You’re viewing a text-only version of this website that uses less data. View the main version of the website including all images and videos.
ਸਕਿੱਨ ਸੋਹਣੀ ਤੇ ਚਮਕਦਾਰ ਚਾਹੀਦੀ ਹੈ ਤਾਂ ਇਹ 5 ਫਾਰਮੂਲੇ ਪਤਾ ਹੋਣੇ ਜ਼ਰੂਰੀ ਹਨ
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਆਪਣੀ ਸਕਿੱਨ ਦਾ ਖਿਆਲ ਨਹੀਂ ਰੱਖ ਪਾਉਂਦੇ, ਜਿਸ ਕਰਕੇ ਕਈਆਂ ਨੂੰ ਸਕਿੱਨ ਨਾਲ ਜੁੜੀ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਰ ਹਰ ਕੋਈ ਇੱਕ ਸੋਹਣੀ ਤੇ ਚੰਗੀ ਸਕਿੱਨ ਚਾਹੁੰਦਾ ਹੈ ਅਤੇ ਉਸਦੇ ਲਈ ਕਰਨਾ ਕੀ ਹੈ, ਇਸ ਬਾਰੇ ਬਹੁਤ ਸਾਰੇ ਲੋਕ ਜਾਨਣਾ ਚਾਹੁੰਦੇ ਹਨ।
ਤਾਂ ਫਿਰ ਅੱਜ ਦਾ ਇਹ ਲੇਖ ਤੁਹਾਡੇ ਲਈ ਹੈ, ਜਿੱਥੇ ਮੰਨੇ-ਪ੍ਰਮੰਨੇ ਡਰਮਾਟੋਲੋਜਿਸਟ ਨਵਜੋਤ ਅਰੋੜਾ ਨੇ ਸਕਿੱਨ ਕੇਅਰ ਅਤੇ ਸਕਿੱਨ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਹੈ।
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਦੇ ਅੱਜ ਦੇ ਐਪੀਸੋਡ ਵਿੱਚ ਸਕਿੱਨ ਨਾਲ ਜੁੜੇ ਤਮਾਮ ਅਹਿਮ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ।
ਸਵਾਲ- ਸਕਿੱਨ ਕੇਅਰ ਬਾਰੇ ਲੋਕਾਂ ਵਿੱਚ ਕਿਹੜੇ ਮਿੱਥ ਹਨ ?
ਜਵਾਬ- ਬਹੁਤ ਸਾਰੇ ਲੋਕ ਹੋਮ ਰੈਮਿਡੀਜ਼ 'ਤੇ ਭਰੋਸਾ ਕਰਦੇ ਹਨ। ਕਈ ਲੋਕ ਮੂੰਹ ਉੱਤੇ ਨਿੰਬੂ ਲਗਾ ਲੈਂਦੇ ਹਨ। ਕਈ ਲੋਕ ਅੱਖਾਂ ਨੇੜੇ ਪਏ ਕਾਲੇ ਘੇਰਿਆਂ ਲਈ ਖੀਰਾ ਲਗਾਉਂਦੇ ਹਨ ਜਾਂ ਕਈ ਲੋਕ ਇਸ ਦੇ ਲਈ ਕੌਫੀ ਦਾ ਸਕਰੱਬ ਵੀ ਲਗਾਉਂਦੇ ਹਨ।
ਜਿਨ੍ਹਾਂ ਨੂੰ ਤਾਂ ਇਹ ਚੀਜ਼ਾਂ ਅਸਰ ਕਰ ਰਹੀਆਂ ਹਨ, ਉਨ੍ਹਾਂ ਲਈ ਤਾਂ ਠੀਕ ਹੈ ਪਰ ਸਾਡੇ ਕੋਲ ਕਈ ਅਜਿਹੇ ਮਰੀਜ਼ ਵੀ ਆਉਂਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਸਭ ਚੀਜ਼ਾਂ ਕਰਕੇ ਐਲਰਜੀ ਹੋ ਜਾਂਦੀ ਹੈ।
ਸਮੇਂ ਦੇ ਨਾਲ-ਨਾਲ ਸਾਨੂੰ ਵੀ ਟੈਕਨਾਲੋਜੀ ਦੇ ਮੁਤਾਬਕ ਚੱਲਣਾ ਚਾਹੀਦਾ ਹੈ ਅਤੇ ਕੁਝ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਕਿੱਨ ਦੇ ਬੈਰੀਅਰ ਨੂੰ ਨੁਕਸਾਨ ਪਹੁੰਚਾਏ।
ਉਦਾਹਰਣ ਦੇ ਤੌਰ 'ਤੇ ਅਸੀਂ ਵਿਟਾਮਿਨ-ਸੀ ਲਗਾਉਂਦੇ ਹਾਂ, ਉਸ ਵਿੱਚ ਪੀਐੱਚ ਬੈਲੇਂਸ ਹੁੰਦਾ ਹੈ। ਪਰ ਜਦੋਂ ਤੁਸੀਂ ਕੋਈ ਘਰੇਲੂ ਨੁਸਖ਼ਾ ਕਰਦੇ ਹੋ ਤਾਂ ਉਹ ਸਕਿੱਨ ਟਾਈਪ ਦੇ ਹਿਸਾਬ ਨਾਲ ਕਈ ਵਾਰ ਸੂਟ ਨਹੀਂ ਕਰਦਾ ਅਤੇ ਫਾਇਦਾ ਦੇਣ ਦੀ ਬਜਾਇ ਨੁਕਸਾਨ ਪਹੁੰਚਾ ਸਕਦਾ ਹੈ।
ਸਵਾਲ- ਆਪਣੇ ਸਕਿੱਨ ਟਾਈਪ ਦੇ ਹਿਸਾਬ ਨਾਲ ਲੋਕਾਂ ਨੂੰ ਕਿਸ ਤਰ੍ਹਾਂ ਦਾ ਰੂਟੀਨ ਫੌਲੋ ਕਰਨਾ ਚਾਹੀਦਾ ਹੈ ?
ਜਵਾਬ- ਕੁਝ ਲੋਕਾਂ ਦੀ ਸਕਿੱਨ ਬਿਲਕੁੱਲ ਕਲੀਅਰ ਅਤੇ ਨਾਰਮਲ ਹੁੰਦੀ ਹੈ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਹਲਕਾ ਫੇਸਵਾਸ਼ (ਜਿਸ ਵਿੱਚ ਗਲਾਈਕੋਲਿਕ ਤੇ ਸੈਲੀਸਿਲਕ ਐਸਿਡ ਹੋਵੇ) ਵਰਤਣਾ ਚਾਹੀਦਾ ਹੈ।
ਇਸ ਤੋਂ ਬਾਅਦ ਆਇਲ ਫ੍ਰੀ ਮੋਇਸਚਰਾਈਜ਼ਰ ਲਗਾਉਣਾ ਚਾਹੀਦਾ ਹੈ ਅਤੇ ਜੇਕਰ ਚਿਹਰੇ 'ਤੇ ਹਲਕੀ ਪਿਗਮੈਂਨਟੇਸ਼ਨ ਹੈ ਜਾਂ ਫਿਰ ਗਲੋਅ ਚਾਹੀਦਾ ਹੈ ਤਾਂ ਵਿਟਾਮਿਨ ਸੀ ਸਿਰਮ (5 ਤੋਂ 10%) ਵੀ ਐਡ ਕਰ ਸਕਦੇ ਹਨ ਅਤੇ ਉਸ ਉੱਪਰ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ (ਜੋ ਘੱਟੋ ਘੱਟ SPF-30 ਹੋਣਾ ਚਾਹੀਦਾ ਹੈ)। ਇਹ ਰੂਟੀਨ ਉਹ ਸਵੇਰ ਵੇਲੇ ਫੌਲੋ ਕਰ ਸਕਦੇ ਹਨ।
ਰਾਤ ਵਾਲੀ ਰੂਟੀਨ ਵਿੱਚ ਤੁਸੀਂ ਸਨਸਕ੍ਰੀਨ ਨੂੰ ਛੱਡ ਕੇ ਬਾਕੀ ਇਹੋ ਸਟੈੱਪ ਫੌਲੋ ਕਰ ਸਕਦੇ ਹੋ ਅਤੇ ਜੇਕਰ ਤੁਹਾਡੀ ਉਮਰ 30 ਜਾਂ 40 ਸਾਲ ਤੋਂ ਵੱਧ ਹੈ ਤਾਂ ਤੁਸੀਂ ਰਾਤ ਦੀ ਰੂਟੀਨ ਵਿੱਚ ਵਿਟਾਮਿਨ ਸੀ ਦੀ ਥਾਂ ਲੋਅ ਕੰਸਨਟਰੇਸ਼ਨ ਵਾਲੇ ਰੈਟੀਨੋਲ ਸਿਰਮ ਐਡ ਕਰ ਸਕਦੇ ਹੋ ਅਤੇ ਹੌਲੀ-ਹੌਲੀ ਉਨ੍ਹਾਂ ਦੀ ਕੰਸਨਟਰੇਸ਼ਨ ਵਧਾ ਸਕਦੇ ਹੋ।
ਸਵਾਲ- ਡਰਾਈ ਅਤੇ ਆਇਲੀ ਸਕਿੱਨ ਵਾਲਿਆਂ ਨੂੰ ਕਿਸ ਤਰ੍ਹਾਂ ਦੀ ਰੂਟੀਨ ਫੌਲੋ ਕਰਨੀ ਚਾਹੀਦੀ ਹੈ ?
ਜਵਾਬ- ਆਇਲੀ ਸਕਿੱਨ ਵਾਲਿਆਂ ਨੂੰ ਫੇਸ ਉੱਪਰ ਦਾਣਿਆਂ ਦੀ ਬਹੁਤ ਸਮੱਸਿਆ ਆਉਂਦੀ ਹੈ, ਇਸ ਲਈ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਹੈ ਕਿ ਉਨ੍ਹਾਂ ਦੇ ਫੇਸ ਵਾਸ਼ ਵਿੱਚ ਘੱਟੋ ਘੱਟ 2% ਸੈਲੀਸਿਲਕ ਐਸਿਡ ਹੋਵੇ ਪਰ ਜ਼ਿਆਦਾ ਸਕਿੱਨ ਨੂੰ ਰਗੜਨਾ ਨਹੀਂ ਹੈ।
ਫੇਸ ਵਾਸ਼ ਤੋਂ ਬਾਅਦ ਤੁਸੀਂ ਨੀਆਸਿਨੇਮਾਇਡ ਵਾਲਾ ਸੀਰਮ ਲਗਾ ਸਕਦੇ ਹੋ ਅਤੇ ਉਸ ਉੱਪਰ ਆਇਲ ਫ੍ਰੀ ਮੋਇਸਚਰਾਈਜ਼ਰ ਲਗਾਉਣਾ ਹੈ ਅਤੇ ਉਸ ਉੱਪਰ ਡਰਾਈ ਟੱਚ ਵਾਲਾ ਸਨਸਕ੍ਰੀਨ ਲਗਾਉਣਾ ਹੈ (ਜਿਸ ਉੱਪਰ ਨੌਨ ਕੋਮੈਡੋਜੈਨਿਕ ਲਿਖਿਆ ਹੋਵੇ)।
ਨਾਈਟ ਰੂਟੀਨ ਦੇ ਵਿੱਚ ਹਫ਼ਤੇ 'ਚ 2-3 ਵਾਰ ਐਕਸਫੋਲੀਏਸ਼ਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਰੈਟੀਨੋਲ ਸਿਰਮ ਦੀ ਵਰਤੋਂ ਕਰਨੀ ਚਾਹੀਦੀ ਹੈ। ਕਈ ਵਾਰ ਇਹ ਵੀ ਦੇਖਿਆ ਹੈ ਕਿ ਆਇਲੀ ਸਕਿੱਨ ਵਾਲਿਆਂ ਨੂੰ ਵਿਟਾਮਿਨ-ਸੀ ਸੀਰਮ ਕਰਕੇ ਦਾਣੇ ਹੋਣ ਦੀ ਸਮੱਸਿਆ ਵਧ ਜਾਂਦੀ ਹੈ ਇਸ ਕਰਕੇ ਇਸ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡਰਾਈ ਸਕਿੱਨ ਵਾਲਿਆਂ ਨੂੰ ਅਜਿਹਾ ਫੇਸ ਵਾਸ਼ ਵਰਤਣਾ ਚਾਹੀਦਾ ਹੈ ਜੋ ਸਕਿੱਨ ਨੂੰ ਹਾਈਡਰੇਸ਼ਨ ਵੀ ਦਿੰਦੇ ਹਨ ਜਿਵੇਂ ਕਈ ਹਾਈਲੁਰੋਨਿਕ ਐਸਿਡ ਜਾਂ ਨੀਆਸਿਨੇਮਾਇਡ ਵਾਲੇ ਫੇਸ ਵਾਸ਼ ਆਉਂਦੇ ਹਨ।
ਉਸ ਤੋਂ ਬਾਅਦ ਮੋਇਸਚਰਾਈਜ਼ਰ ਵੀ ਕਰੀਮ ਬੇਸਡ ਹੋਣਾ ਚਾਹੀਦਾ ਹੈ ਅਤੇ ਫਿਰ ਉਸ ਉਪਰ ਵਿਟਾਮਿਨ-ਸੀ ਸੀਰਮ ਲਗਾ ਸਕਦੇ ਹੋ ਅਤੇ ਉਸ ਉੱਪਰ ਕਰੀਮ ਬੇਸਡ ਹੀ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ।
ਸ਼ਾਮ ਨੂੰ ਵੀ ਤੁਸੀਂ ਉਹੀ ਫੇਸ ਵਾਸ਼ ਅਤੇ ਮੋਇਸਚਰਾਈਜ਼ਰ ਲਗਾ ਸਕਦੇ ਹੋ।
ਸਵਾਲ- ਭਾਰਤ ਵਿੱਚ ਲੋਕਾਂ ਨੂੰ ਸਕਿੱਨ ਨਾਲ ਜੁੜੀਆਂ ਕਿਹੜੀਆਂ ਦਿੱਕਤਾਂ ਸਭ ਤੋਂ ਵੱਧ ਆਉਂਦੀਆਂ ਹਨ ?
ਜਵਾਬ- ਸਭ ਤੋਂ ਵੱਧ ਐਕਨੇ (ਦਾਣੇ), ਪਿਗਮੈਨਟੇਸ਼ਨ, ਅਨ-ਇਵਨ ਸਕਿੱਨ ਟੋਨ ਅਤੇ ਮੇਲਾਜ਼ਮਾ ਦੀ ਸਮੱਸਿਆ ਲੋਕਾਂ ਵਿੱਚ ਆਉਂਦੀ ਹੈ। ਜੇਕਰ ਸਕਿੱਨ ਨਾਲ ਜੁੜੀਆਂ ਬਿਮਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਚਿੱਟੇ ਦਾਗ ਅਤੇ ਐਗਜ਼ੀਮਾ ਦੇ ਮਰੀਜ਼ ਵਧੇਰੇ ਆਉਂਦੇ ਹਨ।
ਸਵਾਲ- ਕੀ ਸੀਰਮ ਲਗਾ ਕੇ ਹੀ ਦਿੱਕਤਾਂ ਦੂਰ ਹੋ ਸਕਦੀਆਂ ਹਨ ਜਾਂ ਫਿਰ ਇਲਾਜ ਕਰਵਾਉਣਾ ਪੈਂਦਾ ਹੈ ?
ਜਵਾਬ- ਜੇਕਰ ਤੁਹਾਨੂੰ ਇਹੋ ਜਿਹੀ ਕੋਈ ਸਮੱਸਿਆ ਹੈ ਤਾਂ ਤੁਸੀਂ ਉਸ ਨੂੰ ਸਿਰਫ਼ ਸੀਰਮ ਨਾਲ ਹੀ ਠੀਕ ਨਹੀਂ ਕਰ ਸਕਦੇ। ਦਾਣਿਆ ਜਾਂ ਫਿਰ ਛਾਈਆਂ ਵਰਗੀ ਸਮੱਸਿਆ ਹੋਵੇ ਤਾਂ ਸਕਿੱਨ ਕੇਅਰ ਉੱਤੇ ਭਰੋਸਾ ਨਾ ਕਰਕੇ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਜੇਕਰ ਕਿਸੇ ਨੂੰ ਗੰਭੀਰ ਦਾਣਿਆਂ ਦੀ ਸਮੱਸਿਆ ਵੀ ਹੋਵੇ, ਫਿੰਸੀ ਫੋੜੇ ਵੀ ਹੋਣ ਤਾਂ ਵੀ 8-9 ਮਹੀਨਿਆਂ ਵਿੱਚ ਚੰਗਾ ਇਲਾਜ ਹੋ ਜਾਂਦਾ ਹੈ। ਫਿਰ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਨਾਰਮਲ ਸਕਿੱਨ ਕੇਅਰ ਰੂਟੀਨ ਫੌਲੋ ਕਰਨ ਲਈ ਕਿਹਾ ਜਾਂਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਅਨ-ਇਵਨ ਸਕਿੱਨ ਟੋਨ ਦੀ ਸਮੱਸਿਆ ਆਉਂਦੀ ਹੈ ਯਾਨਿ ਕਿ ਮੂੰਹ ਜਾਂ ਮੱਥੇ ਵਾਲਾ ਹਿੱਸਾ ਕਾਲਾ ਰਹਿੰਦਾ ਹੈ ਤਾਂ ਲੋਕ ਉਨ੍ਹਾਂ ਨੂੰ ਕਰੀਮਾਂ ਨਾਲ ਠੀਕ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਉਹ ਇੱਕ ਡੀਪਰ ਲੇਅਰ ਕੰਡੀਸ਼ਨ ਹੋਣ ਕਰਕੇ ਠੀਕ ਨਹੀਂ ਹੁੰਦੀ। ਜਿਸ ਨੂੰ ਲੇਜ਼ਰ ਟ੍ਰੀਟਮੈਂਟ ਕਰਵਾ ਹੀ ਠੀਕ ਕੀਤਾ ਜਾ ਸਕਦਾ ਹੈ।
ਸਵਾਲ- ਵਿਟਾਮਿਨ-ਸੀ, ਰੈਟੀਨੋਲ, ਨੀਆਸਿਨੇਮਾਇਡ ਵਰਗੇ ਸੀਰਮ ਕਿਸ ਨੂੰ ਵਰਤਣ ਦੀ ਲੋੜ ਪੈਂਦੀ ਹੈ ?
ਜਵਾਬ- ਜੇਕਰ ਕਿਸੇ ਦੀ ਆਇਲੀ ਸਕਿੱਨ ਹੋਵੇ ਤਾਂ ਨੀਆਸਿਨੇਮਾਇਡ ਸੀਰਮ ਵਰਤਣਾ ਚਾਹੀਦਾ ਹੈ, ਇਹ ਪਿਗਮੈਨਟੇਸ਼ਨ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
ਵਿਟਾਮਿਨ-ਸੀ ਸੀਰਮ ਡਰਾਈ ਸਕਿੱਨ ਵਾਲਿਆਂ ਲਈ ਚੰਗਾ ਹੈ। ਐਂਟੀ ਏਜਿੰਗ ਦੇ ਲਈ ਰੈਟੀਨੋਲ ਸਿਰਮ ਵਰਤਣਾ ਚਾਹੀਦਾ ਹੈ ਅਤੇ ਟਰੈਨਿਕਸ ਐਸਿਡ ਵਰਗੇ ਸੀਰਮ ਮੁੱਖ ਤੌਰ 'ਤੇ ਪਿਗਮੈਨਟੇਸ਼ਨ ਨੂੰ ਦੂਰ ਕਰਨ ਲਈ ਵਰਤੇ ਜਾ ਸਕਦੇ ਹਨ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਵੀ ਸੀਰਮ ਤੁਸੀਂ ਲਗਾਉਣਾ ਸ਼ੁਰੂ ਕਰਨਾ ਹੈ, ਉਹ ਸਭ ਤੋਂ ਪਹਿਲਾਂ ਘੱਟ ਕੰਸਨਟਰੇਸ਼ਨ ਵਾਲਾ ਹੀ ਸ਼ੁਰੂ ਕਰਨਾ ਹੈ।
ਉਦਾਹਰਣ ਦੇ ਤੌਰ 'ਤੇ ਜੇਕਰ ਕੋਈ ਸੀਰਮ 5, 10, 15 ਜਾਂ 20 ਕੰਸਨਟਰੇਸ਼ਨ ਵਾਲਾ ਮਿਲ ਰਿਹਾ ਹੈ ਤਾਂ ਸਭ ਤੋਂ ਪਹਿਲਾਂ 5% ਕੰਸਨਟਰੇਸ਼ਨ ਵਾਲਾ ਹੀ ਸ਼ੁਰੂ ਕਰਨਾ ਹੈ। ਅਤੇ ਜਦੋਂ ਵੀ ਪਹਿਲੀ ਵਾਰ ਸੀਰਮ ਲਗਾਉਣਾ ਹੈ ਤਾਂ ਮੋਇਸਚਰਾਈਜ਼ਰ ਦੇ ਉੱਪਰ ਹੀ ਲਗਾਉਣਾ ਹੈ। ਜੇਕਰ ਉਹ ਸੂਟ ਕਰ ਜਾਵੇ ਤਾਂ ਫਿਰ ਥੋੜ੍ਹੇ ਦਿਨਾਂ ਬਾਅਦ ਡਾਇਰੈਕਟ ਵੀ ਲਗਾ ਸਕਦੇ ਹੋ।
ਜੇਕਰ ਤੁਹਾਨੂੰ ਲਗ ਰਿਹਾ ਹੈ ਕਿ ਸੀਰਮ ਨਾਲ ਕੋਈ ਫਰਕ ਨਹੀਂ ਪੈ ਰਿਹਾ ਅਤੇ ਹੌਲੀ-ਹੌਲੀ ਸਮੱਸਿਆ ਵਧ ਰਹੀ ਹੈ ਤਾਂ ਫਿਰ ਡਰਮਾਟੋਲੋਜਿਸਟ ਕੋਲ ਹੀ ਜਾਣਾ ਚਾਹੀਦਾ ਹੈ।
ਸਵਾਲ- ਕੈਮੀਕਲ ਪੀਲਿੰਗ ਅਤੇ ਲੇਜ਼ਰ ਵਰਗੇ ਟ੍ਰੀਟਮੈਂਟ ਨੁਕਸਾਨ ਤਾਂ ਨਹੀਂ ਪਹੁੰਚਾਉਂਦੇ ?
ਜਵਾਬ- ਪਹਿਲੀ ਵਾਰ ਅਸੀਂ ਕੈਮੀਕਲ ਪੀਲ ਦਾ ਕੰਸਨਟਰੇਸ਼ਨ ਘੱਟ ਰੱਖਦੇ ਹਾਂ, ਫਿਰ ਹੌਲੀ-ਹੌਲੀ ਕੰਸਨਟਰੇਸ਼ਨ ਵਧਾ ਕੇ ਦੇਖਦੇ ਹਾਂ।
ਕੈਮੀਕਲ ਪੀਲ ਦਾ ਫਾਇਦਾ ਇਹ ਹੁੰਦਾ ਹੈ ਕਿ ਜੋ ਵੀ ਕੰਡੀਸ਼ਨ ਅਸੀਂ ਠੀਕ ਕਰਨਾ ਚਾਹੁੰਦੇ ਹਾਂ ਉਸਦੇ ਨਤੀਜੇ ਛੇਤੀ ਆਉਂਦੇ ਹਨ। ਇਸ ਨਾਲ ਮਰੀਜ਼ ਨੂੰ ਖਾਣ ਦੀਆਂ ਦਵਾਈਆਂ ਵੀ ਘੱਟ ਖਾਣੀਆਂ ਪੈਂਦੀਆਂ ਹਨ।
ਇਸ ਸਭ ਇਲਾਜ ਤੋਂ ਬਾਅਦ ਜੇਕਰ ਮਰੀਜ਼ ਡਾਕਟਰ ਦੇ ਮੁਤਾਬਕ ਆਪਣਾ ਸਕਿੱਨ ਕੇਅਰ ਕਰ ਰਿਹਾ ਹੈ ਤਾਂ ਭਵਿੱਖ ਵਿੱਚ ਉਸ ਨੂੰ ਅਜਿਹੀ ਕੋਈ ਵੀ ਸਮੱਸਿਆ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ।
ਇਸੇ ਤਰ੍ਹਾਂ ਲੇਜ਼ਰ ਟ੍ਰੀਟਮੈਂਟ ਵੀ ਕਈ ਤਰ੍ਹਾਂ ਦਾ ਹੁੰਦਾ ਹੈ। ਪਿਗਮੈਨਟੇਸ਼ਨ ਲਈ ਵੱਖਰਾ ਲੇਜ਼ਰ ਟ੍ਰੀਟਮੈਂਟ ਹੁੰਦਾ ਹੈ, ਜੇਕਰ ਦਾਣੇ ਹੋਣ ਤੋਂ ਬਾਅਦ ਨਿਸ਼ਾਨ ਪੈ ਜਾਣ ਤਾਂ ਉਸ ਲਈ ਵੱਖਰਾ ਲੇਜ਼ਰ ਟ੍ਰੀਟਮੈਂਟ ਹੁੰਦਾ ਹੈ।
ਜੇਕਰ ਮੂੰਹ 'ਤੇ ਆਏ ਵਾਲਾਂ ਦਾ ਇਲਾਜ ਕਰਨਾ ਹੈ ਤਾਂ ਵੱਖਰਾ ਲੇਜ਼ਰ ਟ੍ਰੀਟਮੈਂਟ ਹੋਵੇਗਾ। ਇਸਦੇ ਨਤੀਜੇ ਚੰਗੇ ਹੁੰਦੇ ਹਨ ਪਰ ਬਹੁਤ ਸਾਰੀਆਂ ਗੱਲਾਂ ਮਰੀਜ਼ਾਂ ਉੱਤੇ ਵੀ ਨਿਰਭਰ ਕਰਦੀਆਂ ਹਨ।
ਸਵਾਲ- ਸਨਸਕ੍ਰੀਨ ਕਿਵੇਂ ਅਤੇ ਕਿੰਨੀ ਵਰਤਣੀ ਚਾਹੀਦੀ ਹੈ ?
ਜਵਾਬ- ਕਈ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਘਰੋਂ ਬਾਹਰ ਨਹੀਂ ਜਾ ਰਹੇ ਜਾਂ ਫਿਰ ਧੁੱਪ ਵਿੱਚ ਨਹੀਂ ਜਾ ਰਹੇ ਤਾਂ ਉਨ੍ਹਾਂ ਨੂੰ ਸਨਸਕ੍ਰੀਨ ਦੀ ਲੋੜ ਨਹੀਂ ਹੈ ਪਰ ਅਜਿਹਾ ਨਹੀਂ ਹੈ।
ਸਨਸਕ੍ਰੀਨ ਜਿੰਨੀ ਘਰ ਦੇ ਬਾਹਰ ਜ਼ਰੂਰੀ ਹੈ, ਓਨੀ ਹੀ ਘਰ ਦੇ ਅੰਦਰ ਵੀ ਲਗਾਉਣੀ ਜ਼ਰੂਰੀ ਹੈ। ਕਿਉਂਕਿ ਸਨਸਕ੍ਰੀਨ ਤੁਹਾਨੂੰ ਅਲਟ੍ਰਾਵਾਇਲਟ ਲਾਈਟਸ ਤੋਂ ਬਚਾਉਂਦੀ ਹੈ ਅਤੇ ਅੱਜ-ਕੱਲ੍ਹ ਦੀ ਸਨਸਕ੍ਰੀਨ ਤਾਂ ਇਨਫਰਾਰੈੱਡ ਤੋਂ ਵੀ ਬਚਾ ਲੈਂਦੀ ਹੈ।
ਮੰਨ ਲਵੋ ਅਸੀਂ ਘਰ ਵਿੱਚ ਬੈਠੇ ਹਾਂ ਅਤੇ ਬਿਨ੍ਹਾਂ ਲਾਈਟ ਦੇ ਇੱਕ ਦੂਜੇ ਨੂੰ ਦੇਖ ਪਾ ਰਹੇ ਹਾਂ ਮਤਲਬ ਸੂਰਜ ਦੀਆਂ ਕਿਰਨਾਂ ਘਰ ਦੇ ਅੰਦਰ ਵੀ ਆ ਰਹੀਆਂ ਹਨ ਅਤੇ ਅਲਟ੍ਰਾਵਾਇਲਟ ਲਾਈਟ ਵੀ ਆ ਰਹੀ ਹੈ ਜੋ ਸਕਿੱਨ ਨੂੰ ਡੈਮੇਜ ਕਰ ਰਹੀ ਹੈ। ਉਸ ਨਾਲ ਹੁੰਦਾ ਇਹ ਹੈ ਕਿ ਸਕਿੱਨ ਦੀ ਕੋਲਾਜਨ ਦਾ ਬ੍ਰੇਕਡਾਊਨ ਹੋ ਰਿਹਾ ਹੈ ਅਤੇ ਏਜਿੰਗ ਦਾ ਪ੍ਰੋਸੈੱਸ ਵੱਧ ਰਿਹਾ ਹੈ।
ਇਹ ਸਾਬਤ ਹੋਇਆ ਹੈ ਕਿ ਇੱਕੋ ਜੈਨੇਟਿਕਸ ਦਾ ਇੱਕ ਬੰਦਾ ਜੋ ਸਨਸਕ੍ਰੀਨ ਨਹੀਂ ਲਗਾ ਰਿਹਾ ਅਤੇ ਜੋ ਲਗਾ ਰਿਹਾ ਹੈ ਉਸਦੀ ਸਕਿਨ 'ਤੇ ਝੁਰੜੀਆਂ ਦੇਰੀ ਨਾਲ ਆਉਣਗੀਆ, ਸਕਿੱਨ ਦੇ ਪੋਰਸ ਲੇਟ ਖੁੱਲ੍ਹਣਗੇ ਅਤੇ ਦਾਗ-ਧੱਬਿਆਂ ਵਰਗੀਆਂ ਸਮੱਸਿਆਵਾਂ ਦੇ ਚਾਂਸ ਵੀ ਘੱਟ ਹੋ ਜਾਣਗੇ।
ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਸਨਸਕ੍ਰੀਨ ਜ਼ਰੂਰ ਲਗਾਉਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਬਾਹਰ ਜਾਂ ਧੁੱਪ ਵਿੱਚ ਰਹਿ ਕੇ ਜ਼ਿਆਦਾ ਕੰਮ ਕਰ ਰਹੇ ਹੋ ਤਾਂ 3-4 ਘੰਟੇ ਬਾਅਦ ਮੁੜ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ।
ਸਵਾਲ- ਕੀ ਹਰ ਰੋਜ਼ ਮੇਕਅਪ ਕਰਨਾ ਸਕਿੱਨ ਨੂੰ ਨੁਕਸਾਨ ਪਹੁੰਚਾਉਂਦਾ ਹੈ ?
ਜਵਾਬ- ਜੇਕਰ ਤੁਹਾਡੀ ਸਕਿੱਨ ਉੱਤੇ ਦਾਣਿਆਂ ਵਰਗੀ ਕੋਈ ਸਮੱਸਿਆ ਨਹੀਂ ਹੈ ਤਾਂ ਮੇਕਅਪ ਥੋੜ੍ਹੀ ਜਿਹੀ ਪ੍ਰੋਟੈਕਸ਼ਨ ਦਿੰਦਾ ਹੈ ਕਿਉਂਕਿ ਮੇਕਅਪ ਫੇਸ ਉੱਤੇ ਹਲਕੀ ਫਿਜ਼ੀਕਲ ਲੇਅਰ ਬਣਾ ਲੈਂਦਾ ਹੈ। ਜੋ ਸਨਸਕ੍ਰੀਨ ਦੀ ਐਡਡ ਲੇਅਰ ਵਾਂਗ ਕੰਮ ਕਰਦਾ ਹੈ।
ਪਰ ਜੇਕਰ ਮੇਕਅਪ ਜ਼ਿਆਦਾ ਸਮਾਂ ਫੇਸ ਉੱਤੇ ਰਹੇ ਜਾਂ ਫਿਰ ਰਾਤ ਨੂੰ ਨਾ ਕੱਢਿਆ ਜਾਵੇ ਤਾਂ ਉਸ ਕਾਰਨ ਸਕਿੱਨ ਦੇ ਗਲੈਂਡਸ ਬਲੌਕ ਹੋ ਸਕਦੇ ਹਨ। ਐਲਰਜੀ ਅਤੇ ਐਕਨੇ ਦਾ ਚਾਂਸ ਵਧ ਸਕਦਾ ਹੈ। ਇਸ ਲਈ ਮੇਕਅਪ ਨੂੰ ਚੰਗੀ ਤਰ੍ਹਾਂ ਰਿਮੂਵ ਕਰਨਾ ਬਹੁਤ ਜ਼ਰੂਰੀ ਹੈ।
ਜੇਕਰ ਕੋਈ ਰਾਤ ਨੂੰ ਮੇਕਅਪ ਲਗਾ ਕੇ ਸੌਂ ਰਿਹਾ ਹੈ ਤਾਂ ਉਸ ਨਾਲ ਉਸਦੀ ਸਕਿੱਨ ਨੂੰ ਐਲਰਜੀ ਸਣੇ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਸਵਾਲ- ਜੇਕਰ ਕਿਸੇ ਨੂੰ ਚੰਗੀ ਅਤੇ ਗਲੋਇੰਗ ਸਕਿੱਨ ਚਾਹੀਦੀ ਹੈ ਤਾਂ ਉਸ ਲਈ ਕੀ ਕਰਨਾ ਚਾਹੀਦਾ ਹੈ ?
ਜਵਾਬ- ਜੋ ਤੁਸੀਂ ਆਪਣੇ ਸਿਹਤਮੰਦ ਸਰੀਰ ਲਈ ਕਰ ਰਹੇ ਹੋ, ਉਹੀ ਤੁਹਾਡੀ ਸਕਿੱਨ ਨੂੰ ਵੀ ਫਾਇਦਾ ਪਹੁੰਚਾਏਗਾ। ਤਲਿਆ ਖਾਣਾ, ਫ੍ਰਾਈਡ ਫੂਡ, ਮਿੱਠਾ ਅਤੇ ਮੈਦੇ ਵਰਗੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਖਾਣੇ ਵਿੱਚ ਪ੍ਰੋਟੀਨ ਐਡ ਕਰਨਾ ਚਾਹੀਦਾ ਹੈ ਅਤੇ ਹਰ ਤਰ੍ਹਾਂ ਦੇ ਫਲ ਖਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਗੁਣ ਹੁੰਦੇ ਹਨ।
ਹਰ ਤਰ੍ਹਾਂ ਦੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਕਿਉਂਕਿ ਜਦੋਂ ਅਸੀਂ ਇੱਕ ਹੀ ਤਰ੍ਹਾਂ ਦਾ ਖਾਣਾ ਖਾਂਦੇ ਹਾਂ ਤਾਂ ਉਸ ਨਾਲ ਸਾਨੂੰ ਸਾਰੇ ਵਿਟਾਮਿਨ ਨਹੀਂ ਮਿਲਦੇ।
ਸਾਡੇ ਕੋਲ ਜਦੋਂ ਵੈਜੀਟੇਰੀਅਨ ਪੇਸ਼ੈਂਟ ਆਉਂਦੇ ਹਨ ਤਾਂ ਉਨ੍ਹਾਂ ਵਿੱਚ ਅਕਸਰ B12 ਅਤੇ ਵਿਟਾਮਿਨ-ਡੀ ਦੀ ਕਮੀ ਹੁੰਦੀ ਹੈ ਅਤੇ ਪਹਿਲਾਂ ਇਸ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਕੋਈ ਸਕਿੱਨ ਕੇਅਰ ਫਾਇਦਾ ਦੇਵੇਗਾ। ਤਾਂ ਪਹਿਲਾਂ ਆਪਣੀ ਨਾਰਮਲ ਹੈਲਥ ਠੀਕ ਰੱਖਣੀ ਬਹੁਤ ਜ਼ਰੂਰੀ ਹੈ।
ਸਵਾਲ- ਕੀ ਵਿਟਾਮਿਨ-ਈ ਅਤੇ ਮਲਟੀ ਵਿਟਾਮਿਨ ਵਰਗੇ ਸਪਲੀਮੈਂਟ ਚੰਗੀ ਡਾਈਟ ਨੂੰ ਰਿਪਲੇਸ ਕਰ ਸਕਦੇ ਹਨ ?
ਜਵਾਬ- ਡਾਈਟ ਵਿੱਚ ਇੰਨੇ ਸਾਰੇ ਮਾਈਕ੍ਰੋ ਨਿਊਟਰੀਐਂਟਸ ਹੁੰਦੇ ਹਨ ਜੋ ਸਪਲੀਮੈਂਟਸ ਵਿੱਚ ਪਾਏ ਵੀ ਨਹੀਂ ਜਾ ਸਕਦੇ। ਸੰਤੁਲਿਤ ਡਾਈਟ ਨੂੰ ਕੋਈ ਵੀ ਰਿਪਲੇਸ ਨਹੀਂ ਕਰ ਸਕਦਾ।
ਚੰਗੀ ਡਾਈਟ ਦੇ ਨਾਲ ਜੇਕਰ ਕੋਈ ਓਮੇਗਾ-3 ਜਾਂ ਮਲਟੀ-ਵਿਟਾਮਿਨ ਵਰਗੇ ਸਪਲੀਮੈਂਟ ਲੈ ਰਿਹਾ ਹੈ ਤਾਂ ਉਨ੍ਹਾਂ ਨਾਲ ਫਾਇਦਾ ਤਾਂ ਹੋਵੇਗਾ। ਪਰ ਜੇਕਰ ਇਹ ਸੋਚ ਰਹੇ ਹੋ ਕਿ ਸਬਜ਼ੀਆਂ ਜਾਂ ਫਲ ਨਹੀਂ ਖਾਣੇ ਅਤੇ ਸਪਲੀਮੈਂਟਸ ਨਾਲ ਹੀ ਉਸਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਤਾਂ ਅਜਿਹਾ ਨਹੀਂ ਹੈ।
ਓ, ਡੀ, ਈ ਅਤੇ ਕੇ ਅਜਿਹੇ ਵਿਟਾਮਿਨ ਹਨ ਜੇਕਰ ਇਹ ਲੋੜ ਤੋਂ ਜ਼ਿਆਦਾ ਲਏ ਜਾਣ ਤਾਂ ਨੁਕਸਾਨ ਵੀ ਕਰ ਸਕਦੇ ਹਨ।
ਸਵਾਲ- 5 ਚੀਜ਼ਾਂ ਜੋ ਹਰ ਕਿਸੇ ਨੂੰ ਸਕਿੱਨ ਕੇਅਰ ਵਿੱਚ ਫੌਲੋ ਕਰਨੀਆਂ ਹੀ ਚਾਹੀਦੀਆਂ ਹਨ ?
ਜਵਾਬ- ਦਿਨ ਵਿੱਚ ਦੋ ਵਾਰ ਫੇਸ ਵਾਸ਼ ਨਾਲ ਮੂੰਹ ਜ਼ਰੂਰ ਧੋਣਾ ਚਾਹੀਦਾ ਹੈ, ਸਨਸਕ੍ਰੀਨ ਅਤੇ ਮੋਇਸਚਾਈਰਜ਼ਰ ਜ਼ਰੂਰ ਲਗਾਉਣਾ ਚਾਹੀਦਾ ਹੈ।
ਚੰਗੀ ਡਾਈਟ ਲਵੋ ਅਤੇ ਸ਼ਰਾਬ ਤੇ ਸਿਗਰੇਟ ਵਰਗੀਆਂ ਚੀਜ਼ਾਂ ਤੋਂ ਬਚੋ। ਕੋਈ ਡੈਫੇਸ਼ੈਂਸੀ ਹੋਵੇ ਤਾਂ ਉਸ ਲਈ ਵਿਟਾਮਿਨ ਵਰਗੇ ਸਪਲੀਮੈਂਟ ਲੈਣੇ ਚਾਹੀਦੇ ਹਨ।
ਸਵਾਲ- ਸਕਿੱਨ ਕੇਅਰ ਵਿੱਚ ਉਹ 5 ਗਲਤੀਆਂ, ਜੋ ਹੁਣੇ ਰੋਕ ਦੇਣ ਚਾਹੀਦੀਆਂ ਹਨ ?
ਜਵਾਬ- ਜੇਕਰ ਤੁਹਾਨੂੰ ਸਕਿੱਨ ਉੱਤੇ ਦਾਣਿਆਂ ਵਰਗੀ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਆਪਣੇ-ਆਪ ਛੇੜਛਾੜ ਕਰਨੀ ਬੰਦ ਕਰੋ ਅਤੇ ਸਕਿੱਨ ਸਪੈਸ਼ਲਿਸਟ ਕੋਲ ਜਾਓ।
ਜੇਕਰ ਚਿੱਟੇ ਦਾਗਾਂ ਵਰਗੀ ਕੋਈ ਸਮੱਸਿਆ ਉਭਰ ਰਹੀ ਹੈ ਤਾਂ ਦੇਸੀ ਇਲਾਜ ਦੇ ਪਿੱਛੇ ਸਮਾਂ ਖਰਾਬ ਨਾ ਕਰੋ ਅਤੇ ਸਮੇਂ ਸਿਰ ਹੀ ਚੰਗੇ ਚਮੜੀ ਮਾਹਰ ਨੂੰ ਵਿਖਾਓ।
ਐਗਜ਼ੀਮਾ ਵਰਗੀ ਸਮੱਸਿਆ ਵਿੱਚ ਸੈਲਫ ਮੈਡੀਕੇਸ਼ਨ ਤੋਂ ਬਚਣਾ ਚਾਹੀਦਾ ਹੈ। ਪਿਗਮੈਨਟੇਸ਼ਨ ਵਰਗੀ ਦਿੱਕਤ ਹੋਵੇ ਤਾਂ ਹੋਮ ਕੇਅਰ ਨਾਲ ਫਰਕ ਨਾ ਪੈਣ ਦੀ ਸੂਰਤ ਵਿੱਚ ਛੇਤੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ