You’re viewing a text-only version of this website that uses less data. View the main version of the website including all images and videos.
ਕੀ ਨੌਜਵਾਨ ਮੁੰਡਿਆਂ ਵਿੱਚ ਮਾਸਪੇਸ਼ੀਆਂ ਵਧਾਉਣ ਦਾ ਰੁਝਾਨ ਵੱਧ ਰਿਹਾ ਹੈ, ਕੀ ਇਹ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ
- ਲੇਖਕ, ਕੇਟੀ ਕੇਅ
- ਰੋਲ, ਬੀਬੀਸੀ ਵਰਲਡ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਪਿਛਲੇ ਕੁਝ ਦਹਾਕਿਆਂ ਵਿੱਚ ਜ਼ਿਆਦਾਤਰ ਲੋਕਾਂ ਨੇ ਇਹ ਪਛਾਣਨਾ ਸਿੱਖ ਲਿਆ ਹੈ ਕਿ ਜਦੋਂ ਆਮ ਤੌਰ 'ਤੇ ਕੋਈ ਕਿਸ਼ੋਰ ਕੁੜੀ ਆਪਣੇ ਸਰੀਰ ਨਾਲ ਗੈਰ-ਸਿਹਤਮੰਦ ਰਿਸ਼ਤਾ ਵਿਕਸਿਤ ਕਰ ਰਿਹਾ ਹੋਵੇ ਤਾਂ ਇਸ ਦੇ ਸੰਕੇਤ ਕੀ ਹੁੰਦੇ ਹਨ।
ਆਮ ਤੌਰ 'ਤੇ ਇਸ ਦਾ ਸਬੰਧ ਸਰੀਰ ਦੇ ਹੋਰ ਪਤਲੇ ਬਣਨ ਨਾਲ ਹੁੰਦਾ ਹੈ।
ਪਰ ਹਾਲ ਹੀ ਵਿੱਚ ਮੇਰੀ ਗੱਲਬਾਤ ਡਾਕਟਰ ਰੌਬਰਟ ਓਲੀਵਾਰਡੀਆ ਨਾਲ ਹੋਈ। ਉਹ ਪਿਛਲੇ 30 ਸਾਲਾਂ ਤੋਂ ਸਰੀਰਕ ਦਿੱਖ ਨਾਲ ਜੁੜੀਆਂ ਦਿੱਕਤਾਂ ਦਾ ਅਧਿਐਨ ਕਰ ਰਹੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਮੁੰਡਿਆਂ ਵਿੱਚ ਪੈਦਾ ਹੋਣ ਵਾਲੀਆਂ ਅਜਿਹੀਆਂ ਸਮੱਸਿਆਵਾਂ ਨੂੰ ਪਛਾਣਨ ਵਿੱਚ ਸਮਾਜ ਅਜੇ ਵੀ ਓਨਾ ਸਮਰੱਥ ਨਹੀਂ ਹੈ।
ਬਹੁਤ ਸਾਰੇ ਬੱਚਿਆਂ ਅਤੇ ਕਿਸ਼ੋਰਾਂ ਲਈ ਇਹ ਜਨੂੰਨ ਭਾਰ ਘਟਾਉਣ ਨਾਲ ਸਬੰਧਤ ਨਹੀਂ ਹੁੰਦਾ, ਸਗੋਂ ਮਾਸਪੇਸ਼ੀਆਂ ਵਧਾਉਣ ਨਾਲ ਹੁੰਦਾ ਹੈ। ਇਸ ਕਰਕੇ ਦਿੱਕਤ ਨੂੰ ਪਛਾਣਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਕਸਰਤ ਕਰਨਾ ਅਤੇ ਤਾਕਤ ਵਧਾਉਣਾ ਆਮ ਤੌਰ 'ਤੇ ਅਨੁਸ਼ਾਸਨ ਅਤੇ ਚੰਗੀ ਸਿਹਤ ਦੀਆਂ ਨਿਸ਼ਾਨੀਆਂ ਮੰਨੀਆਂ ਜਾਂਦੀਆਂ ਹਨ।
ਹਾਲਾਂਕਿ ਜ਼ਿਆਦਾਤਰ ਨੌਜਵਾਨ ਖਿਡਾਰੀਆਂ ਵਿੱਚ ਕੋਈ ਵਿਗਾੜ ਪੈਦਾ ਨਹੀਂ ਹੋਵੇਗਾ, ਪਰ ਓਲੀਵਾਰਡੀਆ ਦਾ ਕਹਿਣਾ ਹੈ ਕਿ ਮੁੰਡਿਆਂ ਵਿੱਚ ਆਪਣੇ ਸਰੀਰ ਨੂੰ ਲੈ ਕੇ ਪੈਦਾ ਹੋਣ ਵਾਲੀਆਂ ਦਿੱਕਤ ਦਾ ਇਹ ਰੁਝਾਨ ਵਿਗੜ ਰਿਹਾ ਹੈ।
ਅਸਲ ਵਿੱਚ, ਉਹ ਹਾਲ ਹੀ ਵਿੱਚ ਆਪਣੀ ਕਲੀਨਿਕ ਵਿੱਚ ਸਿਰਫ਼ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਦੇਖ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਇਸ ਦਾ ਇੱਕ ਮੁੱਖ ਕਾਰਨ ਹੈ।
ਉਹ ਕਹਿੰਦੇ ਹਨ, "ਇੰਨੇ ਲੰਬੇ ਸਮੇਂ ਤੋਂ ਇਹ ਕੰਮ ਕਰਨ ਅਤੇ ਸੋਸ਼ਲ ਮੀਡੀਆ ਆਉਣ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਨੂੰ ਦੇਖਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਅੱਜ ਅਸੀਂ ਬਿਲਕੁਲ ਵੱਖਰੇ ਕਿਸਮ ਦੇ ਵਰਤਾਰੇ ਦਾ ਸਾਹਮਣਾ ਕਰ ਰਹੇ ਹਾਂ।"
ਬਹੁਤ ਸਾਰੇ ਲੋਕ ਹੁਣ ਇਹ ਸਮਝਦੇ ਹਨ ਕਿ ਕੋਈ ਬਹੁਤ ਜ਼ਿਆਦਾ ਪਤਲੀ ਹੋ ਰਹੀ ਟੀਨੇਜ ਕੁੜੀ ਕਿਹੋ ਜਿਹੀ ਦਿਖਦੀ ਹੈ ਅਤੇ ਉਸ ਦੇ ਸਰੀਰ ਨਾਲ ਸਬੰਧਤ ਸਮੱਸਿਆ ਕਦੋਂ ਗੰਭੀਰ ਹੋਣ ਲੱਗਦੀ ਹੈ।
ਪਰ ਮੈਨੂੰ ਨਹੀਂ ਲੱਗਦਾ ਕਿ ਮੁੰਡਿਆਂ ਦੇ ਮਾਮਲੇ ਵਿੱਚ ਵੀ ਇਹੋ ਜਿਹੀ ਜਾਗਰੂਕਤਾ ਹੈ। ਕੀ ਹੁਣ ਸਾਨੂੰ ਇਸ ਬਾਰੇ ਵੀ ਗੱਲਬਾਤ ਕਰਨ ਦੀ ਲੋੜ ਹੈ ਕਿ ਮੁੰਡਿਆਂ ਲਈ ਤੰਦਰੁਸਤ ਸਰੀਰ ਕਿਹੋ ਜਿਹਾ ਹੁੰਦਾ ਹੈ?
ਬਿਲਕੁਲ। ਮੁੰਡਿਆਂ ਦੇ ਮਾਮਲੇ ਵਿੱਚ ਸਥਿਤੀ ਵੱਖਰੀ ਹੈ। ਸਾਡੇ ਕੋਲ 17ਵੀਂ ਸਦੀ ਤੱਕ ਦੇ ਅਜਿਹੇ ਅਧਿਐਨ ਮੌਜੂਦ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ ਪਤਲੇਪਣ ਅਤੇ ਨਾਰੀਵਾਦ ਨਾਲ ਸਬੰਧਤ ਦਬਾਅ ਬਾਰੇ ਸੰਦੇਸ਼ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ।
ਮਰਦਾਂ ਦੇ ਮਾਮਲੇ ਵਿੱਚ ਸਥਿਤੀ ਕੁਝ ਵੱਖਰੀ ਰਹੀ ਹੈ। ਸਾਡੇ ਕੀਤੇ ਅਧਿਐਨਾਂ ਮੁਤਾਬਕ ਇਹ ਵਰਤਾਰਾ 1970 ਦੇ ਦਹਾਕੇ ਦੇ ਅਖੀਰ ਅਤੇ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਲੋਕ ਸੱਭਿਆਚਾਰ ਦਾ ਹਿੱਸਾ ਬਣਨਾ ਸ਼ੁਰੂ ਹੋਇਆ, ਜਦੋਂ ਅਸੀਂ ਵਧੇਰੇ ਮਾਸਪੇਸ਼ੀਆਂ ਵਾਲੇ ਸਰੀਰਾਂ ਨੂੰ ਵੱਡੇ ਪੱਧਰ 'ਤੇ ਦੇਖਣਾ ਸ਼ੁਰੂ ਕੀਤਾ।
ਇਹ ਕੋਈ ਇਤਫ਼ਾਕ ਨਹੀਂ ਸੀ ਕਿ ਉਸ ਸਮੇਂ ਅਰਨੋਲਡ ਸ਼ਵਾਰਜ਼ਨੇਗਰ ਅਤੇ ਸਿਲਵੇਸਟਰ ਸਟੈਲੋਨ ਬਾਕਸ ਆਫਿਸ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਸਨ। ਕਈ ਤਰੀਕਿਆਂ ਨਾਲ ਉਨ੍ਹਾਂ ਦੇ ਸਰੀਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਸਨ।
ਜਿਵੇਂ ਅਸੀਂ ਕੁੜੀਆਂ ਅਤੇ ਔਰਤਾਂ ਨਾਲ ਇਹ ਗੱਲ ਕਰਦੇ ਹਾਂ ਕਿ ਉਨ੍ਹਾਂ ਦਾ ਸਰੀਰ ਹੀ ਉਨ੍ਹਾਂ ਦੀ ਪਛਾਣ ਨਹੀਂ ਹੈ, ਉਸੇ ਤਰ੍ਹਾਂ ਦੀਆਂ ਗੱਲਾਂ ਮੁੰਡਿਆਂ ਨਾਲ ਵੱਡੇ ਪੱਧਰ 'ਤੇ ਨਹੀਂ ਕੀਤੀਆਂ ਗਈਆਂ।
ਜਿਨ੍ਹਾਂ ਮਰਦਾਂ ਦੀਆਂ ਮਾਸਪੇਸ਼ੀਆਂ ਜ਼ਿਆਦਾ ਹੁੰਦੀਆਂ ਹਨ, ਉਨ੍ਹਾਂ ਨੂੰ ਵਧੇਰੇ ਮਰਦਾਨਾ ਸਮਝਿਆ ਜਾਂਦਾ ਹੈ। ਅਤੇ ਅੱਜ ਸੋਸ਼ਲ ਮੀਡੀਆ, ਖਾਸ ਕਰਕੇ ਅਖੌਤੀ "ਮੈਨੋਸਫੀਅਰ", ਇਸ ਧਾਰਨਾ ਨੂੰ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਖੁੱਲ੍ਹੇ ਤੌਰ 'ਤੇ ਉਤਸ਼ਾਹਿਤ ਕਰ ਰਿਹਾ ਹੈ।
ਆਓ 1990 ਦੇ ਦਹਾਕੇ ਵਿੱਚ ਵਾਪਸ ਚੱਲੀਏ, ਜਦੋਂ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਪਹਿਲੀ ਵਾਰ "ਮਸਲ ਡਿਸਮਾਰਫੀਆ" ਸ਼ਬਦ ਵਰਤਿਆ ਸੀ। ਉਸ ਸਮੇਂ ਤੁਹਾਨੂੰ ਇਸ ਸਮੱਸਿਆ ਬਾਰੇ ਕੀ ਚਿੰਤਾ ਸੀ?
1990 ਦੇ ਦਹਾਕੇ ਦੇ ਮੱਧ ਵਿੱਚ, ਜਦੋਂ ਮੈਂ ਬੱਚਿਆਂ, ਕਿਸ਼ੋਰਾਂ ਅਤੇ ਮਰਦਾਂ ਵਿੱਚ ਖਾਣ-ਪੀਣ ਨਾਲ ਸਬੰਧਤ ਵਿਗਾੜਾਂ ਬਾਰੇ ਖੋਜ ਕਰ ਰਿਹਾ ਸੀ, ਤਾਂ ਮੈਨੂੰ ਸਾਡੇ ਅਧਿਐਨਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਲੋਕਾਂ ਦੀਆਂ ਬਹੁਤ ਸਾਰੀਆਂ ਫੋਨ ਕਾਲਾਂ ਆਉਂਦੀਆਂ ਸਨ।
ਬਹੁਤ ਸਾਰੇ ਪੁਰਸ਼ ਮੈਨੂੰ ਕਹਿੰਦੇ ਸਨ, "ਮੈਨੂੰ ਪਹਿਲਾਂ ਐਨੋਰੈਕਸੀਆ ਨਰਵੋਸਾ ਜਾਂ ਬੁਲੀਮੀਆ ਨਰਵੋਸਾ ਸੀ। ਹੁਣ ਮੈਨੂੰ ਉਹ ਸਮੱਸਿਆ ਨਹੀਂ ਹੈ, ਪਰ ਮੈਂ ਵੱਧ ਤੋਂ ਵੱਧ ਮਾਸਪੇਸ਼ੀਆਂ ਬਣਾਉਣ ਦੀ ਇੱਕ ਜਨੂੰਨੀ ਕੋਸ਼ਿਸ਼ ਵਿੱਚ ਫਸਿਆ ਹੋਇਆ ਹਾਂ। ਫਰਕ ਸਿਰਫ਼ ਇਹ ਹੈ ਕਿ ਹੁਣ ਇਸ ਜਨੂੰਨ ਨੂੰ ਕਿਸੇ ਹੱਦ ਤੱਕ ਸਮਾਜਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ।"
ਅਸਲ ਵਿੱਚ, ਉਨ੍ਹਾਂ ਨੂੰ ਸਵਾਲ ਕਰਨ ਦੀ ਥਾਂ ਕਈ ਵਾਰ ਉਨ੍ਹਾਂ ਦੀ ਤਾਰੀਫ਼ ਕੀਤੀ ਜਾਂਦੀ ਹੈ। ਲੋਕ ਕਹਿੰਦੇ ਹਨ, "ਤੁਹਾਡੇ ਵਿੱਚ ਕਿੰਨਾ ਅਨੁਸ਼ਾਸਨ ਹੈ, ਤੁਹਾਡੀ ਇੱਛਾ-ਸ਼ਕਤੀ ਕਿੰਨੀ ਮਜ਼ਬੂਤ ਹੈ।"
ਅਸੀਂ ਆਮ ਤੌਰ 'ਤੇ ਇਹ ਨਹੀਂ ਸੋਚਦੇ ਕਿ ਬਹੁਤ ਮਾਸਪੇਸ਼ੀਆਂ ਵਾਲੇ ਕਿਸੇ ਮਰਦ ਨੂੰ ਵੀ ਕੋਈ ਮਾਨਸਿਕ ਦਿੱਕਤ ਹੋ ਸਕਦੀ ਹੈ। ਅਤੇ ਬੇਸ਼ੱਕ, ਜ਼ਿਆਦਾਤਰ ਮਾਸਪੇਸ਼ੀਆਂ ਵਾਲੇ ਮਰਦਾਂ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ।
ਪਰ ਇਹ ਅਜਿਹੇ ਮਰਦ ਹੁੰਦੇ ਹਨ ਜੋ ਕਾਫ਼ੀ ਤੰਦਰੁਸਤ ਅਤੇ ਮਾਸਪੇਸ਼ੀਆਂ ਵਾਲੇ ਹੋਣ ਦੇ ਬਾਵਜੂਦ, ਇੱਥੋਂ ਤੱਕ ਕਿ ਕਈ ਲੋਕਾਂ ਵੱਲੋਂ ਆਦਰਸ਼ ਸਰੀਰ ਵਾਲੇ ਮੰਨੇ ਜਾਣ ਦੇ ਬਾਵਜੂਦ ਵੀ ਇਹ ਮੰਨਦੇ ਰਹਿੰਦੇ ਹਨ ਕਿ ਉਹ ਬਹੁਤ ਛੋਟੇ ਹਨ।
ਉਨ੍ਹਾਂ ਨੂੰ ਹਮੇਸ਼ਾ ਇਹ ਡਰ ਰਹਿੰਦਾ ਹੈ ਕਿ ਅਗਲੇ ਦਿਨ ਉਹ ਅਚਾਨਕ ਕਮਜ਼ੋਰ ਜਾਂ ਪਤਲੇ ਨਜ਼ਰ ਆਉਣ ਲੱਗ ਪੈਣਗੇ।
ਇਹ ਮਰਦ ਆਪਣੇ ਸਰੀਰ ਦੇ ਆਕਾਰ ਅਤੇ ਦਿੱਖ ਬਾਰੇ ਲਗਾਤਾਰ ਸੋਚਦੇ ਰਹਿੰਦੇ ਹਨ। ਇਹ ਚਿੰਤਾ ਉਨ੍ਹਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਮਹੱਤਵਪੂਰਨ ਤਰੀਕੇ ਨਾਲ ਪ੍ਰਭਾਵਿਤ ਕਰਨ ਲੱਗਦੀ ਹੈ।
ਅੱਜ ਤੁਸੀਂ ਆਪਣੀ ਕਲੀਨਿਕ ਵਿੱਚ ਅਜਿਹਾ ਕੀ ਦੇਖ ਰਹੇ ਹੋ ਜੋ ਤੁਸੀਂ 5 ਜਾਂ 10 ਸਾਲ ਪਹਿਲਾਂ ਨਹੀਂ ਦੇਖਦੇ ਸੀ?
ਸਭ ਤੋਂ ਪਹਿਲਾਂ, ਸੋਸ਼ਲ ਮੀਡੀਆ ਨੇ ਅਜਿਹਾ ਸੱਭਿਆਚਾਰ ਪੈਦਾ ਕਰ ਦਿੱਤਾ ਹੈ ਜਿਸ ਵਿੱਚ ਹਰ ਕੋਈ ਮਾਹਰ ਬਣ ਗਿਆ ਹੈ।
ਇਸ ਲਈ ਜਦੋਂ ਕੋਈ ਇਨਫਲੂਐਂਸਰ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ ਕੁਝ ਵਿਚਾਰ ਫੈਲਾਉਂਦਾ ਹੈ, ਤਾਂ ਇੱਕ ਕਲੀਨਿਕਲ ਮਨੋਵਿਗਿਆਨੀ ਵਜੋਂ ਮੈਂ ਦੇਖਦਾ ਹਾਂ ਕਿ ਮੇਰੀ ਰਾਏ, ਕਿਸੇ ਡਾਕਟਰ ਦੀ ਰਾਏ ਜਾਂ ਕਿਸੇ ਵੀ ਵਿਸ਼ੇ ਦੇ ਮਾਹਰ ਦੀ ਰਾਏ ਨੂੰ ਜਾਂ ਤਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਾਂ ਘੱਟੋ-ਘੱਟ ਉਸ ਵਿਅਕਤੀ ਦੀ ਰਾਇ ਦੇ ਬਰਾਬਰ ਰੱਖ ਦਿੱਤਾ ਜਾਂਦਾ ਹੈ।
ਮਤਲਬ ਕਿਸੇ ਟਿਕਟੌਕ ਇਨਫਲੂਐਂਸਰ ਦੀ ਰਾਏ ਦੇ ਬਰਾਬਰ?
ਬਿਲਕੁਲ। ਕਿਸੇ ਟਿਕਟੌਕ ਇਨਫਲੂਐਂਸਰ ਦੀ, ਸਿਰਫ਼ ਇਸ ਲਈ ਕਿਉਂਕਿ ਉਸ ਦੇ 10 ਮਿਲੀਅਨ ਫਾਲੋਅਰ ਹਨ। ਜਿਵੇਂ ਇੰਨੇ ਫਾਲੋਅਰਜ਼ ਹੋਣਾ ਆਪਣੇ ਆਪ ਹੀ ਉਸ ਵਿਅਕਤੀ ਨੂੰ ਭਰੋਸੇਯੋਗ ਬਣਾ ਦਿੰਦਾ ਹੈ।
ਇੱਕ ਸਿਹਤ ਮਾਹਰ ਵਜੋਂ ਇਹ ਤੁਹਾਡੇ ਲਈ ਬਹੁਤ ਨਿਰਾਸ਼ਾਜਨਕ ਹੁੰਦਾ ਹੋਵੇਗਾ।
ਬਿਲਕੁਲ। ਅਤੇ ਇਹ ਮੇਰੇ ਹੰਕਾਰ ਦਾ ਮਾਮਲਾ ਨਹੀਂ ਹੈ, ਸਗੋਂ ਇਸ ਲਈ ਹੈ ਕਿਉਂਕਿ ਲੋਕਾਂ ਨੂੰ ਉਸ ਜਾਣਕਾਰੀ ਦੇ ਨਤੀਜੇ ਭੁਗਤਣੇ ਪੈ ਰਹੇ ਹਨ ਜੋ ਉਹ ਪ੍ਰਾਪਤ ਕਰ ਰਹੇ ਹਨ।
ਕਈ ਸਾਲ ਪਹਿਲਾਂ, ਜਦੋਂ ਇੰਟਰਨੈੱਟ ਆਇਆ ਸੀ, ਸਾਨੂੰ ਉਨ੍ਹਾਂ ਗਰੁੱਪਾਂ ਬਾਰੇ ਚਿੰਤਾ ਹੁੰਦੀ ਸੀ ਜੋ ਖਾਣ-ਪੀਣ ਨਾਲ ਸਬੰਧਤ ਵਿਗਾੜਾਂ ਨੂੰ ਉਤਸ਼ਾਹਿਤ ਕਰਦੇ ਸਨ। ਪਰ ਕਿਸੇ ਤਰ੍ਹਾਂ ਉਹ ਸਮੱਸਿਆ ਇੱਕ ਸੀਮਤ ਵਰਤਾਰੇ ਵਰਗੀ ਲੱਗਦੀ ਸੀ।
10 ਸਾਲ ਪਹਿਲਾਂ, ਜੇ ਮੈਂ ਕਿਸੇ ਅਜਿਹੇ ਨੌਜਵਾਨ ਨੂੰ ਮਿਲਦਾ ਜੋ ਹਥੌੜੇ ਨਾਲ ਆਪਣੇ ਚਿਹਰੇ 'ਤੇ ਵਾਰ ਕਰ ਰਿਹਾ ਹੁੰਦਾ, ਜਿਵੇਂ ਕਿ ਕੁਝ ਲੁੱਕਮੈਕਸਿੰਗ ਇਨਫਲੂਐਂਸਰਾਂ ਵੱਲੋਂ ਪ੍ਰਚਾਰਿਆ ਜਾਂਦਾ ਹੈ, ਤਾਂ ਅਜਿਹੇ ਵਿਹਾਰ ਨੂੰ ਲਗਭਗ ਮਨੋਵਿਕਾਰ ਵਰਗਾ ਮੰਨਿਆ ਜਾਂਦਾ, ਕਿਉਂਕਿ ਇਹ ਬਹੁਤ ਹੀ ਅਸਾਧਾਰਣ ਗੱਲ ਸੀ।
ਇੱਥੋਂ ਤੱਕ ਕਿ ਉਹ ਲੋਕ ਵੀ ਜੋ ਆਪਣੇ ਸਰੀਰਕ ਰੂਪ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੁੰਦੇ ਹਨ ਪਰ ਸ਼ਾਇਦ ਇੰਨੀ ਹੱਦ ਤੱਕ ਨਾ ਜਾਂਦੇ ਅਤੇ ਕਹਿੰਦੇ, "ਇਹ ਤਾਂ ਬਹੁਤ ਜ਼ਿਆਦਾ ਹੈ।"
ਪਰ ਜਦੋਂ ਤੁਸੀਂ ਲਗਾਤਾਰ ਅਜਿਹੀ ਸਮੱਗਰੀ ਦੇ ਸੰਪਰਕ ਵਿੱਚ ਰਹਿੰਦੇ ਹੋ, ਤਾਂ ਇਹ ਵਿਹਾਰ ਹੌਲੀ-ਹੌਲੀ ਆਮ ਲੱਗਣ ਲੱਗ ਪੈਂਦੇ ਹਨ।
ਇਹ ਗੱਲ ਧਿਆਨ ਵਿੱਚ ਰੱਖਣੀ ਮਹੱਤਵਪੂਰਨ ਹੈ ਕਿ ਮੈਂ 10 ਸਾਲ ਤੱਕ ਦੀ ਉਮਰ ਦੇ ਉਨ੍ਹਾਂ ਬੱਚਿਆਂ ਨਾਲ ਕੰਮ ਕਰਦਾ ਹਾਂ, ਜਿਨ੍ਹਾਂ ਨੂੰ ਆਪਣੇ ਸਰੀਰਕ ਰੂਪ ਨੂੰ ਲੈ ਕੇ ਦਿੱਕਤਾਂ ਹਨ। ਮੈਂ ਉਨ੍ਹਾਂ ਬਹੁਤ ਸੰਵੇਦਨਸ਼ੀਲ ਕਿਸ਼ੋਰਾਂ ਨਾਲ ਵੀ ਕੰਮ ਕਰਦਾ ਹਾਂ ਜੋ ਉਹੀ ਚੀਜ਼ ਲੱਭ ਰਹੇ ਹੁੰਦੇ ਹਨ, ਜੋ ਅਸੀਂ ਸਾਰੇ ਚਾਹੁੰਦੇ ਹਾਂ:, ਸਵੀਕਾਰਤਾ ਅਤੇ ਜੁੜਾਅ।
ਅਤੇ ਇਹ ਵਿਹਾਰ ਇਸ ਲਈ ਆਮ ਹੁੰਦੇ ਜਾ ਰਹੇ ਹਨ ਕਿਉਂਕਿ ਕੁਝ ਇਨਫਲੂਐਂਸਰਾਂ ਨੂੰ ਬਹੁਤ ਜ਼ਿਆਦਾ ਧਿਆਨ ਮਿਲਦਾ ਹੈ, ਉਹ ਕਾਫ਼ੀ ਪੈਸਾ ਕਮਾਉਂਦੇ ਹਨ, ਆਪਣੀ 15 ਮਿੰਟ ਦੀ ਸ਼ੋਹਰਤ ਦਾ ਆਨੰਦ ਮਾਣਦੇ ਹਨ ਅਤੇ ਲੱਖਾਂ ਫਾਲੋਅਰ ਇਕੱਠੇ ਕਰ ਲੈਂਦੇ ਹਨ। ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਭ ਕੁਝ ਉਨ੍ਹਾਂ ਨੂੰ ਭਰੋਸੇਯੋਗਤਾ ਪ੍ਰਦਾਨ ਕਰਦਾ ਹੈ।
ਇਹੀ ਲੋਕ ਇਨ੍ਹਾਂ ਨੌਜਵਾਨਾਂ ਨੂੰ ਕਹਿੰਦੇ ਹਨ: "ਜੇ ਤੁਸੀਂ ਇਹ ਕਰੋਗੇ, ਤਾਂ ਤੁਹਾਨੂੰ ਔਰਤਾਂ ਤੱਕ ਪਹੁੰਚ, ਤਾਕਤ, ਇੱਜ਼ਤ ਅਤੇ ਹੋਰ ਸਭ ਕੁਝ ਮਿਲੇਗਾ।"
ਸਿਹਤਮੰਦ ਤਰੀਕੇ ਨਾਲ ਕਸਰਤ ਕਰਨ ਅਤੇ ਗੈਰ-ਸਿਹਤਮੰਦ ਤਰੀਕੇ ਨਾਲ ਕਸਰਤ ਕਰਨ ਵਿਚਕਾਰ ਇੱਕ ਬਹੁਤ ਬਰੀਕ ਲਕੀਰ ਹੈ ਅਤੇ ਇਸ ਨੂੰ ਪਛਾਣਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਤੁਸੀਂ ਮਾਪਿਆਂ ਜਾਂ ਕੋਚਾਂ ਨੂੰ ਇਸ ਫ਼ਰਕ ਨੂੰ ਪਛਾਣਨ ਵਿੱਚ ਮਦਦ ਕਰਨ ਲਈ ਕੀ ਕਹੋਗੇ?
25 ਸਾਲ ਪਹਿਲਾਂ ਮੈਂ ਆਪਣੇ ਇੱਕ ਸਹਿਯੋਗੀ ਨਾਲ ਰਲ ਕੇ 'ਦੀ ਐਡੋਨਿਸ ਕੌਂਪਲੈਕਸ' ਨਾਮ ਦੀ ਕਿਤਾਬ ਲਿਖੀ ਸੀ। ਮੈਨੂੰ ਯਾਦ ਹੈ ਕਿ ਕਈ ਵਾਰ ਸਾਨੂੰ ਇਹ ਕਹਿ ਕੇ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ: "ਤਾਂ ਕੀ ਤੁਸੀਂ ਕਸਰਤ ਕਰਨ ਅਤੇ ਸਿਹਤਮੰਦ ਖਾਣ ਦੇ ਵਿਰੁੱਧ ਹੋ?" ਅਤੇ ਅਜਿਹਾ ਬਿਲਕੁਲ ਨਹੀਂ ਹੈ।
ਅਸੀਂ ਜਾਣਦੇ ਹਾਂ ਕਿ ਨੌਜਵਾਨਾਂ ਨੂੰ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਵੀ ਪ੍ਰਭਾਵਿਤ ਕਰਦੀਆਂ ਹਨ, ਜਿਵੇਂ ਮੋਟਾਪਾ, ਸਰੀਰਕ ਸਰਗਰਮੀ ਦੀ ਘਾਟ ਅਤੇ ਨੀਂਦ ਦੀ ਕਮੀ।
ਜਦੋਂ ਮੈਂ ਉਸ ਲਕੀਰ ਬਾਰੇ ਸੋਚਦਾ ਹਾਂ ਜੋ ਸਿਹਤਮੰਦ ਅਤੇ ਸਮੱਸਿਆ ਵਾਲੇ ਵਿਹਾਰ ਨੂੰ ਵੱਖ ਕਰਦੀ ਹੈ, ਤਾਂ ਦੋ ਗੱਲਾਂ ਮੇਰੇ ਲਈ ਬਹੁਤ ਮਹੱਤਵਪੂਰਨ ਹਨ।
ਪਹਿਲੀ ਗੱਲ ਇਹ ਹੈ ਕਿ ਕੀ ਉਹ ਵਿਅਕਤੀ ਆਪਣੇ ਆਪ ਨੂੰ ਅਸਲੀਅਤ ਦੇ ਮੁਤਾਬਕ ਦੇਖਦਾ ਹੈ? ਜੇ ਤੁਸੀਂ ਮਾਪੇ ਜਾਂ ਕੋਚ ਹੋ ਅਤੇ ਤੁਹਾਡਾ ਬੱਚਾ, ਵਿਦਿਆਰਥੀ ਜਾਂ ਖਿਡਾਰੀ ਕਹਿੰਦਾ ਹੈ, "ਹਾਏ ਰੱਬਾ, ਮੈਂ ਬਹੁਤ ਮੋਟਾ ਹਾਂ," ਜਦਕਿ ਅਸਲ ਵਿੱਚ ਉਹ ਮੋਟਾ ਨਹੀਂ ਹੈ, ਜਾਂ ਕਹਿੰਦਾ ਹੈ, "ਮੈਂ ਬਹੁਤ ਪਤਲਾ ਹਾਂ," ਜਦਕਿ ਅਸਲ ਵਿੱਚ ਉਸ ਦੀਆਂ ਮਾਸਪੇਸ਼ੀਆਂ ਕਾਫ਼ੀ ਵਿਕਸਿਤ ਹਨ, ਤਾਂ ਇਹ ਚਿੰਤਾ ਦਾ ਸੰਕੇਤ ਹੈ।
ਦੂਜੀ ਗੱਲ ਇਹ ਹੈ ਕਿ ਇਹ ਵਿਹਾਰ ਉਸ ਦੀ ਜ਼ਿੰਦਗੀ ਦੇ ਹੋਰ ਹਿੱਸਿਆਂ ਨੂੰ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ।
ਮੇਰੇ ਕੋਲ ਅਜਿਹੇ ਮਰੀਜ਼ ਹਨ ਜੋ ਕਸਰਤ ਕਰਨ ਦੇ ਇੰਨੇ ਜਨੂੰਨੀ ਹਨ ਕਿ ਉਹ ਦਿਨ ਵਿੱਚ ਪੰਜ ਜਾਂ ਛੇ ਘੰਟੇ ਜਿਮ ਵਿੱਚ ਬਿਤਾਉਂਦੇ ਹਨ ਅਤੇ ਪੂਰੀ ਤਰ੍ਹਾਂ ਥੱਕ ਜਾਂਦੇ ਹਨ। ਜੇ ਕੋਈ ਵਿਅਕਤੀ ਹਰ ਰੋਜ਼ ਪੰਜ ਜਾਂ ਛੇ ਘੰਟੇ ਵਜ਼ਨ ਚੁੱਕੇ ਤਾਂ ਕੋਈ ਵੀ ਥੱਕ ਜਾਵੇਗਾ।
ਅਖੀਰ ਵਿੱਚ ਉਨ੍ਹਾਂ ਕੋਲ ਹੋਰ ਕਿਸੇ ਕੰਮ ਲਈ ਸਮਾਂ ਨਹੀਂ ਬਚਦਾ ਅਤੇ ਉਹ ਇੱਕ ਦੁਸ਼ਚੱਕਰ ਵਿੱਚ ਫਸ ਜਾਂਦੇ ਹਨ।
ਅਤੇ ਬੇਸ਼ੱਕ, ਖਤਰਨਾਕ ਵਿਹਾਰਾਂ ਵੱਲ ਵੀ ਧਿਆਨ ਦੇਣਾ ਮਹੱਤਵਪੂਰਨ ਹੈ, ਜਿਵੇਂ ਸਟੀਰੌਇਡ ਜਾਂ ਹੋਰ ਪਦਾਰਥਾਂ ਦੀ ਵਰਤੋਂ।
ਮੇਰੇ ਬਹੁਤ ਸਾਰੇ ਮਰੀਜ਼ਾਂ ਨੂੰ ਜਿੰਮ ਵਿੱਚ ਹੱਦ ਤੋਂ ਵੱਧ ਕਸਰਤ ਕਰਨ ਕਾਰਨ ਹੋਣ ਵਾਲੇ ਦਰਦ ਦੇ ਇਲਾਜ ਲਈ ਦਿੱਤੀਆਂ ਜਾਣ ਵਾਲੀਆਂ ਓਪਿਓਇਡ ਦਵਾਈਆਂ ਦੀ ਲਤ ਵੀ ਲੱਗ ਜਾਂਦੀ ਹੈ।
ਅਖੀਰ ਵਿੱਚ, ਮੈਂ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਨ, ਕਸਰਤ ਕਰਨ ਜਾਂ ਚੰਗੀ ਨੀਂਦ ਲੈਣ ਦੇ ਵਿਰੁੱਧ ਨਹੀਂ ਹਾਂ।
ਕਸਰਤ ਕਰਨਾ ਚੰਗੀ ਗੱਲ ਹੈ, ਪਰ ਦਸ ਘੰਟੇ ਕਸਰਤ ਕਰਨਾ ਜ਼ਰੂਰੀ ਨਹੀਂ ਕਿ ਇੱਕ ਘੰਟੇ ਨਾਲੋਂ ਬਿਹਤਰ ਹੋਵੇ। ਅੱਠ ਘੰਟੇ ਸੌਣਾ ਬਹੁਤ ਵਧੀਆ ਹੈ, ਪਰ ਜੇ ਕੋਈ 15 ਘੰਟੇ ਸੌਂਦਾ ਹੈ ਤਾਂ ਸੰਭਵ ਹੈ ਕਿ ਕੁਝ ਠੀਕ ਨਹੀਂ ਚੱਲ ਰਿਹਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ