'ਇਹ ਕਿਸੇ ਡਰਾਉਣੀ ਫ਼ਿਲਮ ਵਰਗਾ ਹੈ', ਨੱਕ ਰਾਹੀਂ ਦਿਮਾਗ 'ਚ ਵੜਨ ਵਾਲਾ ਅਮੀਬਾ ਕਿੰਨਾ ਜਾਨਲੇਵਾ ਹੁੰਦਾ, ਭਾਰਤ 'ਚ ਹੁਣ ਤੱਕ ਕਿੰਨੇ ਕੇਸ ਆਏ ਹਨ

ਨੇਗਲੇਰੀਆ ਫਾਊਲਰੀ

ਤਸਵੀਰ ਸਰੋਤ, Bruno da Rocha-Azevedo, Herbert B. Tanowitz and Francine Marciano-Cabral / Interdisciplinary Perspectives on Infectious Diseases

ਤਸਵੀਰ ਕੈਪਸ਼ਨ, ਜੌਰਡਨ, ਜੋ ਉਸ ਵੇਲੇ 11 ਸਾਲ ਦਾ ਸੀ, ਨੇਗਲੇਰੀਆ ਫਾਊਲਰੀ ਕਾਰਨ ਹੋਈ ਦਿਮਾਗੀ ਇਨਫੈਕਸ਼ਨ ਨਾਲ ਮਰ ਗਿਆ
    • ਲੇਖਕ, ਇਜ਼ਾਬੇਲ ਸ਼ਾਅ
    • ਰੋਲ, ਗਲੋਬਲ ਹੈਲਥ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਕੋਸਟਾ ਰੀਕਾ ਵਿੱਚ ਪਰਿਵਾਰ ਨਾਲ ਮਨਾਈ ਛੁੱਟੀ ਤੋਂ ਸਿਰਫ਼ ਕੁਝ ਦਿਨਾਂ ਬਾਅਦ, ਸਟੀਵ ਸਮੇਲਸਕੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਖੜ੍ਹ ਕੇ ਆਪਣੇ ਇਕਲੌਤੇ ਬੱਚੇ ਦੀ ਮੌਤ ਦਾ ਸੋਗ ਮਨਾ ਰਹੇ ਸਨ।

ਉਨ੍ਹਾਂ ਦਾ ਪੁੱਤਰ ਜੌਰਡਨ, ਜੋ ਉਸ ਵੇਲੇ 11 ਸਾਲ ਦਾ ਸੀ, ਜੋ ਨੇਗਲੇਰੀਆ ਫਾਊਲਰੀ ਕਾਰਨ ਹੋਈ ਦਿਮਾਗੀ ਇਨਫੈਕਸ਼ਨ ਨਾਲ ਮਰ ਗਿਆ ਸੀ। ਇਸ ਜੀਵ ਨੂੰ ਆਮ ਤੌਰ 'ਤੇ "ਦਿਮਾਗ ਖਾਣ ਵਾਲਾ ਅਮੀਬਾ" ਕਿਹਾ ਜਾਂਦਾ ਹੈ।

ਇਹ ਅਮੀਬਾ ਆਮ ਤੌਰ 'ਤੇ ਗਰਮ ਝੀਲਾਂ, ਗਰਮ ਪਾਣੀ ਦੇ ਚਸ਼ਮਿਆਂ ਅਤੇ ਛੱਡੇ ਹੋਏ ਤਲਾਬਾਂ ਵਿੱਚ ਮਿਲਦਾ ਹੈ। ਜਦੋਂ ਲੋਕ ਪਾਣੀ ਵਿੱਚ ਛਾਲ ਮਾਰਦੇ ਹਨ, ਤਾਂ ਇਹ ਨੱਕ ਰਾਹੀਂ ਸਰੀਰ ਵਿੱਚ ਦਾਖ਼ਲ ਹੋ ਜਾਂਦਾ ਹੈ ਅਤੇ ਬਹੁਤ ਤੇਜ਼ੀ ਨਾਲ ਦਿਮਾਗ ਦੇ ਟਿਸ਼ੂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ।

67 ਸਾਲਾ ਸਟੀਵ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, "ਜੌਰਡਨ ਸਿਰਫ਼ ਇੱਕ ਦਿਨ, ਇੱਕ ਵਾਰ ਤੈਰਿਆ ਸੀ, ਤੇ ਹੁਣ ਉਹ ਸਾਡੇ ਵਿੱਚ ਨਹੀਂ ਰਿਹਾ।"

ਪਿਛਲੇ ਸਾਲ ਭਾਰਤ ਵਿੱਚ ਨੇਗਲੇਰੀਆ ਫਾਊਲਰੀ ਦੇ ਸੰਕਰਮਣ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ, ਜੋ ਦੁਨੀਆ ਭਰ ਵਿੱਚ ਹੁਣ ਤੱਕ ਦਰਜ ਕੀਤਾ ਗਿਆ ਸਭ ਤੋਂ ਵੱਡਾ ਅੰਕੜਾ ਸੀ। ਪਿਛਲੇ ਕੁਝ ਮਹੀਨਿਆਂ ਵਿੱਚ ਵੀ ਭਾਰਤ ਵਿੱਚ ਨਵੇਂ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਸ ਤੋਂ ਪਹਿਲਾਂ ਦੁਨੀਆ ਭਰ ਵਿੱਚ ਇਸ ਦੇ 500 ਤੋਂ ਵੀ ਘੱਟ ਮਾਮਲੇ ਦਰਜ ਕੀਤੇ ਗਏ ਸਨ।

ਸੰਕਰਮਣ ਦੇ ਮਾਮਲਿਆਂ ਦੇ ਇਸ ਵਾਧੇ ਨੇ ਖੋਜਕਰਤਾਵਾਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜੀਵ ਹੁਣ ਉਨ੍ਹਾਂ ਥਾਵਾਂ 'ਤੇ ਵੀ ਮਿਲ ਰਿਹਾ ਹੈ ਜਿੱਥੇ ਪਹਿਲਾਂ ਇਹ ਬਹੁਤ ਘੱਟ ਜਾਂ ਬਿਲਕੁਲ ਨਹੀਂ ਦੇਖਿਆ ਜਾਂਦਾ ਸੀ।

ਯੂਕੇ ਦੀ ਯੂਨੀਵਰਸਿਟੀ ਆਫ਼ ਕੇਂਟ ਦੇ ਮੋਲਿਕਿਊਲਰ ਪੈਰਾਸਾਈਟੋਲੋਜਿਸਟ ਡਾ. ਅਨਾਸਤਾਸਿਓਸ ਤਸਾਓਸਿਸ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਇਸ ਦੇ ਹੋਰ ਵੀ ਜ਼ਿਆਦਾ ਮਾਮਲੇ ਸਾਹਮਣੇ ਆਉਣਗੇ। ਅਸੀਂ ਇਸਨੂੰ ਦੁਨੀਆ ਭਰ ਵਿੱਚ ਦੇਖਾਂਗੇ।"

'ਇਹ ਤੁਹਾਡਾ ਦਿਮਾਗ ਤੇ ਤੁਹਾਡੀ ਪਛਾਣ ਹੀ ਖੋਹ ਲੈਂਦਾ ਹੈ'

ਜੌਰਡਨ

ਤਸਵੀਰ ਸਰੋਤ, Steve Smelski

ਤਸਵੀਰ ਕੈਪਸ਼ਨ, ਜੌਰਡਨ ਨੂੰ ਸਿਰਦਰਦ ਹੋਣਾ ਸ਼ੁਰੂ ਹੋ ਗਿਆ। ਜਹਾਜ਼ ਰਾਹੀਂ ਸਫ਼ਰ ਕਰਨ ਤੋਂ ਬਾਅਦ ਘਰ ਆ ਕੇ ਉਸ ਦਾ ਦਰਦ ਹੋਰ ਵੱਧ ਗਿਆ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ।

ਅਮਰੀਕਾ ਦੇ ਫਲੋਰਿਡਾ ਦੇ ਰਹਿਣ ਵਾਲੇ ਸਟੀਵ ਆਪਣੇ ਪੁੱਤਰ ਨਾਲ ਕੋਸਟਾ ਰੀਕਾ ਵਿੱਚ ਹੋਟਲ ਦੇ ਨੇੜੇ ਇੱਕ ਗਰਮ ਪਾਣੀ ਦੇ ਚਸ਼ਮੇ 'ਤੇ ਘੰਟਿਆਂ ਤੱਕ ਵਾਟਰ ਸਲਾਈਡ ਯਾਨੀ ਪਾਣੀ ਵਾਲੇ ਝੂਟੇ ਲੈ ਰਹੇ ਸਨ। ਇਸ ਤੋਂ ਬਾਅਦ ਜੌਰਡਨ ਨੂੰ ਸਿਰਦਰਦ ਹੋਣਾ ਸ਼ੁਰੂ ਹੋ ਗਿਆ।

ਜਹਾਜ਼ ਰਾਹੀਂ ਸਫ਼ਰ ਕਰਨ ਤੋਂ ਬਾਅਦ ਘਰ ਆ ਕੇ ਉਸ ਦਾ ਦਰਦ ਹੋਰ ਵੱਧ ਗਿਆ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ। ਸਟੀਵ ਨੇ ਉਸ ਨੂੰ ਨੇੜਲੇ ਹਸਪਤਾਲ ਲਿਜਾਣ ਦਾ ਫ਼ੈਸਲਾ ਕੀਤਾ, ਜਿੱਥੇ ਉਸ ਨੂੰ ਭਰਮ (ਹੈਲੂਸੀਨੇਸ਼ਨ) ਹੋਣ ਲੱਗੇ ਅਤੇ ਉਸ ਨੇ ਕਿਹਾ ਕਿ ਉਹ ਛੱਤ 'ਤੇ ਕੀੜੇ ਰੇਂਗਦੇ ਹੋਏ ਦੇਖ ਰਿਹਾ ਹੈ।

ਸਟੀਵ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਉਹ ਸਾਡੇ ਵੱਲ ਦੇਖ ਰਿਹਾ ਸੀ, ਪਰ ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਅਸੀਂ ਕੌਣ ਹਾਂ। ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਹ ਵੀ ਪਤਾ ਸੀ ਕਿ ਉਹ ਖੁਦ ਕੌਣ ਹੈ।"

ਜਦੋਂ ਡਾਕਟਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਜੌਰਡਨ ਨੂੰ ਕੀ ਹੋਇਆ ਹੈ, ਉਸ ਨੂੰ ਦੌਰਾ (ਸੀਜ਼ਰ) ਪਿਆ। ਉਸ ਨੂੰ ਜਲਦੀ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਸਟੀਵ ਕਹਿੰਦੇ ਹਨ, "ਤੈਰਨ ਤੋਂ ਸਿਰਫ਼ ਸਾਢੇ ਸੱਤ ਦਿਨਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਉਸ ਨੂੰ ਕੋਈ ਵੀ ਸਿਹਤ ਸਮੱਸਿਆ ਨਹੀਂ ਸੀ। ਉਹ ਬਿਲਕੁਲ ਤੰਦਰੁਸਤ ਸੀ।"

ਜੌਰਡਨ ਦੀ ਮੌਤ ਪ੍ਰਾਈਮਰੀ ਅਮੀਬਿਕ ਮੈਨਿੰਗੋਐਨਸੈਫਲਾਈਟਿਸ (ਪੀਐਐੱਮ) ਕਾਰਨ ਹੋਈ, ਜੋ ਨੇਗਲੇਰੀਆ ਫਾਊਲਰੀ ਨਾਲ ਹੋਣ ਵਾਲੀ ਦਿਮਾਗ ਦੀ ਇੱਕ ਗੰਭੀਰ ਲਾਗ ਹੈ।

ਪੀਐਐੱਮ ਦੇ ਬਹੁਤ ਸਾਰੇ ਮਰੀਜ਼ਾਂ ਵਾਂਗ, ਸ਼ੁਰੂ ਵਿੱਚ ਡਾਕਟਰਾਂ ਨੂੰ ਲੱਗਿਆ ਕਿ ਜੌਰਡਨ ਨੂੰ ਮੈਨਿੰਜਾਈਟਿਸ ਹੈ, ਕਿਉਂਕਿ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਦੋਵਾਂ ਦੇ ਲੱਛਣ ਕਾਫ਼ੀ ਮਿਲਦੇ-ਜੁਲਦੇ ਹੁੰਦੇ ਹਨ।

ਜਦੋਂ ਤੱਕ ਡਾਕਟਰਾਂ ਨੂੰ ਅਸਲ ਕਾਰਨ ਦਾ ਪਤਾ ਲੱਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਲਾਗ ਕਾਰਨ ਉਸ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਸੋਜ ਆ ਗਈ ਸੀ, ਜਿਸ ਨਾਲ ਅਜਿਹਾ ਦਿਮਾਗੀ ਨੁਕਸਾਨ ਹੋਇਆ ਜੋ ਕਦੇ ਠੀਕ ਨਹੀਂ ਹੋ ਸਕਦਾ ਸੀ।

ਸਟੀਵ ਕਹਿੰਦੇ ਹਨ, "ਇਹ ਤੁਹਾਡਾ ਦਿਮਾਗ ਖੋਹ ਲੈਂਦਾ ਹੈ। ਇਹ ਤੁਹਾਡੇ ਵਿਚਾਰ ਖੋਹ ਲੈਂਦਾ ਹੈ। ਇਹ ਤੁਹਾਡੀ ਪਛਾਣ ਹੀ ਮਿਟਾ ਦਿੰਦਾ ਹੈ ਕਿ ਤੁਸੀਂ ਕੌਣ ਹੋ।"

ਇਹ ਹੁਣ ਨਵੀਆਂ ਥਾਵਾਂ 'ਤੇ ਕਿਉਂ ਦਿਖਾਈ ਦੇ ਰਿਹਾ ਹੈ?

ਸਟੀਵ ਆਪਣੇ ਪੁੱਤਰ ਨਾਲ ਕੋਸਟਾ ਰੀਕਾ ਵਿੱਚ

ਤਸਵੀਰ ਸਰੋਤ, Steve Smeski

ਤਸਵੀਰ ਕੈਪਸ਼ਨ, ਸਟੀਵ ਆਪਣੇ ਪੁੱਤਰ ਨਾਲ ਕੋਸਟਾ ਰੀਕਾ ਵਿੱਚ ਹੋਟਲ ਦੇ ਨੇੜੇ ਇੱਕ ਗਰਮ ਪਾਣੀ ਦੇ ਚਸ਼ਮੇ 'ਤੇ ਘੰਟਿਆਂ ਤੱਕ ਵਾਟਰ ਸਲਾਈਡ ਯਾਨੀ ਪਾਣੀ ਵਾਲੇ ਝੂਟੇ ਲੈ ਰਹੇ ਸਨ

ਜਰਨਲ ਆਫ਼ ਇਨਫੈਕਸ਼ਨ ਐਂਡ ਪਬਲਿਕ ਹੈਲਥ ਵਿੱਚ 2025 ਵਿੱਚ ਪ੍ਰਕਾਸ਼ਿਤ ਇੱਕ ਸਮੀਖਿਆ ਅਨੁਸਾਰ, 1962 ਤੋਂ 2023 ਦਰਮਿਆਨ ਦੁਨੀਆ ਭਰ ਵਿੱਚ 488 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਅਮਰੀਕਾ ਦੇ ਦੱਖਣੀ ਸੂਬਿਆਂ, ਪਾਕਿਸਤਾਨ ਅਤੇ ਆਸਟ੍ਰੇਲੀਆ ਵਿੱਚ ਸਾਹਮਣੇ ਆਏ। ਇਨ੍ਹਾਂ ਵਿੱਚੋਂ ਲਗਭਗ 97% ਮਰੀਜ਼ਾਂ ਦੀ ਮੌਤ ਹੋ ਗਈ।

ਪਰ ਪਿਛਲੇ 20 ਸਾਲਾਂ ਵਿੱਚ ਇਨ੍ਹਾਂ ਮਾਮਲਿਆਂ ਦਾ ਵਧਦਾ ਹਿੱਸਾ ਉੱਤਰੀ ਗੋਲਾਰਧ (ਨੌਰਦਨ ਹੈਮੀਸਫੀਅਰ) ਦੇ ਦੇਸ਼ਾਂ, ਜਿਵੇਂ ਕਿ ਇਟਲੀ ਅਤੇ ਬੈਲਜੀਅਮ, ਵਿੱਚ ਵੀ ਸਾਹਮਣੇ ਆਇਆ ਹੈ।

ਪਿਛਲੇ 15 ਸਾਲਾਂ ਦੌਰਾਨ ਅਮਰੀਕਾ ਦੇ ਠੰਢੇ ਉੱਤਰੀ ਸੂਬਿਆਂ, ਜਿਵੇਂ ਕਿ ਮਿਨੇਸੋਟਾ, ਵਿੱਚ ਵੀ ਨਵੇਂ ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ, ਪਿਛਲੇ ਸਾਲ ਸਲੋਵਾਕੀਆ ਨੇ ਵੀ ਨੇਗਲੇਰੀਆ ਫਾਊਲਰੀ ਦੇ ਸੰਕਰਮਣ ਦਾ ਆਪਣਾ ਪਹਿਲਾ ਪੁਸ਼ਟੀਸ਼ੁਦਾ ਮਾਮਲਾ ਦਰਜ ਕੀਤਾ।

ਹੁਣ ਇਹ ਮਾਮਲੇ ਸਿਰਫ਼ ਝੀਲਾਂ ਅਤੇ ਦਰਿਆਵਾਂ ਤੱਕ ਹੀ ਸੀਮਿਤ ਨਹੀਂ ਰਹੇ, ਜਿਨ੍ਹਾਂ ਨੂੰ ਪਹਿਲਾਂ ਇਸ ਅਮੀਬਾ ਨਾਲ ਜੋੜਿਆ ਜਾਂਦਾ ਸੀ।

ਤਾਇਵਾਨ ਵਿੱਚ 2023 ਦੌਰਾਨ ਇੱਕ ਵਿਅਕਤੀ ਦੀ ਮੌਤ ਇੱਕ ਇਨਡੋਰ ਸਰਫ਼ਿੰਗ ਸੈਂਟਰ ਵਿੱਚ ਨੇਗਲੇਰੀਆ ਫਾਊਲਰੀ ਦੇ ਸੰਪਰਕ ਵਿੱਚ ਆਉਣ ਕਾਰਨ ਹੋਈ। ਉਸੇ ਸਾਲ ਅਮਰੀਕਾ ਵਿੱਚ ਇੱਕ ਛੋਟੇ ਬੱਚੇ ਦੀ ਮੌਤ ਇੱਕ ਦੂਸ਼ਿਤ ਸਪਲੈਸ਼ ਪੈਡ (ਬੱਚਿਆਂ ਦੇ ਪਾਣੀ ਵਾਲੇ ਖੇਡ ਖੇਤਰ) ਵਿੱਚ ਇਸ ਅਮੀਬਾ ਦੇ ਸੰਪਰਕ ਵਿੱਚ ਆਉਣ ਕਾਰਨ ਹੋ ਗਈ।

ਜਲਵਾਯੂ ਪਰਿਵਰਤਨ ਕਾਰਨ ਝੀਲਾਂ ਅਤੇ ਤਲਾਬਾਂ ਦਾ ਪਾਣੀ ਹੋਰ ਗਰਮ ਹੋ ਰਿਹਾ ਹੈ, ਜਿਸ ਨਾਲ ਇਹ ਅਮੀਬਾ ਹੁਣ ਉਹਨਾਂ ਖੇਤਰਾਂ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ ਜਿੱਥੇ ਪਹਿਲਾਂ ਤਾਪਮਾਨ ਇਸ ਦੇ ਜੀਵਿਤ ਰਹਿਣ ਲਈ ਬਹੁਤ ਘੱਟ ਹੁੰਦਾ ਸੀ।

ਡਾ. ਤਸਾਓਸਿਸ ਕਹਿੰਦੇ ਹਨ, "ਜਿਵੇਂ-ਜਿਵੇਂ ਪਾਣੀ ਦਾ ਤਾਪਮਾਨ ਵਧਦਾ ਹੈ, ਇਹ ਅਮੀਬਾ ਹੋਰ ਸਰਗਰਮ ਹੋ ਜਾਂਦਾ ਹੈ। ਇਸ ਨਾਲ ਪਾਣੀ ਵਿੱਚ ਜਾਣ ਵਾਲੇ ਲੋਕਾਂ ਦੇ ਸੰਕਰਮਿਤ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।"

ਉਹ ਕਹਿੰਦੇ ਹਨ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪਰ ਲੋਕਾਂ ਨੂੰ ਇਸ ਵਧਦੇ ਖਤਰੇ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਉਨ੍ਹਾਂ ਦਾ ਮੰਨਣਾ ਹੈ ਕਿ ਵਿਗਿਆਨੀ ਹੁਣ ਇਸ ਅਮੀਬਾ ਦੀ ਪਛਾਣ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਢੰਗ ਨਾਲ ਕਰ ਸਕਦੇ ਹਨ, ਜਿਸ ਕਾਰਨ ਦਰਜ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ।

ਡਾ. ਤਸਾਓਸਿਸ ਕਹਿੰਦੇ ਹਨ, "ਮੇਰਾ ਅਨੁਮਾਨ ਹੈ ਕਿ ਮਾਮਲਿਆਂ ਦੀ ਗਿਣਤੀ ਸ਼ਾਇਦ ਪਹਿਲਾਂ ਵੀ ਜ਼ਿਆਦਾ ਹੀ ਸੀ। ਹੁਣ ਸਾਨੂੰ ਇਹ ਇਸ ਲਈ ਵਧਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅਸੀਂ ਇਸ ਦੀ ਜਾਂਚ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋ ਗਿਆ ਹੈ।"

ਬੱਚਿਆਂ ਨੂੰ ਇਸ ਦਾ ਵੱਧ ਖਤਰਾ ਕਿਉਂ ਹੁੰਦਾ ਹੈ?

ਨੇਗਲੇਰੀਆ ਫਾਊਲਰੀ ਨਾਲ ਸੰਕਰਮਿਤ ਹੋਣ ਦਾ ਖਤਰਾ

ਤਸਵੀਰ ਸਰੋਤ, Vivek R Nair

ਤਸਵੀਰ ਕੈਪਸ਼ਨ, ਨੇਗਲੇਰੀਆ ਫਾਊਲਰੀ ਨਾਲ ਸੰਕਰਮਿਤ ਹੋਣ ਦਾ ਖਤਰਾ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਵੱਧ ਹੁੰਦਾ ਹੈ

ਮਾਹਿਰਾਂ ਦੇ ਅਨੁਸਾਰ, ਨੇਗਲੇਰੀਆ ਫਾਊਲਰੀ ਨਾਲ ਸੰਕਰਮਿਤ ਹੋਣ ਦਾ ਖਤਰਾ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਵੱਧ ਹੁੰਦਾ ਹੈ।

ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਜਲ ਵਿਗਿਆਨ ਮਾਹਿਰ ਪ੍ਰੋਫੈਸਰ ਇਆਨ ਰਾਈਟ ਕਹਿੰਦੇ ਹਨ, "ਜੇ ਇਹ ਲਾਗ ਹੋ ਜਾਵੇ ਤਾਂ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਦੀ ਔਸਤ ਉਮਰ ਲਗਭਗ 12 ਸਾਲ ਹੁੰਦੀ ਹੈ, ਕਿਉਂਕਿ ਬੱਚਿਆਂ ਨੂੰ ਗਰਮ ਪਾਣੀ ਵਿੱਚ ਛਪ-ਛਪ ਕਰਕੇ (ਸਪਲੈਸ਼ ਕਰਨਾ) ਖੇਡਣਾ ਬਹੁਤ ਪਸੰਦ ਹੁੰਦਾ ਹੈ। ਇਹ ਬਹੁਤ ਹੀ ਦੁਖਦਾਈ ਗੱਲ ਹੈ।"

ਕੁਝ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਬੱਚਿਆਂ ਵਿੱਚ ਨੱਕ ਅਤੇ ਦਿਮਾਗ ਦੇ ਵਿਚਕਾਰ ਦੀ ਕੁਦਰਤੀ ਰੁਕਾਵਟ (ਬੈਰੀਅਰ) ਤੁਲਨਾਤਮਕ ਤੌਰ 'ਤੇ ਘੱਟ ਵਿਕਸਿਤ ਹੁੰਦੀ ਹੈ, ਜਿਸ ਕਾਰਨ ਇਹ ਅਮੀਬਾ ਉਨ੍ਹਾਂ ਦੇ ਦਿਮਾਗ ਤੱਕ ਵਧੇਰੇ ਆਸਾਨੀ ਨਾਲ ਪਹੁੰਚ ਸਕਦਾ ਹੈ।

ਪ੍ਰੋਫੈਸਰ ਰਾਈਟ ਕਹਿੰਦੇ ਹਨ, "ਇਹ ਕਿਸੇ ਡਰਾਉਣੇ ਸੁਪਨੇ, ਹੌਰਰ ਫ਼ਿਲਮ ਜਾਂ ਸਟੀਫ਼ਨ ਕਿੰਗ ਦੇ ਨਾਵਲ ਵਰਗਾ ਲੱਗਦਾ ਹੈ।"

ਉਹ ਅੱਗੇ ਕਹਿੰਦੇ ਹਨ, "ਇਸ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਪਰ ਜੇ ਇਹ ਹੋ ਜਾਵੇ ਤਾਂ ਬਚਣ ਦੀ ਸੰਭਾਵਨਾ ਵੀ ਬਹੁਤ ਘੱਟ ਰਹਿ ਜਾਂਦੀ ਹੈ।"

ਜੇਕਰ ਇਸ ਦੀ ਪਛਾਣ ਸ਼ੁਰੂਆਤੀ ਪੜਾਅ ਵਿੱਚ ਹੋ ਜਾਵੇ, ਤਾਂ ਡਾਕਟਰ ਆਮ ਤੌਰ 'ਤੇ ਕੁਝ ਦਵਾਈਆਂ ਨਾਲ ਮਰੀਜ਼ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਾਲ ਹੀ ਦਿਮਾਗ ਦੀ ਸੋਜ ਘਟਾਉਣ ਲਈ ਵੀ ਇਲਾਜ ਕੀਤਾ ਜਾਂਦਾ ਹੈ। ਫਿਰ ਵੀ, ਮਰੀਜ਼ਾਂ ਦਾ ਬਚਣਾ ਬਹੁਤ ਹੀ ਦੁਰਲੱਭ ਹੁੰਦਾ ਹੈ।

ਹਾਲਾਂਕਿ, ਭਾਰਤ ਦੇ ਦੱਖਣੀ ਰਾਜ ਕੇਰਲ, ਜੋ ਇੱਕ ਪ੍ਰਸਿੱਧ ਟੂਰਿਸਟ ਸਪੋਟ ਵੀ ਹੈ, ਵਿੱਚ ਆਏ ਤਾਜ਼ਾ ਮਾਮਲਿਆਂ ਨੇ ਇਸ ਬਿਮਾਰੀ ਦੀ ਘਾਤਕਤਾ ਬਾਰੇ ਬਣੀਆਂ ਧਾਰਣਾਵਾਂ ਨੂੰ ਚੁਣੌਤੀ ਦਿੱਤੀ ਹੈ।

ਕਮਿਉਨੀਕੇਸ਼ਨ ਮੈਡੀਸਿਨ ਜਰਨਲ ਵਿੱਚ ਪ੍ਰਕਾਸ਼ਿਤ ਨਵੀਂ ਖੋਜ ਮੁਤਾਬਕ, ਜਿਨ੍ਹਾਂ 200 ਮਰੀਜ਼ਾਂ ਦੇ ਨਤੀਜੇ ਉਪਲਬਧ ਸਨ, ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਬਚ ਗਏ। ਜਦਕਿ ਪਹਿਲਾਂ ਬਚਾਅ ਦੀ ਇਹ ਦਰ ਮਹਿਜ਼ ਲਗਭਗ 3% ਸੀ।

ਇਹ ਨਤੀਜੇ ਦਰਸਾਉਂਦੇ ਹਨ ਕਿ "ਦਿਮਾਗ ਖਾਣ ਵਾਲੇ ਅਮੀਬੇ" ਕਾਰਨ ਹੋਣ ਵਾਲੀਆਂ ਲਾਗਾਂ ਦਾ ਇਲਾਜ ਹੋਣ ਦੀ ਸੰਭਾਵਨਾ ਹੁਣ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਨਜ਼ਰ ਆਉਂਦੀ ਹੈ।

ਖੋਜ ਕਰਨ ਵਾਲੀ ਅੰਤਰਰਾਸ਼ਟਰੀ ਟੀਮ ਦੇ ਅਨੁਸਾਰ, ਜਲਦੀ ਪਛਾਣ, ਡਾਕਟਰਾਂ ਵਿੱਚ ਵਧੀ ਹੋਈ ਜਾਗਰੂਕਤਾ ਅਤੇ ਇਲਾਜ ਲਈ ਇਕਸਾਰ ਪ੍ਰੋਟੋਕੋਲ ਅਪਣਾਉਣ ਕਾਰਨ ਮਰੀਜ਼ਾਂ ਦਾ ਇਲਾਜ ਪਹਿਲਾਂ ਨਾਲੋਂ ਬੇਹਤਰ ਹੋ ਪਾ ਰਿਹਾ ਹੈ।

ਆਪਣਾ ਬਚਾਅ ਕਿਵੇਂ ਕਰੀਏ?

ਨੱਕ ਨੂੰ ਪਾਣੀ ਨਾਲ ਧੋਣ ਦੀ ਰਸਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੱਕ ਨੂੰ ਪਾਣੀ ਨਾਲ ਧੋਣ ਦੀ ਰਸਮ ਕੁਝ ਧਾਰਮਿਕ ਪਰੰਪਰਾਵਾਂ, ਜਿਵੇਂ ਕਿ ਇਸਲਾਮ, ਅਤੇ ਭਾਰਤ ਵਿਚ ਅਪਣਾਈ ਜਾਣ ਵਾਲੀਆਂ ਆਯੁਰਵੇਦ ਪ੍ਰਾਚੀਨ ਚਿਕਿਤਸਾ ਪੱਧਤੀਆਂ ਦਾ ਵੀ ਹਿੱਸਾ ਹੈ

ਪਾਣੀ ਵਿੱਚ ਖੇਡਣ ਤੋਂ ਇਲਾਵਾ, ਨੇਗਲੇਰੀਆ ਫਾਊਲਰੀ ਸਰੀਰ ਵਿੱਚ ਉਸ ਸਮੇਂ ਵੀ ਦਾਖ਼ਲ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ ਨੱਕ ਸਾਫ਼ ਕਰਨ ਵਾਲੀ ਬੋਤਲ (ਨੈਜ਼ਲ ਇਰੀਗੇਸ਼ਨ ਸਿਸਟਮ) ਵਰਤਦਾ ਹੈ। ਇਹ ਲੰਬੇ ਆਕਾਰ ਵਾਲੀਆਂ ਬੋਤਲਾਂ ਆਮ ਤੌਰ 'ਤੇ ਜ਼ੁਕਾਮ, ਸਾਈਨਸ ਇਨਫੈਕਸ਼ਨ ਜਾਂ ਐਲਰਜੀ ਦੇ ਲੱਛਣਾਂ ਤੋਂ ਰਾਹਤ ਲਈ ਵਰਤੀਆਂ ਜਾਂਦੀਆਂ ਹਨ।

ਪਿਛਲੇ ਸਾਲ ਅਮਰੀਕਾ ਦੇ ਟੈਕਸਾਸ ਵਿੱਚ 71 ਸਾਲ ਦੀ ਇੱਕ ਤੰਦਰੁਸਤ ਔਰਤ ਦੀ ਮੌਤ ਅਜਿਹੀ ਹੀ ਇੱਕ ਬੋਤਲ ਵਰਤਣ ਤੋਂ ਦੋ ਹਫ਼ਤਿਆਂ ਦੇ ਅੰਦਰ ਹੋ ਗਈ। ਉਸ ਨੇ ਇਸ ਨੂੰ ਆਪਣੇ ਮੋਟਰਹੋਮ ਦੇ ਨਲਕੇ ਦੇ ਪਾਣੀ ਨਾਲ ਭਰਿਆ ਸੀ।

ਨੱਕ ਨੂੰ ਪਾਣੀ ਨਾਲ ਧੋਣ ਦੀ ਰਸਮ ਕੁਝ ਧਾਰਮਿਕ ਪਰੰਪਰਾਵਾਂ, ਜਿਵੇਂ ਕਿ ਇਸਲਾਮ, ਅਤੇ ਭਾਰਤ ਵਿਚ ਅਪਣਾਈ ਜਾਣ ਵਾਲੀਆਂ ਆਯੁਰਵੇਦ ਪ੍ਰਾਚੀਨ ਚਿਕਿਤਸਾ ਪੱਧਤੀਆਂ ਦਾ ਵੀ ਹਿੱਸਾ ਹੈ।

ਹਾਲਾਂਕਿ ਇਸ ਲਾਗ ਦਾ ਖਤਰਾ ਪਹਿਲਾਂ ਹੀ ਬਹੁਤ ਘੱਟ ਹੈ, ਫਿਰ ਵੀ ਕੁਝ ਸਧਾਰਨ ਸਾਵਧਾਨੀਆਂ ਨਾਲ ਇਸ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ।

ਅਮਰੀਕਾ ਦੇ ਸੈਂਟਰਸ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੇਂਸ਼ਨ (ਸੀਡੀਸੀ) ਦੀ ਸਲਾਹ ਹੈ ਕਿ ਨੱਕ ਧੋਣ ਲਈ ਹਮੇਸ਼ਾਂ ਸਟੈਰਾਈਲ (ਜੀਵਾਣੂ-ਰਹਿਤ), ਡਿਸਟਿਲਡ ਜਾਂ ਪਹਿਲਾਂ ਉਬਾਲ ਕੇ ਠੰਢਾ ਕੀਤਾ ਹੋਇਆ ਪਾਣੀ ਹੀ ਵਰਤਿਆ ਜਾਵੇ, ਕਿਉਂਕਿ ਦੂਸ਼ਿਤ ਨਲਕੇ ਦੇ ਪਾਣੀ ਨਾਲ ਇਸ ਤਰ੍ਹਾਂ ਦੀਆਂ ਦੁਰਲੱਭ ਲਾਗਾਂ ਜੁੜੀਆਂ ਹੁੰਦੀਆਂ ਹਨ।

ਗਰਮ ਮਿੱਠੇ ਪਾਣੀ ਵਾਲੀਆਂ ਝੀਲਾਂ ਜਾਂ ਤਲਾਬਾਂ ਵਿੱਚ ਤੈਰਦੇ ਸਮੇਂ ਸੀਡੀਸੀ ਸਲਾਹ ਦਿੰਦਾ ਹੈ ਕਿ ਪਾਣੀ ਨੂੰ ਨੱਕ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰੋ। ਇਸ ਲਈ ਪਾਣੀ ਵਿੱਚ ਛਾਲ ਮਾਰਦੇ ਜਾਂ ਡੁੱਬਕੀ ਲਗਾਉਂਦੇ ਸਮੇਂ ਨੱਕ ਨੂੰ ਹੱਥ ਨਾਲ ਬੰਦ ਰੱਖੋ ਜਾਂ ਨੋਜ਼ ਕਲਿੱਪ ਦੀ ਵਰਤੋਂ ਕਰੋ।

ਪ੍ਰੋਫੈਸਰ ਰਾਈਟ ਕਹਿੰਦੇ ਹਨ, "ਜੇ ਤੁਹਾਨੂੰ ਕੋਈ ਸ਼ੱਕ ਹੋਵੇ, ਤਾਂ ਸਭ ਤੋਂ ਸੁਰੱਖਿਅਤ ਤਰੀਕਾ ਇਹ ਹੈ ਕਿ ਆਪਣਾ ਸਿਰ ਪਾਣੀ ਦੇ ਹੇਠਾਂ ਨਾ ਲੈ ਜਾਓ।"