ਬਟਵਾਰਾ 1947: ਵੰਡ ਦੌਰਾਨ ਲਾਹੌਰ ਦੀ ਹਵੇਲੀ ਵਿੱਚ ਇਕੱਲੀ ਰਹਿ ਗਈ ਹਿੰਦੂ 'ਮਾਈ' ਨੇ ਪਾਕਿਸਤਾਨ ਕਿਉਂ ਨਹੀਂ ਛੱਡਿਆ

    • ਲੇਖਕ, ਵੰਦਨਾ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

"ਅੰਮਾ, ਜੇ ਅਸੀਂ ਅਤੇ ਮਾਈ (ਮਾਂ) ਇੱਕੋ ਘਰ ਵਿੱਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ ਵਿੱਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ ਸਨ?"

ਇਹ ਸਵਾਲ 10-11 ਸਾਲ ਦੀ ਤੰਨੋ ਆਪਣੀ ਮਾਂ ਅਤੇ ਪਰਿਵਾਰ ਤੋਂ ਪੁੱਛਦੀ ਹੈ।

ਇਹ ਮੁਸਲਿਮ ਪਰਿਵਾਰ ਭਾਰਤ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਵਿੱਚ ਇੱਕ ਹਿੰਦੂ ਹਵੇਲੀ ਵਿੱਚ ਰਹਿਣ ਆਉਂਦਾ ਹੈ।

ਲਾਹੌਰ ਦੀ ਇਹ ਇੱਕ ਅਜਿਹੀ ਆਲੀਸ਼ਾਨ ਹਵੇਲੀ ਹੈ, ਜਿਸ ਦੀ ਮਾਲਕਣ ਇੱਕ ਬਜ਼ੁਰਗ ਔਰਤ ਹੈ। ਵੰਡ ਵਿੱਚ ਆਪਣਾ ਪਰਿਵਾਰ ਗੁਆ ਚੁੱਕੀ ਉਹ ਮੁਸਲਿਮ ਮੁਹੱਲੇ ਵਿੱਚ ਇਕੱਲੀ ਬਚੀ ਹਿੰਦੂ ਔਰਤ ਹੈ।

ਹੁਣ ਉਸ ਨੂੰ ਮੌਤ ਦਾ ਕੋਈ ਡਰ ਨਹੀਂ ਅਤੇ ਉਹ ਆਪਣਾ ਲਾਹੌਰ ਛੱਡ ਕੇ ਭਾਰਤ ਜਾਣ ਲਈ ਤਿਆਰ ਨਹੀਂ ਹੈ।

ਇਹ ਦ੍ਰਿਸ਼ ਅਸਗ਼ਰ ਵਜਾਹਤ ਦੇ ਨਾਟਕ "ਜਿਸ ਲਾਹੌਰ ਨਹੀਂ ਵੇਖਿਆ, ਓ ਜੰਮਿਆ ਹੀ ਨਹੀਂ" ਦਾ ਹੈ।

ਇਸੇ ਨਾਟਕ 'ਤੇ ਆਮਿਰ ਖ਼ਾਨ ਅਤੇ ਰਾਜ ਕੁਮਾਰ ਸੰਤੋਸ਼ੀ ਦੀ ਫ਼ਿਲਮ "ਬਟਵਾਰਾ 1947" ਬਣੀ ਹੈ, ਜਿਸ ਵਿੱਚ ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਨੇ ਮਿਰਜ਼ਾ ਪਰਿਵਾਰ ਭੂਮਿਕਾ ਵਿੱਚ ਹੈ।

ਨਾਟਕ ਦੀ ਬਜ਼ੁਰਗ ਹਿੰਦੂ ਔਰਤ, ਭਾਵ ਮਾਈ, ਦਾ ਕਿਰਦਾਰ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ।

ਸ਼ਬਾਨਾ ਦਾ ਕਿਰਦਾਰ ਹਕੀਕਤ ਜਾਂ ਕਲਪਨਾ

ਨਾਟਕ ਵਿੱਚ ਬਜ਼ੁਰਗ ਹਿੰਦੂ ਔਰਤ (ਸ਼ਬਾਨਾ ਆਜ਼ਮੀ) ਦਾ ਕਿਰਦਾਰ ਲੇਖਕ ਅਸਗ਼ਰ ਵਜਾਹਤ ਦੀ ਕਲਪਨਾ ਨਹੀਂ, ਹਕੀਕਤ ਸੀ।

ਉਨ੍ਹਾਂ ਦੇ ਦੋਸਤ ਅਤੇ ਉਰਦੂ ਪੱਤਰਕਾਰ ਸੰਤੋਸ਼ ਕੁਮਾਰ ਵੰਡ ਤੋਂ ਬਾਅਦ ਦੁਬਾਰਾ ਆਪਣੇ ਸ਼ਹਿਰ ਲਾਹੌਰ ਪਰਤੇ ਸਨ ਅਤੇ ਆਪਣੀਆਂ ਯਾਦਾਂ ਲਿਖੀਆਂ, ਜਿਸ ਵਿੱਚ ਇਸ ਬਜ਼ੁਰਗ ਔਰਤ ਦਾ ਜ਼ਿਕਰ ਕੀਤਾ ਸੀ।

ਲਾਹੌਰ ਦੀ ਇਹ ਹਿੰਦੂ ਬਜ਼ੁਰਗ ਔਰਤ ਅਸਗ਼ਰ ਵਜਾਹਤ ਦੇ ਜ਼ਹਿਨ ਵਿੱਚ ਰਹਿ ਗਈ।

1980 ਦੇ ਆਸ-ਪਾਸ ਇਹੀ ਕਿਰਦਾਰ ਦੂਜੇ ਕਾਲਪਨਿਕ ਕਿਰਦਾਰਾਂ ਦੇ ਨਾਲ ਨਾਟਕ ਵਿੱਚ ਬਦਲਣਾ ਸ਼ੁਰੂ ਹੋ ਗਿਆ।

ਨਾਟਕ ਵਿੱਚ ਇਸ ਕਿਰਦਾਰ ਦਾ ਕੋਈ ਨਾਮ ਤੱਕ ਨਹੀਂ ਸੀ। ਸਿਰਫ਼ ਮਾਈ।

ਜਿਸ ਲਾਹੌਰ ਨਹੀਂ ਵੇਖਿਆ...

90 ਦੇ ਦਹਾਕੇ ਵਿੱਚ ਹਬੀਬ ਤਨਵੀਰ ਨੇ ਭਾਰਤ ਵਿੱਚ "ਜਿਸ ਲਾਹੌਰ ਨਹੀਂ ਵੇਖਿਆ ਓ ਜੰਮਿਆ ਨਹੀਂ" ਨਾਟਕ ਦਾ ਸ਼ੋਅ ਕੀਤਾ ਸੀ ਅਤੇ ਉਨ੍ਹਾਂ ਹੀ ਦਿਨਾਂ ਵਿੱਚ ਪਾਕਿਸਤਾਨ ਵਿੱਚ ਇਹ ਨਾਟਕ ਬੈਨ ਹੋ ਗਿਆ ਸੀ।

ਨਾਟਕ ਦੇ ਲੇਖਕ ਅਸਗ਼ਰ ਵਜਾਹਤ ਨੇ ਆਪਣੇ ਨਾਟਕ ਦੀ ਇੰਟਰੋਡਕਸ਼ਨ ਵਿੱਚ ਲਿਖਿਆ ਹੈ ਕਿ ਕਰਾਚੀ ਦੇ ਰੰਗਕਰਮੀ ਖ਼ਾਲਿਦ ਅਹਿਮਦ ਨੂੰ ਕਰਾਚੀ ਦੇ ਪੁਲਿਸ ਕਮਿਸ਼ਨਰ ਨੇ ਨਾਟਕ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਬਾਵਜੂਦ ਇਸ ਦੇ ਕਲਾਕਾਰਾਂ ਨੇ ਕਰਾਚੀ ਦੇ ਜਰਮਨ ਸੂਚਨਾ ਕੇਂਦਰ ਵਿੱਚ ਇਹ ਨਾਟਕ ਕੀਤਾ।

ਬੀਬੀਸੀ ਨਾਲ ਹੋਈ ਗੱਲਬਾਤ ਵਿੱਚ ਅਸਗ਼ਰ ਵਜਾਹਤ ਨੇ ਕਿਹਾ ਸੀ, "ਕਰਾਚੀ ਪੁਲਿਸ ਕਮਿਸ਼ਨਰ ਨੇ ਨਿਰਦੇਸ਼ਕ ਨੂੰ ਇਸ ਦਾ ਇਹ ਕਾਰਨ ਦੱਸਿਆ ਸੀ ਕਿ ਨਾਟਕ ਵਿੱਚ ਮੌਲਵੀ ਦਾ ਕਤਲ ਹੋ ਜਾਂਦਾ ਹੈ, ਇਸ ਲਈ ਇਸ ਦਾ ਮੰਚਨ ਪਾਕਿਸਤਾਨ ਵਿੱਚ ਨਹੀਂ ਹੋ ਸਕਦਾ... ਇਹ ਮੌਲਵੀ ਹਿੰਦੂ ਮੁਹੱਲੇ ਵਿੱਚ ਬਚੀ ਇਕੱਲੀ ਹਿੰਦੂ ਔਰਤ ਦਾ ਨਾ ਸਿਰਫ਼ ਸਨਮਾਨ ਕਰਦਾ ਹੈ, ਸਗੋਂ ਔਰਤ ਦੀ ਮੌਤ ਤੋਂ ਬਾਅਦ ਕਹਿੰਦਾ ਹੈ ਕਿ ਉਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜ਼ ਨਾਲ ਕੀਤਾ ਜਾਵੇ।"

"ਮੇਰੇ ਖ਼ਿਆਲ ਵਿੱਚ ਪੁਲਿਸ ਅਧਿਕਾਰੀ ਨਾਟਕ ਨੂੰ ਸਮਝ ਨਹੀਂ ਸਕੇ। ਉਨ੍ਹਾਂ ਦਾ ਦੂਜਾ ਇਤਰਾਜ਼ ਇਹ ਸੀ ਕਿ ਇਹ ਭਾਰਤੀ ਲੇਖਕ ਦਾ ਨਾਟਕ ਹੈ।"

ਬਟਵਾਰਾ ਅਤੇ ਨਵੀਂ ਪੀੜ੍ਹੀ ਦਾ ਟਰੌਮਾ

ਮੇਰੀ ਦਿਲਚਸਪੀ ਇਹ ਜਾਣਨ ਵਿੱਚ ਹੈ ਕਿ 79 ਸਾਲ ਪਹਿਲਾਂ ਹੋਈ ਵੰਡ 'ਤੇ ਹੁਣ ਬਣ ਰਹੀਆਂ ਫ਼ਿਲਮਾਂ ਵਿੱਚ ਨੌਜਵਾਨ ਪੀੜ੍ਹੀ ਦੀ ਕਿੰਨੀ ਦਿਲਚਸਪੀ ਹੈ?

ਗੀਤਾਂਜਲੀ ਪੰਜਾਬ ਵਿੱਚ ਰਾਜਪੁਰਾ ਦੀ ਰਹਿਣ ਵਾਲੀ ਹੈ, ਜਿਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਖ਼ਤਮ ਕੀਤੀ ਹੈ।

ਉਹ ਦੱਸਦੀ ਹੈ, "ਮੇਰੀ ਦਾਦੀ ਉਦੋਂ 9 ਸਾਲ ਦੀ ਸੀ। ਦਾਦੀ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਰੇਲਗੱਡੀ ਵਿੱਚ ਪਾਕਿਸਤਾਨ ਤੋਂ ਆ ਰਿਹਾ ਸੀ ਤਾਂ ਇੱਕ ਗਰਮ ਤੇਲ ਦੀ ਕੜਾਹੀ ਨਾਲ ਲੈ ਕੇ ਚੱਲੇ ਸਨ।"

"ਸਾਰੀਆਂ ਕੁੜੀਆਂ ਨੂੰ ਉਸ ਦੇ ਕੋਲ ਬਿਠਾਇਆ ਗਿਆ ਸੀ ਤਾਂ ਜੋ ਜੇਕਰ ਹਮਲਾ ਹੋਵੇ ਤਾਂ ਸਾਰੀਆਂ ਔਰਤਾਂ ਨੂੰ ਗਰਮ ਤੇਲ ਦੀ ਕੜਾਹੀ ਵਿੱਚ ਸੁੱਟ ਦਿੱਤਾ ਜਾਵੇ। ਵੰਡ 'ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਨਵੀਂ ਪੀੜ੍ਹੀ ਦੇ ਲੋਕ ਵੀ ਇਹ ਸਭ ਜਾਣ ਸਕਣ।"

"ਸਕੂਲ ਵਿੱਚ ਜਦੋਂ ਮੈਨੂੰ ਪੁੱਛਦੇ ਸਨ ਕਿ ਤੁਹਾਡਾ ਪਿੰਡ ਕਿਹੜਾ ਹੈ ਤਾਂ ਸਾਡਾ ਮਜ਼ਾਕ ਉਡਾਇਆ ਜਾਂਦਾ ਸੀ ਕਿਉਂਕਿ ਭਾਰਤ ਵਿੱਚ ਤਾਂ ਸਾਡਾ ਕੋਈ ਪਿੰਡ ਸੀ ਹੀ ਨਹੀਂ। ਉਹ ਪਾਕਿਸਤਾਨ ਵਿੱਚ ਸੀ। ਇਹ ਟਰੌਮਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ।"

ਉੱਥੇ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਖੁਸ਼ਪ੍ਰੀਤ ਦੱਸਦੀ ਹੈ, "ਮੇਰੇ ਕਈ ਦੋਸਤ, ਆਸ-ਪਾਸ ਦੇ ਲੋਕ, ਜਿਨ੍ਹਾਂ ਦੇ ਪਰਿਵਾਰਾਂ ਨੇ ਬਟਵਾਰਾ ਨਹੀਂ ਦੇਖੀ, ਉਹ ਮੈਨੂੰ ਕਹਿੰਦੇ ਹਨ ਕਿ ਹੁਣ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹਨ, ਇਸ ਨੂੰ ਭੁੱਲ ਜਾਓ।"

"ਉਹ ਹਿੰਦੁਸਤਾਨ-ਪਾਕਿਸਤਾਨ ਦੀ ਨਫ਼ਰਤ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਅਜਿਹੀਆਂ ਫ਼ਿਲਮਾਂ ਦੇਖਣਾ ਮੇਰੇ ਲਈ ਤਕਲੀਫ਼ਦੇਹ ਹੈ ਪਰ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਸ਼ਾਇਦ ਔਰਤਾਂ ਨੇ ਸਹਿਆ। ਪਰ ਅਜੀਬ ਗੱਲ ਹੈ ਕਿ ਮੈਂ ਜਦੋਂ ਕਈ ਬਜ਼ੁਰਗਾਂ ਨਾਲ ਗੱਲ ਕੀਤੀ ਤਾਂ ਕਿਸੇ ਨੇ ਨਹੀਂ ਦੱਸਿਆ ਕਿ ਦੋਵਾਂ ਪਾਸਿਆਂ ਦੀਆਂ ਔਰਤਾਂ ਨਾਲ ਕੀ ਹੋਇਆ ਸੀ।"

"ਜਦੋਂ ਮੈਂ ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਗਈ ਤਾਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਕਿਵੇਂ ਔਰਤਾਂ ਨਾਲ ਬਲਾਤਕਾਰ ਹੋਇਆ, ਉਨ੍ਹਾਂ ਨੂੰ ਅਗਵਾ ਕੀਤਾ ਗਿਆ। ਇਨ੍ਹਾਂ ਔਰਤਾਂ ਦੀ ਕਹਾਣੀ ਫ਼ਿਲਮਾਂ ਵਿੱਚ ਦਿਖਾਈ ਜਾਣੀ ਚਾਹੀਦੀ ਹੈ।"

'ਮੈਂ ਵਾਪਸ ਆਊਂਗਾ' ਦੀ ਸਹਿ-ਲੇਖਿਕਾ ਨੈਨਿਕਾ ਮਾਹਤਾਨੀ ਦੱਸਦੀ ਹੈ, "ਮੇਰੀ ਨਾਨੀ ਵਿਆਹ ਕਰਕੇ ਦਿੱਲੀ ਆ ਚੁੱਕੀ ਸੀ। ਫਿਰ ਵੰਡ ਹੋ ਗਈ ਪਰ ਸਰਗੋਧਾ ਵਿੱਚ ਨਾਨੀ ਦੇ ਪਰਿਵਾਰ ਨੇ ਆਪਣਾ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ।"

"ਮੁਸਲਿਮ ਗੁਆਂਢੀਆਂ ਨੇ ਹਿਫ਼ਾਜ਼ਤ ਕੀਤੀ ਅਤੇ ਪਰਿਵਾਰ ਪਾਕਿਸਤਾਨ ਵਿੱਚ ਹੀ ਰਹਿ ਗਿਆ। ਪਰ ਨਾਨੀ ਹਮੇਸ਼ਾ ਲਈ ਆਪਣੇ ਪਰਿਵਾਰ ਤੋਂ ਵਿਛੜ ਗਈ।"

ਬਟਵਾਰੇ ਦੀਆਂ ਅਨਅਟੈਚਡ ਔਰਤਾਂ

ਫ਼ਿਲਮ 'ਬਟਵਾਰਾ 1947' ਭਾਵੇਂ ਸਨੀ ਦਿਓਲ ਨੂੰ ਹੀਰੋ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ, ਜੋ ਨਫ਼ਰਤ ਦੇ ਖ਼ਿਲਾਫ਼ ਖੜ੍ਹਾ ਹੁੰਦਾ ਹੈ।

ਪਰ ਮੂਲ ਨਾਟਕ ਵਿੱਚ ਸਭ ਤੋਂ ਵੱਡੀ ਨਾਇਕਾ ਮਾਈ, ਭਾਵ ਉਹ ਦਰਿਆਦਿਲ ਬਜ਼ੁਰਗ ਔਰਤ ਹੀ ਹੈ।

ਇਤਿਹਾਸ ਅਜਿਹੀਆਂ ਔਰਤਾਂ ਦੀਆਂ ਅਸਲ ਕਹਾਣੀਆਂ ਨਾਲ ਭਰਿਆ ਪਿਆ ਹੈ, ਉਹ ਔਰਤਾਂ ਜਿਨ੍ਹਾਂ ਦੇ ਪਰਿਵਾਰ ਵੰਡ ਤੋਂ ਬਾਅਦ ਸਰਹੱਦ ਪਾਰ ਚਲੇ ਗਏ ਪਰ ਉਹ ਪਿੱਛੇ ਰਹਿ ਗਈਆਂ ਜਾਂ ਛੱਡ ਦਿੱਤੀਆਂ ਗਈਆਂ।

ਵੰਡ ਤੋਂ ਬਾਅਦ ਭਾਰਤ ਵਿੱਚ ਬਾਕਾਇਦਾ ਮਿਨਿਸਟਰੀ ਆਫ਼ ਰਿਲੀਫ਼ ਐਂਡ ਰਿਹੈਬਿਲਿਟੇਸ਼ਨ ਬਣਾਈ ਗਈ ਸੀ ਅਤੇ ਇਨ੍ਹਾਂ ਸਾਰੀਆਂ ਔਰਤਾਂ ਨੂੰ ਇੱਕ ਅਨੋਖੀ ਕੈਟੇਗਰੀ ਦਿੱਤੀ ਗਈ- ਅਨਅਟੈਚਡ ਵੂਮੈਨ।

ਉਹ ਔਰਤਾਂ ਜੋ ਦੰਗਿਆਂ ਵਿੱਚ ਅਗਵਾ ਕਰ ਲਈਆਂ ਗਈਆਂ ਅਤੇ ਜਦੋਂ ਮਿਲੀਆਂ ਤਾਂ ਪਰਿਵਾਰਾਂ ਨੇ ਉਨ੍ਹਾਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਉਹ ਮਾਵਾਂ ਜਿਨ੍ਹਾਂ ਨੇ ਵੰਡ ਤੋਂ ਬਾਅਦ ਬੱਚਿਆਂ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਦੇ ਬੱਚੇ ਖੋਹ ਲਏ ਗਏ।

ਉਹ ਔਰਤਾਂ ਜਿਨ੍ਹਾਂ ਦੇ ਨਾਲ ਕੋਈ ਮਰਦ ਨਹੀਂ ਸੀ, ਸੈਕਸ ਵਰਕਰਜ਼, ਗ਼ੈਰ-ਵਿਆਹੀਆਂ, ਤਲਾਕਸ਼ੁਦਾ ਜਾਂ ਵਿਧਵਾ ਜਿਵੇਂ ਫ਼ਿਲਮ ਬਟਵਾਰਾ 1947 ਦੀ ਬਜ਼ੁਰਗ ਹਿੰਦੂ ਮਾਈ।

ਫ਼ਿਲਮ ਬਟਵਾਰਾ 1947 ਦੇ ਭਾਵਨਾਤਮਕ ਅਸਰ ਬਾਰੇ ਸ਼ਬਾਨਾ ਆਜ਼ਮੀ ਕਹਿੰਦੀ ਹੈ, "ਫ਼ਿਲਮ ਵਿੱਚ ਇੱਕ ਸੀਨ ਹੈ ਜਿੱਥੇ ਖ਼ਲਨਾਇਕ ਮੈਨੂੰ ਘਸੀਟਦਾ ਹੈ ਅਤੇ ਮੇਰਾ ਕੁੜਤਾ ਪਾੜ ਦਿੰਦਾ ਹੈ। ਉਸ ਪਲ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਖ਼ੁਦ ਨੂੰ ਇੰਨਾ ਅਸੁਰੱਖਿਅਤ ਅਤੇ ਇੰਨਾ ਬੇਪਰਦਾ ਮਹਿਸੂਸ ਕੀਤਾ ਹੋਵੇਗਾ, ਜਿੰਨਾ ਉਸ ਸਮੇਂ ਕੀਤਾ ਸੀ।"

ਫ਼ਿਲਮ ਵਿੱਚ ਮਾਈ ਦੀ ਹਿਫ਼ਾਜ਼ਤ ਕਰਦੇ ਸਨੀ ਦਿਓਲ ਕਹਿੰਦੇ ਹਨ, "ਮਾਂ ਨੂੰ ਹਿੰਦੂ-ਮੁਸਲਮਾਨ ਵਿੱਚ ਨਾ ਵੰਡੋ। ਮਾਂ ਆਪਣੇ ਆਪ ਵਿੱਚ ਇੱਕ ਮਜ਼ਹਬ ਹੈ। ਹਰ ਇਨਸਾਨ ਦਾ ਪਹਿਲਾ ਮਜ਼ਹਬ ਮਾਂ ਹੈ।"

ਇਸਮਤ ਚੁਗ਼ਤਾਈ ਦੀ ਅੰਮਾ

ਅਜਿਹੀਆਂ ਅਸਲ ਕਹਾਣੀਆਂ ਹੁਣ ਹੌਲੀ-ਹੌਲੀ ਲੋਕਾਂ ਦੇ ਜ਼ਹਿਨ ਤੋਂ ਮਿਟਦੀਆਂ ਜਾ ਰਹੀਆਂ ਹਨ ਪਰ ਕਿਤਾਬਾਂ, ਕਹਾਣੀਆਂ, ਨਾਟਕਾਂ ਨੇ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਹੈ।

ਇਸਮਤ ਚੁਗ਼ਤਾਈ ਦੀ ਕਹਾਣੀ 'ਜੜੇ' ਵਿੱਚ ਅੰਮਾ ਵੀ ਤਾਂ ਅਸਗ਼ਰ ਵਜਾਹਤ ਦੀ ਮਾਈ ਵਾਂਗ ਹੀ ਹੈ, ਵੰਡ ਦੇ ਬਾਵਜੂਦ ਅੰਮਾ ਆਪਣੀ ਹਵੇਲੀ ਤੋਂ ਨਹੀਂ ਹਿੱਲੀ, ਉਸ ਵਿਸ਼ਾਲ ਦਰੱਖ਼ਤ ਦੀਆਂ ਜੜ੍ਹਾਂ ਦੀ ਤਰ੍ਹਾਂ ਜੋ ਤੂਫ਼ਾਨਾਂ ਵਿੱਚ ਵੀ ਨਹੀਂ ਡਿੱਗਦਾ।

ਜਾਂ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ 'ਲਾਜਵੰਤੀ', ਜਿਸ ਵਿੱਚ ਸੁੰਦਰਲਾਲ ਦਿਲੋ-ਜਾਨ ਨਾਲ ਮੁਹਿੰਮ ਵਿੱਚ ਲੱਗਾ ਹੈ ਕਿ ਵੰਡ ਵਿੱਚ ਅਗਵਾ ਕੀਤੀਆਂ ਔਰਤਾਂ ਦੇ ਮਿਲਣ ਤੋਂ ਬਾਅਦ ਪਰਿਵਾਰ ਉਨ੍ਹਾਂ ਨੂੰ ਸਵੀਕਾਰ ਕਰ ਲੈਣ।

ਜਦੋਂ ਅਚਾਨਕ ਉਸ ਦੀ ਅਗਵਾ ਕੀਤੀ ਹੋਈ ਪਤਨੀ ਲਾਜਵੰਤੀ ਵਾਪਸ ਭਾਰਤ ਆ ਜਾਂਦੀ ਹੈ ਤਾਂ ਪਹਿਲਾਂ ਪਤਨੀ ਨੂੰ ਕੁੱਟਣ ਵਾਲਾ ਸੁੰਦਰਲਾਲ ਉਸ ਨੂੰ ਦੇਵੀ ਬਣਾ ਕੇ ਤਾਂ ਰੱਖਦਾ ਹੈ ਪਰ ਕਦੇ ਸਵੀਕਾਰ ਨਹੀਂ ਕਰ ਪਾਉਂਦਾ।

ਨਾਟਕ ਦਾ ਸਿਕੰਦਰ ਅਤੇ ਬਟਵਾਰਾ 1947 ਦਾ ਸਨੀ ਦਿਓਲ

'ਜਿਸ ਲਾਹੌਰ ਨਹੀਂ ਵੇਖਿਆ' ਨਾਟਕ ਅਤੇ 'ਬਟਵਾਰਾ 1947' 'ਤੇ ਵਾਪਸ ਆਈਏ ਤਾਂ ਨਾਟਕ ਦਾ ਸਿਕੰਦਰ ਮਿਰਜ਼ਾ (ਸਨੀ ਦਿਓਲ) ਉਨਾ ਮਜ਼ਬੂਤ ਜਾਂ ਦਲੇਰ ਨਹੀਂ ਹੈ ਜਿੰਨਾ ਫ਼ਿਲਮ ਬਟਵਾਰਾ 1947 ਵਿੱਚ ਦਿਖਾਇਆ ਗਿਆ ਹੈ।

ਮਿਸਾਲ ਵਜੋਂ ਫ਼ਿਲਮ ਵਿੱਚ ਸਨੀ ਦਿਓਲ ਦਾ ਬੇਟਾ ਗੁੰਡਿਆਂ ਨੂੰ ਕਹਿੰਦਾ ਹੈ- ਤੂੰ ਮੇਰੇ ਬਾਪ ਨੂੰ ਨਹੀਂ ਜਾਣਦਾ। ਉਹ ਨਾ ਘਰ ਦੇਖਣਗੇ ਨਾ ਸਰਹੱਦ। ਸਿੱਧਾ ਅੰਦਰ ਵੜ ਕੇ ਮਾਰਨਗੇ।

ਜਦਕਿ ਨਾਟਕ ਦਾ ਸਨੀ ਦਿਓਲ ਤਾਂ ਇੱਕ ਵਕ਼ਤ ਮਾਈ (ਸ਼ਬਾਨਾ ਆਜ਼ਮੀ) ਨੂੰ ਮਰਵਾਉਣ ਲਈ ਗੁੰਡਿਆਂ ਨਾਲ ਵੀ ਗੱਲ ਕਰ ਲੈਂਦਾ ਹੈ।

ਪਰ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਸਰਹੱਦਾਂ ਵਿੱਚ ਨਫ਼ਰਤ ਦੇ ਵਿਚਕਾਰ, ਇਸੇ ਪਰਾਈ ਬਜ਼ੁਰਗ ਔਰਤ ਨਾਲ ਉਹ ਇੱਕ ਅਨੋਖਾ ਜੁੜਾਅ ਜਾਂ ਅਟੈਚਮੈਂਟ ਮਹਿਸੂਸ ਕਰਨ ਲੱਗਦਾ ਹੈ, ਇੱਕ ਅਜਿਹੀ ਔਰਤ ਜੋ ਵੰਡ ਤੋਂ ਬਾਅਦ ਅਨਅਟੈਚਡ ਐਲਾਨ ਕਰ ਦਿੱਤੀ ਜਾਂਦੀ ਹੈ।

ਮਜ਼ਹਬ ਦੇ ਨਾਮ 'ਤੇ ਉਸ ਔਰਤ ਨੂੰ ਕਤਲ ਕਰਨ ਤੱਕ ਦੀ ਕੋਸ਼ਿਸ਼ ਹੁੰਦੀ ਹੈ, ਉਸ ਦਾ ਆਪਣਾ ਸ਼ਹਿਰ ਲਾਹੌਰ ਉਸ ਨੂੰ ਛੱਡ ਦਿੰਦਾ ਹੈ... ਪਰ ਉਹ ਬਜ਼ੁਰਗ ਔਰਤ ਲਾਹੌਰ ਨਹੀਂ ਛੱਡਦੀ ਕਿਉਂਕਿ ਉਸ ਨੂੰ ਯਕੀਨ ਹੈ ਕਿ ਜਿਸ ਲਾਹੌਰ ਨਹੀਂ ਵੇਖਿਆ ਓ ਜੰਮਿਆ ਨਹੀਂ..

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)