵੱਖ-ਵੱਖ ਹੈ।"
'ਪੰਜਾਬ 1984' ਇੱਕ ਨੌਜਵਾਨ ਦੀ ਕਹਾਣੀ ਹੈ ਜਿਸਦੇ ਪਿਤਾ ਦੀ ਮੌਤ ਆਪਰੇਸ਼ਨ ਬਲੂ ਸਟਾਰ ਦੌਰਾਨ ਹੋ ਜਾਂਦੀ ਹੈ। ਪੁਲਿਸ ਵੱਲੋਂ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਦਿਲਜੀਤ ਦਾ ਕਿਰਦਾਰ ਝੂਠੇ ਮੁਕਾਬਲੇ ਤੋਂ ਬੱਚ ਕੇ ਇੱਕ ਖਾੜਕੂ ਜਥੇਬੰਦੀ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਇਸ ਮਗਰੋਂ ਕਿਰਨ ਖ਼ੇਰ ਦੇ ਕਿਰਦਾਰ ਵਿੱਚ ਉਸ ਦੀ ਮਾਂ ਆਪਣੇ ਪੁੱਤ ਦੀ ਭਾਲ ਕਰਦਿਆਂ ਭਟਕਦੀ ਹੈ।

ਤਸਵੀਰ ਸਰੋਤ, DILJIT DOSANJH/INSTAGRAM
ਫ਼ਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਕਿਰਨ ਖ਼ੇਰ ਵੱਲੋਂ ਭਾਵਨਾਵਾਂ ਨੂੰ ਪਰਦੇ ਉੱਤੇ ਬਾਖ਼ੂਬੀ ਦਿਖਾਉਣ ਕਰਕੇ ਪ੍ਰਸ਼ੰਸਾ ਵੀ ਮਿਲੀ ਸੀ। ਇਸ ਫਿਲਮ ਦੇ ਗੀਤ ਵੀ 'ਸਤਲੁਜ' ਫਿਲਮ ਆਉਣ ਮਗਰੋਂ ਮੁੜ ਚਰਚਾ ਵਿੱਚ ਹਨ।
ਅਮਰਦੀਪ ਕਹਿੰਦੇ ਹਨ ਕਿ 'ਪੰਜਾਬ 1984' 'ਮਿਲੀਟੈਂਸੀ' ਦੌਰਾਨ ਇੱਕ ਕਾਲਪਨਿਕ ਪਾਤਰ ਦੀ ਕਹਾਣੀ ਹੈ ਜਦਕਿ ਸਤਲੁਜ ਦਾ ਵਿਸ਼ਾ 'ਮਿਲੀਟੈਂਸੀ' ਨਹੀਂ ਹੈ ਸਗੋਂ ਇਸ ਦਾ ਵਿਸ਼ਾ ਮਨੁੱਖੀ ਅਧਿਕਾਰ ਹਨ।
ਡਾਇਰੈਕਟਰ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ ਕਹਿੰਦੇ ਹਨ ਕਿ ਜਿੱਥੇ 'ਪੰਜਾਬ 1984' ਪੰਜਾਬ ਵਿੱਚ ਸੈਂਟੀਮੈਂਟ ਨੂੰ ਧਿਆਨ ਵਿੱਚ ਰੱਖ ਕੇ ਬਣੀ ਸੀ, ਉੱਥੇ ਹੀ 'ਸਤਲੁਜ' ਦਾ ਪੱਧਰ ਕੌਮਾਂਤਰੀ ਹੈ।
ਉਹ ਕਹਿੰਦੇ ਹਨ ਕਿ 'ਸਤਲੁਜ' ਦਾ ਮਨੋਰਥ ਸੈਂਟੀਮੈਂਟ ਨੂੰ ਅੱਗੇ ਲਿਆਉਣ ਤੋਂ ਵੱਧ ਜਸਵੰਤ ਸਿੰਘ ਖਾਲੜਾ ਨਾਲ ਕੀ ਹੋਇਆ ਇਸ ਦੀ ਸੱਚਾਈ ਨੂੰ ਸਾਹਮਣੇ ਲਿਆਉਣਾ ਹੈ।
ਦੋਵਾਂ ਫ਼ਿਲਮਾਂ ਬਾਰੇ ਵੱਖਰੀਆਂ ਪ੍ਰਤੀਕਿਰਿਆਵਾਂ ਦੇ ਕੀ ਕਾਰਨ?

ਤਸਵੀਰ ਸਰੋਤ, Diljit Dosanjh/Insta & KHALRA MISSION ORGANISATION/FB
ਲੰਬੇ ਸਮੇਂ ਤੋਂ ਫਿਲਮਾਂ ਬਾਰੇ ਲਿਖਦੇ ਆ ਰਹੇ ਫਿਲਮ ਆਲੋਚਕ ਨਮਰਤਾ ਜੋਸ਼ੀ ਕਹਿੰਦੇ ਹਨ ਕਿ 'ਸਤਲੁਜ' ਫਿਲਮ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਪਾਤਰਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਉੱਤੇ ਫਿਲਮ ਵਿਚਲੇ ਕਈ ਕਿਰਦਾਰ ਅਧਾਰਤ ਹਨ।
ਉਹ ਕਹਿੰਦੇ ਹਨ, "ਇਸ ਮਗਰੋਂ 'ਮਿਲੀਟੈਂਟਸ' ਖ਼ਿਲਾਫ਼ ਮੁਹਿੰਮ ਵਿਚਾਲੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੀ ਮੁੱਦਾ ਉੱਠਿਆ ਹੈ। ਅਜਿਹੇ ਵਿਸ਼ਿਆਂ ਵਿੱਚ ਕਾਲਪਨਿਕ ਕਹਾਣੀਆਂ ਵੀ ਸਵਾਲਾਂ ਹੇਠ ਆ ਜਾਂਦੀਆਂ ਹਨ ਜਦਕਿ ਤੱਥਾਂ ਉੱਤੇ ਅਧਾਰਤ ਫਿਲਮਾਂ ਲਈ ਇਹ ਪਰਖ ਹੋਰ ਵੱਧ ਜਾਂਦੀ ਹੈ।"
ਨਮਰਤਾ ਜੋਸ਼ੀ ਕਹਿੰਦੇ ਹਨ, "ਪੰਜਾਬ 1984 ਇਹ ਦਰਸਾਉਂਦੀ ਹੈ ਕਿ ਕਿਵੇਂ ਲੋਕ 'ਅੱਤਵਾਦੀਆਂ' ਕਰਕੇ ਦੁੱਖ ਝੱਲਦੇ ਹਨ, ਇਸ ਲਈ ਇਸ ਫ਼ਿਲਮ ਨੂੰ ਕਾਫ਼ੀ ਘੱਟ ਦਿੱਕਤਾਂ ਆਈਆਂ।"
ਅਮਰਦੀਪ ਗਿੱਲ ਕਹਿੰਦੇ ਹਨ, "ਪੰਜਾਬ 1984 ਵੀ ਪੂਰੇ ਤੌਰ 'ਮਿਲੀਟੈਂਸੀ' ਬਾਰੇ ਨਾ ਹੋ ਕਿ ਇੱਕ ਪਾਤਰ ਦੀ ਕਹਾਣੀ ਸੀ ਅਤੇ ਉਸ ਵਿੱਚ ਪੁਲਿਸ ਦਾ ਪੱਖ ਭਾਰੂ ਦਿਖਾਇਆ ਗਿਆ ਸੀ ਅਤੇ ਮੁੱਖ ਕਿਰਦਾਰ ਇਹ ਗੱਲ ਮੰਨਦਾ ਕਿ ਮੈਂ ਕੁਰਾਹੇ ਪੈ ਗਿਆ ਹਾਂ।"
ਉਹ ਕਹਿੰਦੇ ਹਨ ਕਿ 'ਸਤਲੁਜ' ਫਿਲਮ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਤਿੱਖੇ ਸਵਾਲ ਕਰਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਨੂੰ ਕੇਂਦਰ ਵਿੱਚ ਲਿਆਉਂਦੀ ਹੈ ਇਸੇ ਕਰਕੇ ਫਿਲਮ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ।

ਸਤਲੁਜ ਬਾਰੇ ਨਮਰਤਾ ਕਹਿੰਦੇ ਹਨ, "ਤ੍ਰੇਹਨ ਦੀ ਇਸ ਫ਼ਿਲਮ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਹਿੰਸਾ ਕਰਨ ਵਾਲਿਆਂ ਨੂੰ ਜਿਸ ਵਿਸਥਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ।"
"ਉਨ੍ਹਾਂ ਨੇ ਕਿਰਦਾਰਾਂ ਲਈ ਸ਼ਾਨਦਾਰ ਅਦਾਕਾਰਾਂ ਦੀ ਚੋਣ ਕੀਤੀ ਹੈ।ਖ਼ਾਸ ਕਰਕੇ ਸੁਵਿੰਦਰ ਵਿੱਕੀ, ਜਿਨ੍ਹਾਂ ਨੇ ਸੁੱਗਾ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦਾ ਸਾਗ਼ ਖਾਣ ਵਾਲਾ ਦ੍ਰਿਸ਼ ਰੂਹ ਕੰਬਾ ਦਿੰਦਾ ਹੈ। ਇਹ ਦਰਸ਼ਕਾਂ ਨੂੰ ਵੀ ਝੰਜੋੜਦਾ ਹੈ।"
ਪਾਲੀ ਭੁਪਿੰਦਰ ਸਿੰਘ ਵੀ ਕਹਿੰਦੇ ਹਨ ਕਿ 'ਸਤਲੁਜ' ਵਿੱਚ ਪੁਲਿਸ ਦੀ ਭੂਮਿਕਾ ਨੂੰ ਜਿਸ ਤਰ੍ਹਾਂ ਵਿਖਾਇਆ ਗਿਆ ਹੈ ਉਹ ਹੀ ਇਸ ਲਈ ਦਿੱਕਤਾਂ ਦਾ ਕਾਰਨ ਬਣਿਆ।
ਕੀ 'ਸਤਲੁਜ' ਫਿਲਮ ਵਿੱਚ ਕੁਝ ਵੱਖਰਾ ਕੀਤਾ ਜਾ ਸਕਦਾ ਸੀ?

ਤਸਵੀਰ ਸਰੋਤ, ZEE5/INSTA
ਫਿਲਮ ਵਿੱਚ ਅਦਾਕਾਰ ਦੀ ਭੂਮਿਕਾ ਨਿਭਾਉਣ ਵਾਲੇ ਅਮਰਦੀਪ ਕਹਿੰਦੇ ਹਨ ਕਿ ਇਹ ਉਸ ਸਾਰੇ ਸਮੇਂ ਦੌਰਾਨ ਕੀ ਹੋਇਆ ਇਹ ਫਿਲਮ ਦਾ ਵਿਸ਼ਾ ਨਹੀਂ ਸੀ, ਫਿਲਮ ਦਾ ਵਿਸ਼ਾ ਗ਼ੈਰ-ਕਾਨੂੰਨੀ ਤੌਰ ਉੱਤੇ ਮਾਰੇ ਗਏ ਲੋਕਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਸੀ, 'ਮਿਲੀਟੈਂਟਸ' ਵੱਲੋਂ ਲੋਕਾਂ ਨੂੰ ਮਾਰੇ ਜਾਣਾ ਇੱਕ ਪੂਰਾ ਵੱਖਰਾ ਵਿਸ਼ਾ ਹੈ।
ਨਮਰਤਾ ਜੋਸ਼ੀ ਕਹਿੰਦੇ ਹਨ, "ਕੋਈ ਵੀ ਉਸ ਸਮੇਂ ਮਿਲੀਟੈਂਟਸ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਅਤੇ ਫੈਲਾਈ ਗਈ 'ਦਹਿਸ਼ਤ' ਤੋਂ ਇਨਕਾਰ ਨਹੀਂ ਕਰ ਰਿਹਾ। ਪਰ ਹਰ ਵਾਰ ਇਹ ਮੰਗ ਕਰਨਾ ਕਿ 'ਦੂਜਾ ਪੱਖ ਵੀ ਦਿਖਾਓ', ਇੱਕ ਭਰਮਾਉਣ ਵਾਲੀ ਦਲੀਲ ਹੈ।"
ਇੱਕ ਮਿਸਾਲ ਦਿੰਦਿਆਂ ਉਹ ਸਵਾਲ ਕਰਦੇ ਹਨ, "ਕੀ ਤੁਸੀਂ ਫ਼ਲਸਤੀਨੀ ਬੱਚੀ ਦੇ ਕਤਲ ਬਾਰੇ ਬਣੀ ਡਾਕੂਮੈਂਟਰੀ ਫ਼ਿਲਮ 'ਦਿ ਵੋਇਸ ਆਫ ਹਿੰਦ ਰਜਬ' ਦੀ ਇਸ ਲਈ ਆਲੋਚਨਾ ਕਰੋਗੇ ਕਿ ਉਸ ਵਿੱਚ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਕਤਲ ਨਹੀਂ ਦਿਖਾਏ ਗਏ?"
ਉਹ ਕਹਿੰਦੇ ਹਨ ਕਿ ਮਿਲੀਟੈਂਸੀ ਬਾਰੇ ਹੋਰ ਬਿਰਤਾਂਤਾਂ ਬਾਰੇ, 'ਪੰਜਾਬ 1984', ਗੁਰਵਿੰਦਰ ਸਿੰਘ ਦੀ 'ਚੌਥੀ ਕੂਟ' ਅਤੇ ਗੁਲਜ਼ਾਰ ਦੀ 'ਮਾਚਿਸ' ਜਿਹੀਆਂ ਫ਼ਿਲਮਾਂ ਵੀ ਹਨ।
ਪਾਲੀ ਭੁਪਿੰਦਰ ਸਿੰਘ ਕਹਿੰਦੇ ਹਨ, "ਹਰੇਕ ਫਿਲਮਸਾਜ਼ ਕਿਸੇ ਖ਼ਾਸ ਐਂਗਲ ਨੂੰ ਰੱਖ ਕੇ ਹੀ ਫ਼ਿਲਮ ਬਣਾਉਂਦਾ ਹੈ ਕਿਸੇ ਵੀ ਵਿਸ਼ੇ ਦੇ ਸਾਰੇ ਐਂਗਲ ਦਿੱਤੇ ਜਾਣ ਇਹ ਜ਼ਰੂਰੀ ਨਹੀਂ ਹੈ।"
ਉਹ ਕਹਿੰਦੇ ਹਨ, "ਪੂਰੀ ਪੰਜਾਬ ਸਮੱਸਿਆ ਦਿਖਾਉਣ ਲਈ ਕਈ ਚੀਜ਼ਾਂ ਦਿਖਾਉਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਜੂਨ 1984 ਦਾ ਪਿਛੋਕੜ, ਜਰਨੈਲ ਸਿੰਘ ਭਿੰਡਰਾਵਾਲੇ ਦਾ ਵਿੱਚ ਆਉਣਾ, ਅਤੇ ਹੋਰ ਜੁੜੀਆਂ ਗੱਲਾਂ ਵੀ, ਕਿਸੇ ਇੱਕ ਪੱਖ ਦੇ ਨਾ ਹੋਣ ਕਰਕੇ ਰਿਜੈਕਟ ਨਹੀਂ ਕੀਤਾ ਜਾ ਸਕਦਾ।"
ਭਾਰਤ ਵਿੱਚ ਫ਼ਿਲਮਾਂ ਅਤੇ ਸੈਂਸਰਸ਼ਿਪ ਦਾ ਮੁੱਦਾ

ਤਸਵੀਰ ਸਰੋਤ, Getty Images
ਵੱਖ-ਵੱਖ ਸਿਆਸੀ ਆਗੂਆਂ ਅਤੇ ਸ਼ਖ਼ਸੀਅਤਾਂ ਵੱਲੋਂ ਇਸ ਬਾਰੇ ਇਲਜ਼ਾਮ ਲਾਏ ਜਾ ਚੁੱਕੇ ਹਨ ਕਿ ਬੀਤੇ ਸਾਲਾਂ ਤੋਂ ਸੈਂਸਰ ਬੋਰਡ ਵੱਲੋਂ ਇੱਕ ਤਰ੍ਹਾਂ ਦਾ ਨੈਰੇਟਿਵ ਪੇਸ਼ ਕਰਨ ਵਾਲੀਆਂ ਫ਼ਿਲਮਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਜੋ ਸਮਾਜ ਵਿੱਚ ਵੰਡੀਆਂ ਪਾਉਣ ਦਾ ਵੀ ਕੰਮ ਕਰ ਰਹੀਆਂ ਹਨ।
ਹਾਲਾਂਕਿ,ਸੈਂਸਰ ਬੋਰਡ ਨੇ ਇਸ ਫ਼ਿਲਮ ਬਾਰੇ ਅਜੇ ਤੱਕ ਕੋਈ ਜਨਤਕ ਬਿਆਨ ਤਾਂ ਨਹੀਂ ਦਿੱਤਾ ਹੈ ਪਰ ਸੈਂਸਰ ਬੋਰਡ ਵੱਲੋਂ ਕਿਹਾ ਜਾਂਦਾ ਹੈ ਕਿ ਬੋਰਡ ਦਾ ਕੰਮ ਸਿਰਫ਼ ਕਾਨੂੰਨ ਵਿੱਚ ਤੈਅ ਮਾਪਦੰਡਾਂ ਦੇ ਆਧਾਰ 'ਤੇ ਫ਼ਿਲਮਾਂ ਨੂੰ ਪ੍ਰਮਾਣਿਤ ਕਰਨਾ ਹੈ।
ਪਾਲੀ ਭੁਪਿੰਦਰ ਸਿੰਘ ਕਹਿੰਦੇ ਹਨ, "ਗੰਭੀਰ ਮੁੱਦਿਆਂ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਪਰ ਇੱਕ ਪੱਖ ਇਹ ਵੀ ਹੈ ਕਿ ਇੱਕ ਘੱਟ-ਗਿਣਤੀ ਨਾਲ ਜੁੜੀ ਇਸ ਫ਼ਿਲਮ ਨੂੰ ਰੋਕ ਦਿੱਤਾ ਗਿਆ ਹੈ ਜਦਕਿ ਖ਼ਾਸ ਏਜੰਡੇ ਵਾਲੀਆਂ ਫ਼ਿਲਮਾਂ ਆ ਰਹੀਆਂ ਹਨ।"
ਨਮਰਤਾ ਕਹਿੰਦੇ ਹਨ ਕਿ ਕਿਹੜੇ ਕਿਸਮ ਦੇ 'ਨੈਰੇਟਿਵਜ਼' ਨੂੰ ਸਮਰਥਨ ਮਿਲਦਾ ਹੈ ਅਤੇ ਕਿਸ ਨੂੰ ਨਿਸ਼ਾਨਾ ਬਣਾਇਆ ਜਾਂਦੈ ਹੈ ਇਸ ਨੂੰ ਲੈ ਕੇ ਸੈਂਸਰਸ਼ਿਪ ਦਾ ਮੁੱਦਾ ਦਿੱਕਤਾਂ ਭਰਿਆ ਹੈ।
ਪੰਜਾਬ ਵਿੱਚ ਹਿੰਸਾ ਦੇ ਦੌਰ ਬਾਰੇ ਬਣੀਆਂ ਕਈ ਫ਼ਿਲਮਾਂ ਜਿਵੇਂ 'ਤੂਫ਼ਾਨ ਸਿੰਘ'(2016), 'ਸਾਡਾ ਹੱਕ' (2013) ਅਤੇ ਬੱਬੂ ਮਾਨ ਅਤੇ ਅਮਿਤੋਜ ਮਾਨ ਦੀ ਫ਼ਿਲਮ 'ਹਵਾਏਂ' (2003) ਉੱਤੇ ਰੋਕਾਂ ਲੱਗੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












