'ਆਸ਼ਾ ਭੋਸਲੇ ਇੰਡੀਆ-ਪਾਕਿਸਤਾਨ 'ਚ ਵੰਡਣ ਵਾਲੀ ਸ਼ੈਅ ਨਹੀਂ' - ਪਾਕਿਸਤਾਨ ਵਿੱਚ ਆਸ਼ਾ ਭੋਸਲੇ ਦੇ ਗਾਣਿਆਂ 'ਤੇ ਹੋਏ ਇਤਰਾਜ਼ ’ਤੇ ਹਨੀਫ਼ ਦਾ ਵਲੌਗ

ਆਸ਼ਾ ਭੋਸਲੇ

ਤਸਵੀਰ ਸਰੋਤ, LightRocket via Getty Images

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
  • ਪੜ੍ਹਨ ਦਾ ਸਮਾਂ: 4 ਮਿੰਟ

ਬਾਬੂ ਤੇ ਬਿਊਰੋਕ੍ਰੇਟ ਕਿਤੋਂ ਦੇ ਵੀ ਹੋਣ, ਕਾਫੀ ਪੜ੍ਹੇ-ਲਿਖੇ ਹੁੰਦੇ ਹਨ ਤੇ ਨਾਲ-ਨਾਲ ਥੋੜ੍ਹੇ ਜਿਹੇ ਯਵਲਵੀ ਹੁੰਦੇ ਹਨ। ਕਾਨੂੰਨ ਦੀ ਕਿਤਾਬ 'ਚੋਂ ਕੋਈ ਬਾਰੀਕ ਜਿਹੀ ਗੱਲ ਕੱਢ ਕੇ ਉਸਦੇ ਮਗਰ ਪੈ ਜਾਂਦੇ ਹਨ। ਉਨ੍ਹਾਂ ਨੂੰ ਆਪਣੇ ਗਲ਼ੀਆਂ-ਮੁੱਹਲਿਆਂ ਵਿੱਚ ਹੱਸਦੀ-ਵੱਸਦੀ ਤੇ ਕਦੇ ਰੌਂਦੀ-ਕੁਰਲਾਉਂਦੀ ਜ਼ਿੰਦਗੀ ਨਜ਼ਰ ਨਹੀਂ ਆਉਂਦੀ।

ਉਹ ਆਪਣੇ ਹੱਥੀਂ ਲਿਖੇ ਕਾਨੂੰਨ ਨੂੰ ਰੱਬ ਦਾ ਆਰਡਰ ਸਮਝਣ ਲੱਗ ਪੈਂਦੇ ਹਨ।

ਇੰਡੀਆ ਵਿੱਚ ਆਸ਼ਾ ਭੋਸਲੇ ਜੀ ਤੁਰ ਗਏ। 92 ਸਾਲ ਦੀ ਉਮਰ 'ਚ ਗਏ ਹਨ, ਖਾ-ਹੰਢਾ ਕੇ ਗਏ ਹਨ, ਕੋਈ ਚਾਰ ਨਸਲਾਂ ਦਾ ਜੀਅ ਰਚਾ ਕੇ ਗਏ ਹਨ।

ਇੱਥੇ ਪਾਕਿਸਤਾਨ ਵਿੱਚ ਖਬਰਾਂ ਚੱਲੀਆਂ ਕਿ ਪੇਮਰਾ(ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ) ਦੇ ਬਾਬੂਆਂ ਨੇ ਨੋਟਿਸ ਕਰ ਛੱਡੇ ਕਿ ਤੁਸੀਂ ਆਸ਼ਾ ਜੀ ਦੇ ਜਾਣ ਦੀ ਖਬਰ ਦੇ ਨਾਲ-ਨਾਲ ਉਨ੍ਹਾਂ ਦੇ ਗਾਣੇ ਕਿਉਂ ਸੁਣਵਾਏ ਹਨ।

ਮੁਹੰਮਦ ਹਨੀਫ਼

ਤਸਵੀਰ ਸਰੋਤ, Mohammad Hanif

ਹੁਣ ਪਾਕਿਸਤਾਨੀ ਅਦਾਰਿਆਂ ਦੀਆਂ ਹਰਕਤਾਂ ਵੇਖ ਕੇ ਗੁੱਸਾ ਕੋਈ ਨਹੀਂ ਆਉਂਦਾ ਲੇਕਿਨ ਇਹ ਸੁਣ ਕੇ ਵਾਕਈ ਅੰਦਰੋਂ ਨਿਕਲਿਆ ਹੈ ਕਿ ਓ ਪੇਮਰਾ ਵਾਲਿਓ ਤੁਸੀਂ ਕੌਣ ਲੋਕ ਹੋ?

ਇੰਡੀਆ-ਪਾਕਿਸਤਾਨ ਵਿੱਚ ਫ਼ਿਲਮਾਂ 'ਤੇ ਗਾਣਿਆਂ ਦੀ ਪਾਬੰਦੀ ਹੈ। ਵੈਸੇ ਤਾਂ ਪਾਬੰਦੀ ਕਿਤਾਬਾਂ 'ਤੇ ਵੀ ਹੈ ਪਰ ਕਿਤਾਬਾਂ ਜ਼ਾਹਿਰ ਹੈ ਲੋਕ ਘੱਟ ਪੜ੍ਹਦੇ ਹਨ। ਲੇਕਿਨ ਗਾਣਿਆਂ ਤੇ ਫ਼ਿਲਮਾਂ ਨੂੰ ਨਾ ਕੋਈ ਜੰਗ ਰੋਕ ਸਕੀ ਹੈ ਤੇ ਨਾ ਕੋਈ ਬਾਰਡਰ।

ਸਾਡੇ ਵੱਡੇ ਛੱਤਾਂ 'ਤੇ ਚੜ੍ਹ ਕੇ, ਦੂਰਦਰਸ਼ਨ ਦਾ ਸਿਗਨਲ ਫੜ੍ਹ ਕੇ ਫਿਲਮ ਮੁਗ਼ਲ-ਏ-ਆਜ਼ਮ ਦੇਖਣ ਲਈ ਐਂਟੀਨੇ ਘੁਮਾਉਂਦੇ ਹੁੰਦੇ ਸਨ। ਉਸ ਤੋਂ ਬਾਅਦ ਵੀਸੀਆਰ ਕਿਰਾਏ 'ਤੇ ਲੈਕੇ ਉਮਰਾਓ ਜਾਨ ਅਦਾ ਵੇਖਦੇ ਰਹੇ ਹਨ।

ਇਹ ਜ਼ਮਾਨਾ ਵੀ ਦੇਖਿਆ ਹੈ ਬਈ ਉੱਧਰ ਫ਼ਿਲਮ ਮੁੰਬਈ 'ਚ ਰਿਲੀਜ਼ ਹੋਈ ਹੈ, ਚਾਰ ਘੰਟੇ ਬਾਅਦ ਉਸਦਾ ਕੈਮਰਾ ਪ੍ਰਿੰਟ ਡੀਵੀਡੀ ਵਿੱਚ ਕਰਾਚੀ 'ਚ ਮਿਲ ਜਾਂਦਾ ਸੀ। ਜੇ ਕਿਸੇ ਨੂੰ ਮਾਸਟਰ ਪ੍ਰਿੰਟ ਦਾ ਸ਼ੌਕ ਹੁੰਦਾ ਸੀ ਤਾਂ ਉਸਨੂੰ ਕਹਿੰਦੇ ਸਨ ਕਿ ਤੂੰ ਦੋ ਦਿਨ ਉਡੀਕ ਲੈ।

ਹੁਣ ਡਿਜੀਟਲ ਦੌਰ ਹੈ। ਕਿਸੇ ਦੁਕਾਨ 'ਤੇ, ਕਿਸੇ ਬਜ਼ਾਰ ਜਾਣ ਦੀ, ਕਿਸੇ ਸਮਗਲਿੰਗ ਦੀ ਲੋੜ ਨਹੀਂ। ਆਪਣੇ ਫੋਨ 'ਤੇ, ਕੰਪਿਊਟਰ 'ਤੇ ਪਾਕਿਸਤਾਨ 'ਚ ਬੈਠੇ ਲੋਕੀ 'ਧੁਰੰਧਰ' ਦੇਖੀ ਵੀ ਜਾਂਦੇ ਹਨ ਤੇ ਨਾਲ-ਨਾਲ ਉਸ 'ਚ ਕੀੜੇ ਵੀ ਕੱਢੀ ਜਾਂਦੇ ਹਨ।

ਇਹ ‘ਪੇਮਰਾ’ ਦੇ ਬਾਊ ਪਤਾ ਨਹੀਂ ਕਿਹੜੇ ਪਾਕਿਸਤਾਨ 'ਚ ਜੰਮੇ-ਪਲ਼ੇ ਹਨ, ਬਈ ਉਹ ਆਸ਼ਾ ਭੋਸਲੇ ਦੇ ਗਾਣਿਆਂ ਲਈ ਕਾਨੂੰਨ ਦੀ ਕਿਤਾਬ ਖੋਲ ਕੇ ਬਹਿ ਗਏ ਹਨ।

ਆਸ਼ਾ ਦੇ ਗਾਣੇ ਸਾਡੇ ਨਾਨਕੇ-ਦਾਦਕੇ ਵੀ ਸੁਣਦੇ ਰਹੇ ਹਨ, ਮਾਪਿਆਂ ਨੇ ਵੀ ਗਾਏ ਹਨ ਤੇ ਬੱਚਿਆਂ ਨੂੰ ਵੀ ਯਾਦ ਹਨ।

ਵਿਆਹਾਂ-ਸ਼ਾਦੀਆਂ 'ਤੇ ਬੈਂਡ ਵਾਲੇ ਇਹ ਗਾਣੇ ਵਜਾ ਲੈਂਦੇ ਹਨ। ਨਾਅਤ, ਖ਼ਾਨ ਤੇ ਕੱਵਾਲ ਇਨ੍ਹਾਂ ਦੀਆਂ ਤਰਜ਼ਾਂ 'ਤੇ ਆਪਣੀਆਂ ਨਾਅਤਾਂ ਅਤੇ ਕੱਵਾਲੀਆਂ ਗਾਉਂਦੇ ਹਨ।

ਖਤਨੇ ਦੀ ਖੁਸ਼ੀ ਤੋਂ ਲੈਕੇ ਜਨਾਜ਼ੇ ਤੱਕ, ਹਰ ਮੌਕੇ ਲਈ ਆਸ਼ਾ ਦਾ ਗਾਣਾ ਮੌਜੂਦ ਹੈ।

'ਲੋ ਪਿਆ ਅਬ ਤੋ ਤੂ ਆਜਾ' 'ਤੇ ਲੋਕ ਨੱਚਦੇ ਰਹੇ ਹਨ, 'ਦਮ ਮਾਰੋ ਦਮ' 'ਤੇ ਮਸਤੀਆਂ ਕਰਦੇ ਰਹੇ ਹਨ। ਕੀਹਦੀ ਜ਼ਿੰਦਗੀ 'ਚ ਮੌਕਾ ਨਹੀਂ ਆਇਆ, ਜਦੋਂ ਉਸਨੇ ਇਹ ਨਾ ਸੋਚਿਆ ਹੋਵੇ ਕਿ 'ਯੇ ਕਯਾ ਜਗਹ ਹੈ ਦੋਸਤੋ, ਏ ਕੌਨ ਸਾ ਦਯਾਰ ਹੈ'।

ਸਾਡੀ ਇੱਕ ਪੂਰੀ ਨਸਲ ਦਿਲ ਤੁੜਵਾ ਕੇ, ਤਕੀਆਂ 'ਚ ਸਰ ਦੇਕੇ ਰੌਂਦੀ ਰਹੀ ਹੈ ਤੇ ਇਹ ਪੁੱਛਦੀ ਰਹੀ ਹੈ ਕਿ 'ਮੇਰਾ ਕੁਛ ਸਾਮਾਨ ਤੁਮ੍ਹਾਰੇ ਪਾਸ ਪੜਾ ਹੈ'।

ਆਸ਼ਾ ਭੋਸਲੇ

ਤਸਵੀਰ ਸਰੋਤ, Prodip Guha/Getty Images

ਹਰ ਮੂਡ ਲਈ, ਹਰ ਫੀਲਿੰਗ ਲਈ, ਹਰ ਨੱਚਣ ਵਾਲੇ ਲਈ, ਹਰ ਰੋਣ ਲਈ, ਹਰ ਸੋਚਣ ਵਾਲੇ ਵਾਸਤੇ.. ਆਸ਼ਾ ਭੋਸਲੇ ਦਾ ਕੋਈ ਨਾ ਕੋਈ ਗਾਣਾ ਮੌਜੂਦ ਹੈ।

ਉਹ 12 ਹਜ਼ਾਰ ਤੋਂ ਜ਼ਿਆਦਾ ਗਾਣੇ ਗਾਕੇ ਗਏ ਹਨ ਤੇ ਉਹ ਵੀ ਕੋਈ 20 ਜ਼ਿਆਦਾ ਜ਼ਬਾਨਾਂ ਵਿੱਚ। ਜੰਗਾਂ-ਝਗੜਿਆਂ ਦੇ ਬਾਵਜੂਦ ਕਈ ਪਾਕਿਸਤਾਨੀ ਗੁਲੂਕਾਰਾਂ (ਗਾਇਕਾਂ)ਦੇ ਨਾਲ ਵੀ ਉਨ੍ਹਾਂ ਨੇ ਗਾਣੇ ਗਏ ਹਨ।

ਆਸ਼ਾ ਭੋਸਲੇ ਕੋਈ ਇੰਡੀਆ-ਪਾਕਿਸਤਾਨ 'ਚ ਵੰਡਣ ਵਾਲੀ ਸ਼ੈਅ ਨਹੀਂ। ਪਤਾ ਨਹੀਂ ਪੇਮਰਾ ਦੇ ਬਾਬੂਆਂ ਨੂੰ ਕਿਸ ਨੇ ਦੱਸਿਆ ਹੈ ਕਿ ਨਹੀਂ ਦੱਸਿਆ ਹੈ.. ਕਿ ਆਸ਼ਾ ਨੇ ਉਦੋਂ ਗਾਉਣਾ ਸ਼ੁਰੂ ਕੀਤਾ ਸੀ ਜਦੋਂ ਵੰਡ ਨਹੀਂ ਸੀ ਹੋਈ, ਉਦੋਂ ਅਜੇ ਇੰਡੀਆ-ਪਾਕਿਸਤਾਨ ਬਣਿਆ ਵੀ ਨਹੀਂ ਸੀ।

ਇਨ੍ਹਾਂ ਬਾਬੂਆਂ ਨੂੰ ਕੋਈ ਇਹੀ ਸਮਝ ਦੇਵੇ ਕਿ ਇੱਕ ਦਿਨ ਤੁਸੀਂ ਰਿਟਾਇਰ ਹੋਕੇ ਘਰ ਬਹਿ ਜਾਣਾ ਹੈ, ਫਿਰ ਤੁਹਾਨੂੰ ਜਵਾਨੀ ਯਾਦ ਆਵੇਗੀ ਤੇ ਫਿਰ ਉੱਥੇ ਬਹਿ ਕੇ ਤੁਸੀਂ ਇਹੀ ਗਾਉਣਾ ਹੈ...

ਇਨ ਆਂਖੋਂ ਕਿ ਮਸਤੀ ਕੇ ਦੀਵਾਨੇ ਹਜ਼ਾਰੋਂ ਹੈਂ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)