You’re viewing a text-only version of this website that uses less data. View the main version of the website including all images and videos.
ਰਾਸ਼ਟਰਮੰਡਲ ਖੇਡਾਂ 2026: ਹਾਕੀ ਤੇ ਕੁਸ਼ਤੀ ਸਣੇ ਕਿਹੜੀਆਂ ਖੇਡਾਂ ਬਾਹਰ ਹੋਈਆਂ, ਗੁਰਿੰਦਰਵੀਰ ਸਣੇ ਕਿਹੜੇ ਪੰਜਾਬੀਆਂ ਤੋਂ ਮੈਡਲਾਂ ਦੀ ਉਮੀਦ
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
23 ਜੁਲਾਈ ਤੋਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਕਾਟਲੈਂਡ ਦੇ ਗਲਾਸਗੋ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ 2 ਅਗਸਤ 2026 ਤੱਕ ਖੇਡੀਆਂ ਜਾਣਗੀਆਂ।
ਇਨ੍ਹਾਂ ਖੇਡਾਂ ਵਿੱਚ ਰਾਸ਼ਟਰਮੰਡਲ ਦੇਸ਼ਾਂ ਦੇ ਖਿਡਾਰੀ ਹਰ ਚਾਰ ਸਾਲ ਬਾਅਦ ਹਿੱਸਾ ਲੈਂਦੇ ਹਨ। ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਹੁ-ਖੇਡ ਸਮਾਗਮ ਮੰਨਿਆ ਜਾਂਦਾ ਹੈ।
ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਦੁਆਰਾ ਆਯੋਜਿਤ ਰਾਸ਼ਟਰਮੰਡਲ ਖੇਡਾਂ ਪਹਿਲੀ ਵਾਰ 1930 ਵਿੱਚ ਹੈਮਿਲਟਨ (ਕੈਨੇਡਾ) ਵਿੱਚ ਆਯੋਜਿਤ ਕੀਤੀਆਂ ਗਈਆਂ ਸਨ।
ਗਲਾਸਗੋ 2014 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਿਆ। ਗਲਾਸਗੋ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਕਈ ਮਾਅਨੇ ਵਿੱਚ ਪਿਛਲੇ ਐਡੀਸ਼ਨਾਂ ਤੋਂ ਵੱਖਰੀਆਂ ਹੋਣਗੀਆਂ।
ਇਸ ਵਾਰ ਖੇਡਾਂ ਦਾ ਆਕਾਰ ਛੋਟਾ ਹੈ। ਇਸ ਵਰ੍ਹੇ ਕਈ ਖੇਡਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਰਿਪੋਰਟ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ ਕਿ ਕਿਹੜੇ ਖੇਡ ਮੁਕਾਬਲੇ ਹੋਣਗੇ ਤੇ ਕਈ ਖੇਡਾਂ ਨੂੰ ਹਟਾਉਣ ਦਾ ਅਸਰ ਭਾਰਤ 'ਤੇ ਕਿੰਨਾ ਪਵੇਗਾ?
ਇਸ ਵਾਰ ਕਾਮਨਵੈਲਥ ਖੇਡਾਂ ਵੱਖਰੀਆਂ ਕਿਉਂ ਹਨ?
ਦਰਅਸਲ 2026 ਦੀਆਂ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਪਹਿਲਾਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਨੂੰ ਮਿਲੀ ਸੀ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਵਿਕਟੋਰੀਆ ਸਰਕਾਰ ਨੇ 2023 ਵਿੱਚ ਵਧਦੇ ਖਰਚਿਆਂ ਕਾਰਨ ਮੇਜ਼ਬਾਨੀ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਮਲੇਸ਼ੀਆ ਨੇ ਵੀ ਮੇਜ਼ਬਾਨੀ ਕਰਨ ਦੀ ਸੰਭਾਵਨਾ 'ਤੇ ਵਿਚਾਰ ਕੀਤਾ, ਪਰ ਸਮੇਂ ਦੀ ਕਮੀ, ਖਰਚਿਆਂ ਅਤੇ ਫੰਡਿੰਗ ਨਾਲ ਜੁੜੀਆਂ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ।
ਫਿਰ ਗਲਾਸਗੋ ਨੇ ਬਦਲਵੇਂ ਮੇਜ਼ਬਾਨ ਵਜੋਂ ਅੱਗੇ ਆ ਕੇ ਪੇਸ਼ਕਸ਼ ਕੀਤੀ, ਜਿਸ ਨੂੰ ਸਕਾਟਿਸ਼ ਸਰਕਾਰ ਦਾ ਸਮਰਥਨ ਮਿਲਿਆ। ਸੀਜੀਐੱਫ ਨੇ ਇਸ ਲਈ 10 ਕਰੋੜ ਪੌਂਡ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਰਾਇਟਰਜ਼ ਮੁਤਾਬਕ ਕਾਮਨਵੈਲਥ ਗੇਮਜ਼ ਆਸਟ੍ਰੇਲੀਆ ਨੇ ਵੀ ਗਲਾਸਗੋ ਦੀ ਮੇਜ਼ਬਾਨੀ ਨੂੰ ਸਮਰਥਨ ਦੇਣ ਲਈ ਕਈ ਮਿਲੀਅਨ ਪੌਂਡ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਸੀ।
ਰਾਸ਼ਟਰਮੰਡਲ ਖੇਡਾਂ ਦੇ ਪਿਛਲੇ ਛੇ ਵਿੱਚੋਂ ਪੰਜ ਐਡੀਸ਼ਨ ਆਸਟ੍ਰੇਲੀਆ ਜਾਂ ਬ੍ਰਿਟੇਨ ਵਿੱਚ ਹੋਏ ਹਨ। ਇਸ ਦੌਰਾਨ ਖੇਡਾਂ ਦੀ ਅਹਿਮੀਅਤ ਨੂੰ ਲੈ ਕੇ ਸਵਾਲ ਵੀ ਉੱਠਦੇ ਰਹੇ ਹਨ, ਕਿਉਂਕਿ ਕਈ ਚੋਟੀ ਦੇ ਖਿਡਾਰੀ ਇਨ੍ਹਾਂ ਵਿੱਚ ਹਿੱਸਾ ਨਹੀਂ ਲੈਂਦੇ।
ਇਸ ਤੋਂ ਬਾਅਦ ਗਲਾਸਗੋ ਨੇ ਘੱਟ ਖਰਚ ਵਾਲੇ ਮਾਡਲ ਤਹਿਤ ਖੇਡਾਂ ਦੀ ਮੇਜ਼ਬਾਨੀ ਸਵੀਕਾਰ ਕੀਤੀ।
ਇਸ ਲਈ ਇਸ ਵਾਰ ਨਵੇਂ ਸਟੇਡੀਅਮ ਨਹੀਂ ਬਣਾਏ ਗਏ ਅਤੇ ਜ਼ਿਆਦਾਤਰ ਮੁਕਾਬਲੇ ਪਹਿਲਾਂ ਤੋਂ ਮੌਜੂਦ ਸਥਾਨਾਂ 'ਤੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਖੇਡਾਂ ਅਤੇ ਖਿਡਾਰੀਆਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ।
ਇਸ ਵਾਰ ਕਿੰਨੇ ਦੇਸ਼ ਅਤੇ ਕਿੰਨੇ ਖਿਡਾਰੀ ਹਿੱਸਾ ਲੈਣਗੇ?
ਗਲਾਸਗੋ 2026 ਵਿੱਚ ਕਾਮਨਵੈਲਥ ਦੇ 74 ਦੇਸ਼ ਅਤੇ ਖੇਤਰ ਹਿੱਸਾ ਲੈਣ ਲਈ ਤਿਆਰ ਹਨ। ਇਨ੍ਹਾਂ ਦੇਸ਼ਾਂ ਦੇ ਲਗਭਗ 3,000 ਖਿਡਾਰੀ ਇਨ੍ਹਾਂ ਵੱਖ-ਵੱਖ ਖੇਡਾਂ ਵਿੱਚ ਮੁਕਾਬਲਾ ਕਰਨਗੇ, ਜੋ ਪਿਛਲੇ ਐਡੀਸ਼ਨ ਨਾਲੋਂ ਕਾਫ਼ੀ ਘੱਟ ਹਨ।
ਇਸ ਵਾਰ ਕਿਹੜੀਆਂ ਖੇਡਾਂ ਹੋਣਗੀਆਂ?
- ਗਲਾਸਗੋ 2026 ਵਿੱਚ ਸਿਰਫ਼ 10 ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
- ਐਥਲੈਟਿਕਸ
- ਤੈਰਾਕੀ
- ਮੁੱਕੇਬਾਜ਼ੀ
- ਜੂਡੋ
- ਵੇਟਲਿਫਟਿੰਗ
- ਟਰੈਕ ਸਾਈਕਲਿੰਗ
- ਆਰਟਿਸਟਿਕ ਜਿਮਨਾਸਟਿਕਸ
- ਲਾਨ ਬੋਲਜ਼
- ਨੈਟਬਾਲ
- 3×3 ਬਾਸਕਟਬਾਲ
ਇਸ ਦੇ ਨਾਲ ਛੇ ਪੈਰਾ ਖੇਡਾਂ ਨੂੰ ਵੀ ਮੁੱਖ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਕਿਹੜੀਆਂ ਵੱਡੀਆਂ ਖੇਡਾਂ ਬਾਹਰ ਹੋ ਗਈਆਂ?
ਇਸ ਵਾਰ ਕਈ ਪ੍ਰਸਿੱਧ ਖੇਡਾਂ ਨੂੰ ਪ੍ਰੋਗਰਾਮ ਵਿੱਚੋਂ ਹਟਾ ਦਿੱਤਾ ਗਿਆ ਹੈ।
- ਹਾਕੀ
- ਕ੍ਰਿਕਟ
- ਕੁਸ਼ਤੀ
- ਬੈਡਮਿੰਟਨ
- ਸ਼ੂਟਿੰਗ
- ਟੇਬਲ ਟੈਨਿਸ
- ਸਕੁਐਸ਼
- ਰਗਬੀ ਸੈਵਨਜ਼
- ਟ੍ਰਾਇਥਲਾਨ
ਇਨ੍ਹਾਂ ਵਿੱਚੋਂ ਕਈ ਖੇਡਾਂ ਭਾਰਤ ਲਈ ਤਗਮਿਆਂ ਦਾ ਵੱਡਾ ਸਰੋਤ ਰਹੀਆਂ ਹਨ।
ਭਾਰਤ ਦੇ ਕਿੰਨੇ ਖਿਡਾਰੀ ਹਿੱਸਾ ਲੈ ਰਹੇ?
ਭਾਰਤੀ ਓਲੰਪਿਕ ਸੰਘ ਨੇ ਗਲਾਸਗੋ ਜਾਣ ਵਾਲੇ 124 ਮੈਂਬਰੀ ਦਲ ਦਾ ਰਸਮੀ ਐਲਾਨ ਕੀਤਾ ਹੈ।
ਇਸ ਦਲ ਵਿੱਚ ਆਮ ਅਤੇ ਪੈਰਾ ਦੋਵੇਂ ਵਰਗਾਂ ਦੇ ਖਿਡਾਰੀ ਸ਼ਾਮਲ ਹਨ। ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਓਲੰਪਿਕ ਸੰਘ ਵੱਲੋਂ ਦਿੱਲੀ ਵਿੱਚ ਕੁਝ ਦਿਨ ਪਹਿਲਾਂ ਟੀਮ ਇੰਡੀਆ ਦੀ ਅਧਿਕਾਰਤ ਕਿੱਟ ਵੀ ਜਾਰੀ ਕੀਤੀ ਸੀ।
ਜੇਕਰ 2022 ਦੀਆਂ ਬਰਮਿੰਘਮ ਕਾਮਨਵੈਲਥ ਖੇਡਾਂ ਦੀ ਗੱਲ ਕਰੀਏ ਤਾਂ ਉਦੋਂ ਭਾਰਤ ਨੇ 210 ਖਿਡਾਰੀ ਭੇਜੇ ਸਨ। ਇਸ ਵਾਰ ਖੇਡਾਂ ਘੱਟ ਹੋਣ ਕਰਕੇ ਦਲ ਵੀ ਛੋਟਾ ਹੈ।
ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ?
ਭਾਰਤ ਨੇ 2022 ਦੀਆਂ ਬਰਮਿੰਘਮ ਖੇਡਾਂ ਵਿੱਚ 61 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚ 22 ਸੋਨ ਤਗਮੇ ਵੀ ਸ਼ਾਮਲ ਸਨ।
ਪਰ ਇਸ ਵਾਰ ਸ਼ੂਟਿੰਗ, ਕੁਸ਼ਤੀ, ਹਾਕੀ ਅਤੇ ਬੈਡਮਿੰਟਨ ਵਰਗੀਆਂ ਖੇਡਾਂ ਨਾ ਹੋਣ ਕਾਰਨ ਭਾਰਤ ਨੂੰ ਤਗਮਿਆਂ ਦੀ ਗਿਣਤੀ ਵਿੱਚ ਕਾਫ਼ੀ ਨੁਕਸਾਨ ਝੱਲਣਾ ਪਵੇਗਾ।
ਇਸ ਲਈ ਇਸ ਵਾਰ ਐਥਲੈਟਿਕਸ, ਮੁੱਕੇਬਾਜ਼ੀ ਅਤੇ ਵੇਟਲਿਫਟਿੰਗ ਵਰਗੀਆਂ ਖੇਡਾਂ ਦੀ ਮਹੱਤਤਾ ਹੋਰ ਵੱਧ ਗਈ ਹੈ। ਜਿਸ ਤਰ੍ਹਾਂ ਭਾਰਤ ਦੇ ਐਥਲੀਟਾਂ ਨੇ ਪਿੱਛੇ ਜਿਹੇ ਚੰਗਾ ਪ੍ਰਦਰਸ਼ਨ ਕੀਤਾ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਕਾਮਨਵੈਲਥ ਖੇਡਾਂ ਵਿੱਚ ਵੀ ਉਹ ਕਮਾਲ ਦਿਖਾਉਣਗੇ।
ਸ਼ੂਟਿੰਗ ਨਾ ਹੋਣ ਕਾਰਨ ਵੀ ਭਾਰਤ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਸਭ ਤੋਂ ਵੱਧ ਤਗਮੇ ਜਿੱਤੇ ਹਨ।
ਹੁਣ ਤੱਕ ਕੁੱਲ ਮਿਲਾ ਕਿ ਭਾਰਤ ਨੇ ਇਕੱਲੀ ਸ਼ੂਟਿੰਗ ਵਿੱਚੋਂ 135 ਮੈਡਲ ਹਾਸਿਲ ਕੀਤੇ ਹਨ। ਹਾਲਾਂਕਿ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸ਼ੂਟਿੰਗ ਨਹੀਂ ਸੀ।
ਪਰ ਜੇਕਰ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਖੇਡਾਂ ਦੀ ਗੱਲ ਕਰੀਏ ਤਾਂ ਉਦੋਂ ਭਾਰਤ ਦੇ ਨਿਸ਼ਾਨੇਬਾਜ਼ਾਂ ਨੇ 16 ਮੈਡਲ ਜਿੱਤੇ ਸਨ। ਜਿਨ੍ਹਾਂ ਵਿੱਚੋਂ 7 ਗੋਲਡ ਮੈਡਲ ਸਨ।
ਕਿਹੜੇ ਪੰਜਾਬੀ ਖਿਡਾਰੀ ਹਿੱਸਾ ਲੈ ਰਹੇ
ਰਾਸ਼ਟਰਮੰਡਲ ਖੇਡਾਂ ਵਿੱਚ ਕਈ ਪੰਜਾਬੀ ਖਿਡਾਰੀ ਵੀ ਹਿੱਸਾ ਲੈਂਦੇ ਹੋਏ ਨਜ਼ਰ ਆਉਣਗੇ।
ਹਾਲਾਂਕਿ ਹਾਕੀ ਨਾ ਹੋਣ ਕਾਰਨ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਕਾਫੀ ਘੱਟ ਰਹਿ ਗਈ ਹੈ ਕਿਉਂਕਿ ਹਾਕੀ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਭਾਰਤੀ ਟੀਮ ਵਿੱਚ ਕਈ ਪੰਜਾਬੀ ਖਿਡਾਰੀ ਖੇਡ ਰਹੇ ਹਨ।
ਜਿਹੜੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ ਉਨ੍ਹਾਂ ਵਿੱਚ ਸਭ ਤੋਂ ਵੱਡਾ ਨਾਮ ਗੁਰਿੰਦਰ ਵੀਰ ਸਿੰਘ ਦਾ ਹੈ। ਜੋ ਕਿ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਹਨ।
ਜਲੰਧਰ ਦੇ ਰਹਿਣ ਵਾਲੇ ਗੁਰਿੰਦਰਵੀਰ ਸਿੰਘ ਤੋਂ ਭਾਰਤ ਨੂੰ ਕਾਫ਼ੀ ਉਮੀਦਾਂ ਹਨ। ਗੁਰਿੰਦਰਵੀਰ ਨੇ 100 ਮੀਟਰ ਦੌੜ 10.09 ਸੈਕਿੰਡ ਵਿੱਚ ਪੂਰੀ ਕਰਕੇ ਨੈਸ਼ਨਲ ਰਿਕਾਰਡ ਆਪਣੇ ਨਾਮ ਕੀਤਾ ਸੀ। ਹੋਰ ਖਿਡਾਰੀਆਂ ਵਿੱਚ...
- ਤੇਜਿੰਦਰਪਾਲ ਸਿੰਘ ਤੂਰ (ਸ਼ਾਟ ਪੁੱਟ)
- ਰਸ਼ਦੀਪ ਕੌਰ (400 ਮੀਟਰ, ਮਿਕਸਡ 4x400 ਮੀਟਰ ਰਿਲੇਅ)
- ਹਰਜਿੰਦਰ ਕੌਰ, ਵੇਟਲਿਫਟਰ- 69 ਕਿਲੋਗ੍ਰਾਮ
- ਲਵਪ੍ਰੀਤ ਸਿੰਘ, ਵੇਟਲਿਫਟਰ- 110 ਕਿਲੋਗ੍ਰਾਮ
- ਦਿਲਬਾਗ ਸਿੰਘ, ਵੇਟਲਿਫਟਰ- 94 ਕਿਲੋਗ੍ਰਾਮ
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਕਿੰਨੇ ਤਗਮੇ ਜਿੱਤੇ
ਖੇਡਾਂ ਨਾਲ ਸਬੰਧਤ ਵੈੱਬਸਾਈਟ ਓਲੰਪਿਕ.ਕਾਮ ਤੋਂ ਲਈ ਜਾਣਕਾਰੀ ਮੁਤਾਬਕ ਭਾਰਤ 1934 ਤੋਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਂਦਾ ਆ ਰਿਹਾ।
ਉਸ ਸਮੇਂ ਇਨ੍ਹਾਂ ਖੇਡਾਂ ਨੂੰ ਬ੍ਰਿਟਿਸ਼ ਐਮਪਾਇਰ ਗੇਮਜ਼ ਕਿਹਾ ਜਾਂਦਾ ਸੀ। 1934 ਦੀਆਂ ਰਾਸ਼ਟਰਮੰਡਲ ਖੇਡਾਂ ਲੰਡਨ ਵਿੱਚ ਹੋਈਆਂ ਸਨ। ਉਨ੍ਹਾਂ ਖੇਡਾਂ ਵਿੱਚ ਭਾਰਤ ਦੇ ਛੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਖਿਡਾਰੀਆਂ ਨੇ ਟਰੈਕ ਐਂਡ ਫੀਲਡ ਦੇ 10 ਮੁਕਾਬਲਿਆਂ ਅਤੇ ਕੁਸ਼ਤੀ ਦੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ।
ਭਾਰਤ ਨੇ ਆਪਣੇ ਪਹਿਲੇ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਤਗਮਾ ਜਿੱਤਿਆ ਸੀ। ਪੁਰਸ਼ਾਂ ਦੇ 74 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਭਲਵਾਨ ਰਾਸ਼ਿਦ ਅਨਵਰ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ।
ਜੇਕਰ ਭਾਰਤ ਵੱਲੋਂ ਹੁਣ ਤੱਕ ਦੇ ਜਿੱਤੇ ਤਗਮਿਆਂ ਦੀ ਗੱਲ ਕਰੀਏ ਤਾਂ ਇਹ ਗਿਣਤੀ 564 ਹੈ। ਜਿਨ੍ਹਾਂ 'ਚੋਂ 203 ਸੋਨੇ ਦੇ ਤਗਮੇ, 190 ਸਿਲਵਰ ਤੇ 171 ਕਾਂਸੇ ਦੇ ਤਗਮੇ ਸ਼ਾਮਿਲ ਹਨ।
ਸ਼ੂਟਰ ਜਸਪਾਲ ਰਾਣਾ ਨੇ ਹੁਣ ਤੱਕ ਭਾਰਤ ਵੱਲੋਂ ਸਭ ਤੋਂ ਵੱਧ 15 ਤਗਮੇ ਜਿੱਤੇ ਹਨ। ਹਾਲਾਂਕਿ ਜਸਪਾਲ ਰਾਣਾ ਦੇ ਕੁਝ ਦਿਨ ਪਹਿਲਾਂ ਦੇਹਾਂਤ ਹੋ ਚੁੱਕਿਆ।
ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2010 ਦੀਆਂ ਨਵੀਂ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਰਿਹਾ ਹੈ। ਜਿਨ੍ਹਾਂ ਵਿੱਚ ਭਾਰਤ 101 ਤਗਮਿਆਂ ਨਾਲ ਦੂਜੇ ਨੰਬਰ 'ਤੇ ਰਿਹਾ ਸੀ।
ਭਾਰਤ ਨੇ ਹੁਣ ਤੱਕ ਸ਼ੂਟਿੰਗ ਵਿੱਚੋਂ ਸਭ ਤੋਂ ਵੱਧ 135 ਤਗਮੇ ਜਿੱਤੇ ਹਨ। ਇਸ ਤੋਂ ਬਾਅਦ ਵੇਟਲਿਫਟਿੰਗ ਤੇ ਕੁਸ਼ਤੀ ਦਾ ਨਾਮ ਆਉਂਦਾ ਹੈ। ਵੇਟਲਿਫਟਿੰਗ 'ਚੋਂ 133 ਤੇ ਕੁਸ਼ਤੀ ਵਿੱਚੋਂ ਭਾਰਤ ਨੇ 115 ਤਗਮੇ ਹਾਸਿਲ ਕੀਤੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ