You’re viewing a text-only version of this website that uses less data. View the main version of the website including all images and videos.
ਕਾਰ ਮਾਲਕ ਦਾ ਦਾਅਵਾ- ‘ਈ20 ਪੈਟਰੋਲ ਨਾਲ ਖ਼ਰਾਬ ਹੋਈ ਕਾਰ’, ਹੁਣ ਕੰਪਨੀ ਨੂੰ ਨਵੀਂ ਗੱਡੀ ਦੇਣ ਦਾ ਹੁਕਮ, ਪੂਰਾ ਮਾਮਲਾ ਜਾਣੋ
- ਲੇਖਕ, ਆਲੋਕ ਪੁਤੁਲ
- ਰੋਲ, ਬੀਬੀਸੀ ਹਿੰਦੀ ਲਈ, ਰਾਇਪੁਰ ਤੋਂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਦੇਸ਼ ਭਰ ਵਿੱਚ ਇਥੇਨੋਲ ਮਿਲੇ ਈ20 ਪੈਟਰੋਲ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਦੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਇੱਕ ਅਹਿਮ ਫ਼ੈਸਲਾ ਸੁਣਾਇਆ ਹੈ।
ਇੱਕ ਉਪਭੋਗਤਾ ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਮਾਰੁਤੀ ਸੁਜ਼ੁਕੀ ਇੰਡੀਆ ਲਿਮਿਟੇਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 45 ਦਿਨਾਂ ਦੇ ਅੰਦਰ ਉਸੇ ਮਾਡਲ ਦੀ ਨਵੀਂ ਈ20 ਫਿਊਲ ਪਾਵਰਡ ਕਾਰ ਸ਼ਿਕਾਇਤਕਰਤਾ ਨੂੰ ਉਪਲੱਬਧ ਕਰਵਾਏ।
ਜੇ ਕੰਪਨੀ ਅਜਿਹਾ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਉਸ ਨੂੰ ਕਾਰ ਦੀ ਪੂਰੀ ਕੀਮਤ ਸਮੇਤ ਕੁੱਲ 20 ਲੱਖ 50 ਹਜ਼ਾਰ 494 ਰੁਪਏ ਵਾਪਸ ਕਰਨੇ ਪੈਣਗੇ।
ਇਸ ਤੋਂ ਇਲਾਵਾ ਕਮਿਸ਼ਨ ਨੇ ਮਾਨਸਿਕ ਪੀੜਾ ਲਈ ਇੱਕ ਲੱਖ ਰੁਪਏ ਅਤੇ ਮੁਕੱਦਮੇ ਦੇ ਖ਼ਰਚ ਵਜੋਂ 10 ਹਜ਼ਾਰ ਰੁਪਏ ਦੇਣ ਦਾ ਵੀ ਹੁਕਮ ਦਿੱਤਾ ਹੈ।
ਪਰ ਜਿਸ ਮਾਰੁਤੀ ਸੁਜ਼ੁਕੀ ਡੀਲਰਸ਼ਿਪ ਤੋਂ ਇਹ ਕਾਰ ਖਰੀਦੀ ਗਈ ਸੀ, ਉਸ ਨੇ ਕਮਿਸ਼ਨ ਦੇ ਸਾਹਮਣੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਦੀ ਕਾਰ ਵਿੱਚ ਆਈ ਖ਼ਰਾਬੀ ਬਾਹਰੀ ਕਾਰਕਾਂ ਕਰਕੇ ਹੋਈ ਸੀ, ਜੋ ਕਿਸੇ ਵੀ ਹਾਲਤ ਵਿੱਚ ਵਾਰੰਟੀ ਦੇ ਅਧੀਨ ਨਹੀਂ ਆਉਂਦੇ।
ਕਿਵੇਂ ਸ਼ੁਰੂ ਹੋਇਆ ਵਿਵਾਦ
ਇਹ ਮਾਮਲਾ ਰਾਇਪੁਰ ਦੇ ਰਹਿਣ ਵਾਲੇ ਡਾਕਟਰ ਪ੍ਰੇਮਰਾਜ ਦੇਬਤਾ ਦਾ ਹੈ। ਉਨ੍ਹਾਂ ਨੇ ਜੂਨ 2024 ਵਿੱਚ ਮਾਰੁਤੀ ਕੰਪਨੀ ਦੀ ਗ੍ਰੈਂਡ ਵਿਟਾਰਾ ਆਈਈਈ ਸਟ੍ਰਾਂਗ ਹਾਈਬ੍ਰਿਡ ਜ਼ੇਟਾ ਪਲੱਸ ਐੱਸਯੂਵੀ ਖਰੀਦੀ ਸੀ। ਹਾਲਾਂਕਿ, ਇਹ ਵਾਹਨ ਜਨਵਰੀ 2023 ਵਿੱਚ ਬਣਾਇਆ ਗਿਆ ਸੀ।
ਕਾਰ ਵਿੱਚ ਵਾਰ-ਵਾਰ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਉਨ੍ਹਾਂ ਨੇ ਰਾਇਪੁਰ ਦੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਡਾਕਟਰ ਪ੍ਰੇਮਰਾਜ ਦੇਬਤਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਇੱਕ ਸ਼ਾਮ ਜਦੋਂ ਮੈਂ ਆਪਣੇ ਕਲੀਨਿਕ ਤੋਂ ਨਿੱਕਲ ਰਿਹਾ ਸੀ, ਤਾਂ ਮੇਰੀ ਗੱਡੀ ਅਚਾਨਕ ਬੰਦ ਹੋ ਗਈ। ਉਸ ਨੂੰ ਕੰਪਨੀ ਦੇ ਸਰਵਿਸ ਸੈਂਟਰ ਲਿਜਾਇਆ ਗਿਆ, ਜਿੱਥੇ ਦੱਸਿਆ ਗਿਆ ਕਿ ਪੈਟਰੋਲ ਵਿੱਚ ਮਿਲਾਵਟ ਹੈ। ਅਜਿਹਾ ਕਈ ਵਾਰ ਹੋਇਆ। ਬਾਅਦ ਵਿੱਚ ਅਸੀਂ ਸਰਕਾਰੀ ਲੈਬ ਵਿੱਚ ਜਾਂਚ ਕਰਵਾਈ, ਤਾਂ ਪਤਾ ਲੱਗਾ ਕਿ ਚਿੱਟਾ ਦਹੀਂ ਵਰਗਾ ਜੰਮਿਆ ਹੋਇਆ ਪਦਾਰਥ ਅਸਲ ਵਿੱਚ ਇਥੇਨੋਲ ਸੀ।"
ਦੇਬਤਾ ਦਾ ਦਾਅਵਾ ਹੈ ਕਿ "ਜਾਂਚ ਰਿਪੋਰਟ ਦੇ ਆਧਾਰ 'ਤੇ ਜਦੋਂ ਡੀਲਰਸ਼ਿਪ ਕੋਲ ਸ਼ਿਕਾਇਤ ਕੀਤੀ ਗਈ, ਤਾਂ ਡੀਲਰਸ਼ਿਪ ਨੇ ਇਹ ਕਹਿੰਦੇ ਹੋਏ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਖ਼ਰਾਬੀ ਇਥੇਨੋਲ ਮਿਲੇ ਪੈਟਰੋਲ ਕਾਰਨ ਹੋਈ ਹੈ।"
ਇਸ ਤੋਂ ਬਾਅਦ ਉਨ੍ਹਾਂ ਨੇ ਉਪਭੋਗਤਾ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤਕਰਤਾ ਦਾ ਇਲਜ਼ਾਮ
ਸ਼ਿਕਾਇਤਕਰਤਾ ਦਾ ਇਲਜ਼ਾਮ ਸੀ ਕਿ ਵਾਹਨ ਖਰੀਦਦੇ ਸਮੇਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਕਾਰ ਦਾ ਇੰਜਣ E20 ਪੈਟਰੋਲ ਲਈ ਪੂਰੀ ਤਰ੍ਹਾਂ ਢੁਕਵਾਂ (ਸਪੋਰਟ ਨਹੀਂ ਕਰਦਾ) ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਵਾਹਨ ਈ20 ਈਂਧਨ ਲਈ ਸਮਰੱਥ ਨਹੀਂ ਸੀ ਜਾਂ ਉਸ ਦੇ ਇਸਤੇਮਾਲ ਨੂੰ ਲੈਕੇ ਕੋਈ ਖ਼ਾਸ ਸਾਵਧਾਨੀ ਵਰਤਣੀ ਲਾਜ਼ਮੀ ਸੀ, ਤਾਂ ਇਸ ਦੀ ਸਪਸ਼ਟ ਜਾਣਕਾਰੀ ਵਿੱਕਰੀ ਦੇ ਸਮੇਂ ਦਿੱਤੀ ਜਾਣੀ ਚਾਹੀਦੀ ਸੀ।
ਇਸ ਮਾਮਲੇ ਵਿੱਚ ਵਾਹਨ ਵਿਕਰੇਤਾ ਨੇਕਸਾ ਮੈਗਨੈਟੋ ਸਕਾਈ ਆਟੋਮੋਬਾਈਲਜ਼ ਅਤੇ ਵਾਹਨ ਨਿਰਮਾਤਾ ਮਾਰੁਤੀ ਸੁਜ਼ੁਕੀ ਇੰਡੀਆ ਲਿਮਿਟੇਡ ਨੂੰ ਪੱਖਕਾਰ (ਜਿਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ) ਬਣਾਇਆ ਗਿਆ।
ਸਾਰੇ ਪੱਖਾਂ ਦੀਆਂ ਦਲੀਲਾਂ ਅਤੇ ਉਪਲੱਬਧ ਸਬੂਤਾਂ 'ਤੇ ਵਿਚਾਰ ਕਰਨ ਤੋਂ ਬਾਅਦ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਡਾਕਟਰ ਪ੍ਰੇਮਰਾਜ ਦੇਬਤਾ ਨੇ 3 ਜੂਨ 2024 ਨੂੰ ਜੋ ਕਾਰ ਖਰੀਦੀ ਸੀ, ਉਸ ਦਾ ਇੰਜਣ 20 ਫ਼ੀਸਦੀ ਇਥੇਨੋਲ ਮਿਲੇ ਪੈਟਰੋਲ (E20) 'ਤੇ ਚੱਲਣ ਲਈ ਢੁਕਵਾਂ ਨਹੀਂ ਸੀ।
ਕਮਿਸ਼ਨ ਨੇ ਇਹ ਵੀ ਮੰਨਿਆ ਕਿ ਕਾਰ ਜਨਵਰੀ 2023 ਵਿੱਚ ਬਣਾਈ ਗਈ ਸੀ ਅਤੇ ਉਸ ਦਾ ਇੰਜਣ ਈ20 ਪੈਟਰੋਲ ਪਾਵਰਡ ਨਹੀਂ ਸੀ।
ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਸ਼ਿਕਾਇਤਕਰਤਾ ਨੇ ਵਾਰ-ਵਾਰ ਈਂਧਨ ਬਦਲ ਕੇ, ਪੈਟਰੋਲ ਟੈਂਕ ਦੀ ਸਫ਼ਾਈ ਕਰਵਾ ਕੇ ਅਤੇ ਨਵਾਂ ਪੈਟਰੋਲ ਪਵਾ ਕੇ ਗੱਡੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਕਾਰ ਵਾਰ-ਵਾਰ ਬੰਦ ਹੁੰਦੀ ਰਹੀ। ਲਗਾਤਾਰ ਤਕਨੀਕੀ ਖ਼ਰਾਬੀ ਕਾਰਨ ਕਾਰ ਨੂੰ ਕਈ ਵਾਰ ਸਰਵਿਸ ਸੈਂਟਰ ਲਿਜਾਣਾ ਪਿਆ।
ਕਮਿਸ਼ਨ ਦਾ ਫ਼ੈਸਲਾ
ਕਮਿਸ਼ਨ ਨੇ ਆਪਣੇ ਫ਼ੈਸਲੇ ਵਿੱਚ ਇਹ ਵੀ ਕਿਹਾ ਕਿ ਆਧੁਨਿਕ ਵਾਹਨਾਂ ਵਿੱਚ ਈਂਧਨ ਦੀ ਗੁਣਵੱਤਾ ਅਤੇ ਉਸ ਦੀ ਅਨੁਕੂਲਤਾ ਇੱਕ ਅਹਿਮ ਵਿਸ਼ਾ ਹੈ। ਜੇ ਨਿਰਮਾਤਾ ਜਾਂ ਵਿਕਰੇਤਾ ਉਪਭੋਗਤਾ ਨੂੰ ਵਾਹਨ ਦੀ ਈਂਧਨ ਅਨੁਕੂਲਤਾ ਅਤੇ ਉਸ ਨਾਲ ਜੁੜੇ ਲਾਜ਼ਮੀ ਤੱਥਾਂ ਦੀ ਸਪਸ਼ਟ ਜਾਣਕਾਰੀ ਦੇਣ ਵਿੱਚ ਅਸਫ਼ਲ ਰਹਿੰਦੇ ਹਨ ਅਤੇ ਬਾਅਦ ਵਿੱਚ ਉਸੇ ਕਾਰਨ ਵਾਹਨ ਵਿੱਚ ਤਕਨੀਕੀ ਖ਼ਰਾਬੀ ਆ ਜਾਂਦੀ ਹੈ, ਤਾਂ ਇਸ ਨੂੰ ਸੇਵਾ (ਨਿਰਮਾਤਾ ਜਾਂ ਵਿਕਰੇਤਾ ਦੀ ਸਰਵਿਸ) ਵਿੱਚ ਕਮੀ ਮੰਨਿਆ ਜਾਵੇਗਾ।
ਕਮਿਸ਼ਨ ਨੇ ਮਾਰੁਤੀ ਸੁਜ਼ੁਕੀ ਨੂੰ ਨਿਰਦੇਸ਼ ਦਿੱਤਾ ਕਿ ਉਹ 45 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਦੀ ਖ਼ਰਾਬ ਕਾਰ ਵਾਪਸ ਲੈਕੇ ਉਸੇ ਮਾਡਲ ਦੀ ਨਵੀਂ ਈ20 ਫਿਊਲ ਪਾਵਰਡ ਕਾਰ ਮੁਹੱਈਆ ਕਰਵਾਏ।
ਜੇ ਕੰਪਨੀ ਅਜਿਹਾ ਨਹੀਂ ਕਰਦੀ, ਤਾਂ ਉਸ ਨੂੰ ਕਾਰ ਦੀ ਕੀਮਤ 18.29 ਲੱਖ ਰੁਪਏ, ਆਰਟੀਓ ਫ਼ੀਸ 1,86,850 ਰੁਪਏ ਅਤੇ ਬੀਮਾ ਪ੍ਰੀਮੀਅਮ 34,644 ਰੁਪਏ, ਯਾਨੀ ਕੁੱਲ 20,50,494 ਰੁਪਏ ਉਪਭੋਗਤਾ ਨੂੰ ਵਾਪਸ ਕਰਨੇ ਪੈਣਗੇ।
ਇਸ ਦੇ ਨਾਲ ਹੀ ਮਾਨਸਿਕ ਪੀੜਾ ਲਈ ਇੱਕ ਲੱਖ ਰੁਪਏ ਅਤੇ ਮੁਕੱਦਮੇ ਦੇ ਖ਼ਰਚ ਵਜੋਂ 10 ਹਜ਼ਾਰ ਰੁਪਏ ਦਾ ਭੁਗਤਾਨ ਵੀ ਕਰਨਾ ਹੋਵੇਗਾ।
ਕਾਰ ਵਿਕਰੇਤਾ ਦੀ ਦਲੀਲ
ਇਸ ਸਬੰਧ ਵਿੱਚ ਕਾਰ ਵਿਕਰੇਤਾ ਨੇਕਸਾ ਮੈਗਨੈਟੋ ਸਕਾਈ ਆਟੋਮੋਬਾਈਲਜ਼ ਦੇ ਮੈਨੇਜਰ ਨੇ ਅਦਾਲਤ ਵਿੱਚ ਪੇਸ਼ ਆਪਣੇ ਜਵਾਬ ਵਿੱਚ ਕਿਹਾ ਕਿ "ਕਾਰ ਵਿੱਚ ਸਮੱਸਿਆ ਪੈਟਰੋਲ ਕਾਰਨ ਹੋਈ ਅਤੇ ਉਸ ਦੀ ਜਾਂਚ ਵੀ ਕਰਵਾਈ ਗਈ।"
"ਹਰ ਵਾਰ ਟੈਂਕੀ ਸਾਫ਼ ਕਰਵਾਈ ਗਈ, ਪਰ ਹਰ ਵਾਰ ਪੈਟਰੋਲ ਵਿੱਚ ਗੜਬੜ ਪਾਈ ਗਈ।"
ਮੈਨੇਜਰ ਦੀ ਦਲੀਲ ਸੀ ਕਿ ਸ਼ਿਕਾਇਤਕਰਤਾ ਦੇ ਕਾਰ ਵਿੱਚ ਆਈ ਖ਼ਰਾਬੀ ਬਾਹਰੀ ਕਾਰਕਾਂ ਕਰਕੇ ਹੋਈ ਸੀ, ਜੋ ਕਿਸੇ ਵੀ ਹਾਲਤ ਵਿੱਚ ਵਾਰੰਟੀ ਦੇ ਦਾਇਰੇ ਵਿੱਚ ਨਹੀਂ ਆਉਂਦੀ।
ਉਨ੍ਹਾਂ ਦਾ ਕਹਿਣਾ ਸੀ ਕਿ ਵਾਰੰਟੀ ਪਾਲਿਸੀ ਦੇ ਅਨੁਸਾਰ ਬਾਹਰੀ ਕਾਰਕਾਂ ਕਰਕੇ ਜੇ ਗੱਡੀ ਵਿੱਚ ਖ਼ਰਾਬੀ ਆਉਂਦੀ ਹੈ, ਤਾਂ ਉਹ ਵਾਰੰਟੀ ਦੇ ਦਾਇਰੇ ਵਿੱਚ ਨਹੀਂ ਆਉਂਦੀ।
ਆਪਣੀ ਸਫ਼ਾਈ ਵਿੱਚ ਕੰਪਨੀ ਦੇ ਮੈਨੇਜਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਕਾਰ ਦੇ ਈਂਧਨ ਦਾ ਨਮੂਨਾ ਲੈਕੇ ਉਸ ਨੂੰ ਸੁਤੰਤਰ ਸਰਕਾਰੀ ਮਾਨਤਾ ਪ੍ਰਾਪਤ ਐਸਜੀਐਸ ਲੈਬ ਵਿੱਚ ਭੇਜਿਆ ਗਿਆ ਸੀ, ਜਿਸ ਵਿੱਚ ਪਾਇਆ ਗਿਆ ਕਿ ਈਂਧਨ ਦੀ ਗੁਣਵੱਤਾ ਸਹੀ ਨਹੀਂ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ